Friday, 6 December 2013


ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ

ਬਠਿੰਡਾ, (ਅਸ਼ੋਕ ਵਰਮਾ)


ਨਵਾਂ ਸਾਲ ਮੁਬਾਰਕ ਕਿਸ ਨੂੰ ਕਹੀਏ ਜੋਕਾਂ ਨੂੰ ਜਾਂ ਲੋਕਾਂ ਨੂੰ ਇਹ ਵੱਡਾ ਸਵਾਲ ਖੜ੍ਹਾ ਹੋਇਆ ਪਿਆ ਹੈ ਵੈਸੇ ਮੁਬਾਰਕਬਾਦ ਦੇ ਅਸਲ ਹੱਕਦਾਰ ਉਹ ਲੋਕ ਹਨ ਜਿੰਨਾਂ ਨੂੰ ਘੁੱਪ ਹਨੇਰੀ ਰਾਤ ਅਤੇ ਤੂਫਾਨਾਂ 'ਚ ਵੀ ਚਿਰਾਗ ਦੀ ਰੌਸ਼ਨੀ ਘਟਣ ਨਹੀਂ ਦਿੱਤੀ ਉੜੀਸਾ ਦੇ ਜਾਜਪੁਰ ਇਲਾਕੇ ਦਾ ਇੱਕ ਅਧਿਆਪਕ ਸਾਰੀ ਉਮਰ 750 ਰੁਪਏ ਤਨਖਾਹ ਤੇ ਹੀ ਪੜਾਉਂਦਾ ਰਿਹਾ ਗੱਲ ਸਬਰ ਸੰਤੋਖ ਦੀ ਹੁੰਦੀ ਹੈ ਜੇਕਰ ਸਬਰਾਂ ਦਾ ਬੰਨ ਟੁੱਟ ਜਾਏ ਤਾਂ ਹੱਦਾਂ ਵੀ ਛੋਟੀਆਂ ਪੈ ਜਾਂਦੀਆਂ ਹਨ ਮਹਾਂਨਗਰ ਦੇ ਇੱਕ ਚਾਹ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਨੂੰ 35-40 ਹਜ਼ਾਰ ਰੁਪਏ ਦਾ ਕੀਮਤੀ ਮੋਬਾਇਲ ਫੋਨ ਕੀ ਮਿਲਿਆ ਉਸਦੀ ਨੀਂਦ ਹਰਾਮ ਹੋ ਗਈ ਸਾਰੀ ਰਾਤ ਮੋਬਾਇਲ ਫੋਨ ਉਸਦੇ ਹੁੱਜਾਂ ਮਾਰਦਾ ਰਿਹਾ ਸਵੇਰ ਹੁੰਦਿਆਂ ਹੀ ਚਾਹ ਵਾਲੇ ਨੇ ਫੋਨ ਅਸਲੀ ਮਾਲਕ ਕੋਲ ਪਹੁੰਚਾ ਕੇ ਸਾਹ ਲਿਆ ਮੋਬਾਇਲ ਫੋਨ ਵਾਲੇ ਨੇ ਉਸਨੂੰ ਇਨਾਮ ਦੇਣਾ ਚਾਹਿਆ ਪਰ ਉਸਨੇ ਨਿਮਰਤਾ ਨਾਲ ਜਵਾਬ ਦਿੰਦਿਆਂ ਕਿਹਾ ਕਿ ਮੇਰੀ ਜਮੀਰ ਨੂੰ ਇਹ ਮਨਜੂਰ ਨਹੀਂ ਹੋਣਾ ਅਫਸੋਸ ਹੈ ਸਵਿਸ ਬੈਂਕ ਵਿੱਚ ਪਈ ਮਾਇਆ ਨੇ ਕਦੇ ਉਸ ਨੂੰ ਇਕੱਤਰ ਕਰਨ ਵਾਲਿਆਂ ਦੀ ਜਮੀਰ ਨੂੰ ਧੱਕੇ ਨਹੀਂ ਮਾਰੇ ਇਸ ਮਿਸਾਲ ਨੂੰ ਦੇਖਕੇ ਤਾਂ ਇੰਜ ਲੱਗਦਾ ਹੈ ਕਿ ਇਮਾਨ ਕੱਲੇ ਕਿਰਤੀਆਂ ਕੋਲ ਹੀ ਬਚਿਆ ਹੈ ਦੋ ਨੰਬਰ ਦੇ ਪੈਸੇ ਨੇ ਬਹੁਤਿਆਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਉਮੀਦ ਹੈ ਜੋ ਇਸ ਖਬਰ ਤੋਂ ਬੇਖਬਰ ਹਨ ਉਹ ਇਨ੍ਹਾਂ ਖਬਰਾਂ ਦੇ ਪਾਤਰਾਂ ਵੱਲ ਝਾਤੀ ਮਾਰਕੇ ਹਕੀਕਤ ਪਛਾਨਣ ਦਾ ਯਤਨ ਕਰਨਗੇਸ੍ਰੀ ਮੁਕਤਸਰ ਸਾਹਿਬ ਤੋਂ ਖਬਰ ਛਪੀ ਹੈ ਕਿ ਭੁੱਖ ਤੋਂ ਤੰਗ ਆ ਕੇ ਆਪਣੇ ਦੋ ਜਿਗਰ ਦੇ ਟੋਟੇ ਇੱਕ ਵਿਅਕਤੀ ਨੇ ਧਾਰਮਿਕ ਆਗੂਆਂ ਹਵਾਲੇ ਕਰ ਦਿੱਤੇ ਹਨ ਦਿਲ ਨੂੰ ਹਿਲਾ ਦੇਣ ਵਾਲੀ ਇੱਕ ਹੋਰ ਖਬਰ ਭਦੌੜਦੀ ਹੈ ਜਿਸਦਾ ਤਤਕਰਾ ਇਹ ਹੈ ਕਿ ਕਿਸੇ ਇਲਾਕੇ 'ਚ ਇੱਕ ਮੰਗਤਾ ਛੋਟੇ ਬੱਚੇ ਨਾਲ ਆਟਾ ਮੰਗ ਰਿਹਾ ਸੀ ਸ਼ਾਮ ਤੱਕ ਉਸ ਕੋਲ ਵਾਹਵਾ ਆਟਾ ਹੋ ਗਿਆ ਤਾਂ ਆਪਣੀ ਝੁੱਗੀ ਵੱਲ ਜਾਂਦਿਆਂ ਰਸਤੇ 'ਚੋਂ ਮੋਟਰਸਾਈਕਲ ਸਵਾਰ ਉਸਦੀ ਪੋਟਲੀ  ਖੋਹ ਕੇ ਭੱਜ ਗਏ ਪੰਜਾਬ ਦੇ ਬੁਰੇ ਦਿਨਾਂ ਦੀ ਇਸ 
ਤੋਂ ਪਾਰ ਕੋਈ ਸੀਮਾਂ ਨਹੀਂ ਹੋ ਸਕਦੀ ਭੁੱਖਿਆਂ ਨੂੰ ਰਜਾਉਣ ਅਤੇ ਦੇਸ਼ ਦੇ ਭੜੋਲੇ 'ਚ ਅੰਨ ਪਾਉਣ ਵਾਲੀ ਦਾਨੀਆਂ ਦੀ ਧਰਤੀ ਪੰਜਾਬ ਦੇ ਨੌਜੁਆਨਾਂ ਦੇ ਹੱਥ ਮੰਗਤਿਆਂ ਦੀਆਂ ਪੋਟਲੀਆਂ ਅਤੇ ਆਪਣੇ ਲਾਡਲਿਆਂ ਨੂੰ ਹੋਰਨਾਂ ਦੀ ਗੋਦੀ 'ਚ ਪਾਉਣ ਤੱਕ ਪੁੱਜ ਗਏ ਹਨ ਜਿੰਨਾਂ ਵੱਡਿਆਂ ਨੂੰ ਹਰ ਮਸਲਾ ਛੋਟਾ ਦਿਸਦਾ ਹੈ ਜਾਂ ਦਿਖਾਉਣ ਦੀ ਆਦਤ ਪੈ ਗਈ ਹੈ ਉਹ ਆਪਣੇ ਦਿਮਾਗ 'ਤੇ ਬੋਝ ਪਾ ਕੇ ਜਰੂਰ ਸੋਚਣ ਕਸੂਰ ਨਵੀਂ ਪਨੀਰੀ ਦਾ ਨਹੀਂ ਸਿਸਟਮ ਦਾ ਹੈ ਉਹ ਰੁਜ਼ਗਾਰ ਨਹੀਂ ਦਿੰਦਾ ਬਲਕਿ ਜਿੰਦਾਬਾਦ-ਮੁਰਦਾਬਾਦ ਸਿਖਾਉਂਦਾ ਹੈ ਜਿਹੜੇ ਇਸ ਕੰਮ ਤੋਂ ਪਾਸੇ ਰਹਿ ਜਾਂਦੇ ਹਨ ਉਹ ਨਸ਼ਿਆਂ ਦੇ ਰਾਹ ਪੈ ਕੇ ਪੋਟਲੀਆਂ ਖੋਹਣ ਵੱਲ ਤੁਰ ਪੈਂਦੇ ਹਨ ਇਕੱਲੇ ਬਠਿੰਡਾ ਦੀ ਗੱਲ ਕਰੀਏ ਤਾਂ ਇਸਦੀ ਤਰੱਕੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਇੱਥੋਂ ਦੇ ਲੇਬਰ ਚੌਂਕ 'ਚ ਖੜਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਗਿਣਤੀ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ  ਸਰਕਾਰ ਨੇ ਕਬੱਡੀ ਕੱਪ ਤੇ ਕਰੋੜਾਂ ਰੁਪਏ ਖਰਚ ਦਿੱਤੇ ਹਨ ਪਰ ਇਸ ਨਾਲ ਇਨਾਂ ਮਜ਼ਦੂਰਾਂ ਦੀ ਜੂਨ ਕਿਵੇਂ ਸੁਧਰੇਗੀ ਇਹ ਨਹੀਂ ਦੱਸਦੀ  ਮਾਲਵਾ ਪੱਟੀ ਵਿਚਲੇ ਹਜਾਰਾਂ ਮਜ਼ਦੂਰ ਪ੍ਰੀਵਾਰਾਂ ਦੀ ਕਹਾਣੀ ਹੈ ਕਿ ਉਨ੍ਹਾਂ ਕੋਲ ਸਿਰ ਢਕਣ ਨੂੰ ਛੱਤ ਨਹੀਂ ਹੈ ਸਰਕਾਰਾਂ ਹਰ 5 ਸਾਲ ਬਾਅਦ ਪਲਾਟਾਂ ਤੇ ਘਰਾਂ ਦੇ ਲਾਰੇ ਲਾਉਂਦੀਆਂ 
