Sunday, 25 December 2011

ਸਿਆਸੀ ਸਰਗਰਮੀਆਂ ਅਤੇ ਸੰਘਰਸ਼ ਭਰਪੂਰ ਰਿਹਾ ਸਾਲ 2011

ਬਠਿੰਡਾ, ਅਸ਼ੋਕ ਵਰਮਾ
ਹੁਣ ਜਦੋਂ ਸਾਲ 2011 ਵਕਤ ਦੀ ਗਰਦਿਸ਼ 'ਚ ਗੁੰਮ ਹੋਣ ਵੱਲ ਨੂੰ ਹੈ ਤਾਂ ਇਸ ਵਰ•ੇ ਦੌਰਾਨ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਪਿੜ 'ਚ ਵਾਪਰੀਆਂ ਕਈ ਮਹੱਤਵਪੂਰਨ ਘਟਨਾਵਾਂ ਲੋਕਾਂ ਦੇ ਮਨਾਂ ਤੇ ਉੱਕਰੀਆਂ ਰਹਿਣਗੀਆਂ। ਇਹਨਾਂ 12 ਮਹੀਨਿਆਂ ਦੌਰਾਨ ਰਾਜ ਦੇ ਸਿਆਸੀ ਨਕਸ਼ੇ 'ਤੇ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲੀ ਮਾਲਵਾ ਪੱਟੀ ਦੀ ਰਾਜਨੀਤੀ ਨੇ ਤੇਜੀ ਫੜੀ ਦਾਸ ਅਤੇ ਪਾਸ਼ ਦੀ ਜੋੜੀ ਟੁੱਟਣ ਤੋਂ ਬਾਅਦ। ਇਸ ਸਾਲ ਦੋਵਾਂ ਰਾਜਸੀ ਪ੍ਰੀਵਾਰਾਂ ਨੇ ਇੱਕ ਦੂਜੇ ਤੇ ਤਿੱਖੇ ਸਿਆਸੀ ਹਮਲੇ ਕੀਤੇ। ਮਨਪ੍ਰੀਤ ਬਾਦਲ ਨੇ ਇੱਜਤ ਸੰਭਾਲ ਯਾਤਰਾ ਰਾਹੀਂ ਸ਼ਹੀਦਾਂ ਦੇ ਸੁਪਨਿਆਂ ਦੀ ਗੱਲ ਕਰਕੇ ਨਵੇਂ ਪੰਜਾਬ ਸਿਰਜਣ ਦਾ ਹੋਕਾ ਜਾਰੀ ਰੱਖਿਆ। ਫਲ ਤਾਇਆ ਜੀ ਵਾਲਾ ਮਿਲਦਾ ਹੈ ਜਾਂ ਨਹੀਂ ਇਹ ਤਾਂ 2012 ਦੀਆਂ ਚੋਣਾਂ ਹੀ ਦੱਸਣਗੀਆਂ ਮਿਹਨਤ ਤਾਏ ਵਾਂਗ ਹੀ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੀ 'ਪੰਜਾਬ ਬਚਾਓ ਯਾਤਰਾ' ਰਾਹੀਂ ਪੰਜਾਬ ਦੇ ਲੋਕਾਂ ਦੇ ਰੂਬਰੂ ਹੋਏ। ਚੋਣਾਂ ਸਿਰ ਤੇ ਦੇਖਕੇ ਹਾਕਮ ਧਿਰ ਨੇ ਸੰਗਤ ਦਰਸ਼ਨਾਂ ਦਾ ਰਸਤਾ ਤੇਜ਼ ਕੀਤਾ ਤਾਂ ਕਾਂਗਰਸੀਆਂ ਦੇ ਗੇੜਿਆਂ ਨੇ ਵੀ ਤੇਜੀ ਫੜੀ। ਬਾਦਲ ਪ੍ਰੀਵਾਰ ਦੀ ਇੱਕ ਹੋਰ ਨੂੰਹ ਅਤੇ ਪੀਪਲਜ ਪਾਰਟੀ ਦੇ ਪ੍ਰਧਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਧਰਮ ਪਤਨੀ ਵੀਨੂੰ ਬਾਦਲ ਵੀ ਸਿਆਸਤ ਦੇ ਖੇਤਰ 'ਚ ਕੁੱਦੀ। ਖੱਬੇ ਪੱਖੀਆਂ ਧਿਰਾਂ ਅਤੇ ਅਕਾਲੀ ਦਲ (ਲੌਂਗੋਵਾਲ) ਦੇ ