Sunday, 29 January 2012

ਜਿੰਨਾਂ ਨੇ ਕਦੇ ਵੋਟ ਨਹੀਂ ਪਾਈ. . . . . . . .

ਬਠਿੰਡਾ, ਅਸ਼ੋਕ ਵਰਮਾ


ਅਜ਼ਾਦੀ ਪ੍ਰਾਪਤੀ ਤੋਂ ਬਾਅਦ ਦੇਸ਼ 'ਚ ਸਥਾਪਿਤ ਹੋਏ ਜਮਹੂਰੀ ਢਾਂਚੇ ਵਿੱਚ ਜਨਤਾ ਨੂੰ ਇੱਕ ਵੋਟ ਦਾ ਹੱਕ ਹਾਸਲ ਹੋਣ ਤੋਂ ਬਿਨਾਂ ਹੋਰ ਕੋਈ ਸ਼ਕਤੀ ਨਹੀਂ ਮਿਲੀ ਪ੍ਰੰਤੂ ਇਸ ਪ੍ਰਬੰਧ ਦੇ ਵੀ ਆਰਥਿਕ ਤੌਰ 'ਤੇ ਧਨਾਢਾਂ, ਬਾਹੂਬਲੀਆਂ ਅਤੇ ਅਫਸਰਸ਼ਾਹੀ ਦੀ ਗ੍ਰਿਫਤ 'ਚ ਆਉਣ ਕਰਕੇ ਆਮ ਲੋਕਾਂ ਦਾ ਇਸ ਜਮਹੂਰੀ ਪ੍ਰਕ੍ਰਿਆ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਜਿਸਦੇ ਨਤੀਜੇ ਵਜੋਂ ਲੋਕਾਂ ਦੀ ਵੋਟ ਪ੍ਰਣਾਲੀ 'ਚੋਂ ਦਿਲਚਸਪੀ ਘਟ ਰਹੀ ਹੈ। ਜਿੰਦਗੀ ਦੇ ਸਾਢੇ ਪੰਜ ਦਹਾਕੇ ਹੰਢਾ ਚੁੱਕੇ ਅਮੋਲਕ ਸਿੰਘ ਨੂੰ ਵੋਟ ਦਾ ਹੱਕ ਹਾਸਲ ਹੋਇਆਂ 35 ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਉਸ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਨਹੀਂ ਕੀਤਾ। ਉਸ ਨੇ ਆਖਿਆ ਕਿ ਵੋਟ ਨਾ ਪਾਉਣਾ ਉਸਦਾ ਕੋਈ ਜਜਬਾਤੀ ਨਹੀਂ ਸਗੋਂ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਬਣਤਰ 'ਚ ਵਿਚਰਦਿਆਂ ਇਹ ਮਹਿਸੂਸ ਕਰਨ ਮਗਰੋਂ ਕੀਤਾ ਗਿਆ ਫੈਸਲਾ ਹੈ ਕਿ ਚੋਣਾਂ ਦੀ ਸਾਰੀ ਖੇਡ ਬਲ ਅਤੇ ਛਲ ਦੇ ਬਲਬੂਤੇ ਖੇਡੀ ਜਾਂਦੀ ਹੈ ਜਿਸ 'ਚ ਲੋਕਾਂ ਲਈ ਹੋਰ ਤੇ ਨੇਤਾਵਾਂ ਲਈ ਵੱਖਰੇ ਪ੍ਰਬੰਧ ਹੁੰਦੇ ਹਨ। ਬਠਿੰਡਾ ਪੱਟੀ ਦੇ ਮਜ਼ਦੂਰ  ਦਰਸ਼ਨ ਸਿੰਘ ਲਈ ਪਹਿਲਾਂ ਵੋਟ ਮਹਿਜ ਇੱਕ ਕਾਗਜ ਦਾ ਟੁਕੜਾ ਰਹੀ ਤੇ ਹੁਣ ਵੋਟਾਂ ਪਾਉਣ ਵਾਲੀ ਮਸ਼ੀਨ ਵੀ ਉਸ ਲਈ ਬਿਜਲਈ ਯੰਤਰ ਤੋਂ ਸਿਵਾਏ ਕੁੱਝ ਨਹੀਂ। ਸੇਵੇਵਾਲਾ ਦੇ ਇਸ ਮਜ਼ਦੂਰ ਦੀ 25 ਸਾਲ ਪਹਿਲਾਂ ਵੋਟ ਬਣੀ ਸੀ ਪਰ ਉਸਨੇ ਕਦੇ ਇਹ ਹੱਕ ਨਹੀਂ ਵਰਤਿਆ। ਜਦੋਂ ਪਿੰਡ ਦੀ ਪੰਚਾਇਤ ਚੋਣ 'ਚ ਉਸਦਾ  ਭਰਾ ਖੜ•ਾ ਹੋਇਆ ਤਾਂ ਉਸ ਨੇ ਵੇਲੇ ਵੀ ਵੋਟ ਨਾ ਪਾਈ ਹਾਲਾਂਕਿ ਟੱਕਰ ਸਖਤ ਸੀ। ਉਸਦਾ ਮੰਨਣਾ ਹੈ ਕਿ ਵੋਟਾਂ ਨਾਲ ਮਜ਼ਦੂਰਾਂ ਦੀ ਮੁਕਤੀ ਨਹੀਂ ਹੁੰਦੀ ਇਹ ਤਾਂ ਲੀਡਰਾਂ ਲਈ ਕੁਰਸੀ ਪ੍ਰਾਪਤੀ ਦਾ ਰਾਹ ਹਨ। ਉਸ ਨੇ ਆਖਿਆ ਕਿ ਚੋਣਾਂ ਕੁੱਝ ਨਹੀਂ ਸੁਆਰ ਸਕਦੀਆਂ ਬਲਕਿ ਇਹ ਤਾਂ ਭਾਰ ਹਨ। ਉਸ ਨੇ ਦੱਸਿਆ ਕਿ ਉਹ ਜਿਉਂਦੇ ਜੀਅ ਵੋਟ ਨਹੀਂ ਪਾਏਗਾ। ਪਿੰਡ ਭੁੱਚੋ ਖੁਰਦ ਦੇ ਦੋ ਕਿਸਾਨ ਭਰਾ ਜੰਗ ਸਿੰਘ ਤੇ ਚੰਦ ਸਿੰਘ ਵੀ ਕਦੇ ਵੋਟਾਂ ਪਾਉਣ ਵਾਲੀ ਕਤਾਰ 'ਚ ਨਹੀਂ ਲੱਗੇ। ਜੰਗ ਸਿੰਘ ਨੇ ਤਾਂ ਵੋਟ ਨਾ ਪਾਉਣ ਦੀ ਕਸਮ ਖਾਧੀ ਹੋਈ ਹੈ। ਉਹਨਾਂ ਦਾ ਕਹਿਣਾ ਸੀ ਕਿ ਅਜਾਦੀ ਤੋਂ ਬਾਅਦ ਕਦੇ ਵੀ ਵੋਟਾਂ ਨੇ ਕਿਸਾਨਾਂ ਦੀ ਮੁਸ਼ਕਿਲ ਹੱਲ ਨਹੀਂ ਕੀਤੀ ਇਹ ਤਾਂ ਕੁਰਸੀ ਹਾਸਲ ਕਰਨ ਦਾ ਜਰੀਆ ਹੈ। ਜਿਸ ਨੇਤਾ ਨੂੰ ਅੱਗੇ ਕੀਤਾ ਜਾਂਦਾ ਹੈ ਉਹੀ ਅੱਖਾਂ ਫੇਰ ਜਾਂਦਾ ਹੈ। ਕਿਸਾਨ ਜੰਗ ਸਿੰਘ ਆਖਦਾ ਹੈ ਮੈਂ ਨਾ ਪੰਚੀ ਲਈ ਵੋਟ ਪਾਈ ਤੇ ਨਾ ਹੀ ਐਮ. ਪੀ. ਲਈ। ਇਹਨਾਂ ਭਰਾਵਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਿਸਟਮ ਦਾ ਮੂੰਹ ਮੱਥਾ ਨਹੀਂ ਸੰਵਰਦਾ ਉਦੋਂ ਤੱਕ ਵੋਟਾਂ ਵਾਲੀ  ਲਾਈਨ 'ਚ ਨਹੀਂ ਲੱਗਣਗੇ।
