ਪੰਜਾਬ ਵਿੱਚ ਨਸ਼ੀਲੇ ਪਦਾਰਥਾਂਦੀ ਤਸਕਰੀ 'ਚ ਮਹਿਲਾਵਾਂ ਵੀ ਸ਼ਾਮਲ
ਬਠਿੰਡਾ, 16 ਨਵੰਬਰ (ਅਸ਼ੋਕ ਵਰਮਾ)
ਸਰਹੱਦ ਪਾਰ ਤੋਂ ਪੰਜਾਬ ਵਿੱਚ ਹੈਰੋਇਨ, ਸਮੈਕ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿੱਚ ਸਰਹੱਦੀ ਖੇਤਰ ਦੀਆਂ ਔਰਤਾਂ ਦੀ ਸ਼ਮੂਲੀਅਤ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਬਲਕਿ ਹੁਣ ਤਾਂ ਦੂਸਰੇ ਜ਼ਿਲ੍ਹਿਆਂ ਦੀਆਂ ਮਹਿਲਾਵਾਂ ਵੀ ਤਸਕਰੀ ਦੇ ਧੰਦੇ 'ਚ ਸ਼ਾਮਲ ਹੋ ਗਈਆਂ ਹਨ । ਪੰਜਾਬ ਪੁਲਿਸ ਵਿਚਲੇ ਉੱਚ ਤਾਕਤੀ ਸੂਤਰਾਂ ਦੀ ਮੰਨੀਏ ਤਾਂ ਕਰੋੜਾਂ ਦੀ ਸਮਗਲਿੰਗ ਤੋਂ ਲੈ ਕੇ ਹਜ਼ਾਰਾਂ ਦੀ ਪ੍ਰਚੂਨ ਵਿਕਰੀ ਤੱਕ ਔਰਤਾਂ ਦਾ ਹੱਥ ਹੈ। ਸੂਤਰ ਦੱਸਦੇ ਹਨ ਕਿ ਕਈ ਔਰਤ ਤਸਕਰਾਂ ਦੇ ਪੂਰੇ ਦੇ ਪੂਰੇ ਪ੍ਰੀਵਾਰ ਇਸ ਧੰਦੇ ਨਾਲ ਜੁੜੇ ਹੋਏ ਹਨ। ਮਾਮਲੇ ਦਾ ਭਾਰੇ ਫਿਕਰਾਂ ਵਾਲਾ ਤੱਥ ਇਹ ਵੀ ਹੈ ਕਿ ਵੱਡੇ ਤਸਕਰਾਂ ਵੱਲੋਂ ਸੁਰੱਖਿਆ ਏਜੰਸੀਆਂ ਦੀ ਨਜਰ ਤੋਂ ਬਚਣ ਲਈ ਵੱਡੇ ਪੱਧਰ ਤੇ ਔਰਤਾਂ ਦੀ ਸਹਾਇਤਾ ਲਈ ਜਾ ਰਹੀ ਹੈ । ਨਸ਼ਿਆਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਸੈਲਾਂ ਵਿਚਲੇ ਸੂਤਰ ਤਾਂ ਇੱਥੋਂ ਤੱਕ ਖੁਲਾਸਾ ਕਰਦੇ ਹਨ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ 'ਚ ਔਰਤਾਂ ਦੇ ਵਧ ਰਹੇ ਯੋਗਦਾਨ ਨਾਲ ਸੁਰੱਖਿਆ ਏਜੰਸੀਆਂ ਦੀ ਸਿਰਦਰਦੀ ਵਧ ਗਈ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਸਰਹੱਦ ਨਾਲ ਪੈਂਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ 'ਚੋਂ ਪੁਲਿਸ ਨੇ ਦਰਜ਼ਨਾਂ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਨ ਦੇ ਅਪਰਾਧ ਹੇਠ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਅਫੀਮ ਅਤੇ ਸਮੈਕ ਆਦਿ ਬਰਾਮਦ ਕੀਤੇ ਸਨ ।