Saturday, 18 February 2012

ਵਾਹਨਾਂ ਦੇ ਘੜਮੱਸ ਨੇ ਸੂਲੀ ਤੇ ਟੰਗੀ ਸ਼ਹਿਰ ਵਾਸੀਆਂ ਦੀ ਜਾਨ

ਬਠਿੰਡਾ, ਅਸ਼ੋਕ ਵਰਮਾ
ਬਠਿੰਡਾ 'ਚ ਬੁਰੀ ਤਰ•ਾਂ ਵਿਗੜੇ ਆਵਾਜਾਈ ਦੇ ਸਿੱਟੇ ਵਜੋਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਬਜ਼ਾਰਾਂ 'ਚ ਪੂਰਾ ਦਿਨ ਵੱਜੇ ਰਹਿੰਦੇ ਵਾਹਨਾਂ ਦੇ ਘੜਮੱਸ ਨਾਲ ਲੋਕਾਂ ਦੀ ਜਾਨ ਸੂਲੀ ਤੇ ਟੰਗੀ ਰਹਿੰਦੀ ਹੈ ਪਰ ਟ੍ਰੈਫਿਕ ਪੁਲਿਸ ਵੱਲੋਂ ਇਸ ਸਮੱਸਿਆ ਨੂੰ ਲਗਾਤਾਰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਲੋਕਾਂ ਨੂੰ ਆਸ ਸੀ ਕਿ ਮਾਨਸਾ ਰੋਡ ਵਾਲਾ ਫਲਾਈ ਓਵਰ ਚੱਲਣ ਤੋਂ ਬਾਅਦ ਕੁੱਝ ਰਾਹਤ ਹਾਸਲ ਹੋ ਸਕੇਗੀ ਪ੍ਰੰਤੂ ਇਸਦਾ ਵੀ ਕੋਈ ਬਹੁਤਾ ਲਾਭ ਨਹੀਂ ਹੋਇਆ। ਸ਼ਹਿਰ ਦਾ ਬੱਸ ਅੱਡਾ ਚੌਕ, ਪਾਵਰ ਹਾਊਸ ਰੋਡ ਤਿਕੋਨੀ, ਫੌਜੀ ਚੌਂਕ, ਹਨੂਮਾਨ ਚੌਂਕ, ਮਾਲ ਰੋਡ ਅਤੇ ਰੇਲਵੇ ਰੋਡ ਸਮੇਤ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ 'ਚ ਛੋਟੀਆਂ-ਵੱਡੀਆਂ ਗੱਡੀਆਂ ਤੇ ਦੁਪੱਹੀਆ ਵਾਹਨਾਂ ਦੇ ਕਾਫਲੇ ਦੇਖਕੇ ਇੰਜ ਜਾਪਦਾ ਹੈ ਕਿ ਦੁਨੀਆਂ ਭਰ 'ਚੋਂ ਵਾਹਨ ਬਠਿੰਡਾ ਪੁੱਜ ਗਏ ਹੋਣ। ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ 'ਚ ਵਾਹਨ ਸੜਕਾਂ ਤੇ ਇਸ ਕਦਰ ਫਸ ਜਾਂਦੇ ਹਨ ਕਿ ਸਾਹਮਣੇ ਤੋਂ ਆ ਰਹੀਆਂ ਕਾਰਾਂ ਆਦਿ ਲਈ ਵੀ ਪ੍ਰੇਸ਼ਾਨੀ ਖੜੀ ਹੋ ਜਾਂਦੀ ਹੈ। ਕਈ ਸਥਾਨਾਂ 'ਤੇ ਲੰਘਣ ਦੀ ਦੌੜ 'ਚ ਗੱਡੀਆਂ ਦੇ ਮਾਲਕਾਂ ਦਾ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਹੈ। ਟ੍ਰੈਫਿਕ ਪੁਲਿਸ ਵੱਲੋਂ ਸਵੇਰ ਤੋਂ ਸ਼ਾਮ ਤੱਕ ਵੱਡੇ ਟਰੱਕਾਂ ਤੇ ਟ੍ਰਾਲਿਆਂ ਨੂੰ ਰਾਜਿੰਦਰਾ ਕਾਲਜ ਦੇ ਸਾਹਮਣੇ ਤੋਂ 100 ਫੁੱਟੀ ਸੜਕ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਪਰ ਇਹ ਯਤਨ ਵੀ ਨਾਕਾਫੀ ਹੀ ਸਿੱਧ ਹੋ ਰਹੇ ਹਨ। ਦੁਪਹਿਰ ਵੇਲੇ ਜਦੋਂ ਸਕੂਲਾਂ 'ਚੋਂ ਛੁੱਟੀ ਹੁੰਦੀ ਹੈ ਤਾਂ ਉਸ ਸਮੇਂ ਤਾਂ ਆਵਾਜਾਈ ਬੁਰੀ ਤਰ•ਾਂ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਸੈਂਕੜੇ ਦੀ ਗਿਣਤੀ 'ਚ ਸਕੂਲੀ ਵੈਨਾਂ ਅਤੇ ਆਟੋਆਂ ਨੂੰ ਸੰਭਾਲਣਾ ਕਿਸੇ ਦੇ ਵੱਸ ਦਾ ਰੋਗ ਨਹੀਂ ਰਹਿੰਦਾ। ਇਹੋ ਜਿਹੇ ਹਾਲਾਤਾਂ ਵਿੱਚ ਟ੍ਰੈਫਿਕ 'ਚ ਫਸੇ ਵਿਅਕਤੀ ਨੂੰ ਲੰਬੀਆਂ ਕਤਾਰਾਂ 'ਚੋਂ ਬਾਹਰ ਨਿੱਕਲਣ ਲੱਗਿਆਂ ਕਾਫੀ ਸਮਾਂ ਲੱਗਦਾ ਹੈ। ਕੇਵਲ ਵੱਡੀਆਂ ਸੜਕਾਂ ਜਾਂ ਬਜਾਰ ਹੀ ਨਹੀਂ ਵੱਖ-ਵੱਖ ਮੁਹੱਲਿਆਂ 'ਚ ਵੀ ਪੂਰਾ ਦਿਨ ਸਥਿਤੀ ਜਾਮ ਵਾਲੀ ਬਣੀ ਰਹਿੰਦੀ ਹੈ। ਦੱਸਣਯੋਗ ਇਹ ਵੀ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ 'ਤੇ ਜਾ ਕੇ ਆਮ ਲੋਕਾਂ ਅਤੇ ਡਰਾਈਵਰਾਂ ਆਦਿ ਨੂੰ ਜਾਗਰੂਕ ਕਰਨ ਦੇ ਯਤਨ ਵੀ ਫਲਾਪ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਮੱਸਿਆ ਦਾ ਮੁੱਖ ਕਾਰਨ ਰਿੰਗ ਰੋਡ ਅਤੇ ਬਾਈਪਾਸਾਂ ਦਾ ਨਾ ਬਨਣਾ ਤਾਂ ਹੈ ਹੀ ਸਗੋਂ ਲੋਕਾਂ ਵੱਲੋਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਅਤੇ ਸ਼ਹਿਰ ਦੇ ਕਿਸੇ ਵੀ ਹਿੱਸੇ 'ਚ ਯੋਗ ਪਾਰਕਿੰਗ ਦਾ ਨਾ ਹੋਣਾ ਵੀ ਹੈ। ਉਹਨਾਂ ਦੱਸਿਆ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੋ ਅਜਿਹੇ ਸਥਾਨ ਹਨ ਜਿੱਥੇ ਆਟੋ ਰਿਕਸ਼ਾ ਚਾਲਕਾਂ ਅਤੇ ਰਿਕਸ਼ੇ ਵਾਲਿਆਂ ਦੇ ਖਲੋਣ ਲਈ ਕੋਈ ਥਾਂ ਨਾ ਹੋਣ ਕਰਕੇ ਉਹਨਾਂ ਦਾ ਸੜਕਾਂ ਕਿਨਾਰੇ ਖੜ ਕੇ ਸਵਾਰੀਆਂ ਦਾ ਇੰਤਜਾਰ ਕਰਨਾ ਵੀ ਸਮੱਸਿਆ ਦੀ ਜੜ ਹੈ। ਇਸ ਤੋਂ ਇਲਾਵਾ ਬੱਸਾਂ ਵਾਲਿਆਂ ਵੱਲੋਂ ਥਾਂ-ਥਾਂ ਤੇ ਰੋਕ ਕੇ ਸਵਾਰੀਆਂ ਚੁੱਕਦੇ ਜਾਣ ਕਰਕੇ ਵੀ ਆਵਾਜਾਈ 'ਚ ਵਿਘਨ ਪੈਂਦਾ ਹੈ ਪਰ ਮਾਮਲਾ ਵੱਡੇ ਘਰਿਆਂ ਨਾਲ ਜੁੜਿਆ ਹੋਣ ਕਰਕੇ ਅਕਸਰ ਟ੍ਰੈਫਿਕ ਪੁਲਿਸ ਵੀ ਪਿੱਠ ਕਰਕੇ ਖਲੋਤੀ ਰਹਿੰਦੀ ਹੈ। 
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਹੇਸ਼ਵਰੀ ਨੇ ਕਿਹਾ ਕਿ ਕੁੱਝ ਬਜ਼ਾਰਾਂ ਵਿੱਚ ਇਹਨਾਂ ਦਿੱਕਤਾਂ ਨਾਲ ਨਜਿੱਠਣ ਲਈ ਟ੍ਰੈਫਿਕ ਨੂੰ ਇੱਕਤਰਫਾ ਕੀਤਾ ਗਿਆ ਸੀ ਪਰ ਪੁਲਿਸ ਦੇ ਕੰਮ 'ਚ ਗੈਰ ਜਰੂਰੀ ਦਖਲ ਅੰਦਾਜੀ ਅਤੇ ਸਿਆਸੀ ਕਾਰਨਾਂ ਕਰਕੇ ਨਿਯਮਾਂ ਨੂੰ ਤੋੜਨ ਨਾਲ ਹਾਲਾਤ ਬਦਤਰ ਹੋਏ ਹਨ। ਉਹਨਾਂ ਆਖਿਆ ਕਿ ਇਹ ਵੀ ਸਹੀ ਹੈ ਕਿ ਲੋਕਾਂ ਨੂੰ ਆਪਣੀ ਜਿੰਮੇਵਾਰੀ ਮਹਿਸੂਸ ਕਰਨੀ ਹੋਵੇਗੀ ਪਰ ਸ਼ਹਿਰ 'ਚ ਪਾਰਕਿੰਗ ਦੇ ਸੁਚੱਜੇ ਪ੍ਰਬੰਧ ਅਤੇ ਆਵਾਜਾਈ ਨੂੰ ਨਿਯਮਬੱਧ ਕਰਨ ਲਈ ਸਖਤ ਕਦਮ ਚੁੱਕਣੇ ਪੈਣਗੇ ਤਾਂ ਹੀ ਸ਼ਹਿਰੀਆਂ ਨੂੰ ਸੁਖ ਦਾ ਸਾਹ ਆ ਸਕੇਗਾ।
ਇਸ ਸਬੰਧੀ ਸਿਟੀ ਟ੍ਰੈਫਿਕ ਇੰਚਾਰਜ ਨੱਥਾ ਸਿੰਘ ਦਾ ਕਹਿਣਾ ਸੀ ਕਿ ਅਸੀਂ ਇਸ ਸਮੱਸਿਆ ਦੇ ਹੱਲ ਲਈ ਯੋਜਨਾਂ ਬਣਾ ਰਹੇ ਹਾਂ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਜਲਦੀ ਹੀ ਰਾਹਤ ਹਾਸਿਲ ਹੋਵੇਗੀ।