ਹਨ ਤੇ ਮਗਰੋਂ ਸਭ ਕੁੱਝ ਭੁੱਲ ਜਾਂਦੀਆਂ ਹਨ ਜਦੋਂ ਕਿ ਨੇਤਾਵਾਂ ਵੱਲੋਂ ਰਾਜਧਾਨੀ 'ਚ ਦਬੇ ਮਕਾਨਾਂ ਦੀ ਸੂਹ ਵੀ ਨਹੀਂ ਲੱਗਦੀ ਜੇਕਰ ਇਨ੍ਹਾਂ ਦੇ ਚੇਤੇ ਏਦਾਂ ਹੀ ਕਮਜੋਰ ਰਹੇ ਤਾਂ ਵੋਟਾਂ ਵਾਲੇ ਕਾਗਜਾਂ 'ਚ ਹੀ ਘਰ ਵੰਡਦੇ ਰਹਿਣਗੇ ਵੈਸੇ ਵੀ ਇੱਥੇ ਜੋ ਵੰਡ ਵੰਡਾਰਾ ਹੁੰਦਾ ਹੈ ਉਹ ਚੋਣ ਵਰ੍ਹੇ 'ਚ ਹੀ ਹੁੰਦਾ ਹੈ ਤਾਂ ਕਿ ਲੋਕ ਆਪਣੀ ਤਾਕਤ ਭੁੱਲ ਜਾਣ ਪਟਿਆਲਾ ਜ਼ਿਲ੍ਹੇ ਦੀ ਇੱਕ ਧੀ ਨੇ ਆਪਣੇ ਨਾਲ ਹੋਈ ਜੱਗੋਂ ਤੇਰਵੀਂ ਦਾ ਦੁੱਖ ਹਾਕਮਾਂ ਦੇ ਦਰ ਤੇ ਰੋਇਆ ਪਰ ਉਸਦੀ ਕਿਸੇ ਨੇ ਸੁਣੀ ਨਹੀਂ ਜਦੋਂ ਉਹ ਇਸ ਦੁਨੀਆਂ ਤੋਂ ਚਲੀ ਗਈ ਤਾਂ ਉਸ ਮਗਰੋਂ ਸਰਕਾਰ ਨੌਕਰੀ ਲੈ ਕੇ ਉਸਦੇ ਘਰ ਪੁੱਜ ਗਈ ਇਹ ਸੌਦਾ ਹਰ ਪੰਜਾਬੀ ਦੇ ਸਮਝੋ ਬਾਹਰ ਹੈ ਤੇ ਲੋਕਹੈਰਾਨ ਹਨ ਕਿ ਇਹ ਕੇਹੀ ਸਰਕਾਰ ਹੈ ਜੋ ਇੱਕ ਜਿੰਦਗੀ ਜਾਣ ਮਗਰੋਂ ਨੌਕਰੀ ਦਿੰਦੀ ਹੈ ਭਾਈ ਰੂਪਾ 'ਚ ਸਰਕਾਰੀ ਸਹਾਇਤਾ ਨੂੰ ਉਡੀਕਦਿਆਂ ਲੰਬਾ ਸਮਾਂ ਕੈਂਸਰ ਨਾਲ ਜੂਝਦੀ ਮਹਿਲਾ ਦੀ ਕੈਂਸਰ ਨਾਲ ਮੌਤ ਹੋ ਗਈ   ਇਹ ਕੋਈ ਨਵੀਂ ਗੱਲ ਨਹੀਂ  ਬਲਕਿ ਇਸ ਜ਼ਿਲ੍ਹੇ 'ਚ ਤਾਂ ਇਹੋ ਜਿਹੀਆਂ ਮੌਤਾਂ ਆਮ ਗੱਲ ਹੈ ਮੁੱਖ ਮੰਤਰੀ ਦੇ ਪਿੰਡ ਲਈ ਘੋੜਿਆਂ ਦਾ ਸਰਕਾਰੀ ਹਸਪਤਾਲ ਬਣਿਆ ਪਰ ਬਠਿੰਡੇ ਵਾਲਿਆਂ ਦੇ ਹਿੱਸੇ ਸਰਕਾਰੀ ਦੀ ਬਜਾਏ ਪ੍ਰਾਈਵੇਟ ਹਸਪਤਾਲ ਆਇਆ ਹੈ ਜੋ ਕਿ ਆਦਮੀ ਦੀ ਸਾਰੀ ਉਮਰ ਦੀ ਪੂੰਜੀ ਇੱਕ ਹੱਲੇ ਢੇਰੀ ਕਰ ਲੈਂਦਾ ਹੈ ਬੀਕਾਨੇਰ ਜਾਣ ਵਾਲੀ ਕੈਂਸਰ ਐਕਸਪ੍ਰੈਸ ਦੀ ਭੀੜ ਘਟੀ ਨਹੀਂ ਸਰਕਾਰਾਂ ਦੀ ਗੱਲ ਹਾਲੇ ਵੀ ਸਰਵੇ ਤੇ ਅਟਕੀ ਪਈ ਹੈ ਕੋਈ ਇਹ ਦੱਸਣ ਨੂੰ ਤਿਆਰ ਨਹੀਂ ਕਿ ਸਰਵੇਖਣਾਂ ਨਾਲ ਕੈਂਸਰ ਪੀੜਤਾਂ ਦੇ ਦੁੱਖ ਕਿਵੇਂ ਕੱਟੇ ਜਾਣਗੇ ਆਬਕਾਰੀ ਤੇ ਕਰ ਵਿਭਾਗ ਦੇ ਅਰਬਾਂ ਰੁਪਏ ਧਨਾਢ ਕਾਰਖਾਨੇਦਾਰਾਂ ਵੱਲ ਫਸੇ ਪਏ ਹਨ ਜਿੰਨਾਂ ਨੂੰ ਵੱਟੇ ਖਾਤੇ ਪਾਉਣ ਵੇਲੇ ਭਾਫ ਨਹੀਂ ਕੱਢੀ ਜਾਂਦੀ ਜਦੋਂ ਕਿ ਕਿਸਾਨਾਂ ਨੂੰ ਹਰੇਕ ਹਾੜੀ ਸਾਉਣੀ ਦਬਕੇ ਮਾਰੇ ਜਾਂਦੇ ਹਨਇੱਥੇ ਵਿਧਾਨ ਸਭਾ 'ਚ ਗਾਲ੍ਹੋ-ਗਾਲੀ ਹੋਈ ਜਾਣ ਗੱਲ ਨੂੰ ਮਾਮੂਲੀ ਦੱਸਿਆ ਜਾਂਦਾ ਹੈ ਜਦੋਂ ਇਹ ਗੱਲ ਮਾਮੂਲੀ ਹੈ ਤਾਂ ਹੱਕ ਮੰਗਦਿਆਂ ਦੀ ਅਵਾਜ ਡੰਡੇ ਨਾਲ ਬੰਦ ਕਰਨਾ ਕਿਵੇਂ ਜਾਇਜ ਹੋ ਗਿਆ ਗੱਲ ਇਹ ਵੀ ਹੈ ਕਿ ਇਨ੍ਹਾਂ ਧਿਰਾਂ ਦੀ ਰਾਖੀ ਕਰਨ ਵਾਲੇ ਹੱਥ ਜਦ ਇੱਕ ਤੇ ਇੱਕ ਮਿਲਕੇ ਗਿਆਰਾਂ ਬਣਦੇ ਹਨ ਤਾਂ ਹਕੂਮਤਾਂ ਹਿਲਣ ਲੱਗਦੀਆਂ ਹਨ ਅਫਸੋਸ ਇਹ ਵੀ ਹੈ ਕਿ ਇਨ੍ਹਾਂ ਹਕੂਮਤਾਂ ਵਾਲਿਆਂ ਨੇ ਹੱਥਾਂ ਵਾਲਿਆਂ ਨੂੰ ਅੱਡੋ ਅੱਡ ਰੱਖਣ ਲਈ ਨਿੱਤ ਨਵੇਂ  ਢੰਗ ਤਰੀਕੇ ਇਜਾਦ ਕੀਤੇ ਜਾਂਦੇ ਹਨ ਆਮ ਬੰਦੇ ਨੂੰ ਤਾਂ ਕਬੀਲਦਾਰੀ ਹੀ ਸਾਹ ਲੈਣ ਨਹੀਂ ਦਿੰਦੀ ਜਦੀ ਉਹ ਆਪਣੀ ਕਬੀਲਦਾਰੀ ਦੀਆ ਗੁੰਝਲਾਂ ਦਾ ਰਾਜ ਸਮਝ ਜਾਏਗਾ ਤਾਂ ਉਸਦੇ ਬੱਚਿਆਂ ਨੂੰ ਬਾਪ ਵੱਲੋਂ ਰੋਜ਼ਾਨਾ ਸ਼ਾਮ ਵੇਲੇ ਲਿਆਂਦੇ ਜਾਣ ਵਾਲੇ ਰੋਟੀ ਦੇ ਸਮਾਨ ਦੀ ਉਡੀਕ ਨਹੀਂ ਕਰਨੀ ਪੈਣੀ ਬਿਰਧ ਬੇਬੇ ਨੂੰ ਬੁਢਾਪਾ ਪੈਨਸ਼ਨ ਲੈਣ ਲਈ ਸੰਗਤ ਦਰਸ਼ਨਾਂ 'ਚ ਹੱਥ ਜੋੜਨ ਦੀ ਲੋੜ ਨਹੀਂ ਰਹਿਣੀ, ਮਿੱਟੀ ਨਾਲ ਮਿੱਟੀ ਹੋ ਕੇ ਸਭ ਦੇ ਪੇਟ ਭਰਨ ਵਾਲੇ ਨੇ ਖੁਦਕਸ਼ੀ ਦੇ ਰਾਹ ਨਹੀਂ ਪੈਣਾ ਬਲਕਿ ਬੋਹਲ  ਖਾਣ ਵਾਲਿਆਂ ਨੂੰ ਉਡੀਕਣਗੇ ਜਦੋਂ ਲੋਕਾਂ ਦਾ ਅੰਦਰਲਾ ਜਾਗ ਪਿਆ ਤਾਂ ਉਦੋਂ ਹੀ ਨਵੇਂ ਸਾਲ ਦੁੱਖਾਂ ਦੇ ਦਾਰੂ ਬਨਣਗੇ ਨਵਾਂ ਵਰ੍ਹਾ ਸੰਭਲਣ, ਸੋਚਣ ਤੇ ਵਿਚਾਰਨ ਦਾ ਹੈ ਕਿਉਂਕਿ ਇਸਦੇ ਮੁਕਦਿਆਂ ਹੀ ਫੇਰ ਵੱਡੀਆਂ ਵੋਟਾਂ ਵਾਲੇ ਹੱਥ ਜੋੜਦੇ ਨੇਤਾ ਮਿਲਣੇ ਹਨ ਚੋਣਾਂ ਵਾਲੇ ਸਿਆਸੀ ਅਖਾੜੇ 'ਚ ਉਹ ਵੀ ਆਉਣਗੇ ਜੋ 5 ਵਰ੍ਹੇ ਦੁਰਲੱਭ ਰਹੇ ਗੱਲ ਇੱਥੇ ਵੋਟਾਂ ਦੀ ਗਿਣਤੀ ਮਿਲਣ ਤੇ ਮੁੱਕ ਜਾਂਦੀ ਹੈ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ

Friday, 16 November 2012


ਪੰਜਾਬ ਵਿੱਚ  ਨਸ਼ੀਲੇ ਪਦਾਰਥਾਂਦੀ ਤਸਕਰੀ 'ਚ ਮਹਿਲਾਵਾਂ ਵੀ ਸ਼ਾਮਲ
ਬਠਿੰਡਾ, 16 ਨਵੰਬਰ (ਅਸ਼ੋਕ ਵਰਮਾ) 

ਸਰਹੱਦ ਪਾਰ ਤੋਂ ਪੰਜਾਬ ਵਿੱਚ ਹੈਰੋਇਨ, ਸਮੈਕ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿੱਚ ਸਰਹੱਦੀ ਖੇਤਰ ਦੀਆਂ ਔਰਤਾਂ ਦੀ ਸ਼ਮੂਲੀਅਤ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਬਲਕਿ ਹੁਣ ਤਾਂ ਦੂਸਰੇ ਜ਼ਿਲ੍ਹਿਆਂ ਦੀਆਂ ਮਹਿਲਾਵਾਂ ਵੀ ਤਸਕਰੀ ਦੇ ਧੰਦੇ 'ਚ ਸ਼ਾਮਲ ਹੋ ਗਈਆਂ ਹਨ । ਪੰਜਾਬ ਪੁਲਿਸ ਵਿਚਲੇ ਉੱਚ ਤਾਕਤੀ ਸੂਤਰਾਂ ਦੀ ਮੰਨੀਏ ਤਾਂ ਕਰੋੜਾਂ ਦੀ ਸਮਗਲਿੰਗ ਤੋਂ ਲੈ ਕੇ ਹਜ਼ਾਰਾਂ ਦੀ ਪ੍ਰਚੂਨ ਵਿਕਰੀ ਤੱਕ ਔਰਤਾਂ ਦਾ ਹੱਥ ਹੈ। ਸੂਤਰ ਦੱਸਦੇ ਹਨ ਕਿ ਕਈ ਔਰਤ ਤਸਕਰਾਂ ਦੇ ਪੂਰੇ ਦੇ ਪੂਰੇ ਪ੍ਰੀਵਾਰ ਇਸ ਧੰਦੇ ਨਾਲ ਜੁੜੇ ਹੋਏ ਹਨ। ਮਾਮਲੇ ਦਾ ਭਾਰੇ ਫਿਕਰਾਂ ਵਾਲਾ ਤੱਥ ਇਹ ਵੀ ਹੈ ਕਿ ਵੱਡੇ ਤਸਕਰਾਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਨਜਰ ਤੋਂ ਬਚਣ ਲਈ ਵੱਡੇ ਪੱਧਰ ਤੇ ਔਰਤਾਂ ਦੀ ਸਹਾਇਤਾ ਲਈ ਜਾ ਰਹੀ ਹੈ । ਨਸ਼ਿਆਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਸੈਲਾਂ ਵਿਚਲੇ ਸੂਤਰ ਤਾਂ ਇੱਥੋਂ ਤੱਕ ਖੁਲਾਸਾ ਕਰਦੇ ਹਨ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ 'ਚ ਔਰਤਾਂ ਦੇ ਵਧ ਰਹੇ ਯੋਗਦਾਨ ਨਾਲ ਸੁਰੱਖਿਆ ਏਜੰਸੀਆਂ ਦੀ ਸਿਰਦਰਦੀ ਵਧ ਗਈ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਸਰਹੱਦ ਨਾਲ ਪੈਂਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ 'ਚੋਂ ਪੁਲਿਸ ਨੇ ਦਰਜ਼ਨਾਂ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਨ ਦੇ ਅਪਰਾਧ ਹੇਠ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਅਫੀਮ ਅਤੇ ਸਮੈਕ ਆਦਿ ਬਰਾਮਦ ਕੀਤੇ ਸਨ ।ਵੇਰਵਿਆਂ ਅਨੁਸਾਰ ਡੀ. ਆਈ. ਆਰ. ਵੱਲੋਂ ਅੰਮ੍ਰਿਤਸਰ ਦੀ ਇੱਕ ਔਰਤ ਨੂੰ ਦਿੱਲੀ ਵਿੱਚੋਂ ਗ੍ਰਿਫ਼ਤਾਰ ਕਰਕੇ 18 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ।   ਪੁਲਿਸ ਵਿਚਲੇ ਇੱਕ ਸੂਤਰ ਨੇ ਦੱਸਿਆ ਹੈ ਕਿ ਪੁਲਿਸ ਰਿਕਾਰਡ ਅਨੁਸਾਰ ਸਮੈਕ ਦੀ ਇੱਕ ਵੱਡੀ ਤਸਕਰ ਨਰਿੰਦਰ ਕੌਰ (ਬਦਲਿਆ ਨਾਂ) ਵਿਰੁੱਧ ਵੱਖ-ਵੱਖ ਥਾਣਿਆਂ 'ਚ ਸਮੈਕ ਦੀ ਸਮਗਲਿੰਗ ਅਧੀਨ ਦਰਜਨ ਤੋਂ ਵੱਧ ਕੇਸ ਦਰਜ਼ਨ ਹਨ। ਇਸ ਤੋਂ ਬਿਨਾਂ ਇਸ ਮਹਿਲਾ ਦੇ ਪਤੀ, ਧੀ, ਜੁਆਈ, ਮਾਂ ਅਤੇ ਭੈਣਾਂ ਵਿਰੁੱਧ ਵੀ ਪੁਲਿਸ ਵੱਲੋਂ ਮੁਕੱਦਮੇ ਦਰਜ ਕੀਤੇ ਹੋਏ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਮਹਿਲਾ ਨੇ ਪੁਲਿਸ ਕੋਲ ਮੰਨਿਆ ਸੀ ਕਿ ਉਸਦਾ ਪ੍ਰੀਵਾਰ ਇਸ ਧੰਦੇ ਵਿੱਚ ਲੱਗਿਆ ਹੋਇਆ ਹੈ ।ਸੂਤਰ ਆਖਦੇ ਹਨ ਕਿ ਸੁਰੱਖਿਆ ਏਜੰਸੀਆਂ ਜਿੰਨਾਂ ਵਿੱਚ ਪੁਲਿਸ, ਬੀ. ਐਸ. ਐਫ., ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਅਤੇ ਨਾਰਕੋਟਿਕ ਸੈੱਲ ਸ਼ਾਮਲ ਹੈ ਵੱਲੋਂ ਭਾਰੀ ਮਾਤਰਾ 'ਚ ਫੜੀ ਹੈਰੋਇਨ ਵਿੱਚ ਇਸ ਮਹਿਲਾ ਤਸਕਰ ਦਾ ਪ੍ਰਮੁੱਖ ਹੱਥ ਦੱਸਿਆ ਜਾਂਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਈ ਤਸਕਰਾਂ ਵੱਲੋਂ ਆਪਣਾ ਸਮਾਨ ਸੁਰੱਖਿਅਤ ਤਰੀਕੇ ਰਾਹੀਂ ਸਹੀ ਟਿਕਾਣੇ ਤੱਕ ਪਹੁੰਚਾਉਣ ਲਈ ਔਰਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਦੀ ਪੁਖਤਾ ਮਿਸਾਲ ਸਾਲ 2010 'ਚ ਆਪਣੇ ਪਤੀ, ਮਾਸੂਮ ਬੱਚੇ ਅਤੇ 17. 5 ਕਿੱਲੋ ਅਫੀਮ ਸਮੇਤ ਬਠਿੰਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਮਹਿਲਾ ਤਸਕਰ ਤੋਂ ਮਿਲਦੀ ਹੈ। ਕਈ ਤਸਕਰ ਆਪਣੀਆਂ ਘਰੇਲੂ ਮਹਿਲਾਵਾਂ ਨੂੰ ਵੀ ਇਸ ਕਰਕੇ ਧੰਦੇ ਵਿੱਚ ਲੈ ਕੇ ਆ ਰਹੇ ਹਨ ਤਾਂ ਜੋ ਹੈਰੋਇਨ, ਸਮੈਕ ਅਤੇ ਹੋਰ ਨਸ਼ੇ ਇੱਕ ਥਾਂ ਤੋਂ ਦੂਸਰੀ ਜਗ੍ਹਾ ਲਿਜਾਣ 'ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਕਿਉਂਕਿ ਪੁਲਿਸ ਅਤੇ ਖੁਫੀਆ ਏਜੰਸੀਆਂ ਅਕਸਰ ਮਹਿਲਾਵਾਂ ਤੇ ਸ਼ੱਕ ਨਹੀਂ ਕਰਦੀਆਂ । ' ਸੱਚ ਕਹੂੰ ' ਵੱਲੋਂ ਕੀਤੀ ਇੱਕ ਪੜਤਾਲ ਦਾ ਸਿੱਟਾ ਹੈ ਕਿ ਕਈ ਔਰਤਾਂ ਨੇ ਆਪਣਾ ਘਰ ਚਲਾਉਣ  'ਚ ਆਉਂਦੀ ਤੰਗੀ ਤੁਰਸ਼ੀ ਦੇ ਚਲਦਿਆਂ ਤਸਕਰੀ ਦਾ ਧੰਦਾ ਅਖਤਿਆਰ ਕਰ ਲਿਆ ਹੈ । ਹੈਰੋਇਨ ਦੀ ਸਮਗਲਿੰਗ ਵਿੱਚ ਜਿਆਦਾ ਪੈਸੇ ਮਿਲਣ ਦਾ ਲਾਲਚ ਵੀ ਔਰਤਾਂ ਨੂੰ ਇਸ ਦਿਸ਼ਾ ਵੱਲ ਖਿੱਚ ਰਿਹਾ ਹੈ ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਏ ਹਨ ਕਿ ਮਾਲਵੇ ਦੀਆਂ ਮਹਿਲਾਵਾਂ ਦੀ ਪਹਿਲ ਭੁੱਕੀ ਤਸਕਰੀ ਹੈ ਜਦੋਂ ਕਿ ਦੁਆਬੇ ਦੀਆਂ ਔਰਤਾਂ ਦਾ ਪਸੰਦੀਦਾ ਕਾਰੋਬਾਰ ਸਮੈਕ ਅਤੇ ਮਾਝੇ ਦੇ ਸਰਹੱਦੀ ਇਲਾਕੇ 'ਚ ਹੈਰੋਇਨ ਅਤੇ ਪੇਂਡੂ ਖੇਤਰ 'ਚ ਸ਼ਰਾਬ ਵੇਚਣ ਦਾ ਕੰਮ ਕਰ ਰਹੀਆਂ ਹਨ । ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਪੰਜਾਬ ਭਰ 'ਚ 2500 ਤੋਂ 3 ਹਜ਼ਾਰ ਮਹਿਲਾਵਾਂ ਨਸ਼ੇ ਦੀ ਤਸਕਰੀ ਦੇ ਕੰਮ 'ਚ ਲੱਗੀਆਂ ਹੋਈਆਂ ਹਨ ਪੰਜਾਬ ਦੀ ਅਬਾਦੀ ਦੇ ਅਧਾਰ ਤੇ ਦੇਖੀਏ ਤਾਂ ਇਹ ਅੰਕੜਾ ਕੋਈ ਵੱਡਾ ਦਿਖਾਈ ਨਹੀਂ ਦਿੰਦਾ ਪ੍ਰੰਤੂ ਜਿਸ ਢੰਗ ਨਾਲ ਔਰਤਾਂ ਦੀ ਰੁਚੀ ਤਸਕਰੀ ਵਰਗੇ ਧੰਦੇ ਵੱਲ ਵਧ ਰਹੀ ਹੈ ।ਉਹ ਕਾਫੀ ਚਿੰਤਾ ਜਨਕ ਮੰਨਿਆ ਜਾ ਰਿਹਾ ਹੈ। ਪੰਜਾਬ ਦੀ ਸਰਹੱਦ ਤੇ ਤਾਇਨਾਤ ਰਹੇ ਹਰਿਆਣਾ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੀਆਂ ਮਹਿਲਾ ਤਸਕਰਾਂ ਨੇ ਸਾਂਝੇ ਗਰੁੱਪ ਬਣਾ ਲਏ ਹਨ । ਪੁਲਿਸ ਅਨੁਸਾਰ ਕਈ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਨੇ ਇਸ ਕਾਰੋਬਾਰ 'ਚ ਪਾਇਆ ਹੈ ਮਾਲਵਾ ਪੱਟੀ ਦੀਆਂ ਮਹਿਲਾਵਾਂ ਰਾਜਸਥਾਨ ਤੋਂ ਭੁੱਕੀ ਲਿਆ ਕੇ ਪ੍ਰਚੂਨ ਵਿੱਕਰੀ ਕਰਦੀਆਂ ਹਨ ਬੀਤੇ 8 ਕੁ ਵਰ੍ਹਿਆਂ ਦੇ ਅੰਕੜਿਆਂ ਤੇ ਗੌਰ ਕਰੀਏ ਤਾਂ  ਬਠਿੰਡਾ  ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ 'ਚ ਕਰੀਬ 125 ਕੇਸ ਦਰਜ਼ ਹੋਏ ਹਨ।  ਉਂਜ ਮਾਲਵੇ 'ਚ ਪਹਿਲਾ ਨੰਬਰ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜਿੱਥੇ ਇਸ ਅਰਸੇ ਦੌਰਾਨ ਤਕਰੀਬਨ 200 ਕੇਸ ਦਰਜ ਹੋਏ ਹਨ ਅਤੇ ਕਰੀਬ ਇੰਨੀਆਂ ਹੀ ਮਹਿਲਾਵਾਂ ਤਸਕਰੀ ਦੇ ਧੰਦੇ 'ਚ ਲੱਗੀਆਂ ਹੋਈਆਂ ਹਨ। ਪ੍ਰਾਪਤ ਸੂਚਨਾਵਾਂ ਅਨੁਸਾਰ ਮੁਕਤਸਰ ਜ਼ਿਲ੍ਹੇ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਹੋਏ ਕੇਸਾਂ 'ਚੋਂ ਵਧੇਰੇ ਭੁੱਕੀ ਦੇ ਹਨ। ਮਹਿਲਾਵਾਂ ਵੱਲੋਂ ਤਸਕਰੀ ਦੇ ਧੰਦੇ 'ਚ ਪੈਰ ਧਰਨ ਤੋਂ ਬਰਨਾਲਾ, ਖੰਨਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਜਲੰਧਰ ਜ਼ਿਲ੍ਹਾ ਵੀ ਨਹੀਂ ਬਚ ਸਕਿਆ ਖਾਸ ਤੌਰ ਤੇ ਜਲੰਧਰ ਦਿਹਾਤੀ ਤਾਂ ਮਹਿਲਾ ਤਸਕਰਾਂ ਦੇ ਮਾਮਲੇ 'ਚ ਉੱਚ ਸਥਾਨ ਰੱਖਦਾ ਹੈ ਇਹ ਸਥਿਤੀ ਕੇਵਲ 10 ਜ਼ਿਲ੍ਹਿਆਂ ਦੀ ਹੈ ਜੇਕਰ ਸਮੁੱਚੇ ਪੰਜਾਬ ਦੇ ਹਾਲਾਤਾਂ ਤੇ ਗੌਰ ਕਰੀਏ ਤਾਂ ਸਥਿਤੀ ਹੋਰ ਵੀ ਗੰਭੀਰ ਅਤੇ ਝੰਜੋੜਨ ਵਾਲੀ ਹੈ । ਮਹਾਂਨਗਰ ਬਠਿੰਡਾ ਦੀ ਜ਼ਿਲ੍ਹਾ ਕਚਿਹਰੀ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਪੇਸ਼ੀ ਭੁਗਤਣ ਆਈ ਮਹਿਲਾ ਨੇ ਆਪਣੀ ਪਛਾਣ ਲੁਕਾਉਣ ਦੀ ਅਪੀਲ ਤੇ ਪਛਤਾਵੇ ਭਰੇ ਅੰਦਾਜ ਦੱਸਿਆ ਕਿ ਚਮਕ ਦਮਕ ਦੇ ਜਮਾਨੇ ਅਤੇ ਸ਼ਹਿਰੀਕਰਨ ਦੇ ਸਿੱਟੇ ਵਜੋਂ ਜਾਗੀਆਂ ਉਮੀਦਾਂ ਅਤੇ ਕਮਾਈ ਦੇ ਘਟੇ ਸਾਧਨਾਂ ਨੇ ਉਸ ਵਰਗੀਆਂ ਕਈ ਔਰਤਾਂ ਨੂੰ ਇਸ ਦਲਦਲ 'ਚ ਧੱਕ ਦਿੱਤਾ ਹੈ। 
ਉੱਧਰ ਇਸ ਪੱਤਰਕਾਰ ਨੇ ਇਸ ਵਿਸ਼ੇ ਤੇ ਕਈ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆਂ ਕਿ ਪੰਜਾਬ ਵਿੱਚ ਔਰਤਾਂ ਵੱਲੋਂ ਨਸ਼ਿਆਂ ਦੀ ਸਮਗਲਿੰਗ 'ਚ ਵੱਡਾ ਰੋਲ ਅਦਾ ਕੀਤਾ ਜਾ ਰਿਹਾ ਹੈ । ਉਹਨਾਂ ਆਖਿਆ ਕਿ ਪੁਲਿਸ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਚਾਹੇ ਪੁਰਸ਼ ਹੋਵੇ ਜਾਂ ਮਹਿਲਾ ਜੋ ਕੋਈ ਨਸ਼ੇ ਵੇਚੇਗਾ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਘਟ ਰਹੇ ਹਨ ਅਤੇ ਸਭ ਕਾਰੋਬਾਰ ਘਾਟੇ ਵਾਲੇ ਸੌਦੇ ਬਣ ਰਹੇ ਹਨ ਇਸ ਸੰਕਟ ਨੇ ਔਰਤਾਂ ਨੂੰ ਸਮਗਲਿੰਗ ਦੇ ਧੰਦੇ 'ਚ ਉੱਤਰਨ ਲਈ ਮਜਬੂਰ ਕੀਤਾ ਹੈ।