ਪਿੰਡ ਲਹਿਰਾ ਬੇਗਾ 'ਚ ਕਦੇ ਅਧਿਆਪਕ ਰਹੇ ਜਗਮੇਲ ਸਿੰਘ ਨੇ ਵੋਟ ਸ਼ਨਾਖਤੀ ਕਾਰਡ ਤਾਂ ਬਣਾਇਆ ਹੋਇਆ ਹੈ ਪਰ ਵੋਟ ਦਾ ਕਦੇ ਮਨ ਨਹੀਂ ਬਣਿਆ। ਉਸ ਨੇ ਆਖਿਆ ਕਿ 1978 'ਚ ਜ਼ੇਲ• ਜਾ ਕੇ ਰੁਜ਼ਗਾਰ ਹਾਸਲ ਕਰ ਲਿਆ ਜਿਸ ਨੂੰ ਲੋਕ ਲਹਿਰਾਂ ਦੀ ਖਾਤਰ ਤਿਆਗ ਦਿੱਤਾ। ਜਗਮੇਲ ਦਾ ਮੰਨਣਾ ਹੈ ਕਿ ਮੌਜੂਦਾ ਵਿਵਸਥਾ 'ਚ ਲੋਕਾਂ ਦੀ ਸ਼ਮੂਲੀਅਤ ਨਹੀਂ ਵੋਟ ਪ੍ਰਣਾਲੀ ਨਾਲ ਢਾਂਚਾ ਨਹੀਂ ਬਦਲਦਾ ਬਲਕਿ ਢਾਂਚੇ ਨੂੰ ਚਲਾਉਣ ਵਾਲੇ ਹੀ ਬਦਲਦੇ ਹਨ। ਪਿੰਡ ਤਿਉਣਾ ਦੀ ਬਿਰਧ ਹਰਨਾਮ ਕੌਰ ਨੇ ਪੋਲਿੰਗ ਸਟੇਸ਼ਨ ਨਹੀਂ ਦੇਖਿਆ। ਉਸ ਨੇ ਸਿੱਧੇ ਤੌਰ 'ਤੇ ਆਖਿਆ ਕਿ ਲੀਡਰ ਵੋਟਾਂ ਵੇਲੇ ਆਉਂਦੇ ਹਨ ਉਹਨਾਂ ਨੂੰ ਕਦੇ ਲੋਕਾਂ ਦਾ ਖਿਆਲ ਨਹੀਂ ਆਇਆ। ਜੇ ਜਿਉਂਦੇ ਜੀਅ ਕੋਈ ਲੋਕਾਂ ਦੀ ਸੁਣਵਾਈ ਕਰਨ ਵਾਲਾ ਆਗੂ ਆਇਆ ਤਾਂ ਵੋਟ ਪਾਉਣ ਬਾਰੇ ਜਰੂਰ ਸੋਚੂੰਗੀ। ਪ੍ਰੀਵਾਰ ਨੇ ਦੱਸਿਆ ਕਿ ਬੇਬੇ ਨੇ ਵੋਟ ਨਾ ਪਾਉਣ ਦਾ ਸਟੈਂਡ ਹੀ ਲਿਆ ਹੋਇਆ ਹੈ ਅਸੀਂ ਉਸ ਨੂੰ ਮਜਬੂਰ ਵੀ ਨਹੀਂ ਕਰਦੇ। 50 ਸਾਲਾਂ ਨੂੰ ਢੁੱਕੇ ਆਜੜੀ ਪਿਆਰਾ ਸਿੰਘ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਵੋਟ ਕਿਵੇਂ ਪੈਂਦੀ ਹੈ ਤੇ ਕਿੱਥੇ ਬਣਦੀ ਹੈ। ਉਸ ਨੇ ਸਾਰੀ ਜਿੰਦਗੀ ਖੇਤਾਂ 'ਚ ਹੀ ਗੁਜਾਰ ਦਿੱਤੀ। ਉਸ ਨੇ ਕਿਹਾ ਕਿ ਨਾ ਕਦੇ ਕਿਸੇ ਨੇ ਵੋਟ ਪਾਉਣ ਲਈ ਆਖਿਆ ਹੈ ਨਾ ਮੈਂ ਵੋਟ ਬਣਾਈ ਹੈ। ਜਦੋਂ ਉਸ ਨੂੰ ਇਸ ਵਾਰ ਵੋਟ ਪਾਉਣ ਬਾਰੇ ਪੁੱਛਿਆ ਤਾਂ ਉਹਨੇ ਆਖਿਆ ਕਿ ਵੋਟ ਪਾਉਣ ਨਾਲ ਕਿਹੜਾ ਮੇਰੇ ਇੱਜੜ ਲਈ ਕੋਠਾ ਪੈ ਜਾਣਾ। ਕੋਈ ਜਿੱਤੇ ਕੋਈ ਹਾਰੇ ਆਪਾਂ ਤਾਂ ਰੋਟੀ ਇੱਜੜ ਆਸਰੇ ਹੀ ਖਾਣੀ ਹੈ। 