Thursday, 16 February 2012

ਵਧੇਰੇ ਸਮਾਂ ਮਾਲਵੇ ਦੇ ਹੱਥ 'ਚ ਰਹੀ ਪੰਜਾਬ ਦੀ ਸੱਤਾ ਦੀ ਵਾਗਡੋਰ

ਬਠਿੰਡਾ, ਅਸ਼ੋਕ ਵਰਮਾ

ਪੰਜਾਬ ਵਿੱਚ 16ਵਾਂ ਮੁੱਖ ਮੰਤਰੀ ਕੌਣ ਬਣੇਗਾ ਇਸ ਦਾ ਖੁਲਾਸਾ ਤਾਂ 6 ਮਾਰਚ ਨੂੰ 14ਵੀਂ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਹੋ ਸਕੇਗਾ ਪ੍ਰੰਤੂ ਹੁਣ ਤੱਕ ਦੇ ਇਤਿਹਾਸ ਤੇ ਨਜਰ ਮਾਰੀਏ ਤਾਂ ਮਾਲਵਾ ਪੰਜਾਬ ਦੇ ਸਿਆਸੀ ਨਕਸ਼ੇ 'ਤੇ ਚਮਕਦਾ ਨਜ਼ਰ ਆਵੇਗਾ। ਰਾਜਗੱਦੀ ਤੇ ਕੋਈ ਵੀ ਧਿਰ ਬੈਠੀ ਫੈਸਲਾ ਮਾਲਵੇ ਨੇ ਕੀਤਾ। ਸਿਆਸਤ ਦੇ ਜਾਣਕਾਰਾਂ ਦਾ ਵੀ ਮੰਨਣਾ ਹੈ ਕਿ ਲੋਕ ਲਹਿਰਾਂ ਦੀ ਤਰਾਂ ਰਾਜਸੀ ਲਹਿਰਾਂ ਦੇ ਮੁੱਢ ਵੀ ਇਸੇ ਖਿੱਤੇ 'ਚੋਂ ਬੱਝਦੇ ਰਹੇ ਹਨ। ਮਾਲਵੇ 'ਚੋਂ ਹੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਪਹਿਲੀ ਮਹਿਲਾ ਮੁੱਖ ਮੰਤਰੀ ਬਨਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਖੇਤਰ 'ਚੋਂ ਸਭ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ 'ਚ ਜਨਮੇ ਜਸਟਿਸ ਗੁਰਨਾਮ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਬਨਣ ਦਾ ਮਾਣ ਹਾਸਲ ਹੋਇਆ। ਉਹ 8 ਮਾਰਚ 1967 ਤੋਂ 22 ਨਵੰਬਰ 1967 ਅਤੇ ਦੂਜੀ ਵਾਰ 17 ਫਰਵਰੀ 1969 ਤੋਂ 26 ਮਾਰਚ 1970 ਤੱਕ ਇਸ ਪਦਵੀ ਤੇ ਬਿਰਾਜਮਾਨ ਰਹੇ। ਪੰਜਾਬੀ ਭਾਸ਼ਾ ਦੇ ਮੁਦੱਈ ਅਤੇ ਲਿੰਕ ਸੜਕਾਂ ਦਾ ਜਾਲ ਵਿਛਾਉਣ ਲਈ ਜਾਣੇ ਜਾਂਦੇ ਲਛਮਣ ਸਿੰਘ ਗਿੱਲ ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਦੇ ਵਸਨੀਕ ਸਨ। ਉਹ 25 ਨਵੰਬਰ 1967 ਤੋਂ 23 ਅਗਸਤ 1968 ਤੱਕ ਮੁੱਖ ਮੰਤਰੀ ਬਣੇ। ਪੰਜਾਬ 'ਚ ਹੁਣ ਤੱਕ ਸਭ ਤੋਂ ਜਿਆਦਾ 4 ਵਾਰੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦਾ ਸੁਭਾਗ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ 'ਚ ਜਨਮੇ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਾਪਤ ਹੋਇਆ ਹੈ। ਉਹ ਪਹਿਲੀ ਵਾਰ 27 ਮਾਰਚ 1970 ਤੋਂ 14 ਜੂਨ 1971, ਦੂਜੀ ਵਾਰ 20 ਜੂਨ 1977 ਤੋਂ 17 ਫਰਵਰੀ 1980, ਤੀਸਰੀ ਵਾਰੀ 12 ਫਰਵਰੀ 1997 ਤੋਂ 26 ਫਰਵਰੀ 2002 ਅਤੇ ਚੌਥੀ ਵਾਰੀ 1 ਮਾਰਚ 2007 ਨੂੰ ਇਸ ਕੁਰਸੀ ਤੇ ਬੈਠੇ ਤੇ ਹੁਣ ਤੱਕ ਇਹ ਕਾਰਜਕਾਲ ਜਾਰੀ ਹੈ। ਮਾਲਵੇ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਨਿਵਾਸੀ ਗਿਆਨੀ ਜੈਲ ਸਿੰਘ ਨੇ 17 ਮਾਰਚ 1972 ਤੋਂ 30 ਅਪ੍ਰੈਲ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਪਦਵੀ ਸੰਭਾਲੀ। ਸੁਰਜੀਤ ਸਿੰਘ ਬਰਨਾਲਾ 29 ਸਤੰਬਰ 1985 ਤੋਂ 11 ਜੂਨ 1987 ਤੱਕ ਮੁੱਖ ਮੰਤਰੀ ਰਹੇ। ਪੰਜਾਬ 'ਚੋਂ ਕਾਲੇ ਦਿਨਾਂ ਦੀ ਸਮਾਪਤੀ ਕਰਨ ਦੇ ਮੰਤਵ ਨਾਲ ਆਪਣੀ ਜਾਨ ਦੀ ਆਹੂਤੀ ਦੇ ਗਏ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਵਸਨੀਕ ਸਨ। ਉਹ 25 ਫਰਵਰੀ 1992 ਨੂੰ ਮੁੱਖ ਮੰਤਰੀ ਬਣੇ ਅਤੇ 31 ਅਗਸਤ 1995 ਨੂੰ ਆਪਣੀ ਹੱਤਿਆ ਵਾਲੇ ਦਿਨ ਤੱਕ ਇਸ ਅਹੁਦੇ ਤੇ ਬਿਰਾਜਮਾਨ ਰਹੇ। 31 ਅਗਸਤ 1995 ਨੂੰ ਬੇਅੰਤ ਸਿੰਘ ਦੀ ਮੌਤ ਉਪਰੰਤ ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਏਨਾਗਾ ਨਿਵਾਸੀ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਕੁੱਝ ਕਾਰਨਾਂ ਕਰਕੇ 21 ਨਵੰਬਰ 1996 ਨੂੰ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਪੰਜਾਬ ਦੀ ਪਹਿਲੀ ਇਸਤਰੀ ਮੁੱਖ ਮੰਤਰੀ ਬਣੀ ਬੀਬੀ ਰਾਜਿੰਦਰ ਕੌਰ ਭੱਠਲ 21 ਨਵੰਬਰ 1996 ਤੋਂ 12 ਫਰਵਰੀ 1997 ਤੱਕ ਮੁੱਖ ਮੰਤਰੀ ਰਹੇ। ਬਠਿੰਡਾ ਜ਼ਿਲ੍ਹੇ ਦੇ ਵੱਡਾ ਪਿੰਡ ਮਹਿਰਾਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਕੈਪਟਨ ਅਮਰਿੰਦਰ ਸਿੰਘ ਨੇ 26 ਫਰਵਰੀ 2002 ਤੋਂ 1 ਮਾਰਚ 2007 ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਾਰਜਕਾਲ ਮਾਲਵੇ ਦੇ ਮੁੱਖ ਮੰਤਰੀਆਂ 'ਚੋਂ ਸਭ ਤੋਂ ਜਿਆਦਾ ਰਿਹਾ ਜਦੋਂ ਕਿ ਸਭ ਤੋਂ ਘੱਟ ਬੀਬੀ ਰਜਿੰਦਰ ਕੌਰ ਭੱਠਲ ਕੇਵਲ 83 ਦਿਨ ਹੀ ਮੁੱਖ ਮੰਤਰੀ ਰਹੀ। ਮਾਲਵੇ 'ਚ ਹੁਣ ਤੱਕ ਤਿੰਨ ਮੁੱਖ ਮੰਤਰੀ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਰਹੇ ਜਦੋਂ ਕਿ ਪੰਜ ਦਾ ਸਬੰਧ ਕਾਂਗਰਸ ਪਾਰਟੀ ਨਾਲ ਸੀ। ਮੌਜੂਦਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਤਰਫੋਂ ਆਪਣੇ ਕਾਰਜਕਾਲ ਦੌਰਾਨ ਅਕਾਲੀਆਂ ਨਾਲ ਕਰੜੇ ਹੱਥੀ ਸਿੱਝਣ ਲਈ ਮਸ਼ਹੂਰ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਨਣ ਦੇ ਪ੍ਰਮੁੱਖ ਦਾਅਵੇਦਾਰ ਹਨ ਜਦੋਂ ਕਿ ਅਕਾਲੀ ਦਲ ਕਿਸ ਦੀ ਦਾਅਵੇਦਾਰੀ ਪੇਸ਼ ਕਰਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪ੍ਰੰਤੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪ ਨੂੰ 48 ਸਾਲ ਦਾ ਦੱਸਕੇ ਮੁੜ ਤੋਂ ਪੰਜਾਬ ਦੀ ਕਮਾਂਡ ਸੰਭਾਲਣ ਸਬੰਧੀ ਆਖ ਚੁੱਕੇ ਹਨ।