ਵੇਰਵਿਆਂ ਅਨੁਸਾਰ ਡੀ. ਆਈ. ਆਰ. ਵੱਲੋਂ ਅੰਮ੍ਰਿਤਸਰ ਦੀ ਇੱਕ ਔਰਤ ਨੂੰ ਦਿੱਲੀ ਵਿੱਚੋਂ ਗ੍ਰਿਫ਼ਤਾਰ ਕਰਕੇ 18 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਪੁਲਿਸ ਵਿਚਲੇ ਇੱਕ ਸੂਤਰ ਨੇ ਦੱਸਿਆ ਹੈ ਕਿ ਪੁਲਿਸ ਰਿਕਾਰਡ ਅਨੁਸਾਰ ਸਮੈਕ ਦੀ ਇੱਕ ਵੱਡੀ ਤਸਕਰ ਨਰਿੰਦਰ ਕੌਰ (ਬਦਲਿਆ ਨਾਂ) ਵਿਰੁੱਧ ਵੱਖ-ਵੱਖ ਥਾਣਿਆਂ 'ਚ ਸਮੈਕ ਦੀ ਸਮਗਲਿੰਗ ਅਧੀਨ ਦਰਜਨ ਤੋਂ ਵੱਧ ਕੇਸ ਦਰਜ਼ਨ ਹਨ। ਇਸ ਤੋਂ ਬਿਨਾਂ ਇਸ ਮਹਿਲਾ ਦੇ ਪਤੀ, ਧੀ, ਜੁਆਈ, ਮਾਂ ਅਤੇ ਭੈਣਾਂ ਵਿਰੁੱਧ ਵੀ ਪੁਲਿਸ ਵੱਲੋਂ ਮੁਕੱਦਮੇ ਦਰਜ ਕੀਤੇ ਹੋਏ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਮਹਿਲਾ ਨੇ ਪੁਲਿਸ ਕੋਲ ਮੰਨਿਆ ਸੀ ਕਿ ਉਸਦਾ ਪ੍ਰੀਵਾਰ ਇਸ ਧੰਦੇ ਵਿੱਚ ਲੱਗਿਆ ਹੋਇਆ ਹੈ ।ਸੂਤਰ ਆਖਦੇ ਹਨ ਕਿ ਸੁਰੱਖਿਆ ਏਜੰਸੀਆਂ ਜਿੰਨਾਂ ਵਿੱਚ ਪੁਲਿਸ, ਬੀ. ਐਸ. ਐਫ., ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਅਤੇ ਨਾਰਕੋਟਿਕ ਸੈੱਲ ਸ਼ਾਮਲ ਹੈ ਵੱਲੋਂ ਭਾਰੀ ਮਾਤਰਾ 'ਚ ਫੜੀ ਹੈਰੋਇਨ ਵਿੱਚ ਇਸ ਮਹਿਲਾ ਤਸਕਰ ਦਾ ਪ੍ਰਮੁੱਖ ਹੱਥ ਦੱਸਿਆ ਜਾਂਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਈ ਤਸਕਰਾਂ ਵੱਲੋਂ ਆਪਣਾ ਸਮਾਨ ਸੁਰੱਖਿਅਤ ਤਰੀਕੇ ਰਾਹੀਂ ਸਹੀ ਟਿਕਾਣੇ ਤੱਕ ਪਹੁੰਚਾਉਣ ਲਈ ਔਰਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਦੀ ਪੁਖਤਾ ਮਿਸਾਲ ਸਾਲ 2010 'ਚ ਆਪਣੇ ਪਤੀ, ਮਾਸੂਮ ਬੱਚੇ ਅਤੇ 17. 5 ਕਿੱਲੋ ਅਫੀਮ ਸਮੇਤ ਬਠਿੰਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਮਹਿਲਾ ਤਸਕਰ ਤੋਂ ਮਿਲਦੀ ਹੈ। ਕਈ ਤਸਕਰ ਆਪਣੀਆਂ ਘਰੇਲੂ ਮਹਿਲਾਵਾਂ ਨੂੰ ਵੀ ਇਸ ਕਰਕੇ ਧੰਦੇ ਵਿੱਚ ਲੈ ਕੇ ਆ ਰਹੇ ਹਨ ਤਾਂ ਜੋ ਹੈਰੋਇਨ, ਸਮੈਕ ਅਤੇ ਹੋਰ ਨਸ਼ੇ ਇੱਕ ਥਾਂ ਤੋਂ ਦੂਸਰੀ ਜਗ੍ਹਾ ਲਿਜਾਣ 'ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਕਿਉਂਕਿ ਪੁਲਿਸ ਅਤੇ ਖੁਫੀਆ ਏਜੰਸੀਆਂ ਅਕਸਰ ਮਹਿਲਾਵਾਂ ਤੇ ਸ਼ੱਕ ਨਹੀਂ ਕਰਦੀਆਂ । ' ਸੱਚ ਕਹੂੰ ' ਵੱਲੋਂ ਕੀਤੀ ਇੱਕ ਪੜਤਾਲ ਦਾ ਸਿੱਟਾ ਹੈ ਕਿ ਕਈ ਔਰਤਾਂ ਨੇ ਆਪਣਾ ਘਰ ਚਲਾਉਣ 'ਚ ਆਉਂਦੀ ਤੰਗੀ ਤੁਰਸ਼ੀ ਦੇ ਚਲਦਿਆਂ ਤਸਕਰੀ ਦਾ ਧੰਦਾ ਅਖਤਿਆਰ ਕਰ ਲਿਆ ਹੈ । ਹੈਰੋਇਨ ਦੀ ਸਮਗਲਿੰਗ ਵਿੱਚ ਜਿਆਦਾ ਪੈਸੇ ਮਿਲਣ ਦਾ ਲਾਲਚ ਵੀ ਔਰਤਾਂ ਨੂੰ ਇਸ ਦਿਸ਼ਾ ਵੱਲ ਖਿੱਚ ਰਿਹਾ ਹੈ ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਏ ਹਨ ਕਿ ਮਾਲਵੇ ਦੀਆਂ ਮਹਿਲਾਵਾਂ ਦੀ ਪਹਿਲ ਭੁੱਕੀ ਤਸਕਰੀ ਹੈ ਜਦੋਂ ਕਿ ਦੁਆਬੇ ਦੀਆਂ ਔਰਤਾਂ ਦਾ ਪਸੰਦੀਦਾ ਕਾਰੋਬਾਰ ਸਮੈਕ ਅਤੇ ਮਾਝੇ ਦੇ ਸਰਹੱਦੀ ਇਲਾਕੇ 'ਚ ਹੈਰੋਇਨ ਅਤੇ ਪੇਂਡੂ ਖੇਤਰ 'ਚ ਸ਼ਰਾਬ ਵੇਚਣ ਦਾ ਕੰਮ ਕਰ ਰਹੀਆਂ ਹਨ । ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਪੰਜਾਬ ਭਰ 'ਚ 2500 ਤੋਂ 3 ਹਜ਼ਾਰ ਮਹਿਲਾਵਾਂ ਨਸ਼ੇ ਦੀ ਤਸਕਰੀ ਦੇ ਕੰਮ 'ਚ ਲੱਗੀਆਂ ਹੋਈਆਂ ਹਨ ਪੰਜਾਬ ਦੀ ਅਬਾਦੀ ਦੇ ਅਧਾਰ ਤੇ ਦੇਖੀਏ ਤਾਂ ਇਹ ਅੰਕੜਾ ਕੋਈ ਵੱਡਾ ਦਿਖਾਈ ਨਹੀਂ ਦਿੰਦਾ ਪ੍ਰੰਤੂ ਜਿਸ ਢੰਗ ਨਾਲ ਔਰਤਾਂ ਦੀ ਰੁਚੀ ਤਸਕਰੀ ਵਰਗੇ ਧੰਦੇ ਵੱਲ ਵਧ ਰਹੀ ਹੈ ।ਉਹ ਕਾਫੀ ਚਿੰਤਾ ਜਨਕ ਮੰਨਿਆ ਜਾ ਰਿਹਾ ਹੈ। ਪੰਜਾਬ ਦੀ ਸਰਹੱਦ ਤੇ ਤਾਇਨਾਤ ਰਹੇ ਹਰਿਆਣਾ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੀਆਂ ਮਹਿਲਾ ਤਸਕਰਾਂ ਨੇ ਸਾਂਝੇ ਗਰੁੱਪ ਬਣਾ ਲਏ ਹਨ । ਪੁਲਿਸ ਅਨੁਸਾਰ ਕਈ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਨੇ ਇਸ ਕਾਰੋਬਾਰ 'ਚ ਪਾਇਆ ਹੈ ਮਾਲਵਾ ਪੱਟੀ ਦੀਆਂ ਮਹਿਲਾਵਾਂ ਰਾਜਸਥਾਨ ਤੋਂ ਭੁੱਕੀ ਲਿਆ ਕੇ ਪ੍ਰਚੂਨ ਵਿੱਕਰੀ ਕਰਦੀਆਂ ਹਨ ਬੀਤੇ 8 ਕੁ ਵਰ੍ਹਿਆਂ ਦੇ ਅੰਕੜਿਆਂ ਤੇ ਗੌਰ ਕਰੀਏ ਤਾਂ ਬਠਿੰਡਾ ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ 'ਚ ਕਰੀਬ 125 ਕੇਸ ਦਰਜ਼ ਹੋਏ ਹਨ। ਉਂਜ ਮਾਲਵੇ 'ਚ ਪਹਿਲਾ ਨੰਬਰ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜਿੱਥੇ ਇਸ ਅਰਸੇ ਦੌਰਾਨ ਤਕਰੀਬਨ 200 ਕੇਸ ਦਰਜ ਹੋਏ ਹਨ ਅਤੇ ਕਰੀਬ ਇੰਨੀਆਂ ਹੀ ਮਹਿਲਾਵਾਂ ਤਸਕਰੀ ਦੇ ਧੰਦੇ 'ਚ ਲੱਗੀਆਂ ਹੋਈਆਂ ਹਨ। ਪ੍ਰਾਪਤ ਸੂਚਨਾਵਾਂ ਅਨੁਸਾਰ ਮੁਕਤਸਰ ਜ਼ਿਲ੍ਹੇ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਹੋਏ ਕੇਸਾਂ 'ਚੋਂ ਵਧੇਰੇ ਭੁੱਕੀ ਦੇ ਹਨ। ਮਹਿਲਾਵਾਂ ਵੱਲੋਂ ਤਸਕਰੀ ਦੇ ਧੰਦੇ 'ਚ ਪੈਰ ਧਰਨ ਤੋਂ ਬਰਨਾਲਾ, ਖੰਨਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਜਲੰਧਰ ਜ਼ਿਲ੍ਹਾ ਵੀ ਨਹੀਂ ਬਚ ਸਕਿਆ ਖਾਸ ਤੌਰ ਤੇ ਜਲੰਧਰ ਦਿਹਾਤੀ ਤਾਂ ਮਹਿਲਾ ਤਸਕਰਾਂ ਦੇ ਮਾਮਲੇ 'ਚ ਉੱਚ ਸਥਾਨ ਰੱਖਦਾ ਹੈ ਇਹ ਸਥਿਤੀ ਕੇਵਲ 10 ਜ਼ਿਲ੍ਹਿਆਂ ਦੀ ਹੈ ਜੇਕਰ ਸਮੁੱਚੇ ਪੰਜਾਬ ਦੇ ਹਾਲਾਤਾਂ ਤੇ ਗੌਰ ਕਰੀਏ ਤਾਂ ਸਥਿਤੀ ਹੋਰ ਵੀ ਗੰਭੀਰ ਅਤੇ ਝੰਜੋੜਨ ਵਾਲੀ ਹੈ । ਮਹਾਂਨਗਰ ਬਠਿੰਡਾ ਦੀ ਜ਼ਿਲ੍ਹਾ ਕਚਿਹਰੀ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਪੇਸ਼ੀ ਭੁਗਤਣ ਆਈ ਮਹਿਲਾ ਨੇ ਆਪਣੀ ਪਛਾਣ ਲੁਕਾਉਣ ਦੀ ਅਪੀਲ ਤੇ ਪਛਤਾਵੇ ਭਰੇ ਅੰਦਾਜ ਦੱਸਿਆ ਕਿ ਚਮਕ ਦਮਕ ਦੇ ਜਮਾਨੇ ਅਤੇ ਸ਼ਹਿਰੀਕਰਨ ਦੇ ਸਿੱਟੇ ਵਜੋਂ ਜਾਗੀਆਂ ਉਮੀਦਾਂ ਅਤੇ ਕਮਾਈ ਦੇ ਘਟੇ ਸਾਧਨਾਂ ਨੇ ਉਸ ਵਰਗੀਆਂ ਕਈ ਔਰਤਾਂ ਨੂੰ ਇਸ ਦਲਦਲ 'ਚ ਧੱਕ ਦਿੱਤਾ ਹੈ।
ਉੱਧਰ ਇਸ ਪੱਤਰਕਾਰ ਨੇ ਇਸ ਵਿਸ਼ੇ ਤੇ ਕਈ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆਂ ਕਿ ਪੰਜਾਬ ਵਿੱਚ ਔਰਤਾਂ ਵੱਲੋਂ ਨਸ਼ਿਆਂ ਦੀ ਸਮਗਲਿੰਗ 'ਚ ਵੱਡਾ ਰੋਲ ਅਦਾ ਕੀਤਾ ਜਾ ਰਿਹਾ ਹੈ । ਉਹਨਾਂ ਆਖਿਆ ਕਿ ਪੁਲਿਸ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਚਾਹੇ ਪੁਰਸ਼ ਹੋਵੇ ਜਾਂ ਮਹਿਲਾ ਜੋ ਕੋਈ ਨਸ਼ੇ ਵੇਚੇਗਾ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਘਟ ਰਹੇ ਹਨ ਅਤੇ ਸਭ ਕਾਰੋਬਾਰ ਘਾਟੇ ਵਾਲੇ ਸੌਦੇ ਬਣ ਰਹੇ ਹਨ ਇਸ ਸੰਕਟ ਨੇ ਔਰਤਾਂ ਨੂੰ ਸਮਗਲਿੰਗ ਦੇ ਧੰਦੇ 'ਚ ਉੱਤਰਨ ਲਈ ਮਜਬੂਰ ਕੀਤਾ ਹੈ।
No comments:
Post a Comment
Note: only a member of this blog may post a comment.