ਸਿਹਤ ਵਿਭਾਗ ਦੀ ਮੁਲਾਜਮ ਕਮਲ ਕੌਰ ਨੇ ਵੀ ਵੋਟ ਨਾ ਪਾਉਣ ਦਾ ਪ੍ਰਣ ਕੀਤਾ ਹੋਇਆ ਹੈ। ਬਠਿੰਡਾ ਸ਼ਹਿਰ ਦੀ ਅਮਨਪ੍ਰੀਤ ਅਤੇ ਸਤਿੰਦਰ ਕੌਰ ਤੋਂ ਇਲਾਵਾ ਮੋਗਾ ਜ਼ਿਲ•ੇ ਦੇ ਪਿੰਡ ਕੁੱਸਾ ਦੇ ਬਜੁਰਗ ਰਾਮਜੀ ਦਾਸ ਵੀ ਇਸੇ ਸ੍ਰੇਣੀ 'ਚ ਆਉਂਦੇ ਹਨ। ਕੁੱਸਾ ਦੀ ਹੀ 50 ਸਾਲਾ ਕੁਲਦੀਪ ਕੌਰ ਦਾ ਦਰਦ ਹੈ ਕਿ ਨਸ਼ਿਆਂ ਵੱਟੇ ਵੋਟਾਂ ਬਟੋਰਨ, ਧਨ ਸ਼ਕਤੀ ਅਤੇ ਨਿੱਜੀ ਦੂਸ਼ਣਬਾਜੀ ਨੇ ਲੋਕ ਮਸਲਿਆਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਇਸ ਕਰਕੇ ਹੀ ਦਿਲ ਨਹੀਂ ਕਰਦਾ ਕਿ ਵੋਟ ਪਾਉਣ ਜਾਈਏ।
ਪਹਿਲੀ ਵਾਰੀ ਦੇਸ਼ ਦੀ ਜਮਹੂਰੀ ਪ੍ਰਣਾਲੀ 'ਚ ਹਿੱਸਾ ਲੈਣ ਜਾ ਰਹੇ ਬੀ. ਏ. ਭਾਗ ਪਹਿਲਾ ਦੇ ਵਿਦਿਆਰਥੀ ਅਮਨਦੀਪ ਸਿੰਘ ਦਾ ਕਹਿਣਾ ਸੀ ਕਿ ਉਹ ਬੜੀ ਦੁਬਿਧਾ 'ਚ ਹੈ ਕਿ ਵੋਟ ਕਿਸ ਨੂੰ ਪਾਵੇ ਸਿਆਸੀ ਲੋਕਾਂ ਵੱਲੋਂ ਜਿਸ ਤਰ•ਾਂ ਦੀ ਲੜਾਈ ਲੜੀ ਜਾ ਰਹੀ ਹੈ ਉਸ ਤੋਂ ਭੋਰਾ ਵੀ ਉਮੀਦ ਨਹੀਂ ਕਿ ਇਹ ਰਾਜਨੀਤਿਕ ਪਾਰਟੀਆਂ ਨੌਜੁਆਨ ਵਰਗ ਨੂੰ ਬੇਕਾਰੀ ਦੀ ਦਲਦਲ 'ਚੋਂ ਕੱਢ ਸਕਣਗੀਆਂ। ਉਸ ਨੇ ਆਖਿਆ ਕਿ ਦੁਖਦਾਈ ਪੱਖ ਇਹ ਵੀ ਹੈ ਕਿ ਦੇਸ਼ ਅਜ਼ਾਦ ਹੋਣ ਦੇ 64 ਸਾਲ ਬਾਅਦ ਵੀ ਨੌਜੁਆਨ ਟਰੈਵਲ ਏਜੰਟਾਂ ਦਾ ਪੱਲਾ ਫੜਨ ਲਈ ਮਜਬੂਰ ਹਨ। ਲੱਖਾਂ ਰੁਪਏ ਦੇਣ ਤੋਂ ਮਗਰੋਂ ਵੀ ਪਤਾ ਨਹੀਂ ਉਹਦੇ ਵਰਗੇ ਕਿਸੇ ਬੇਗਾਨੇ ਦੇਸ਼ ਦੀ ਜੇਲ 'ਚ ਪੁੱਜਦੇ ਹਨ ਜਾਂ ਫਿਰ ਕਿਸੇ ਹੋਟਲ 'ਚ ਬਹਿਰੇ ਦਾ ਕੰਮ ਕਰਦੇ ਹਨ।
ਡਬਲ ਐਮ. ਏ. ਬੀ. ਐੱਡ. ਯੋਗਤਾ ਨੌਜੁਆਨ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਲੋਕ ਰਾਜਨੀਤਿਕ ਪਾਰਟੀਆਂ ਤੋਂ ਨਿਰਾਸ਼ ਹੋ ਕੇ ਘਰੇ ਨਾ ਬੈਠਣ ਸਗੋਂ ਉਮੀਦਵਾਰਾਂ ਨੂੰ ਰੱਦ ਕਰਨ ਦੀ ਨਵੀਂ ਪਿਰਤ ਪਾਵੁਣ। ਉਸ ਨੇ ਆਖਿਆ ਕਿ ਵੋਟਰਾਂ ਨੂੰ ਸੰਵਿਧਾਨਕ ਹੱਕ ਹਾਸਲ ਹੋਇਆ ਹੈ ਕਿ ਜੇਕਰ ਕੋਈ ਉਮੀਦਵਾਰ ਪਸੰਦ ਨਹੀਂ ਤਾਂ ਚੋਣ ਐਕਟ ਦੀ ਧਾਰਾ 49 ਓ ਤਹਿਤ ਵੋਟਰ ਪ੍ਰੀਜਾਈਡਿੰਗ ਅਫਸਰ ਕੋਲ ਪਏ ਰਜਿਸਟਰ ਤੇ ਦਸਤਖਤ ਕਰਕੇ ਬਿਨਾਂ ਬਟਨ ਦਬਾਏ ਵਾਪਿਸ ਆ ਸਕਦਾ ਹੈ। ਹਰਵਿੰਦਰ ਆਖਦਾ ਹੈ ਕਿ ਨਿਰਾਸ਼ਾ ਦੀ ਹਾਲਤ 'ਚ ਚੋਣ ਅਮਲ ਤੋਂ ਲਾਂਭੇ ਹੋ ਜਾਣਾ ਹੋਰ ਵੀ ਖਤਰਨਾਕ ਹੈ ਇਸ ਲਈ ਚੋਣ ਸੁਧਾਰਾਂ ਵੱਲ ਕਦਮ ਵਧਾਉਣ ਦੀ ਖਾਤਰ ਇਹ ਅਧਿਕਾਰ ਵਰਤਣਾ ਚਾਹੀਦਾ ਹੈ।

ਰੋਲ ਮਾਡਲ ਨਹੀਂ ਬਣ ਸਕੇ ਲੀਡਰ-ਸੇਵੇਵਾਲਾ


ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਅਜ਼ਾਦੀ ਦਾ ਲੰਬਾ ਅਰਸਾ ਬੀਤਣ ਤੋਂ ਬਾਅਦ ਵੀ ਲੀਡਰ ਰੋਲ ਮਾਡਲ ਨਹੀਂ ਬਣ ਸਕੇ ਜਿਸ ਕਰਕੇ ਲੋਕਾਂ 'ਚ ਵੋਟਾਂ ਪ੍ਰਤੀ ਰੁਚੀ ਘਟਣ ਲੱਗੀ ਹੈ। ਸ੍ਰੀ ਸੇਵੇਵਾਲਾ ਨੇ ਆਖਿਆ ਕਿ ਜੇਕਰ ਸਿਆਸੀ ਧਿਰਾਂ ਨੇ ਲੋਕ ਮਸਲਿਆਂ ਨੂੰ ਪਹਿਲ ਦਿੱਤੀ ਹੁੰਦੀ ਤਾਂ ਉਹਨਾਂ ਨੂੰ ਵੋਟਾਂ ਮੰਗਣ ਦੀ ਜਰੂਰਤ ਨਹੀਂ ਪੈਣੀ ਸੀ ਸਗੋਂ ਲੋਕਾਂ ਨੇ ਵੋਟਾਂ ਚੁੱਕੀ ਨੇਤਾਵਾਂ ਦੇ ਪਿੱਛੇ-ਪਿੱਛੇ ਘੁੰਮਣਾ ਸੀ।