Tuesday, 14 February 2012

ਕੈਂਸਰ ਪੀੜਤਾਂ ਦੀ ਟੇਕ ਹੁਣ ਨਵੀਂ ਸਰਕਾਰ ਤੇ

ਬਠਿੰਡਾ, ਅਸ਼ੋਕ ਵਰਮਾ

ਪੰਜਾਬ ਦੀ ਮਾਲਵਾ ਪੱਟੀ 'ਚ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਹਜ਼ਾਰਾਂ ਪੀੜਤਾਂ ਦੀ ਹੋਣੀ ਇਹ ਹੈ ਕਿ ਹੁਣ ਉਹਨਾਂ ਨੂੰ ਨਵੀਂ ਸਰਕਾਰ ਤੋਂ ਆਸ ਹੈ ਕਿ ਉਹ ਉਹਨਾਂ ਦੀ ਬਾਂਹ ਫੜਨ ਲਈ ਅੱਗੇ ਆਵੇਗੀ। ਇਸ ਵਾਰ ਤਾਂ ਹਾਲ ਇਹ ਹੈ ਕਿ ਕੈਂਸਰ ਜਾਗਰੂਕਤਾ ਦਿਵਸ ਤੋਂ ਪਹਿਲਾਂ ਹੋਈਆਂ ਚੋਣਾਂ ਕਾਰਨ ਕਿਸੇ ਵੀ ਸਰਕਾਰੀ ਮੰਤਰੀ ਜਾਂ ਨੁਮਾਇੰਦੇ ਨੇ ਕੈਂਸਰ ਦਾ ਦਰਦ ਹੰਢਾ ਰਹੇ ਲੋਕਾਂ ਖਿਲਾਫ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਦੁੱਖ ਦੀ ਗੱਲ ਇਹ ਵੀ ਹੈ ਕਿ ਕੈਂਸਰ ਨੇ ਹਜ਼ਾਰਾਂ ਘਰਾਂ ਦੇ ਚਿਰਾਗ ਤਾਂ ਬੁਝਾਏ ਹੀ ਹਨ ਬਲਕਿ ਕਰਜੇ ਦੀ ਮਾਰ ਹੇਠ ਵੀ ਲੈ ਆਂਦਾ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਲਿਆਵਾਲੀ ਦੀ ਬਿਰਧ ਨਸੀਬ ਕੌਰ ਦੇ ਨਸੀਬ (ਕਿਸਮਤ) ਚੰਗੇ ਹੁੰਦੇ ਤਾਂ ਉਸ ਨੂੰ ਕੈਂਸਰ ਜਿਹਾ ਰੋਗ ਲੱਗਣਾ ਹੀ ਨਹੀਂ ਸੀ। ਪੁੱਤ ਸੁਖਮੰਦਰ ਸਿੰਘ ਨੇ ਮਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਅੱਧਾ ਕਿੱਲਾ ਜਮੀਨ ਵੇਚੀ। ਸੁਖਮੰਦਰ ਸਿੰਘ ਆਖਦਾ ਹੈ ਕਿ ਜੇਕਰ ਸਰਕਾਰੀ ਸਹਾਇਤਾ ਜਾਂ ਇਲਾਜ ਦੇ ਪ੍ਰਬੰਧ ਹੁੰਦੇ ਤਾਂ ਸਾਡੇ ਨਾਲ ਇੰਜ ਨਹੀਂ ਹੋਣਾ ਸੀ। ਪਿੰਡ ਭੈਣੀ ਚੂਹੜ ਦੇ ਸਾਬਕਾ ਸਰਪੰਚ ਗੁਰਬਚਨ ਸਿੰਘ ਨੂੰ ਕਈ ਵਰ੍ਹੇ ਪਹਿਲਾਂ ਕੈਂਸਰ ਕੀ ਹੋਇਆ ਪੋਸਟ ਗਰੈਜੂਏਟ ਪੁੱਤਰ ਗੁਰਤੇਜ ਸਿੰਘ ਦੇ ਅਰਮਾਨਾਂ ਨੂੰ ਹੀ ਗ੍ਰਹਿਣ ਲੱਗ ਗਿਆ। ਇਸ ਪ੍ਰੀਵਾਰ ਦੇ ਸਿਰ ਬੀਮਾਰੀ ਨੇ 5 ਲੱਖ ਤੋਂ ਵੀ ਵੱਧ ਕਰਜਾ ਚਾੜ ਦਿੱਤਾ ਹੈ ਜਦੋਂ ਕਿ ਖੇਤੀ ਕਰਜਿਆਂ ਦੀ ਮਾਰ ਇਸ ਤੋਂ ਵੱਖਰੀ ਹੈ। ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਸਾਨੂੰ ਤਾਂ ਕੈਂਸਰ ਨੇ ਕੱਖੋ ਹੌਲੇ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੀ ਰਜਿੰਦਰ ਕੌਰ ਦਾ ਇਲਾਜ ਚੱਲ ਰਿਹਾ ਹੈ। ਹਰੇਕ 6 ਮਹੀਨਿਆਂ ਬਾਅਦ ਜੋ ਫਸਲ ਆਉਂਦੀ ਹੈ ਉਸਦੇ ਇਲਾਜ 'ਚ ਚਲੀ ਜਾਂਦੀ ਹੈ। ਰਜਿੰਦਰ ਕੌਰ ਦਾ ਪੁੱਤਰ ਬਿੰਦਰਪਾਲ ਆਖਦਾ ਹੈ ਕਿ ਜਿੰਨਾਂ ਚਿਰ ਲੱਗੀ ਵਾਹ ਲਾਵਾਂਗੇ ਮਾਂ ਦੀ ਜਾਨ ਤਾਂ ਬਚਾਉਣੀ ਹੈ। ਜ਼ਿਲ੍ਹੇ ਦੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਗਹਿਰੀ ਭਾਗੀ 'ਚ ਤਾਂ ਕੈਂਸਰ ਨੇ ਕਈ ਘਰਾਂ 'ਚ ਸੱਥਰ ਵਿਛਾ ਦਿੱਤੇ ਹਨ। ਇਸ ਪਿੰਡ ਦਾ ਬਲਵਿੰਦਰ ਸਿੰਘ ਕੈਂਸਰ ਨਾਲ ਮੌਤ ਦੇ ਮੂੰਹ ਜਾ ਪਿਆ ਅਜੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ ਸੀ ਕਿ ਕੈਂਸਰ ਨੇ ਮਾਂ ਸੁਰਜੀਤ ਕੌਰ ਦੀ ਜਿੰਦਗੀ ਵੀ ਖੋਹ ਲਈ। ਬਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਵੀ ਕੈਂਸਰ ਦਾ ਦੁੱਖ ਝੱਲ ਰਹੀ ਹੈ। ਇਸ ਪ੍ਰੀਵਾਰ ਨੂੰ ਵੀ ਆਪਣੀ ਇੱਕ ਏਕੜ ਜਮੀਨ ਵੇਚਣੀ ਪਈ ਹੈ ਪਿੱਛੇ ਕੋਈ ਸਹਾਰਾ ਨਹੀਂ ਬਚਿਆ। ਇਸ ਅਭਾਗੀ ਔਰਤ ਨੂੰ ਹੁਣ ਤੱਕ ਕੋਈ ਸਹਾਇਤਾ ਨਹੀਂ ਮਿਲੀ ਪਰ ਧੁੰਦਲੀ ਜਿਹੀ ਆਸ ਹੈ ਕਿ ਸ਼ਾਇਦ ਨਵੇਂ ਹਾਕਮ ਉਹਨਾਂ ਵਰਗੇ ਦੁੱਖਾਂ ਦੇ ਮਾਰਿਆਂ ਦੀ ਸੁਣਵਾਈ ਕਰਨ। ਪਿੰਡ ਸੂਚ ਦੇ ਕਿਸਾਨ ਮਿੱਠੂ ਸਿੰਘ ਤੇ ਲੱਖਾਂ ਦਾ ਕਰਜਾ ਹੈ। ਖੇਤੀ ਤੇ ਆਏ ਸੰਕਟ ਅਤੇ ਕੈਂਸਰ ਨੇ ਘਰ ਦੀਆਂ ਕੰਧਾਂ ਹਿਲਾ ਦਿੱਤੀਆਂ। ਪਤਨੀ ਸੁਖਦੇਵ ਕੌਰ ਨੂੰ ਕੈਂਸਰ ਕੀ ਹੋਇਆ ਗਹਿਣੇ ਤੱਕ ਵਿਕ ਗਏ। ਉੱਪਰੋਂ ਸ਼ਾਹੂਕਾਰਾਂ ਤੋਂ ਪੈਸੇ ਫੜਨੇ ਪਏ। ਦੁਖੀ ਮਨ ਨਾਲ ਮਿੱਠੂ ਸਿੰਘ ਆਖਦਾ ਹੈ ਕਿ ਲੱਖਾਂ ਯਤਨਾਂ ਦੇ ਬਾਵਜੂਦ ਕਰਜਾ ਤੇ ਬਿਮਾਰੀ ਦੋਵੇਂ ਵਧ ਰਹੇ ਹਨ ਪਰ ਸਾਡੇ ਕੋਲ ਹੱਥ ਮਲਣ ਤੋਂ ਸਿਵਾ ਕੋਈ ਚਾਰਾ ਨਹੀਂ ਰਿਹਾ। ਉਸ ਨੇ ਆਖਿਆ ਕਿ ਨਵੀਂ ਸਰਕਾਰ ਸਭ ਤੋਂ ਪਹਿਲਾਂ ਕੰਮ ਕੈਂਸਰ ਨਾਲ ਭੰਨਿਆ ਦਾ ਇਲਾਜ ਕਰਵਾਉਣ ਦਾ ਕਰੇ ਤਾਂ ਹੀ ਠੀਕ ਨਹੀਂ ਤਾਂ ਜਿਹੜੇ ਪੈਲੀ ਹੈ ਉਹ ਵੀ ਵਿਕ ਸਕਦੀ ਹੈ। 
ਪਿੰਡ ਭਾਗੀਵਾਂਦਰ ਦੇ ਗੁਰਦੇਵ ਸਿੰਘ ਦੇ ਟੱਬਰ ਨਾਲ ਤਾਂ ਜੱਗੋਂ ਤੇਰਵੀ ਹੋਈ ਹੈ। ਇਸ ਬਜੁਰਗ ਦੇ ਚਾਰੋਂ ਪੁੱਤਰਾਂ ਨੂੰ ਕੈਂਸਰ ਨੇ ਕੱਖੋਂ ਹੌਲੇ ਕਰ ਦਿੱਤਾ ਹੈ। ਇੱਕ ਪੁੱਤਰ ਨੂੰ ਅੱਖ ਦਾ ਕੈਂਸਰ ਹੈ ਜਦੋਂ ਕਿ 1 ਪੋਤਾ ਤੇ 2 ਪੋਤੀਆਂ ਵੀ ਕੈਂਸਰ ਦੀ ਮਾਰ ਹੇਠ ਆਏ ਹੋਏ ਹਨ। ਇਸ ਪ੍ਰੀਵਾਰ ਬਾਰੇ ਮਿਲੇ ਦਿਲ ਹਿਲਾ ਦੇਣ ਵਾਲੇ ਵੇਰਵਿਆਂ ਮੁਤਾਬਿਕ ਕੈਂਸਰ ਕਾਰਨ ਬੱਚਿਆਂ ਦੀ ਇੱਕ-ਇੱਕ ਅੱਖ ਕਢਵਾਉਣੀ ਪਈ ਹੈ। ਇਸ ਪ੍ਰੀਵਾਰ ਦੀ ਮਹਿਲਾ ਕੁਲਵੰਤ ਕੌਰ ਅਨੁਸਾਰ ਏਸ ਬਿਮਾਰੀ ਨੇ ਤਾਂ ਘਰ ਨੂੰ ਮੂਧਾ ਮਾਰ ਦਿੱਤਾ ਹੈ। ਕਿਸੇ ਨੇ ਵੀ ਕੋਈ ਸਹਾਰਾ ਨਹੀਂ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਇਕੱਲੇ ਇਸ ਪਿੰਡ 'ਚ ਪਿਛਲੇ ਨੌ ਵਰਿਆਂ ਦੌਰਾਨ ਦੋ ਦਰਜ਼ਨ ਦੇ ਕਰੀਬ ਮਰੀਜ ਕੈਂਸਰ ਦੀ ਲਪੇਟ 'ਚ ਆਏ ਹੋਏ ਹਨ। ਕਈ ਘਰ ਤਾਂ ਅਜਿਹੇ ਹਨ ਜਿੰਨਾਂ ਸਿਰ ਬਿਮਾਰੀ ਨੇ ਕਰਜਾ ਵੀ ਚਾੜ ਦਿੱਤਾ। ਨਾ ਇਹ ਪ੍ਰੀਵਾਰ ਕਰਜਾ ਮੋੜ ਸਕੇ ਤੇ ਨਾ ਹੀ ਆਪਣਾ ਜੀਅ ਬਚਾ ਸਕੇ ਹਨ। ਪਿੰਡ ਕੋਟਸ਼ਮੀਰ ਦੇ ਦੋ ਕਿਸਾਨ ਇਕਬਾਲ ਸਿੰਘ ਤੇ ਕਰਮਜੀਤ ਸਿੰਘ ਆਪਣੀ ਮਾਂ ਨੂੰ ਬਚਾਉਣ ਲਈ ਜਮੀਨ ਗੁਆ ਚੁੱਕੇ ਹਨ। ਉਹਨਾਂ ਦੱਸਿਆ ਕਿ ਮਾਂ ਦਾ ਇਲਾਜ ਕਰਵਾਉਣ ਲਈ ਸ਼ਾਹੂਕਾਰਾਂ ਤੋਂ ਕਰਜਾ ਚੁੱਕਦੇ ਰਹੇ ਜਦੋਂ 7 ਲੱਖ ਤੋਂ ਵੀ ਵੱਧ ਕਰਜਾ ਨਾ ਮੋੜਿਆ ਗਿਆ ਤਾਂ ਜਮੀਨ ਗਹਿਣੇ ਕਰਨੀ ਪਈ। ਹੁਣ ਇਹਨਾਂ ਨੂੰ ਸਰਕਾਰੀ ਸਹਾਇਤਾ ਦੀ ਝਾਕ ਹੈ। ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਦੀ ਕਹਾਣੀ ਵੀ ਕੋਈ ਵੱਖਰੀ ਨਹੀਂ ਹੈ। ਪਿਛਲੇ 10 ਸਾਲਾਂ ਦੌਰਾਨ 4 ਦਰਜ਼ਨ ਤੋਂ ਵੀ ਜਿਆਦਾ ਵਿਅਕਤੀ ਕੈਂਸਰ ਦਾ ਸ਼ਿਕਾਰ ਹੋ ਗਏ ਜਿੰਨਾਂ ਵਿੱਚੋਂ 2 ਦਰਜ਼ਨ ਦੀ ਤਾਂ ਮੌਤ ਵੀ ਹੋ ਗਈ। ਇਸ ਪਿੰਡ ਦੇ ਬੱਚੇ ਤੋਂ ਲੈ ਕੇ ਬੁੱਢਿਆਂ ਨੂੰ ਕੈਂਸਰ ਦੀ ਮਾਰ ਝੱਲਣੀ ਪੈ ਰਹੀ ਹੈ। ਪੱਕਾ ਕਲਾਂ ਦੀ ਇੱਕ ਗਲੀ ਅਜਿਹੀ ਵੀ ਹੈ ਜਿੱਥੇ 7 ਘਰਾਂ 'ਚ ਕੈਂਸਰ ਦੇ ਮਰੀਜ ਹਨ। ਪਿੰਡ ਭੋਖੜਾ ਦੀ ਮਹਿਲਾ ਕਰਮਜੀਤ ਕੌਰ ਦੀ ਤਾਂ ਕੈਂਸਰ ਕਾਰਨ ਲੱਤ ਕੱਟਣੀ ਪਈ ਹੈ। ਉਸ ਨੇ ਦੱਸਿਆ ਕਿ ਲਗਭਗ 4 ਲੱਖ ਇਲਾਜ ਤੇ ਲੱਗ ਚੁੱਕਾ ਹੈ ਕੱਲ ਨੂੰ ਕੀ ਹੋਵੇਗਾ ਕੁੱਝ ਪਤਾ ਨਹੀਂ ਹੈ। 
ਇਹ ਚੰਦ ਕੁ ਮਿਸਾਲਾਂ ਹਨ ਜਦੋਂ ਕਿ ਮਾਲਵਾ ਪੱਟੀ ਦੇ ਸੈਂਕੜੇ ਪਿੰਡਾਂ ਦੀ ਕਹਾਣੀ ਇਹੋ ਜਿਹੀ ਹੈ ਜਿੱਥੇ ਪਿਛਲੇ 20 ਵਰਿਆਂ ਤੋਂ ਕੈਂਸਰ ਦਾ ਪਸਾਰਾ ਵਧ ਰਿਹਾ ਹੈ। ਜ਼ਿਲ੍ਹਾ ਬਠਿੰਡਾ ਦੇ ਦੋ ਦਰਜ਼ਨ ਪਿੰਡ ਤਾਂ ਇਹੋ ਜਿਹੇ ਹਨ ਜਿੱਥੇ ਕੈਂਸਰ ਦੀ ਬਿਮਾਰੀ ਕਾਰਨ ਵੱਧ ਮਾਰ ਪਈ ਹੈ। ਪੀੜਤ ਪ੍ਰੀਵਾਰਾਂ ਦਾ ਕਹਿਣਾ ਸੀ ਕਿ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਕਿਸੇ ਨੇ ਉਹਨਾਂ ਦਾ ਦੁੱਖ ਨਹੀਂ ਸੁਣਿਆ। ਉਹਨਾਂ ਆਖਿਆ ਕਿ ਨਵੀਂ ਸਰਕਾਰ ਦੁੱਖਾਂ ਤੇ ਮੱਲ੍ਹਮ ਲਾਵੇ ਇਹੋ ਆਸ ਹੈ ਨਹੀਂ ਤਾਂ ਕੈਂਸਰ ਪਹਿਲਾਂ ਵੀ ਮੌਤਾਂ ਵੰਡਦਾ ਆ ਰਿਹਾ ਹੈ ਤੇ ਭਵਿੱਖ 'ਚ ਵੀ ਵੰਡਦਾ ਰਹੇਗਾ।