Monday, 25 June 2012

ਹੁਣ ਵਿਆਹ ਸੰਕਟ 'ਚ ਫਸ ਗਈ ਹੈ ਪੰਜਾਬ ਦੀ ਕਪਾਹ ਪੱਟੀ


ਸ਼ਾਦੀ ਦੀ ਉਮਰੋਂ ਖੁੰਝੇ ਹਜ਼ਾਰਾਂ ਨੌਜੁਆਨ


ਬਠਿੰਡਾ, ਅਸ਼ੋਕ ਵਰਮਾ


ਖੇਤੀ ਤੇ ਆਏ ਸੰਕਟ ਅਤੇ ਧਰਤੀ ਹੇਠਲੇ ਮਾੜੇ ਪਾਣੀਆਂ ਕਾਰਨ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੇ ਪਸਾਰੇ ਤੋਂ ਬਾਅਦ ਹੁਣ ਮਾਲਵਾ ਪੱਟੀ ਦੇ ਨੌਜੁਆਨਾਂ ਨੂੰ ਵਿਆਹ ਸੰਕਟ 'ਚ ਫਸਾ ਦਿੱਤਾ ਹੈ। ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਕੀਤੇ ਵੇਰਵਿਆਂ ਦੀ ਮੰਨੀਏ ਤਾਂ ਇਕੱਲੀ ਕਪਾਹ ਪੱਟੀ 'ਚ 25 ਹਜ਼ਾਰ ਤੋਂ ਵੀ ਵੱਧ ਮੁੰਡੇ ਵਿਆਹ ਦੀ ਉਮਰ ਲੰਘਾ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਇਸ ਖੇਤਰ ਦੇ ਹਰੇਕ ਪਿੰਡ ਵਿੱਚ 15 ਤੋਂ 20 ਤੱਕ ਲੜਕੇ ਅਜਿਹੇ ਹਨ ਜਿੰਨਾਂ ਦੀ ਸ਼ਾਦੀ ਦੀ ਔਸਤ ਉਮਰ ਲੰਘ ਚੁੱਕੀ ਹੈ। ਜ਼ਿਲ•ਾ ਬਠਿੰਡਾ 'ਚ ਇਹ ਗਿਣਤੀ ਲਗਭਗ 4 ਹਜ਼ਾਰ ਦੱਸੀ ਜਾ ਰਹੀ ਹੈ। ਪੰਜਾਬ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਮੈਰਿਜ ਬਿਊਰੋ ਸੱਭਿਆਚਾਰ ਇਸੇ ਸੰਕਟ ਦੀ ਉਪਜ ਹੈ। ਦਿਆਲਪੁਰਾ ਮਿਰਜਾ ਦੇ ਕਿਸਾਨ ਅਤੇ ਸਹਿਕਾਰੀ ਸਭਾ ਦੇ ਸਕੱਤਰ ਅਵਤਾਰ ਸਿੰਘ ਲਾਲੀ ਦਾ ਕਹਿਣਾ ਸੀ ਕਿ ਪੰਜਾਬ 'ਚ ਪ੍ਰਮੁੱਖ ਤੌਰ ਤੇ ਖੇਤੀ ਧੰਦੇ ਨਾਲ ਜੁੜੇ ਜੱਟ ਭਾਈਚਾਰੇ ਦੀ ਜਮੀਨ ਸੁੰਗੜ ਗਈ ਹੈ ਤੇ ਨਵੇਂ ਪੋਸ਼ ਨੂੰ ਨਸ਼ਿਆਂ ਨੇ ਵੱਸ 'ਚ ਕਰ ਲਿਆ ਹੈ ਜਿਸ ਕਰਕੇ ਛੋਟੀ ਕਿਸਾਨੀ ਦੇ ਮੁੰਡਿਆਂ ਦੇ ਵਿਆਹ ਹੋਣੇ ਮੁਸ਼ਕਿਲ ਹੋ ਗਏ ਹਨ। ਜ਼ਿਲ•ੇ ਦੇ ਵੱਡੇ ਪਿੰਡ ਮਹਿਰਾਜ 'ਚ ਅੱਧੀ ਦਰਜ਼ਨ ਨੌਜਵਾਨਾਂ ਦੀ ਉਮਰ 35 ਤੋਂ 37 ਸਾਲ ਹੈ ਪਰ ਵੰਡ ਹੋਣ ਤੋਂ ਬਾਅਦ ਘੱਟ ਹੋਈ ਜਮੀਨ ਦੇ ਸਿੱਟੇ ਵਜੋਂ ਸ਼ਾਦੀ ਸਮੱਸਿਆ ਬਣੀ ਹੋਈ ਹੈ। ਬਠਿੰਡਾ ਪੱਟੀ 'ਚ ਵੱਡੀ ਗਿਣਤੀ ਮੁੰਡੇ ਅਜਿਹੇ ਹਨ ਜਿੰਨਾ ਨੇ ਵਿਆਹ ਦੀ ਉਮਰ ਲੰਘਣ ਤੋਂ ਮਗਰੋਂ ਪ੍ਰਵਾਸੀ ਔਰਤਾਂ ਨਾਲ ਵਿਆਹ ਕਰਵਾਉਣ ਤੇ ਟੇਕ ਰੱਖ ਲਈ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਜੱਦੀ ਜ਼ਿਲ•ੇ ਸ੍ਰੀ ਮੁਕਤਸਰ ਸਾਹਿਬ 'ਚ ਵੀ ਕਈ ਨੌਜੁਆਨਾਂ ਵੱਲੋਂ ਸਮਾਜਿਕ ਮਾਪਦੰਡਾਂ ਦੇ ਉਲਟ ਵਿਆਹ ਕਰਵਾਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਆਹਾਂ ਤੇ ਆਏ ਸੰਕਟ ਦਾ ਨਤੀਜਾ ਹੈ ਕਿ ਮੈਰਿਜ ਬਿਊਰੋਆਂ ਦਾ ਕਾਰੋਬਾਰ ਪ੍ਰਫੁੱਲਿਤ ਹੋਇਆ ਪਿਆ ਹੈ ਤੇ ਲੋਕ ਰਵਾਇਤੀ ਵਿਚੋਲਿਆਂ ਦੀ ਥਾਂ ਹੁਣ ਇਹਨਾਂ ਤੇ ਭਰੋਸਾ ਕਰਨ ਲੱਗੇ ਹਨ। ਬਠਿੰਡਾ 'ਚ ਇੱਕ ਅਜਿਹਾ ਮੈਰਿਜ ਬਿਊਰੋ ਜੋ ਕਿ ਅਗਰਵਾਲ ਬਰਾਦਰੀ ਦੇ ਰਿਸ਼ਤੇ ਕਰਵਾਉਂਦਾ ਹੈ ਜਦੋਂ ਕਿ ਇੱਕ ਹੋਰ ਨੇ ਕੇਵਲ ਸਵਰਨਕਾਰ ਭਾਈਚਾਰੇ ਦੀਆਂ ਸ਼ਾਦੀਆਂ ਦਾ ਜਿੰਮਾ ਸੰਭਾਲਿਆ ਹੋਇਆ ਹੈ। ਸਰਪੰਚ ਮੈਰਿਜ ਬਿਊਰੋ ਦੇ ਮਾਲਕ ਅਤੇ ਮੈਰਿਜ ਬਿਊਰੋ ਯੂਨੀਅਨ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਮੰਨਿਆ ਕਿ ਦਿਨੋਂ-ਦਿਨ ਇਹ ਸਮੱਸਿਆ ਵਧਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਿੰਡਾਂ 'ਚ ਕੁੜੀਆਂ ਜਿਆਦਾ ਪੜ ਗਈਆਂ ਹਨ ਜਿਸ ਕਰਕੇ ਉਸ ਪੱਧਰ ਦੇ ਰਿਸ਼ਤੇ ਨਹੀਂ ਮਿਲ ਰਹੇ। ਉਹਨਾਂ ਦੱਸਿਆ ਕਿ ਸਾਡੇ ਕੋਲ ਮਾਨਸਾ, ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲਿ•ਆਂ ਦੇ ਕਈ ਅਜਿਹੇ ਮੁੰਡਿਆਂ ਨੇ ਨਾਂ ਦਰਜ ਕਰਵਾਇਆ ਹੈ ਜੋ ਕਿ ਵਿਆਹ ਦੀ ਉਮਰ ਟਪਾ ਚੁੱਕੇ ਹਨ। ਜ਼ਿਲ•ਾ ਬਠਿੰਡਾ ਦੇ ਵੱਡੇ ਪਿੰਡ ਭਾਈ ਰੂਪਾ ਦੇ ਦੋ ਭਰਾਵਾਂ ਦੀ ਉਮਰ ਲੰਘ ਚੁੱਕੀ ਹੈ ਹੁਣ ਇਹਨਾਂ ਦੀ ਕੋਈ ਮੰਗ ਨਹੀਂ ਰਹੀ ਤੇ ਉਹ ਹਰ ਸ਼ਰਤ ਤੇ ਵਿਆਹ ਕਰਵਾਉਣ ਲਈ ਤਿਆਰ ਹਨ। ਸਿੱਧੂ ਮੈਰਿਜ ਬਿਊਰੋ ਦੇ ਮਾਲਕ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਪੁਰਾਤਨ ਕਿਸਮ ਦੇ ਰਵਾਇਤੀ ਵਿਚੋਲਿਆਂ ਨੇ ਕਈ ਤਰ•ਾਂ ਦੀਆਂ ਦਿੱਕਤਾਂ ਨੂੰ ਦੇਖਦਿਆਂ ਹੱਥ ਖੜੇ ਕਰ ਦਿੱਤੇ ਹਨ ਜਿਸ ਕਰਕੇ ਹੁਣ ਮੈਰਿਜ ਬਿਊਰੋ ਵਾਲਿਆਂ ਨੇ ਆਧੁਨਿਕ ਵਿਚੋਲੇ ਦਾ ਕੰਮ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਮੈਰਿਜ ਬਿਊਰੋ ਦੇ ਮਾਲਕਾਂ ਦੀ ਯੂਨੀਅਨ ਦੇ ਦੋ ਦਰਜ਼ਨ ਮੈਂਬਰ ਹਨ ਜਦੋਂ ਕਿ ਕਈ ਹੋਰ ਆਪਣੇ ਤੌਰ ਤੇ ਵੱਖ-ਵੱਖ ਪ੍ਰਕਾਰ ਦੇ ਰਿਸ਼ਤਿਆਂ ਲਈ ਸਰਗਰਮ ਹਨ। ਵਕਤ ਦੀ ਨਬਜ ਨੂੰ ਪਛਾਣਦਿਆਂ ਬਠਿੰਡਾ 'ਚ ਇੱਕ ਅਜਿਹਾ ਸੈਂਟਰ ਵੀ ਖੁੱਲ ਗਿਆ ਹੈ ਜੋ ਕਿ ਰਿਸ਼ਤੇ ਤੋਂ ਲੈ ਕੇ ਵਿਆਹ ਕਰਵਾਉਣ ਤੱਕ ਹਰੇਕ ਤਰ•ਾਂ ਦਾ ਪ੍ਰਬੰਧ ਕਰਦਾ ਹੈ ਜਿਸ ਲਈ ਉਹਨਾਂ ਨੇ ਫੀਸ ਨਿਸ਼ਚਿਤ ਕੀਤੀ ਹੋਈ ਹੈ। ਸੰਗਮ ਵੈਡਿੰਗ ਪਲਾਨਰਜ ਦੇ ਇਸ ਸੈਂਟਰ ਦੇ ਸੰਚਾਲਕ ਰਜਿੰਦਰ ਕੁਮਾਰ ਗਰਗ ਅਤੇ ਸ੍ਰੀਮਤੀ ਸੁਲੇਖਾ ਗਰਗ ਨੇ ਮੰਨਿਆ ਕਿ ਇਕੱਲੇ ਪੇਂਡੂ ਖੇਤਰ 'ਚ ਹੀ ਨਹੀਂ ਇਸ ਅਲਾਮਤ ਨੇ ਤਾਂ ਹੁਣ ਸ਼ਹਿਰਾਂ ਨੂੰ ਵੀ ਆਪਣੇ ਕਲਾਵੇ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਆਹ ਕਰਵਾਉਣ ਵਾਲੀਆਂ ਪ੍ਰਮੁੱਖ ਵੈਬਸਾਈਟਾਂ ਮੈਟਰਨੀਮੋਨੀਅਲ ਡਾਟ ਕਾਮ ਅਤੇ ਸ਼ਾਦੀ ਡਾਟ ਕਾਮ ਦੇ ਫਰੋਲੇ ਵਹੀ ਖਾਤਿਆਂ ਤੋਂ ਇਲਾਵਾ ਵੱਖ-ਵੱਖ ਅਖਬਾਰਾਂ 'ਚ ਵਿਆਹ ਸਬੰਧੀ ਇਸ਼ਤਿਹਾਰਾਂ ਤੋਂ ਇਹ ਨਤੀਜਾ ਕੱਢਿਆ ਹੈ ਕਿ ਮਾਲਵਾ ਪੱਟੀ 'ਚ ਵਿਆਹ ਵਰਗੀ ਪਵਿੱਤਰ ਰਸਮ ਸੰਕਟ ਹੇਠ ਹੈ। ਬਠਿੰਡਾ ਅਤੇ ਕੋਟਕਪੂਰਾ ਦੇ ਦੋ ਮੈਰਿਜ ਬਿਊਰੋ ਵਾਲਿਆਂ ਨੇ ਦੱਸਿਆ ਕਿ ਉਨ•ਾਂ ਕੋਲ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਪਹੁੰਚ ਕਰਨ ਲੱਗੇ ਹਨ। ਉਹਨਾਂ ਆਖਿਆ ਕਿ ਰੋਜ਼ਾਨਾ ਆਉਣ ਵਾਲੇ ਫੋਨਾਂ 'ਚ ਹੁਣ ਜਿਆਦਾਤਰ ਮੁੰਡੇ ਵਾਲਿਆਂ ਦੇ ਹੁੰਦੇ ਹਨ। ਗੌਰਤਲਬ ਹੈ ਕਿ ਹਰ ਮੈਰਿਜ ਬਿਊਰੋ ਨੇ ਰਿਸ਼ਤੇ ਦੀ ਵੰਨਗੀ ਮੁਤਾਬਿਕ 800 ਤੋਂ 2000 ਰੁਪਏ ਤੱਕ ਦੀ ਰਜਿਸ਼ਟਰੇਸ਼ਨ ਰੱਖੀ ਹੋਈ ਹੈ ਜਦੋਂ ਕਿ ਬਾਕੀ ਫੀਸ ਵਿਆਹ ਸਮੇਂ ਵਸੂਲ ਕੀਤੀ ਜਾਂਦੀ ਹੈ। ਇੱਥੇ ਇਹ ਵੀ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਕਪਾਹ ਪੱਟੀ 'ਚ ਸ਼ਾਦੀਆਂ ਦੇ ਇਸ ਨਿਵੇਕਲੇ ਵਪਾਰ ਨੂੰ ਦੇਖਦਿਆਂ ਕਈ ਕੰਪਨੀਆਂ ਨੇ ਵੀ ਮਾਲਵੇ 'ਚ ਆਪਣੇ ਦਫਤਰ ਖੋਲ ਦਿੱਤੇ ਹਨ।


ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਸਮਾਜ ਸ਼ਾਸ਼ਤਰ ਵਿਭਾਗ ਦੇ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਸੀ ਕਿ ਮਾਲਵੇ 'ਚ ਖੇਤੀ ਲਈ ਜੋਤਾਂ ਦੇ ਅਕਾਰ ਦਾ ਘਟਣਾ ਅਤੇ ਕਿਸਾਨੀ ਸਿਰ ਚੜੇ ਕਰਜੇ ਵਿਆਹ ਸੰਕਟ ਦਾ ਮੁੱਖ ਕਾਰਨ ਹਨ ਜਦੋਂ ਕਿ ਨਸ਼ਿਆਂ ਅਤੇ ਬਠਿੰਡਾ ਜ਼ਿਲ•ੇ ਦੇ ਕੁੱਝ ਪਿੰਡਾਂ 'ਚ ਕੈਂਸਰ ਕਾਰਨ ਵੀ ਇਹ ਸਮੱਸਿਆ ਪੈਦਾ ਹੋਈ ਹੈ। ਉਹਨਾਂ ਆਖਿਆ ਕਿ ਪਿੰਡਾਂ 'ਚ ਉੱਚ ਵਿੱਦਿਆ ਹਾਸਲ ਕਰ ਗਈਆਂ ਕੁੜੀਆਂ ਲਈ ਵੀ ਓਨੇਂ ਪੜੇ ਲਿਖੇ ਮੁੰਡੇ ਨਹੀਂ ਮਿਲ ਰਹੇ। ਉਹਨਾਂ ਆਖਿਆ ਕਿ ਨੌਜੁਆਨਾਂ ਦੇ ਵਿਆਹਾਂ ਦੀ ਉਮਰ ਦਾ ਲੰਘਣਾ ਇੱਕ ਵੱਡੀ ਸਮਾਜਿਕ ਤਰਾਸਦੀ ਦਾ ਸੂਚਕ ਹੈ ਜਿਸਦਾ ਫਿਲਹਾਲ ਕੋਈ ਹੱਲ ਦਿਖਾਈ ਨਹੀਂ ਦਿੰਦਾ।

Sunday, 8 April 2012

ਆਖਰੀ ਸਾਹਾਂ ਤੇ ਪੰਜਾਬੀ ਜੁੱਤੀ ਦਾ ਕਾਰੋਬਾਰ

ਬਠਿੰਡਾ, ਅਸ਼ੋਕ ਵਰਮਾ
ਪੰਜਾਬ ਭਰ 'ਚ ਹਜਾਰਾਂ ਕਾਰੀਗਰਾਂ ਦੇ ਚੁੱਲੇ ਬਲਦੇ ਰੱਖਣ ਅਤੇ ਮਾਨ-ਸਨਮਾਨ ਦਿਵਾਉਣ ਤੋਂ ਇਲਾਵਾ ਹਰੇਕ ਦੇ ਦਿਲਾਂ ਤੇ ਰਾਜ ਕਰਨ ਵਾਲਾ ' ਪੰਜਾਬੀ ਜੁੱਤੀ ' ਬਣਾਉਣ ਦਾ ਕਾਰੋਬਾਰ ਆਖਰੀ ਸਾਹਾਂ ਤੇ ਹੈ। ਬਠਿੰਡੇ ਦੇ ਛਾਬੜਾ ਪੈਲੇਸ 'ਚ ਲੱਗੇ ਕਰਾਫਟ ਮੇਲੇ ਦੇ ਤੀਜੇ ਦਿਨ ਆਪਣੀ ਹੱਥ ਕਲਾ ਦੇ ਨਮੂਨੇ ਦਾ ਸਟਾਲ ਲਾ ਕੇ ਬੈਠੇ ਪਟਿਆਲਾ ਦੇ ਨਾਗਰਮੱਲ ਨਾਂਅ ਦੇ ਇੱਕ ਕਾਰੀਗਰ ਨਾਲ ਗੱਲਬਾਤ ਉਪਰੰਤ ਇਹ ਤੱਥ ਸਾਹਮਣੇ ਆਏ ਹਨ ਇਹ ਪ੍ਰੀਵਾਰ ਪੀੜੀਆਂ ਦਰ ਪੀੜੀਆਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ। ਨਾਗਰਮੱਲ ਨੇ ਆਪਣੇ ਪਿਤਾ ਤੇ ਦਾਦਾ ਵਾਲਾ ਸੁਨਿਹਰੀ ਯੁੱਗ ਵੀ ਦੇਖਿਆ ਹੈ ਜਦੋਂ ਪੰਜਾਬੀ ਜੁੱਤੀ ਦੀ ਨਾ ਕੇਵਲ ਧਾਕ ਹੁੰਦੀ ਸੀ ਬਲਕਿ ਵਿਆਹ ਸ਼ਾਦੀਆਂ ਤੋਂ ਪਹਿਲਾਂ ਲੋਕ ਆਪਣੇ ਪਸੰਦ ਦੀ ਜੁੱਤੀ ਬਨਵਾਉਣ ਲਈ ਮਹੀਨਾ-ਮਹੀਨਾ ਪਹਿਲਾਂ ਸਾਈ ਦੇ ਕੇ ਜਾਇਆ ਕਰਦੇ ਸਨ। ਪਰ ਵਕਤ ਦੇ ਬਦਲੇ ਅੰਦਾਜ ਨੇ ਪੰਜਾਬੀ ਜੁੱਤੀ ਦੇ ਸਿਤਾਰੇ ਗਰਦਿਸ਼ 'ਚ ਲੈ ਆਂਦੇ ਹਨ ਇਹ ਕਾਰੀਗਰ ਕੁਰਮ, ਵਰਗੇ ਉੱਤਮ ਕੁਆਲਟੀ ਦੇ ਚਮੜੇ ਤੋਂ ਇੱਕ ਪੈਰੀ, ਲੰਬੀ ਨੋਕ ਵਾਲੀ, ਨਹੁੰ ਕੱਟ ਅਤੇ ਖੋਸੇ ਆਦਿ ਵਰਗੇ ਵੱਖ-ਵੱਖ ਤਰ•ਾਂ ਦੇ ਡਿਜਾਈਨ ਤਿਆਰ ਕਰਦੇ ਸਨ। ਕਾਬਿਲੇ ਗੌਰ ਹੈ ਕਿ ਚਮੜਾ ਸਸਤਾ ਅਤੇ ਮਜ਼ਦੂਰੀ ਘੱਟ ਹੋਣ ਕਰਕੇ ਇਹ ਜੁੱਤੀ ਹਰੇਕ ਦੀ ਪਹੁੰਚ 'ਚ ਹੁੰਦੀ ਸੀ। ਇਹੋ ਕਾਰਨ ਸੀ ਕਿ ਜੁੱਤੀਆਂ ਦੇ ਸ਼ੌਕੀਨ ਮਨਮਰਜੀ ਨਾਲ ਬਣਾਉਂਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜੁੱਤੀ ਦੀ ਸੁੰਦਰਤਾ 'ਚ ਸਭ ਤੋਂ ਵਧੇਰੇ ਮਹੱਤਵ ਤਲਾ, ਅੱਡੀ ਤੇ ਪੰਜਾ ਹੁੰਦੇ ਹਨ ਜਿੰਨਾਂ ਦੇ ਅਧਾਰ 'ਤੇ ਹੀ ਜੁੱਤੀ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਜੁੱਤੀ ਦਾ ਤਲਾ ਹੁਣ ਵੀ ਕੱਚੇ ਸੂਤ ਨਾਲ ਹੱਥੀ ਸਿਉਂਤਾ ਜਾਂਦਾ ਹੈ। ਕੋਈ ਵੀ ਮਸ਼ੀਨ ਅਜਿਹੀ ਨਹੀਂ ਬਣੀ ਜੋ ਤਲੇ ਦੀ ਸਿਲਾਈ ਕਰ ਸਕਦੀ ਹੋਵੇ। ਦੋ ਦਹਾਕੇ ਪਹਿਲਾਂ ਤੱਕ ਰੰਗਾਈ ਕਰਨ ਵਾਲੇ ਬਹੁਤ ਹੀ ਵਧੀਆ ਢੰਗ ਨਾਲ ਪ੍ਰਚਲਿਤ ਮਸਾਲਿਆਂ ਨਾਲ ਚਮੜੇ ਦੀ ਰੰਗਾਈ ਕਰਦੇ ਸਨ ਜਿਸ ਕਰਕੇ ਇਹ ਵਧੀਆ ਤੇ ਹੰਢਣਸਾਰ ਹੁੰਦਾ ਸੀ ਪ੍ਰੰਤੂ ਹੁਣ ਅਜਿਹੀ ਗੱਲ ਨਹੀਂ ਰਹੀ। ਨਵੇਂ ਕਾਰੋਬਾਰੀ ਚਮੜਾ ਮਸ਼ੀਨਾਂ ਨਾਲ ਰੰਗਦੇ ਹਨ ਜਿਸ ਕਰਕੇ ਵੀ ਜੁੱਤੀ ਦੀ ਗੁਣਵੱਤਾ ਤੇ ਅਸਰ ਪੈਂਦਾ ਹੈ। ਨਾਗਰ ਮੱਲ ਦੱਸਦਾ ਹੈ ਕਿ ਹੁਣ ਚਮੜੇ ਦਾ ਕਾਰੋਬਾਰ ਕਰਨ ਵਾਲੇ ਰਿਵਾਇਤੀ ਲੋਕ ਨਹੀਂ ਸਗੋਂ ਉਹਨਾਂ ਪੋਸ਼ ਘਰਾਣਿਆਂ 'ਚ ਹਨ ਜਿੰਨਾਂ ਨੇ ਇਸ ਧੰਦੇ ਨੂੰ ਸਿਰਫ ਕਮਾਈ ਦੀ ਖਾਤਰ ਚੁਣਿਆ ਹੈ ਇਹੋ ਵਜ•ਾ ਹੈ ਕਿ ਇਸ ਤਰ•ਾਂ ਦੇ ਵਪਾਰੀ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਮਾੜਾ ਮਾਲਾ ਵੀ ਮਹਿੰਗੇ ਭਾਅ ਵੇਚਦੇ ਹਨ। ਨਾਗਰ ਮੱਲ ਨੇ ਮੰਨਿਆ ਕਿ ਅੱਜ ਕੱਲ ਪੰਜਾਬੀ ਜੁੱਤੀ ਦੀ ਮੰਗ ਘਟ ਗਈ ਹੈ ਇਸਦਾ ਵੱਡਾ ਕਾਰਨ ਮਹਿੰਗਾਈ ਅਤੇ ਮਸ਼ੀਨੀਕਰਨ ਹੈ। ਮਹਿੰਗੀ ਜੁੱਤੀ ਨਾਲੋਂ ਸਸਤੇ ਬੂਟ ਤੇ ਚੱਪਲਾਂ ਵਧੇਰੇ ਪਸੰਦ ਕੀਤੀਆਂ ਜਾਂਦੀਆਂ ਹਨ ਚਮੜੇ ਦੀ ਥਾਂ ਬਨਾਉਟੀ ਤੇ ਸਿੰਥੈਟਿਕ ਲੈਦਰ ਨੇ ਲਈ ਹੈ ਤੇ ਹੁਣ ਉਹ ਖੁਦ ਵੀ ਇਸ ਤੋਂ ਜੁੱਤੀਆਂ ਤਿਆਰ ਕਰਦੇ ਹਨ ਜੋ ਕਿ ਅਸਲੀ ਚਮੜੇ ਨਾਲੋਂ ਕਈ ਗੁਣਾ ਸਸਤਾ ਪੈਂਦਾ ਹੈ। ਉਹਨਾਂ ਦੱਸਿਆ ਕਿ ਚੰਗੇ ਚਮੜੇ ਦੀ ਘਾਟ ਤੇ ਮਹਿੰਗਾਈ ਕਾਰਨ ਵਧੇ ਮਜ਼ਦੂਰੀ ਦੇ ਰੇਟਾਂ ਕਾਰਨ ਹੁਣ ਸਹੀ ਪੰਜਾਬੀ ਜੁੱਤੀ ਮਹਿੰਗੀ ਅਤੇ ਆਮ ਵਰਗਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਨੌਜੁਆਨ ਪੀੜੀ ਮਹਿੰਗੇ ਤੇ ਨਵੇਂ ਫੈਸ਼ਨ ਦੇ ਬੂਟਾਂ ਵੱਲ ਭੱਜਦੀ ਹੈ ਤੇ ਉਸ ਨੂੰ ਪੰਜਾਬ ਦੀ ਸ਼ਾਨ ਜੁੱਤੀ ਨਾਲ ਕੋਈ ਮੋਹ ਨਹੀਂ ਰਿਹਾ। ਇੱਕ ਜਾਣਕਾਰੀ ਮੁਤਾਬਿਕ ਇਸ ਧੰਦੇ 'ਚ ਹੁਣ 40 ਸਾਲ ਤੋਂ ਉੱਪਰ ਦੀ ਉਮਰ ਦੇ ਲੋਕ ਹੀ ਰਹਿ ਗਏ ਹਨ। ਨਾਗਰ ਮੱਲ ਅਨੁਸਾਰ ਪਟਿਆਲਾ ਸ਼ਹਿਰ 'ਚ ਕਿਸੇ ਵੇਲੇ 10 ਹਜ਼ਾਰ ਵਿਅਕਤੀ ਜੁੱਤੀ ਬਣਾਉਣ ਦਾ ਕੰਮ ਕਰਦੇ ਹਨ ਪਰ ਇਹ ਗਿਣਤੀ ਹੁਣ ਘਟ ਕੇ ਚੌਥਾ ਹਿੱਸਾ ਵੀ ਨਹੀਂ। ਘਰੇਲੂ ਔਰਤਾਂ ਜੁੱਤੀਆਂ ਦੀ ਕਢਾਈ ਦਾ ਕੰਮ ਕਰਦੀਆਂ ਸਨ ਪਰ ਹੁਣ ਬਜੁਰਗ ਮਹਿਲਾਵਾਂ ਤੋਂ ਸਿਵਾਏ ਉਂਗਲਾ ਤੇ ਗਿਨਣ ਜੋਗੀਆਂ ਇਸਤਰੀਆਂ ਹਨ ਜਿੰਨਾਂ ਨੇ ਅਜੇ ਵੀ ਕਿੱਤੇ ਨੂੰ ਅਪਣਾਇਆ ਹੋਇਆ ਹੈ। ਇਸ ਤੋਂ ਬਿਨਾਂ ਕੁੜੀਆਂ ਵਿੱਚ ਜੁੱਤੀ ਕੱਢਣ ਦਾ ਸ਼ੌਕ ਬਿਲਕੁਲ ਨਹੀਂ ਰਿਹਾ ਜਿਸਦਾ ਕਾਰਨ ਸਮਾਜਿਕ ਤੌਰ 'ਤੇ ਹੀ ਭਾਵਨਾ ਅਤੇ ਘੱਟ ਮਜ਼ਦੂਰੀ ਵੀ ਹੈ। ਬਾਕੀ ਚਮੜੇ ਦੀਆਂ ਜੁੱਤੀਆਂ ਬਣਾਉਣ ਵਾਲੇ ਕਿੱਤੇ ਨਾਲ ਜੁੜੇ ਪ੍ਰੀਵਾਰਾਂ 'ਚ ਵਿੱਦਿਆ ਦਾ ਪਸਾਰਾ ਹੋ ਰਿਹਾ ਹੈ ਜਿਸ ਕਰਕੇ ਨਵੀਂ ਪੀੜੀ ਇੱਧਰੋਂ ਮੂੰਹ ਹੀ ਨਹੀਂ ਮੋੜਨ ਲੱਗੀ ਬਲਕਿ ਨਫਰਤ ਵੀ ਕਰਨ ਲੱਗੀ ਹੈ। ਉਸ ਨੇ ਦੱਸਿਆ ਕਿ 30 ਕੁ ਵਰ•ੇ ਪਹਿਲਾਂ ਮੁਕਤਸਰ, ਅਬੋਹਰ ਅਤੇ ਫਾਜਿਲਕਾ ਆਦਿ 'ਚ ਜੁੱਤੀਆਂ ਦਾ ਪੂਰਾ ਬਜ਼ਾਰ ਹੁੰਦਾ ਸੀ। ਸੈਂਕੜੇ ਕਾਰੀਗਰ ਤੇ ਦੁਕਾਨਾਂ ਸਨ ਪਰ ਹੁਣ ਗਿਣਵੇਂ ਚੁਣਵੇਂ ਰਹਿ ਗਏ ਹਨ ਤੇ ਇਹ ਲੋਕ ਉਹ ਵੀ ਹਨ ਜਿੰਨਾਂ ਨੇ ਸਾਰੀ ਉਮਰ ਇਸ ਕਿੱਤੇ 'ਚ ਗਾਲ ਦਿੱਤੀ ਤੇ ਕਿਸੇ ਪਾਸੇ ਜੋਗੇ ਨਹੀਂ ਰਹੇ। ਨਾਗਰ ਮੱਲ ਨੇ ਆਖਿਆ ਕਿ ਗਰੀਬ ਲੋਕ ਆਪਣੇ ਬੱਚਿਆਂ ਨੂੰ ਤਾਂ ਕੰਮ ਸਿਖਾ ਰਹੇ ਹਨ ਜਦੋਂ ਕਿ ਥੋੜੇ ਜਿਹੇ ਸਰਦੇ ਪੁੱਜਦੇ ਘਰਾਣਿਆਂ ਨੇ ਆਪਣੇ ਬੱਚਿਆਂ ਨੂੰ ਹੋਰ ਕੰਮਾਂ 'ਚ ਪਾ ਦਿੱਤਾ ਹੈ ਜਿਸ ਕਰਕੇ ਵੀ ਇਹ ਉਦਯੋਗ ਆਖਰੀ ਸਾਹਾਂ ਤੇ ਹੈ। ਉਸ ਨੇ ਆਖਿਆ ਕਿ ਚਮੜਾ ਸਨਅਤ ਤੇ ਵੱਡੇ ਘਰਾਣਿਆਂ ਦਾ ਕਬਜਾ ਹੋ ਗਿਆ ਹੈ ਖਾਸ ਤੌਰ 'ਤੇ ਜੁੱਤੀ ਮਹਿੰਗੀ ਹੋਣ ਦਾ ਕਾਰਨ ਵਪਾਰ ਦਾ ਕੁੱਝ ਕੁ ਘਰਾਣਿਆਂ ਤੱਕ ਸੀਮਤ ਹੋਣਾ ਵੀ ਹੈ ਜੋ ਕਿ ਆਪਣੇ ਮੁਨਾਫੇ ਨੂੰ ਪਹਿਲ ਦਿੰਦੇ ਹਨ। ਉਹਨਾਂ ਨੂੰ ਕਿਸੇ ਦੇ ਡੁੱਬਣ ਨਾਲ ਕੋਈ ਹਮਦਰਦੀ ਨਹੀਂ। ਉਸ ਨੇ ਦੁਖੀ ਮਨ ਨਾਲ ਆਖਿਆ ਕਿ ਅਸਲ 'ਚ ਛੋਟੇ ਕਾਰੋਬਾਰੀ ਸਰਕਾਰਾਂ ਦੀ ਪਹਿਲ ਨਹੀਂ ਰਹੇ ਜੇਕਰ ਹੁੰਦੇ ਤਾਂ ਅੱਜ ਆਪਣਾ ਸਮਾਨ ਚੁੱਕਕੇ ਫਿਰਨ ਦੀ ਬਜਾਏ ਆਪਣੀ ਦੁਕਾਨ ਤੇ ਵੇਚਦੇ।

Thursday, 22 March 2012

ਮਾਨਵ ਰਹਿਤ ਫਾਟਕਾਂ ਤੇ ਹਾਦਸੇ ਘੱਟ ਕਰਨ ਲਈ ਹੁਣ ਰੇਲਵੇ ਦੀ ਟੇਕ ਫੋਨ ਸੁਨੇਹਿਆਂ ਤੇ

              ਉੱਤਰੀ ਰੇਲਵੇ ਵੱਲੋਂ ਜਾਗਰੂਕਤਾ ਤਹਿਤ ਐਸ. ਐਮ. ਐਸ.
ਅਸ਼ੋਕ ਵਰਮਾ

ਮਾਨਵ ਰਹਿਤ ਫਾਟਕਾਂ ਤੇ ਹੁੰਦੇ ਹਾਦਸਿਆਂ ਨੂੰ ਘੱਟ ਕਰਨ ਲਈ ਰੇਲਵੇ ਮਹਿਕਮੇ ਨੇ ਮੋਬਾਇਲ ਫੋਨ ਸੰਦੇਸ਼ਾਂ ਦਾ ਆਸਰਾ ਤੱਕਿਆ ਹੈ ਹਾਲਾਂਕਿ ਜਰੂਰਤ ਇਸ ਗੱਲ ਦੀ ਹੈ ਕਿ ਇਹਨਾਂ ਫਾਟਕਾਂ ਤੇ ਮੁਲਾਜਮਾਂ ਦੀ ਤਾਇਨਾਤੀ ਕੀਤੀ ਜਾਂਦੀ ਪਰ ਜਿਸ ਢੰਗ ਨਾਲ ਅਧਿਕਾਰੀ ਕਛੂਆ ਚਾਲ ਚੱਲ ਰਹੇ ਰਹੇ ਹਨ ਉਸ ਤੋਂ ਤਾਂ ਜਾਪਦਾ ਹੈ ਕਿ ਰੇਲਵੇ ਕਰਾਸਿੰਗਾਂ ਤੇ ਹੁੰਦੀਆਂ ਇਹਨਾਂ ਦੁਰਘਟਨਾਵਾਂ ਨੂੰ ਰੋਕਣ ਲਈ ਉਸ ਨੂੰ ਕੋਈ ਜਲਦਬਾਜੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਬਾਲਾ ਡਵੀਜਨ 'ਚ 630 'ਚੋਂ 389 ਫਾਟਕ ਬਿਨਾਂ ਮਨੁੱਖ ਦੇ ਹਨ। ਸੂਤਰ ਦੱਸਦੇ ਹਨ ਕਿ ਰੇਲਵੇ ਨੇ ਸਤੰਬਰ 2010 'ਚ 66 ਫਾਟਕਾਂ ਤੇ 7.5 ਕਰੋੜ ਰੁਪਏ ਦੀ ਲਾਗਤ ਨਾਲ 1 ਸਾਲ ਦੇ ਅੰਦਰ-ਅੰਦਰ ਮੁਲਾਜਮ ਤਾਇਨਾਤ ਕਰਨ ਦਾ ਟੀਚਾ ਮਿਥਿਆ ਸੀ ਪ੍ਰੰਤੂ ਹੁਣ ਤੱਕ ਮੁਸ਼ਕਿਲ ਨਾਲ 1 ਦਰਜ਼ਨ ਦੇ ਕਰੀਬ ਕਰਾਸਿੰਗਾ ਤੇ ਪੁਰਸ਼ਾਂ ਦੀ ਤਾਇਨਾਤੀ ਕੀਤੀ ਜਾ ਸਕੀ ਹੈ। ਹਾਲਾਂਕਿ ਅਧਿਕਾਰੀਆਂ ਦੀ ਦਲੀਲ ਹੈ ਕਿ ਚੁਣੇ ਗਏ ਫਾਟਕਾਂ ਦਾ ਠੇਕਾ ਹੋ ਗਿਆ ਹੈ ਤੇ ਬਹੁਤ ਸਾਰੀਆਂ ਥਾਵਾਂ ਤੇ ਕੰਮ ਜਾਰੀ ਹੈ। ਇਸਦੇ ਉਲਟ ਆਮ ਲੋਕਾਂ ਦਾ ਕਹਿਣਾ ਹੈ ਕਿ ਮਹਿਕਮਾ ਗੋਂਗਲੂਆਂ ਤੋਂ ਮਿੱਟੀ ਝਾੜਨ 'ਚ ਰੁੱਝਾ ਹੋਇਆ ਹੈ ਰੋਜ਼ਾਨਾ। ਰੇਲ ਰਾਹੀਂ ਸਫਰ ਕਰਨ ਵਾਲੇ ਜਤਿੰਦਰ ਕੁਮਾਰ, ਜਗਜੀਤ ਸਿੰਘ ਅਤੇ ਦਰਸ਼ਨ ਕੁਮਾਰ ਗੋਇਲ ਨੇ ਦੱਸਿਆ ਕਿ ਮਹਿਕਮਾ ਅਜੇ ਵੀ ਕਿਸੇ ਵੱਡੇ ਹਾਦਸੇ ਦੇ ਇੰਤਜਾਰ 'ਚ ਦਿਖਾਈ ਦਿੰਦਾ ਹੈ। ਉਹਨਾਂ ਆਖਿਆ ਕਿ ਕਿਸੇ ਵੀ ਢੰਗ ਨਾਲ ਜਾਗਰੂਕ ਕਰਨਾ ਵੀ ਮਹੱਤਵਪੂਰਨ ਹੈ ਪਰ ਇਸ ਵੇਲੇ ਜਦੋਂ ਯੂਰਪੀ ਮੁਲਕਾਂ 'ਚ ਅਤਿਆਧੁਨਿਕ ਪ੍ਰਣਾਲੀਆਂ ਸਥਾਪਿਤ ਹੋ ਚੁੱਕੀਆਂ ਹਨ ਤਾਂ ਸਮਝ ਨਹੀਂ ਆਉਂਦੀ ਕਿ ਰੇਲਵੇ ਅਧਿਕਾਰੀ ਮੁਲਾਜਮ ਤਾਇਨਾਤ ਕਰਨ ਤੋਂ ਵੀ ਪਿੱਛੇ ਪੈਰ ਖਿੱਚ ਰਹੇ ਹਨ। ਪਿਛਲੇ ਵਰਿਆਂ ਦੌਰਾਨ ਹੋਏ ਵੱਡੇ ਹਾਦਸਿਆਂ ਤੇ ਗੌਰ ਕਰੀਏ ਤਾਂ 24 ਨਵੰਬਰ 2006 ਨੂੰ ਜਲੰਧਰ ਜ਼ਿਲ•ੇ ਦੇ ਪਿੰਡ ਬਿਲਗਾ ਕੋਲ ਇੱਕ ਕਾਲਜ ਬੱਸ ਦੇ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ 12 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ 14 ਦਸੰਬਰ 2007 ਨੂੰ ਜਗਰਾਓ-ਅਜੀਤਵਾਲ ਰੇਲ ਮਾਰਗ ਤੇ ਚੂਹੜਚੱਕ ਕੋਲ ਇੱਕ ਮਿੰਨੀ ਬੱਸ ਦੇ ਗੱਡੀ 'ਚ ਵੱਜਣ ਕਾਰਨ 17 ਬੱਚਿਆਂ ਦੀ ਜਾਨ ਚਲੀ ਗਈ ਸੀ। 14 ਮਾਰਚ 2007 ਨੂੰ ਅੰਮ੍ਰਿਤਸਰ-ਖੇਮਕਰਨ ਰੇਲਲਾਈਨ ਤੇ ਇੱਕ ਫਾਟਕ ਤੇ ਡੀ. ਐਮ. ਯੂ. ਅਤੇ ਕਵਾਲਿਸ ਗੱਡੀ ਦੀ ਟੱਕਰ 'ਚ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਮਸਾਂ ਜਾਨ ਬਚੀ ਪਰ ਉਨ•ਾਂ ਦੇ 2 ਅੰਗਰੱਖਿਅਕ ਮਾਰੇ ਗਏ। 16 ਦਸੰਬਰ 2007 ਨੂੰ ਜਗਰਾਓ ਕੋਲ ਇੱਕ ਟੈਪੋ ਟਰੈਵਲ ਗੱਡੀ ਦੀ ਲਪੇਟ 'ਚ ਆ ਗਿਆ ਜਿਸਦੇ ਚਲਦਿਆਂ 14 ਖਿਡਾਰੀ ਗੰਭੀਰ ਜਖਮੀ ਹੋਏ। 21 ਮਈ 2009 ਨੂੰ ਜਲੰਧਰ ਜ਼ਿਲ•ੇ ਦੇ ਪਿੰਡ ਗੁੰਮਟਾਲੀ ਕੋਲ ਮਨੁੱਖ ਰਹਿਤ ਫਾਟਕ ਤੇ ਸਕੂਲ ਵੈਨ ਦੇ ਗੱਡੀ ਨਾਲ ਟਕਰਾਉਣ ਤੇ 7 ਵਿਦਿਆਰਥੀ ਮੌਕੇ ਤੇ ਹੀ ਮਾਰੇ ਗਏ ਜਦੋਂ ਕਿ 18 ਗੰਭੀਰ ਰੂਪ 'ਚ ਜਖਮੀ ਹੋਏ। 1 ਨਵੰਬਰ 2008 ਨੂੰ ਗੁਰਦਾਸਪੁਰ ਜ਼ਿਲ•ੇ ਦੇ ਪਿੰਡ ਝਾਂਵਰ ਕੋਲ ਹੋਏ ਅਜਿਹੇ ਹਾਦਸੇ 'ਚ 2 ਅਧਿਆਪਕਾਂ ਦੀ ਮੌਤ, 2 ਫਰਵਰੀ 2009 ਨੂੰ ਫਿਰੋਜ਼ਪੁਰ-ਲੁਧਿਆਣਾ ਸੈਕਸ਼ਨ ਤੇ ਸਕੂਲ ਵੈਨ ਦੇ ਰੇਲ ਇੰਜਣ 'ਚ ਵੱਜਣ ਨਾਲ ਤਿੰਨ ਵਿਦਿਆਰਥੀਆਂ ਅਤੇ 15 ਜਨਵਰੀ 2011 ਨੂੰ ਫਿਰੋਜ਼ਪੁਰ ਜ਼ਿਲ•ੇ ਦੇ ਪਿੰਡ ਥੇਹ ਕਲੰਦਰ ਕੋਲ ਮਨੁੱਖ ਰਹਿਤ ਫਾਟਕ ਤੇ ਸਕੂਲੀ ਆਟੋ ਦੇ ਗੱਡੀ ਦੀ ਲਪੇਟ 'ਚ ਆਉਣ ਨਾਲ 4 ਘਰਾਂ ਦੇ ਚਿਰਾਗ ਬੁਝ ਗਏ। ਇਹਨਾਂ ਤੋਂ ਇਲਾਵਾ ਰੇਲਗੱਡੀ ਦੀ ਮਾਰ 'ਚ ਆਉਣ ਦੇ ਨਤੀਜੇ ਵਜੋਂ 21 ਅਪ੍ਰੈਲ 2008 ਨੂੰ ਅਜੀਤਵਾਲ ਕੋਲ ਚਾਲਕ, 3 ਮਈ 2008 ਨੂੰ ਫਿਰੋਜ਼ਪੁਰ ਦੇ ਆਰਿਫ ਕੇ ਕੋਲ ਇੱਕ ਡਾਕਟਰ, 18 ਜੁਲਾਈ 2008 ਨੂੰ ਨਵਾਂ ਸ਼ਹਿਰ 'ਚ ਬਿਜਲੀ ਬੋਰਡ ਦੇ ਟਰੱਕ ਡਰਾਈਵਰ ਅਤੇ 2 ਫਰਵਰੀ 09 ਨੂੰ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਤਲਵੰਡੀ ਭਾਈ ਦੇ ਪਿੰਡ ਹਰਾਜ ਕੋਲ ਮਨੁੱਖ ਰਹਿਤ ਫਾਟਕ ਤੇ ਸਕੂਲ ਵੈਨ-ਟਰੇਨ ਦੀ ਲਪੇਟ 'ਚ ਆ ਗਈ ਜਿਸ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਇਹ ਕੁੱਝ ਮਿਸਾਲਾਂ ਹਨ ਇਹਨਾਂ ਸਮੇਤ ਵੱਖ-ਵੱਖ ਖੁੱਲੇ ਫਾਟਕਾਂ ਤੇ 3 ਦਰਜ਼ਨ ਤੋਂ ਵੀ ਵੱਧ ਖੂਨੀ ਹਾਦਸੇ ਵਾਪਰ ਚੁੱਕੇ ਹਨ। ਹੈਰਾਨੀਜਨਕ ਇਹ ਵੀ ਹੈ ਕਿ ਹਰੇਕ ਦੁਰਘਟਨਾ ਤੋਂ ਬਾਅਦ ਰੇਲ ਮਹਿਕਮਾ ਉਹੋ ਪੁਰਾਣੀ ਬਿਆਨਬਾਜੀ ਕਰਕੇ ਪੱਲਾ ਝਾੜ ਲੈਂਦਾ ਹੈ।
ਰੇਲ ਪਸੈਂਜਰਜ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਸੁਖਦੇਵ ਰਾਮ ਬਾਂਸਲ ਦਾ ਕਹਿਣਾ ਸੀ ਕਿ ਲੋਕਾਂ ਦੀ ਸੁਰੱਖਿਆ ਰੇਲਵੇ ਮਹਿਕਮੇ ਦੇ ਏਜੰਡੇ ਤੇ ਨਹੀਂ ਜੇਕਰ ਹੁੰਦੀ ਤਾਂ ਇਹਨਾਂ ਫਾਟਕਾਂ ਦਾ ਆਧੁਨਿਕੀਕਰਨ ਹੋ ਚੁੱਕਾ ਹੁੰਦਾ। ਉਹਨਾਂ ਆਖਿਆ ਕਿ ਇਸ ਵਾਰ ਵੀ ਰੇਲ ਮੰਤਰੀ ਨੇ ਪੰਜ ਸਾਲਾਂ ਦੇ ਅੰਦਰ ਮਨੁੱਖੀ ਰਹਿਤ ਫਾਟਕਾਂ ਤੇ ਕਰਮਚਾਰੀ ਤਾਇਨਾਤ ਕਰਨ ਦੀ ਗੱਲ ਆਖੀ ਹੈ ਜਦ ਕਿ ਪਿਛੋਕੜ 'ਚ ਵੀ ਇਸੇ ਤਰ•ਾਂ ਦੇ ਧਿਆਨ ਦਿੱਤੇ ਜਾਂਦੇ ਰਹੇ ਹਨ ਪਰ ਅਮਲੀ ਰੂਪ 'ਚ ਕੁੱਝ ਨਹੀਂ ਹੋਇਆ ਜਿਸਦੇ ਸਿੱਟੇ ਵਜੋਂ ਇਸ ਤਰ•ਾਂ ਦੀਆਂ ਦੁਰਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।
ਸਹਾਇਕ ਟ੍ਰੈਫਿਕ ਮੈਨੇਜਰ ਉੱਤਰੀ ਰੇਲਵੇ ਬਠਿੰਡਾ ਐਸ. ਪੀ. ਸਿੰਘ ਦਾ ਕਹਿਣਾ ਸੀ ਕਿ ਕਿਸੇ ਵੀ ਸਮੱਸਿਆ ਦੇ ਹੱਲ ਲਈ ਜਰੂਰੀ ਹੈ। ਜਿਸ ਲਈ ਲਈ ਮਹਿਕਮੇ ਨੇ ਐਸ. ਐਮ. ਐਸ. ਕਰਨੇ ਆਰੰਭ ਕੀਤੇ ਹਨ ਤੇ ਇਹ ਲਾਹੇਵੰਦ ਵੀ ਹੋਣਗੇ। ਉਹਨਾਂ ਆਖਿਆ ਕਿ ਰੇਲ ਮੰਤਰਾਲੇ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਿਕ ਅੰਬਾਲਾ ਡਵੀਜਨ 'ਚ ਮਾਨਵ ਰਹਿਤ ਫਾਟਕਾਂ ਬਾਰੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

Sunday, 18 March 2012

ਪੁਲਿਸ ਮੁਲਾਜਮਾਂ ਨੂੰ ਨਵੇਂ ਡੀ. ਜੀ. ਪੀ. ਤੋਂ ਆਧੁਨਿਕ ਵਰਦੀ ਦੀ ਆਸ

ਮਾਮਲਾ ਝਾਲਰ ਵਾਲੀ ਪੱਗ ਦਾ
ਬਠਿੰਡਾ, ਅਸ਼ੋਕ ਵਰਮਾ


ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਡੀ. ਜੀ. ਪੀ. ਨਿਯੁਕਤ ਕੀਤੇ ਜਾਣ ਤੋਂ ਬਾਅਦ ਪੁਲਿਸ ਮੁਲਾਜਮਾਂ ਨੂੰ ਆਪਣੀ ਵਰਦੀ 'ਚ ਤਬਦੀਲੀ ਦੀ ਆਸ ਬੱਝੀ ਹੈ। ਖਾਸ ਤੌਰ ਤੇ ਪਿਛਲੇ ਕੁੱਝ ਕੁ ਵਰਿ•ਆਂ ਦੌਰਾਨ ਭਰਤੀ ਹੋਏ ਨਵੇਂ ਦੌਰ ਦੇ ਨੌਜੁਆਨ ਤਾਂ ਪਗੜੀ ਤੇ ਲਾਈ ਜਾਂਦੀ ਝਾਲਰ ਤੋਂ ਪ੍ਰੇਸ਼ਾਨ ਹਨ ਪਰ ਮਾਮਲਾ ਰੁਜ਼ਗਾਰ ਤੇ ਅਨੁਸ਼ਾਸ਼ਨ ਨਾਲ ਜੁੜਿਆ ਹੋਣ ਕਰਕੇ ਖੁੱਲ ਕੇ ਕੁੱਝ ਵੀ ਕਹਿਣ ਤੋਂ ਸੰਕੋਚ ਕਰਦੇ ਹਨ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਾਂ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ਦੇ ਪੰਨਾ ਨੰ: 11 ਤੇ ਬਕਾਇਆ ਦਰਜ਼ ਕੀਤਾ ਸੀ ਕਿ ਪੁਲਿਸ ਕਾਂਸਟੇਬਲ ਦੀ ਪਗੜੀ ਉੱਪਰ ਲੱਗਦੀ ਝਾਲਰ ਬੰਦ ਕਰਕੇ ਆਧੁਨਿਕ ਵਰਦੀ ਦਿੱਤੀ ਜਾਵੇਗੀ ਪਰ ਪੰਜ ਸਾਲ ਬੀਤਣ ਤੋਂ ਬਾਅਦ ਇਹ ਵਾਅਦਾ ਵਫਾ ਨਹੀਂ ਹੋਇਆ। ਇਸ ਵਾਰ ਦੀਆਂ ਚੋਣਾਂ ਵਾਲੇ ਹਾਲਾਂਕਿ ਅਕਾਲੀ ਦਲ ਨੇ ਪੁਲਿਸ ਕਰਮਚਾਰੀਆਂ ਦੀ ਇਹ ਗੱਲ ਚੋਣ ਮਨੋਰਥ ਪੱਤਰ 'ਚ ਤਾਂ ਵਿਸਾਰ ਦਿੱਤੀ ਪਰ ਫਿਰ ਵੀ ਇਹ ਲੋਕ ਨਵੇਂ ਮੁਖੀ ਵੱਲੋਂ ਅਜਿਹਾ ਫੈਸਲਾ ਲੈਣ ਪ੍ਰਤੀ ਆਸਵੰਦ ਹਨ। ਸੂਤਰ ਦੱਸਦੇ ਹਨ ਕਿ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਵੇਲੇ ਵੀ ਵਿਦੇਸ਼ਾਂ ਦੀ ਤਰਜ਼ 'ਤੇ ਸਿਪਾਹੀਆਂ ਨੂੰ ਅਤਿਆਧੁਨਿਕ ਵਰਦੀ ਦਿੱਤੇ ਜਾਣ ਦੀ ਯੋਜਨਾ ਬਣਾਈ ਗਈ ਸੀ ਪਰ ਇਸ ਤੇ ਅਮਲ ਨਾ ਕੀਤਾ ਜਾ ਸਕਿਆ। ਆਪਣੇ ਨਾਲ ਜੁੜੇ ਕਈ ਤਰ•ਾਂ ਦੇ ਵਿਵਾਦਾਂ ਦੇ ਬਾਵਜੂਦ ਸ੍ਰੀ ਸੈਣੀ ਨੂੰ ਪੁਲਿਸ ਮਹਿਕਮੇ 'ਚ ਆਧੁਨਿਕਤਾ ਦਾ ਹਾਮੀ ਮੰਨਿਆ ਜਾਂਦਾ ਹੈ ਇਸ ਦੀ ਪੁਸ਼ਟੀ ਸ੍ਰੀ ਸੈਣੀ ਦੇ ਬਠਿੰਡਾ 'ਚ ਐਸ. ਐਸ. ਪੀ. ਵਜੋਂ ਨਿਭਾਏ ਕਾਰਜਕਾਲ ਦੌਰਾਨ ਕੰਮ ਕਰ ਚੁੱਕੇ ਇੱਕ ਸਾਬਕਾ ਥਾਣੇਦਾਰ ਨੇ ਕੀਤੀ ਹੈ। ਪੁਲਿਸ ਵਿਭਾਗ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਝਾਲਰ ਵਾਲੀ ਨੀਲੀ ਤੇ ਲਾਲ ਪੱਗ ਸਿਪਾਹੀ ਤੇ ਹੈਡ ਕਾਂਸਟੇਬਲ ਨੂੰ ਬੰਨਣੀ ਪੈਂਦੀ ਹੈ ਜਦੋਂ ਕਿ ਸਹਾਇਕ ਥਾਣੇਦਾਰ ਤੋਂ ਇੰਸਪੈਕਟਰ ਤੱਕ ਦੇ ਅਧਿਕਾਰੀਆਂ ਲਈ ਖਾਕੀ ਝਾਲਰ ਵਾਲੀ ਪੱਗ ਬੰਨਦੇ ਹਨ। ਜਿਕਰਯੋਗ ਇਹ ਵੀ ਹੈ ਕਿ ਹੇਠਲੇ ਪੱਧਰ ਦੇ ਮੁਲਾਜਮ ਤਾਂ ਝਾਲਰ ਵਾਲੀ ਪੱਗ ਡਰਦੇ ਬੰਨਦੇ ਹਨ ਪਰ ਇਸ ਤੋਂ ਉੱਪਰ ਦੇ ਰੈਂਕ ਵਾਲਿਆਂ ਨੂੰ ਕੋਈ ਬਹੁਤਾ ਬੰਧਨ ਨਹੀਂ ਹੈ। ਦੇਖਣ 'ਚ ਆਇਆ ਹੈ ਕਿ ਥਾਣਾ ਇੰਚਾਰਜਾਂ ਆਦਿ ਦੇ ਖਾਕੀ ਰੰਗ ਦੀਆਂ ਪੱਗਾਂ ਹੀ ਬੰਨੀਆਂ ਹੁੰਦੀਆਂ ਹਨ। ਸਿਰਫ ਮਹੱਤਵਪੂਰਨ ਸਮਾਗਮਾਂ 'ਚ ਹੀ ਝਾਲਰ ਵਾਲੀ ਪਗੜੀ ਪਹਿਨਦੇ ਹਨ। ਪੰਜਾਬ ਪੁਲਿਸ ਦੇ ਦਰਜ਼ਨਾਂ ਜਵਾਨਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਮੰਨਿਆ ਹੈ ਕਿ ਝਾਲਰ ਵਾਲੀ ਪੱਗ ਉਹਨਾਂ ਲਈ ਮੁਸੀਬਤ ਬਣੀ ਹੋਈ ਹੈ ਕਿਉਂਕਿ ਇਸ ਨੂੰ ਬੰਨਣ ਲਈ ਸਮਾਂ ਵੀ ਜਿਆਦਾ ਲੱਗਦਾ ਹੈ ਤੇ ਇਸਦੀ ਪੂਣੀ ਕਰਨ ਲਈ ਤਿੰਨ ਬੰਦਿਆਂ ਦੀ ਜਰੂਰਤ ਪੈਂਦੀ ਹੈ। ਇਹੋ ਹੀ ਨਹੀਂ ਇਸ ਨੂੰ ਆਮ ਪਗੜੀ ਦੇ ਮੁਕਾਬਲੇ ਜਿਆਦਾ ਸਮਾਂ ਸਿਰ ਤੇ ਰੱਖਣਾ ਔਖਾ ਹੁੰਦਾ ਹੈ ਇਹ ਅਲਹਿਦਾ ਗੱਲ ਹੈ ਕਿ ਅਨੁਸ਼ਾਸ਼ਨੀ ਡੰਡੇ ਤੇ ਵਰਦੀ ਦਾ ਭਾਗ ਹੋਣ ਕਰਕੇ ਕਰਮਚਾਰੀਆਂ ਲਈ ਮਜਬੂਰੀ ਬਣੀ ਹੋਈ ਹੈ। ਇੱਕ ਮੁਲਾਜਮ ਨੇ ਦੱਸਿਆ ਕਿ ਇਹ ਪੱਗਾਂ ਭਾਰੀਆਂ ਹੋਣ ਕਰਕੇ ਚੁਸਤੀ-ਫੁਰਤੀ 'ਚ ਵੀ ਰੁਕਾਵਟ ਬਣਦੀਆਂ ਹਨ ਅਤੇ ਨੀਲੇ ਅਤੇ ਗੂੜੇ ਲਾਲ ਰੰਗ ਦੀਆਂ ਹੋਣ ਕਾਰਨ ਮੈਲੀਆਂ ਵੀ ਵਧੇਰੇ ਹੁੰਦੀਆਂ ਹਨ। ਪੁਲਿਸ ਮੁਲਾਜਮਾਂ ਨੇ ਆਖਿਆ ਕਿ ਜੇਕਰ ਟ੍ਰੈਫਿਕ ਪੁਲਿਸ ਅਤੇ ਚੰਡੀਗੜ• ਪੁਲਿਸ ਦੀ ਪੱਗ ਬਦਲੀ ਜਾ ਸਕਦੀ ਹੈ ਤਾਂ ਪੰਜਾਬ ਪੁਲਿਸ ਨੂੰ ਆਪਣੀ ਅੰਗਰੇਜਾਂ ਵੇਲੇ ਤੋਂ ਚੱਲੀ ਆ ਰਹੀ ਵਰਦੀ ਦੇ ਇਸ ਹਿੱਸੇ ਨੂੰ ਬਦਲਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਉਹਨਾਂ ਆਖਿਆ ਕਿ ਜੇਕਰ ਇਹ ਤਬਦੀਲੀ ਪੱਕੇ ਤੌਰ ਤੇ ਨਹੀਂ ਲਿਆਂਦੀ ਜਾ ਸਕਦੀ ਤਾਂ ਝਾਲਰ ਵਾਲੀ ਪੱਗ ਬੰਨਣ ਲਈ ਖਾਸ ਮੌਕੇ ਜਾਂ ਸਮਾਗਮ ਨਿਸ਼ਚਿਤ ਕਰ ਦਿੱਤੇ ਜਾਣੇ ਚਾਹੀਦੇ ਹਨ। ਇੱਕ ਸੇਵਾ ਮੁਕਤ ਪੁਲਿਸ ਅਫਸਰ ਨੇ ਖੁਲਾਸਾ ਕੀਤਾ ਕਿ ਕਈ ਵਰ•ੇ ਪਹਿਲਾਂ ਪੰਜਾਬ ਪੁਲਿਸ ਦੇ ਇੱਕ ਡੀ. ਜੀ. ਪੀ. ਨੇ ਖਾਕੀ ਪੱਗ ਲਾਗੂ ਕੀਤੀ ਸੀ ਜਿਸ ਨੂੰ ਥੋੜੇ ਸਮੇਂ ਬਾਅਦ ਬੰਦ ਕਰਕੇ ਫਿਰ ਝਾਲਰ ਵਾਲੀ ਪਗੜੀ ਬੰਨਣੀ ਲਾਜਮੀ ਕਰ ਦਿੱਤੀ ਗਈ ਸੀ। ਸੇਵਾ ਨਿਭਾਅ ਰਹੇ ਕਈ ਮੁਲਾਜਮਾਂ ਨੇ ਆਖਿਆ ਕਿ ਉਹਨਾਂ ਦੇ ਨਵੇਂ ਅਧਿਕਾਰੀ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਜਰੂਰ ਕਦਮ ਚੁੱਕਣਗੇ। 

Tuesday, 13 March 2012

ਵਕਤ ਦੀ ਗਰਦਿਸ਼ 'ਚ ਠੱਪ ਹੋ ਕੇ ਰਹਿ ਗਏ ਨੇ ਠੱਪੇ ਵਾਲੇ ਛਾਪੇਖਾਨੇ

ਬਠਿੰਡਾ, ਅਸ਼ੋਕ ਵਰਮਾ
ਛਪਾਈ ਖੇਤਰ 'ਚ ਆਈ ਆਧੁਨਿਕਤਾ ਅਤੇ ਆਫਸੈਟ ਮਸ਼ੀਨਾਂ ਦੇ ਹੋਏ ਪਸਾਰੇ ਸਦਕਾ ਟਰੈਡਲ ਠੱਪੇ ਵਾਲੇ ਛਾਪੇਖਾਨੇ ਵਕਤ ਦੀ ਗਰਦਿਸ਼ 'ਚ ਗੁੰਮ ਹੋ ਕੇ ਰਹਿ ਗਏ ਹਨ। ਕੋਈ ਜਮਾਨਾ ਸੀ ਜਦੋਂ ਇਹਨਾਂ ਟਰੈਡਲ ਮਸ਼ੀਨਾਂ ਤੇ ਵਿਆਹ ਦੇ ਕਾਰਡ, ਲੈਟਰਪੈਡ, ਬਿੱਲ ਬੁੱਕਾਂ, ਵਿਜ਼ਟਿੰਗ ਕਾਰਡ, ਕੈਲੰਡਰ ਅਤੇ ਚੋਣਾਂ ਦੇ ਪ੍ਰਚਾਰ ਦੀ ਸਮੱਗਰੀ ਛਪਦੀ ਸੀ ਪ੍ਰੰਤੂ ਨਵੀਆਂ ਤਕਨੀਕਾਂ ਵਾਲੀਆਂ ਆਫਸੈਟ ਮਸ਼ੀਨਾਂ ਦੀ ਆਮਦ ਨਾਲ ਜਾਂ ਤਾਂ ਟਰੈਡਲ ਮਸ਼ੀਨਾਂ ਦੇ ਮਾਲਕਾਂ ਨੇ ਉਹਨਾਂ ਨੂੰ ਕਬਾੜ 'ਚ ਵੇਚ ਦਿੱਤਾ ਜਾਂ ਫਿਰ ਮਹਿਜ ਸਹਾਇਕ ਵਜੋਂ ਰਸੀਦਾਂ ਤੇ ਨੰਬਰ ਲਾਉਣ, ਡਾਈ ਕਟਿੰਗ ਤੇ ਲਿਫਾਫੇ ਆਦਿ ਪ੍ਰਿੰਟ ਕਰਨ ਲਈ ਵਰਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤਰ•ਾਂ ਦੇ ਜਿੰਨੇ ਵੀ ਛਾਪੇਖਾਨੇ ਬਚੇ ਵੀ ਹਨ ਉਹਨਾਂ ਤੇ ਗਾਹਕੀ ਵਿਰਲੀ ਹੀ ਰਹਿ ਗਈ ਹੈ। ਬਠਿੰਡਾ 'ਚ ਅਜਿਹੀ ਹੀ ਮਸ਼ੀਨ ਤੇ ਛਪਾਈ ਕਰਨ ਵਾਲੇ ਪੁਰਾਣੇ ਛਾਪਕ ਤੇ ਪੂਨਾ ਪ੍ਰਿਟਿੰਗ ਪ੍ਰੈੱਸ ਦੇ ਮਾਲਕ ਪੂਰਨ ਚੰਦ ਦਾ ਕਹਿਣਾ ਸੀ ਕਿ ਉਹਨਾਂ ਨੇ 1978 'ਚ ਇਹ ਮਸ਼ੀਨ ਲਗਾਈ ਸੀ ਪਰ ਹੌਲੀ-ਹੌਲੀ ਕੰਮ ਘਟਣ ਨਾਲ ਹੁਣ ਇਹ ਯਾਦ ਹੀ ਬਨਣ ਲੱਗੀ ਹੈ। ਉਹਨਾਂ ਦੱਸਿਆ ਕਿ ਪਹਿਲਾਂ-ਪਹਿਲਾਂ ਇਹਨਾਂ ਮਸ਼ੀਨਾਂ ਦੀ ਐਨੀਂ ਸਰਦਾਰੀ ਸੀ ਕਿ ਕਈ ਵਾਰ ਤਾਂ ਹੰਗਾਮੀ ਸਥਿਤੀ ਦੀ ਸੂਰਤ 'ਚ ਲੋਕ ਸਿਫਾਰਸ਼ਾਂ ਲੈ ਕੇ ਆਉਂਦੇ ਸਨ। ਸਕੂਲਾਂ ਦੇ ਪ੍ਰਸ਼ਨ ਪੱਤਰ ਇਹਨਾਂ ਮਸ਼ੀਨਾਂ ਤੇ ਛਪਦੇ ਸਨ ਤੇ ਪੇਪਰਾਂ ਤੋਂ ਪਹਿਲਾਂ 24 ਘੰਟੇ ਕੰਮ ਚਲਦਾ ਸੀ ਜਦੋਂ ਕਿ ਹੁਣ ਤਾਂ ਆਫਸੈਟ ਸਿਸਟਮ ਰਾਹੀਂ ਹੁੰਦੀ ਸਕਰੀਨ ਪ੍ਰਿੰਟਿੰਗ ਜਾਂ ਛੋਟੀਆਂ ਆਫਸੈਟ ਮਸ਼ੀਨਾਂ ਦੀ ਭਰਮਾਰ ਨੇ ਇਹਨਾਂ ਟਰੈਡਲ ਮਸ਼ੀਨਾਂ ਦੇ ਕਾਰੋਬਾਰ ਠੱਪ ਕਰਕੇ ਰੱਖ ਦਿੱਤੇ ਹਨ। ਉਹਨਾਂ ਦੱਸਿਆ ਕਿ ਇਹਨਾਂ ਪ੍ਰੈੱਸਾਂ ਤੇ ਛਪਾਈ ਸਮੇਂ ਮੈਟਰ ਕੰਪੋਜ ਕਰਨ ਲਈ ਦਰਜ਼ਨਾਂ ਮੁਲਾਜਮ ਕੰਮ ਕਰਦੇ ਸਨ। ਬਠਿੰਡਾ ਸ਼ਹਿਰ 'ਚ ਬੰਦ ਹੋ ਗਏ ਇਹਨਾਂ ਛਾਪਾਖਾਨਿਆਂ ਦੀ ਦਾਸਤਾਨ ਹੈ ਕਿ ਕਈਆਂ ਨੂੰ ਬਦਲ ਵਜੋਂ ਆਈਆਂ ਨਵੀਆਂ ਮਸ਼ੀਨਾਂ ਕਾਰਨ ਪੁਰਾਣੇ ਅੱਖਰ ਤੇ ਹੋਰ ਸਮਾਨ ਕਬਾੜ 'ਚ ਵੇਚਣਾ ਪਿਆ। ਇਸ ਕੰਮ ਨਾਲ ਸਬੰਧਿਤ ਰਹੇ ਬਜੁਰਗ ਕ੍ਰਿਸ਼ਨ ਚੰਦ ਅਗਰਵਾਲ ਨੇ ਦੱਸਿਆ ਕਿ ਟਰੈਡਲ ਮਸ਼ੀਨਾਂ ਦੇ ਵੇਲਾ ਵਿਹਾ ਜਾਣ ਨਾਲ ਅੰਮ੍ਰਿਤਸਰ 'ਚ ਇਹਨਾਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਇਹਨਾਂ ਮਸ਼ੀਨਾਂ ਤੇ ਛਪਾਈ ਲਈ ਅੱਖਰਾਂ ਵਾਲਾ ਸਿੱਕਾ ਲੁਧਿਅਣਾ ਤੇ ਜਲੰਧਰ ਆਦਿ ਦੇ ਜਿੰਨਾਂ ਕਾਰਖਾਨਿਆਂ ਤੇ ਉਪਲਬਧ ਹੁੰਦਾ ਸੀ ਉਹ ਵੀ ਖਤਮ ਹੋਣ ਕੰਢੇ ਪੁੱਜ ਗਏ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਉਹ ਵਧੀਆ ਕਿਸਮ ਦੀ ਪ੍ਰਿਟਿੰਗ ਅਤੇ ਇੱਕੋ ਤਰ•ਾਂ ਦੇ ਅੱਖਰਾਂ ਨਾਲ ਛਾਪੀਆਂ ਜਾਣ ਵਾਲੀਆਂ ਬਿੱਲ ਬੁੱਕਾਂ ਤੇ ਲੈਟਰ ਹੈਂਡਾਂ ਲਈ ਫੋਟੋਆਂ, ਲੋਗੋ ਅਤੇ ਵਿਸ਼ੇਸ਼ ਮਾਰਕੇ ਵਾਲੇ ਬਲਾਕ ਦਿੱਲੀ ਤੋਂ ਬਣਵਾਕੇ ਲਿਆਉਂਦੇ ਸਨ ਜਿਸ ਨਾਲ ਉੱਥੇ ਵੀ ਰੁਜ਼ਗਾਰ ਚਲਦਾ ਸੀ ਪਰ ਹੁਣ ਇਹ ਕਾਰੀਗਰ ਖਤਮ ਹੋ ਗਏ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਕਿਸੇ ਸਮੇਂ ਦੌਰਾਨ ਛੋਟੇ ਅਕਾਰ ਦੇ ਅਖਬਾਰ ਵੀ ਇਹਨਾਂ ਮਸ਼ੀਨਾਂ ਤੇ ਛਪਦੇ ਸਨ ਪਰ ਹੁਣ ਤਾਂ ਅਖਬਾਰੀ ਪ੍ਰੈਸਾਂ 'ਚ ਇਨਕਲਾਬ ਹੀ ਆ ਗਿਆ ਹੈ। 
ਨਲਵਾ ਪ੍ਰਿਟਿੰਗ ਪ੍ਰੈੱਸ ਭਗਤਾ ਭਾਈ ਦੇ ਮਾਲਕ ਪਰਵੀਨ ਕੁਮਾਰ ਨੇ ਦੱਸਿਆ ਕਿ ਨਵੀਂ ਤਕਨੀਕ ਦੇ ਬਜ਼ਾਰ 'ਚ ਆਉਣ ਨਾਲ ਸਿਰਫ ਠੱਪੇ ਵਾਲੀ ਮਸ਼ੀਨ ਦੇ ਸਿਰ ਤੇ ਰੁਜ਼ਗਾਰ ਨਹੀਂ ਰਹਿ ਗਿਆ ਜਿਸ ਕਰਕੇ ਉਹਨਾਂ 5 ਸਾਲ ਪਹਿਲਾਂ ਟਰੈਡਲ ਵੇਚ ਦਿੱਤੀ ਸੀ। ਉਹਨਾਂ ਦੱਸਿਆ ਕਿ ਤਾਜੀ ਤਕਨੀਕ ਬੇਸ਼ੱਕ ਮਹਿੰਗੀ ਪੈਂਦੀ ਹੈ ਪਰ ਲੋਕਾਂ ਦੀ ਪਸੰਦ ਨੂੰ ਦੇਖਦਿਆਂ ਉਹ ਹੁਣ ਆਫਸੈਟ ਰਾਹੀਂ ਕੰਮ ਚਲਾਉਂਦੇ ਹਨ। ਪਰਵੀਨ ਕੁਮਾਰ ਅਨੁਸਾਰ ਇੱਕ ਤਾਂ ਟਰੈਡਲ ਤੇ ਕੰਮ ਲਈ ਸਮਾਂ ਵਧੇਰੇ ਲਗਦਾ ਸੀ ਦੂਸਰੀ ਕੁਆਲਿਟੀ ਘਟੀਆ ਹੋਣ ਕਰਕੇ ਲੋਕ ਪਸੰਦ ਨਹੀਂ ਕਰਦੇ ਸੀ ਜਿਸ ਕਰਕੇ ਮਸ਼ੀਨ ਵੇਚਣ ਨੂੰ ਤਰਜੀਹ ਦੇਣੀ ਪਈ। ਉਸ ਨੇ ਇਹ ਵੀ ਦੱਸਿਆ ਕਿ ਹੁਣ ਤਾਂ ਇਹਨਾਂ ਮਸ਼ੀਨਾਂ ਤੇ ਲੋਕ ਕੇਵਲ ਪਲਾਸਟਿਕ ਦੇ ਲਿਫਾਫੇ ਜਾਂ ਮਠਿਆਈ ਵਾਲੇ ਡੱਬੇ ਹੀ ਛਾਪੇ ਜਾਂਦੇ ਹਨ ਜਾਂ ਫਿਰ ਇਹ ਟਿਕਟਾਂ ਤੇ ਨੰਬਰ ਲਾਉਣ ਲਈ ਵਰਤੀਆਂ ਜਾਂਦੀਆਂ ਹਨ। 
ਪ੍ਰਾਪਤ ਵੇਰਵਿਆਂ ਅਨੁਸਾਰ ਨਵੇਂ ਦੌਰ ਦੇ ਪ੍ਰਚਲਨ ਨੇ ਭਗਤਾ ਭਾਈ ਦੀ ਸ਼ੋਭਾ ਪ੍ਰਿਟਿੰਗ ਪ੍ਰੈੱਸ ਦੇ ਮਾਲਕ ਨੂੰ ਵੀ ਟਰੈਡਲ ਮਸ਼ੀਨ ਵੇਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਜਿੱਥੇ ਪੈਡਲ ਨਾਲ ਚੱਲਣ ਠੱਪੇ ਵਾਲੀ ਮਸ਼ੀਨ ਤੇ ਇੱਕ ਹੀ ਵਿਅਕਤੀ ਕੰਮ ਚਲਾ ਲੈਂਦਾ ਸੀ ਉੱਥੇ ਹੁਣ ਆਫਸੈਟ ਮਸ਼ੀਨ ਤੇ ਅਪ੍ਰੇਟਰਾਂ ਦੀ ਗਿਣਤੀ ਤਾਂ ਜਿਆਦਾ ਹੁੰਦੀ ਹੈ ਬਲਕਿ ਬਿਜਲੀ ਦਾ ਵੱਡਾ ਕੁਨੈਕਸ਼ਨ ਅਤੇ ਥਾਂ ਵੀ ਖੁੱਲੀ ਚਾਹੀਦੀ ਹੈ। ਸਥਿਤੀ ਇਹ ਹੈ ਕਿ ਠੱਪੇ ਵਾਲੇ ਛਾਪੇਖਾਨਿਆਂ ਦੇ ਮਾਲਕ ਇਸਦੇ ਬਦਲ ਵਜੋਂ ਆਫਸੈਟ ਮਸ਼ੀਨਾਂ ਮਹਿੰਗੀਆਂ ਹੋਣ ਕਰਕੇ ਆਪਣੀ ਆਰਥਿਕਤਾ ਪ੍ਰਤੀ ਚਿੰਤਤ ਵੀ ਹਨ। ਪੂਨਾ ਪ੍ਰਿਟਿੰਗ ਪ੍ਰੈਸ ਦੇ ਪੂਰਨ ਚੰਦ ਦਾ ਕਹਿਣਾ ਸੀ ਕਿ ਬੱਸ ਉਹ ਕੰਮ ਚਲਾ ਰਹੇ ਹਨ ਨਵੀਂ ਪੀੜੀ ਤਾਂ ਇੱਧਰ ਮੂੰਹ ਨਹੀਂ ਕਰਦੀ ਇਸੇ ਲਈ ਉਸਨੇ ਆਪਣੇ ਪੁੱਤਰ ਨੂੰ ਕੰਪਿਊਟਰ ਲਾਈਨ 'ਚ ਪਾ ਦਿੱਤਾ ਹੈ। ਉਹਨਾਂ ਆਖਿਆ ਕਿ ਜਦੋਂ ਇਹ ਪ੍ਰੈੱਸ ਲਾਈ ਸੀ ਤਾਂ 50-60 ਹਜ਼ਾਰ ਨਾਲ ਕੰਮ ਚੱਲ ਜਾਂਦਾ ਸੀ ਤੇ ਜਿਵੇਂ-ਕਿਵੇਂ ਪੈਸਿਆਂ ਦਾ ਜੁਗਾੜ ਹੋ ਜਾਂਦਾ ਸੀ ਪਰ ਹੁਣ ਤਾਂ ਕੰਮ ਲੱਖਾਂ 'ਚ ਪੁੱਜ ਗਿਆ ਹੈ ਜੋ ਕਿ ਮਾੜੇ ਬੰਦੇ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ ਹੈ। ਉਹਨਾਂ ਦੱਸਿਆ ਕਿ ਮਹਾਂਨਗਰ ਬਠਿੰਡਾ 'ਚ ਕਿਸੇ ਜਮਾਨੇ 'ਚ 100 ਦੇ ਕਰੀਬ ਟਰੈਡਲ ਮਸ਼ੀਨਾਂ ਚਲਦੀਆਂ ਸਨ ਪਰ ਹੁਣ ਤਾਂ ਇਹਨਾਂ ਦੀ ਗਿਣਤੀ ਅੱਧੀ ਦਰਜ਼ਨ ਵੀ ਨਹੀਂ ਰਹਿ ਗਈ ਜਿੰਨਾਂ 'ਚੋਂ ਜਿਆਦਾਤਰ ਮਾੜੇ ਆਰਥਿਕ ਹਾਲਾਤਾਂ ਨਾਲ ਜੂੜ ਕੇ ਗੱਡੀ ਰੇੜ• ਰਹੇ ਹਨ। ਪੂਰਨ ਚੰਦ ਨੇ ਆਖਿਆ ਕਿ ਬੈਂਕਾਂ ਨੂੰ ਇਹਨਾਂ ਕੰਮਾਂ ਵਾਲਿਆਂ ਨੂੰ ਘੱਟ ਵਿਆਜ ਤੇ ਕਰਜੇ ਦੇਣੇ ਚਾਹੀਦੇ ਹਨ ਨਹੀਂ ਤਾਂ ਬਚਦੇ ਟਰੈਡਲ ਮਸ਼ੀਨ ਦੇ ਮਾਹਿਰ ਵੀ ਖਤਮ ਹੋ ਜਾਣਗੇ।