ਸਾਡੀ ਵਾਰੀ ਆਈ ਪਤੀਲੀ ਖੜਕੇ-ਐਡਵੋਕੇਟ ਬਾਂਸਲ

ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਲਾਲ ਬਾਂਸਲ ਝੰਡੂਕੇ ਵਾਲਿਆਂ ਦਾ ਕਹਿਣਾ ਸੀ ਕਿ ਸਰਕਾਰਾਂ ਕੈਂਸਰ ਦੇ ਮਰੀਜਾਂ ਲਈ ਦਰਿਆਦਿਲੀ ਦਿਖਾਉਂਦੀਆਂ ਤਾਂ ਹਜ਼ਾਰਾਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ।  ਉਹਨਾਂ ਆਖਿਆ ਕਿ ਹਾਕਮ ਹੋਰ ਕਈ ਕੰਮ ਹਨ ਜਿੱਥੇ ਫਜੂਲ ਖਰਚੀ ਕਰਦੇ ਰਹਿੰਦੇ ਹਨ ਪਰ ਕੈਂਸਰ ਦੇ ਇਲਾਜ ਜਾਂ ਸਹਾਇਤਾ ਲਈ ਖਜਾਨਾ ਖਾਲੀ ਹੋ ਜਾਂਦਾ ਹੈ ਜਿਸ ਕਰਕੇ ਇਹ ਲੋਕ ਨਰਕ ਭੋਗਣ ਲਈ ਮਜਬੂਰ ਹਨ। ਸ੍ਰੀ ਬਾਂਸਲ ਨੇ ਆਖਿਆ ਕਿ ਨਵੀਂ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਕੈਂਸਰ ਦੇ ਇਲਾਜ ਲਈ ਹਸਪਤਾਲ ਅਤੇ ਪੀੜਤ ਪ੍ਰੀਵਾਰਾਂ ਲਈ ਦਿਲ ਖੋਲ ਕੇ ਫੰਡ ਜਾਰੀ ਕਰਨੇ ਹੋਣਗੇ ਤਾਂ ਹੀ ਇਹਨਾਂ ਦਾ ਮੁੜ ਵਸੇਬਾ ਹੋ ਸਕੇਗਾ

Tuesday, 7 February 2012

ਬੇਕਾਰੀ ਅਤੇ ਮਾੜੀ ਸਿਹਤ ਦੇ ਭੰਨੇ ਪੰਜਾਬੀ ਮੁੰਡਿਆਂ ਲਈ ਫੌਜ ਦੇ ਬੂਹੇ ਬੰਦ

ਬਠਿੰਡਾ, ਅਸ਼ੋਕ ਵਰਮਾ

ਬੇਕਾਰੀ ਅਤੇ ਮਾੜੀ ਸਿਹਤ ਦੇ ਭੰਨੇ ਪੰਜਾਬੀ ਮੁੰਡਿਆਂ ਲਈ ਫੌਜ ਦੇ ਬੂਹੇ ਬੰਦ ਹੁੰਦੇ ਜਾ ਰਹੇ ਹਨ। ਆਪਣੇ ਕੱਦ ਕਾਠ ਦੇ ਚੱਲਦਿਆਂ ਅੰਗਰੇਜਾਂ ਦੀ ਪਹਿਲੀ ਪਸੰਦ ਰਹੇ ਇਹਨਾਂ ਗੱਭਰੁਆਂ ਦੀਆਂ ਨਾਂ ਤਾਂ ਹੁਣ ਚੌੜੀਆਂ ਛਾਤੀਆਂ ਰਹੀਆਂ ਹਨ ਤੇ ਲੰਬੇ ਕੱਦਾਂ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਰੋਜ਼ਾਨਾ ਦੀ ਵਰਜਿਸ਼ ਅਤੇ ਭੋਜਨ 'ਚ ਪਏ ਫਰਕ ਦੇ ਨਾਲ ਨਾਲ ਨਸ਼ੇ ਦੀ ਆਦਤ ਨੇ ਇਹੋ ਜਿਹੇ ਹਾਲਤ ਪੈਦਾ ਕਰ ਦਿੱਤੇ ਹਨ ਕਿ 78 ਫੀਸਦੀ ਤੋਂ ਵੀ ਵੱਧ ਨੌਜਵਾਨ ਫੌਜ 'ਚ ਭਰਤੀ ਦੇ ਲਾਇਕ ਨਹੀਂ ਰਹੇ। ਬਠਿੰਡਾ ਵਿਖੇ ਫਿਰੋਜਪੁਰ, ਬਠਿੰਡਾ, ਫਾਜ਼ਿਲਕਾ ਅਤੇ ਮੁਕਤਸਰ ਵਿਖੇ ਚੱਲ ਰਹੀ ਭਰਤੀ ਰੈਲੀ ਚੋਂ ਬਾਹਰ ਹੋ ਰਹੇ ਨੌਜੁਆਨਾਂ ਨੂੰ ਦੇਖਦਿਆਂ ਤਾਂ ਅਜਿਹਾ ਹੀ ਲੱਗਦਾ ਹੈ ਕਿ ਨਵੀਂ ਪਨੀਰੀ ਦੀ ਸਿਹਤ ਨੂੰ ਖੋਰਾ ਲੱਗ ਗਿਆ ਹੈ। ਇਸ ਮੌਕੇ ਭਰਤੀ ਹੋਣ ਲਈ ਆਏ ਮੁੰਡਿਆਂ ਦਾ ਹੜ੍ਹ ਹੀ ਆਇਆ ਹੋਇਆ ਸੀ। ਜ਼ਿਆਦਾਤਰ ਮੁੰਡੇ 400 ਮੀਟਰ ਦੇ 4 ਚੱਕਰ ਪੂਰੇ ਨਹੀਂ ਕਰ ਪਾਏ ਸਗੋਂ ਪਹਿਲੇ ਦੂਜੇ ਗੇੜੇ 'ਚ ਹੀ ਟਰੈਕ ਤੋਂ ਬਾਹਰ ਹੁੰਦੇ ਰਹੇ। ਚੌਥਾ ਚੱਕਰ ਪੂਰਾ ਕਰਨ ਵਾਲਿਆਂ ਦੀ ਗਿਣਤੀ ਕਦੇ ਵੀ 8-9 ਤੋਂ ਉੱਪਰ ਨਹੀਂ ਗਈ। ਬਠਿੰਡਾ ਵਿਖੇ ਚੱਲ ਰਹੀ ਭਰਤੀ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਰਿਕਰੂਟਿੰਗ ਜੋਨ ਦੇ ਡਾਇਰੈਕਟਰ ਸੰਜੀਵ ਸਿਰੋਹੀ ਨੇ ਦੱਸਿਆ ਕਿ ਜਿਹੜੇ ਲੜਕੇ ਦੌਰ ਪੂਰੀ ਕਰ ਲੈਂਦੇ ਹਨ ਉਹ ਅਕਸਰ ਹੀ ਭਰਤੀ ਹੋ ਜਾਂਦੇ ਹਨ ਕਿਉਂਕਿ ਬਾਕੀ ਕਸਰਤਾਂ 'ਚ ਨਿੱਕਲਣ ਦੀ ਸੰਭਾਵਨਾ ਘੱਟ ਹੁੰਦੀ ਹੈ ਇਹ ਅਲਿਹਦਾ ਗੱਲ ਹੈ ਕਿ ਸਰਟੀਫਿਕੇਟਾਂ ਦੀ ਜਾਂਚ ਜਾਂ ਫਿਰ ਲਿਖਤੀ ਪ੍ਰੀਖਿਆ ਵੇਲੇ ਕਈ ਉਮੀਦਵਾਰ ਬਾਹਰ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਭਾਰਤੀ ਫੌਜ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੁੰਦੀ ਹੈ ਜੋ ਕਿ ਦੇਸ਼ ਦੀ ਰਾਖੀ ਲਈ ਸਮਰੱਥ ਹੋਣ ਇਸ ਲਈ ਪ੍ਰਸ਼ਾਸ਼ਨ ਨੂੰ ਸਮੇਂ-ਸਮੇਂ ਤੇ ਸਿਖਲਾਈ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਹਨਾਂ ਮੰਨਿਆ ਕਿ ਜੇਕਰ ਮੁੰਡੇ ਤਿੰਨ ਕੁ ਮਹੀਨੇ ਢੰਗ ਨਾਲ ਮਿਹਨਤ ਅਤੇ ਖੁਰਾਕ ਦਾ ਖਿਆਲ ਰੱਖ ਲੈਣ ਤਾਂ ਫੌਜ ਭਰਤੀ ਲਈ ਕਰਵਾਏ ਜਾਂਦੇ ਮੁਕਾਬਲੇ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਸ਼੍ਰੀ ਸਿਰੋਹੀ ਅਨੁਸਾਰ ਇਸ ਰੈਲੀ 'ਚ 22 ਤੋਂ 23 ਹਜ਼ਾਰ ਮੁੰਡਿਆਂ ਦੇ ਪੁੱਜਣ ਦੀ ਸੰਭਾਵਨਾ ਹੈ ਜਿੰਨਾਂ ਚੋਂ ਸ਼ਾਰਟਲਿਸਟ ਕੀਤੇ ਵਿਅਕਤੀਆਂ ਦੀ ਕੌਮੀ ਪੱਧਰ 'ਤੇ ਸਾਂਝੀ ਸਿਖਤੀ ਪ੍ਰੀਖਿਆ ਹੋਵੇਗੀ। 

ਇੱਕ ਵੱਖਰੀ ਜਾਣਕਾਰੀ ਅਨੁਸਾਰ 1971 ਭਾਰਤ-ਪਾਕ ਯੁੱਧ ਤੋਂ ਫੌਰਨ ਬਾਅਦ 60 ਫੀਸਦੀ ਪੰਜਾਬੀ ਫੌਜ 'ਚ ਭਰਤੀ ਲਈ ਫਿੱਟ ਹੁੰਦੇ ਸਨ ਜੋ ਕਿ 1980 ਤੱਕ ਘਟ ਕੇ 40 ਫੀਸਦੀ ਅਤੇ 2011 ਤੱਕ ਪੁੱਜਦਿਆਂ ਇਹ ਅੰਕੜਾ 22 ਫੀਸਦੀ ਦੇ ਕਰੀਬ ਰਹਿ ਗਿਆ ਹੈ। 70ਵਿਆਂ ਦੇ ਨੌਜਵਾਨਾਂ ਤੇ ਹੁਣ ਦਿਆਂ ਚ ਇੱਕ ਫਰਕ ਇਹ ਵੀ ਹੈ ਕਿ ਉਸ ਵੇਲੇ ਕਿਧਰੇ ਜਾਣ ਸਮੇਂ ਸਾਇਕਲ ਮੰਗਿਆ ਜਾਂਦਾ ਸੀ ਪਰ ਹੁਣ ਤਾਂ ਮੋਟਰਸਾਇਕਲ ਤੋਂ ਬਗੈਰ ਮੁੰਡੇ ਪੈਰ ਨਹੀਂ ਧਰਦੇ। ਇਹੋ ਹੀ ਨਹੀਂ ਉਹਨਾਂ ਦਿਨਾਂ 'ਚ 10-15 ਕਿਲੋਮੀਟਰ ਤੱਕ ਲੋਕ ਪੈਦਲ ਚਲੇ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਰਿਹਾ ਤੇ ਨਾਂ ਹੀ ਪਹਿਲਾਂ ਵਰਗੀਆਂ ਪੇਂਡੂ ਖੇਡਾਂ ਰਹੀਆਂ ਹਨ। ਇਹਨਾਂ ਸਾਰੇ ਕਾਰਨਾਂ ਨੂੰ ਗਹੁ ਨਾਲ ਵਾਚੀਏ ਤਾਂ ਫਿਟਨੈੱਸ ਘਟਣ ਦਾ ਵੱਡਾ ਕਾਰਨ ਇਹ ਵੀ ਹਨ। ਕਰਨਲ ਸਿਰੋਹੀ ਦਾ ਇਸ ਬਾਰੇ ਕਹਿਣਾ ਸੀ ਕਿ ਜਿੰਨੇ ਲੋਕਾਂ ਦੀ ਜਰੂਰਤ ਹੁੰਦੀ ਹੈ ਓਨੇ ਹਾਸਲ ਹੋ ਜਾਂਦੇ ਹਨ ਪਰ ਇਹ ਵੀ ਅਸਲੀਅਤ ਹੈ ਕਿ ਗੱਭਰੂਆਂ ਦੀ ਸਿਹਤ ਪਹਿਲਾਂ ਵਾਲੀ ਨਹੀਂ ਰਹੀ। ਉਹਨਾਂ ਆਖਿਆ ਕਿ ਭਾਰਤੀ ਫੌਜ ਦੀ ਸੇਵਾ ਇੱਕ ਨੇਕ ਕਾਰਜ ਅਤੇ ਰੁਜ਼ਗਾਰ ਪ੍ਰਾਪਤੀ ਹੈ ਇਸ ਲਈ ਇਮਾਨਦਾਰੀ ਨਾਲ ਮਿਲਣ ਵਾਲੀ ਇਸ ਨੌਕਰੀ ਲਈ ਯੋਗ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਨੌਜਵਾਨਾਂ ਦੀ ਵਧੇਰੇ ਗਿਣਤੀ 'ਚ ਸ਼ਮੂਲੀਅਤ ਸਬੰਧੀ ਟਿੱਪਣੀ ਕਰਦਿਆਂ ਫੌਜ ਦੇ ਇਸ ਉੱਚ ਅਧਿਕਾਰੀ ਨੇ ਆਖਿਆ ਕਿ ਬੇਸ਼ਕ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਹੈ ਪਰ ਉੱਤਰੀ ਸੂਬਿਆਂ 'ਚ ਫੌਜ ਪ੍ਰਤੀ ਖਿੱਚ ਅਤੇ ਦੇਸ਼ਭਗਤੀ ਦੀ ਭਾਵਨਾ ਵੀ ਹੈ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਮੁੱਚੀ ਪ੍ਰਕਿਰਿਆ ਪੂਰੀ ਹੋਣ ਤੋਂ ਪਿੱਛੋਂ 26 ਫਰਵਰੀ ਨੂੰ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਇਸ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਨਿਯੁਕਤੀਆਂ ਕੀਤੀਆਂ ਜਾਂਣਗੀਆਂ।

ਤਿਆਗਣਾ ਪਵੇਗਾ ਦਿਖਾਵਾ-ਪ੍ਰਗਟ ਸਿੰਘ


ਪੰਜਾਬ ਖੇਡ ਵਿਭਾਗ ਦੇ ਸਾਬਕਾ ਡਾਇਰੈਕਟਰ ਅਤੇ ਉਲੰਪੀਅਨ ਪਦਮ ਸ਼੍ਰੀ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਪੰਜਾਬੀਆਂ ਦੇ ਜੁੱਸੇ ਨੂੰ ਨਸ਼ੀਲੇ ਪਦਾਰਥਾਂ ਖਾਸ ਤੌਰ ਤੇ ਸ਼ਰਾਬ ਨੇ ਡਾਢੀ ਸੱਟ ਮਾਰੀ ਹੈ। ਉਹਨਾਂ ਆਖਿਆ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਸ਼ਰਾਬ ਨੂੰ ਸਟੇਟਸ ਸਿੰਬਲ ਵਜੋਂ ਮਾਨਤਾ ਮਿਲੀ ਹੈ ਅਤੇ ਕੋਈ ਮਨ੍ਹਾ ਕਰਨ ਵਾਲਾ ਵੀ ਨਹੀਂ ਰਿਹਾ। ਸ਼੍ਰੀ ਸਿੰਘ ਨੇ ਜੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਦਿਖਾਵਾ ਤਿਆਗਣਾ  ਅਤੇ ਆਪਣੀ ਜੁੰਮੇਵਾਰੀ ਸਮਝਣੀ ਪਵੇਗੀ ਨਹੀਂ ਤਾਂ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ।

Monday, 6 February 2012

ਚੋਣ ਕਮਿਸ਼ਨ 'ਚ ਨਿਯੁਕਤ ਮਹਿਲਾ ਅਧਿਕਾਰੀਆਂ ਦੀ ਬਦੌਲਤ ਨਿਰਪੱਖ ਹੋਈਆਂ ਚੋਣਾਂ

ਬਠਿੰਡਾ, ਅਸ਼ੋਕ ਵਰਮਾ 
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਔਰਤ ਨੂੰ ਉੱਚ ਦਾ ਦਰਜਾ ਦਿੱਤੇ ਜਾਣ ਦੀ ਗਵਾਹ ਪੰਜਾਬ ਦੀ ਧਰਤੀ ਤੇ ਭਾਵੇਂ ਸਿਆਸਤਦਾਨਾਂ ਨੇ ਮੌਜੂਦਾ ਚੋਣਾਂ ਦੌਰਾਨ ਮਹਿਲਾਵਾਂ ਨੂੰ ਰਾਜਨੀਤਿਕ ਤਾਕਤ ਦੇਣ ਦੇ ਮਾਮਲੇ 'ਚ ਕੰਜੂਸੀ ਵਰਤੀ ਹੋਵੇ ਪਰ ਅਸਲੀਅਤ ਇਹ ਵੀ ਹੈ ਕਿ ਪੰਜਾਬ ਚੋਣ ਕਮਿਸ਼ਨ 'ਚ ਚੋਣਾਂ ਕਰਵਾਉਣ ਲਈ ਨਿਯੁਕਤ ਕੀਤੀਆਂ ਔਰਤਾਂ ਅਧਿਕਾਰੀਆਂ ਨੇ ਚੋਣ ਜਾਬਤੇ ਨੂੰ ਸਹੀ ਅਰਥਾਂ 'ਚ ਲਾਗੂ ਕਰਦਿਆਂ ਖੱਬੀਖਾਨ ਸਿਆਸਤਦਾਨਾਂ ਅਤੇ ਅਫਸਰਾਂ ਤੋਂ ਨੇਤਾ ਬਣੇ ਵਿਅਕਤੀਆਂ ਨੂੰ ਚੋਣਾਂ ਦੌਰਾਨ ਵਾਹਣੀ ਪਾਈ ਰੱਖਿਆ ਜਿਸ ਦੇ ਸਿੱਟੇ ਵਜੋਂ ਰਾਜ ਵਿੱਚ ਵਿਧਾਨ ਸਭਾ ਚੋਣਾਂ ਪੂਰੀ ਤਰਾਂ ਨਿਰਪੱਖ ਅਤੇ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨਪੂਰਵਕ ਹੋਈਆਂ। ਇਸਦਾ ਇਹ ਵੀ ਮਤਲਬ ਨਹੀਂ ਹੈ ਕਿ ਪੁਰਸ਼ ਅਫਸਰ ਆਪਣੀ ਜਿੰਮੇਵਾਰੀ ਨਿਭਾਉਣ 'ਚ ਪਿੱਛੇ ਰਹੇ ਪਰ ਜਿਸ ਢੰਗ ਨਾਲ ਤਾਜਾ ਵਿਧਾਨ ਸਭਾ ਚੋਣਾਂ ਦੌਰਾਨ ਇਹਨਾਂ ਦੋ ਮਹਿਲਾ ਅਧਿਕਾਰੀਆਂ ਮੁੱਖ ਚੋਣ ਅਫਸਰ ਕੁਮਾਰੀ ਕੁਸਮਜੀਤ ਸਿੱਧੂ ਅਤੇ ਵਿਸ਼ੇਸ਼ ਚੋਣ ਅਫਸਰ ਸ੍ਰੀਮਤੀ ਊਸ਼ਾ ਆਰ ਸ਼ਰਮਾ ਨੇ ਜੋ ਨਤੀਜੇ ਦਿਖਾਈ ਹਨ ਉਸਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ। ਨਵੇਂ ਵਰ੍ਹੇ ਦੇ ਚੜਨ ਤੋਂ ਪਹਿਲਾਂ ਦੀਆਂ ਕੁੱਝ ਮਹੱਤਵਪੂਰਨ ਘਟਨਾਵਾਂ ਤੇ ਨਜਰ ਮਾਰੀਏ ਤਾਂ ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਵੱਲੋਂ ਆਪਣੇ ਹਲਕੇ 'ਚ ਲਾਏ ਚਹੇਤੇ ਡੇਢ ਦਰਜਨ ਤੋਂ ਵੀ ਵਧੇਰੇ ਪੁਲਿਸ ਮੁਲਾਜਮਾਂ ਨੂੰ ਜ਼ਿਲ੍ਹੇ ਤੋਂ ਨਾ ਕੇਵਲ ਬਾਹਰ ਦੀ ਬਦਲੀ ਕਰ ਦਿੱਤੀ ਬਲਕਿ ਇੱਕ ਅਧਿਕਾਰੀ ਨੂੰ ਖਾਸ ਤੌਰ 'ਤੇ ਅਬਜਰਵਰ (ਪੁਲਿਸ) ਤਾਇਨਾਤ ਕਰਨਾ ਵੱਡੀ ਘਟਨਾ ਵਜੋਂ ਦਰਜ਼ ਕੀਤਾ ਗਿਆ। ਗੌਰਤਲਬ ਹੈ ਕਿ ਸ੍ਰੀ ਗਿੱਲ ਨੇ ਆਪਣੀਆਂ ਰਾਜਸੀ ਇਛਾਵਾਂ ਦੀ ਪੂਰਤੀ ਦੇ ਮਕਸਦ ਨੂੰ ਦੇਖਦਿਆਂ ਅਗਾਊ ਪੇਸ਼ਬੰਦੀ ਵਜੋਂ ਕੁੱਝ ਪੁਲਿਸ ਮੁਲਾਜਮਾਂ ਦੇ ਲੋਕਲ ਰੈਂਕ ਵਧਾਏ ਸਨ। ਰਾਜ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਹਲਕਾ ਫਿਰੋਜ਼ਪੁਰ ਦੇ ਰਿਜਰਵ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਮੌੜ ਹਲਕੇ ਤੋਂ ਚੋਣ ਲੜਨ ਦੇ ਐਲਾਨ ਉਪਰੰਤ ਆਪਣੇ ਨਾਲ ਲਿਆਂਦੇ ਕੁੱਝ ਥਾਣੇਦਾਰਾਂ ਦਾ ਤਬਾਦਲਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਨੋਟਿਸ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ਼ਰਦ ਸੱਤਿਆ ਚੌਹਾਨ ਤੋਂ ਇਲਾਵਾ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਅਤੇ ਚੋਣਾਂ ਤੋਂ ਐਨ ਪਹਿਲਾਂ ਸਰਕਾਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਵਰਗੀ ਮਹੱਤਵਪੂਰਨ ਅਸਾਮੀ ਤੇ ਆਈ. ਪੀ. ਐਸ. ਅਧਿਕਾਰੀਆਂ ਦੀ ਬਜਾਏ ਪੰਜਾਬ ਪੁਲਿਸ ਸੇਵਾ (ਪੀ. ਪੀ. ਐਸ.) ਵਾਲੇ ਅਫਸਰਾਂ ਦੀਆਂ ਕੀਤੀਆਂ ਗਈਆਂ। ਨਿਯੁਕਤੀਆਂ ਤੇ ਹੋਰ ਵੀ ਸਖਤੀ ਵਰਤਦਿਆਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਵੀ ਮਹੱਤਵਪੂਰਨ ਮੰਨਿਆ ਜਾ ਸਕਦਾ ਹੈ ਇਸ ਨਾਲ ਸੱਤਾਧਾਰੀ ਧਿਰਾਂ ਵੱਲੋਂ ਚੋਣਾਂ ਦੌਰਾਨ ਲਾਹਾ ਲੈਣ ਦੀ ਸਕੀਮ ਧਰੀ ਧਰਾਈ ਰਹਿ ਗਈ। 
ਇਹਨਾਂ ਮਹਿਲਾ ਅਫਸਰਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਕਮਾਨ ਸੰਭਾਲਣ ਤੋਂ ਬਾਅਦ ਇਸ ਚੋਣ ਅਮਲ ਨੂੰ ਨਿਰਪੱਖਤਾ ਨਾਲ ਨੇਪਰੇ ਚਾੜਨ ਲਈ ਦਿਖਾਈ ਬੇਹੱਦ ਗੰਭੀਰਤਾ ਦਾ ਹੀ ਸਿੱਟਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਸਮੇਤ ਲਗਭਗ 1 ਦਰਜ਼ਨ ਰਿਟਰਨਿੰਗ ਅਫਸਰਾਂ ਨੂੰ ਬਦਲ ਦਿੱਤਾ ਗਿਆ। ਇੱਥੇ ਇਹ ਵੀ ਦਿਲਚਸਪੀ ਵਾਲੇ ਤੱਥ ਦਾ ਜਿਕਰ ਕਰਨਾ ਲਾਜਮੀ ਬਣਦਾ ਹੈ ਕਿ ਆਪਣੇ ਰਾਜਨੀਤਿਕ ਆਕਾਵਾਂ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਕਰਨ ਤੋਂ ਨਾਕਾਮ ਦਿਖਾਈ ਦਿੰਦੇ ਅਫਸਰਾਂ ਵੱਲੋਂ ਬਿਮਾਰੀ ਦੇ ਬਹਾਨੇ ਛੁੱਟੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੇਖਦਿਆਂ ਕਮਿਸ਼ਨ ਵੱਲੋਂ ਉਹਨਾਂ ਦੀ ਕਥਨੀ ਨੂੰ ਪਰਖਣ ਲਈ ਮੈਡੀਕਲ ਬੋਰਡ ਅੱਗੇ ਪੇਸ਼ ਕਰਨ ਦੇ ਦਿੱਤੇ ਗਏ ਆਦੇਸ਼ ਵੀ ਇਸ ਗੱਲ ਦੇ ਗਵਾਹ ਹਨ ਕਿ ਪੱਖਪਾਤੀ ਭੂਮਿਕਾ ਨਿਭਾਉਣ ਵਾਲੇ ਅਫਸਰ ਖਾਸ ਤੌਰ ਤੇ ਕਮਿਸ਼ਨ ਦੇ ਨਿਸ਼ਾਨੇ ਤੇ ਹਨ ਜਿਸ ਤੋਂ ਜਾਪਦਾ ਹੈ ਕਿ ਆਮ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਦੇਸ਼ ਅਜ਼ਾਦ ਹੋਣ ਤੋਂ ਬਾਅਦ ਕਾਫੀ ਗਿਣਤੀ ਚੋਣਾਂ ਹੋਈਆਂ ਜਿੰਨਾਂ 'ਚ ਵੋਟਰਾਂ ਨੂੰ ਸ਼ਰਾਬ ਪਰੋਸਣ ਅਤੇ ਵੋਟਾਂ ਖ੍ਰੀਦਣ ਲਈ ਨਕਦ ਰਾਸ਼ੀ ਵੰਡਣ ਤੇ ਪਾਬੰਦੀ ਲਾਉਣ ਦੀਆ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪ੍ਰੰਤੂ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਰਾਜ 'ਚ ਸ਼ਰਾਬ ਦੀਆਂ ਫੈਕਟਰੀਆਂ ਤੇ ਕਲੋਜ ਸਰਕਟ ਟੀਵੀ ਕੈਮਰੇ ਫਿੱਟ ਕਰਕੇ ਸ਼ਰਾਬ ਬਾਹਰ ਭੇਜਣ ਦੀ ਮੋਨੀਟਰਿੰਗ ਕਰਨ ਸਬੰਧੀ ਦਿੱਤੇ ਨਿਰਦੇਸ਼ਾਂ ਨੂੰ ਨਾ ਕੇਵਲ ਲਾਗੂ ਕਰਵਾਇਆ ਬਲਕਿ ਇਹਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ। ਪੰਜਾਬ ਚੋਣ ਕਮਿਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਰਾਬ ਵਿਰੋਧੀ ਸਮਾਜ ਸੇਵੀ ਸੰਸਥਾਵਾਂ ਇੱਥੋਂ ਤੱਕ ਕਿ ਨਿਰੋਲ ਪੇਂਡੂ ਔਰਤਾਂ ਨੇ ਸ਼ਲਾਘਾ ਕੀਤੀ ਹੈ ਕਿਉਂਕਿ ਇਹ ਉਹ ਮਸਲਾ ਹੈ ਜਿਸਦਾ ਸਿੱਧਾ ਅਸਰ ਪ੍ਰੀਵਾਰਾਂ 'ਤੇ ਪੈਂਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛੋਕੜ 'ਚ ਸ਼ਿਕਾਇਤ ਕਰਨ 'ਚ ਵਿਰੋਧੀ ਧਿਰ ਹੀ ਮੋਹਰੀ ਹੁੰਦੀ ਸੀ ਪਰ ਇਸ ਵਾਰ ਸੱਤਾ ਪੱਖ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਵੀ ਕਮਿਸ਼ਨ ਨੇ ਨੋਟਿਸ ਲਿਆ। ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਦੀਆਂ ਇਹਨਾਂ ਮਹਿਲਾ ਅਧਿਕਾਰੀਆਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਤਾਂ ਕਿ ਉਹਨਾਂ ਦੀ ਨਿਰਪੱਖਤਾ ਤੇ ਉਂਗਲ ਨਾ ਉੱਠ ਸਕੇ।
ਉੱਧਰ ਵੱਖ-ਵੱਖ ਵਰਗਾਂ ਨਾਲ ਸਬੰਧਿਤ ਸਮਾਜ ਸੇਵੀ ਮਹਿਲਾ ਆਗੂਆਂ ਦਾ ਕਹਿਣਾ ਸੀ ਕਿ ਔਰਤਾਂ ਨੂੰ ਜਿੱਥੇ ਵੀ ਮੌਕਾ ਮਿਲਿਆ ਹੈ ਉਹਨਾ ਨੇ ਨਤੀਜੇ ਦਿਖਾਏ ਹਨ ਤੇ ਚੋਣਾਂ ਕੋਈ ਅਲੋਕਾਰੀ ਗੱਲ ਨਹੀਂ ਹੈ। ਔਰਤ ਨੇ ਕੇਵਲ ਪ੍ਰਸ਼ਾਸ਼ਕੀ ਹੀ ਨਹੀਂ ਹੋਰ ਵੀ ਖੇਤਰਾਂ 'ਚ ਆਪਣੇ ਆਪ ਨੂੰ ਸਿਰਮੌਰ ਸਿੱਧ ਕੀਤਾ ਹੈ।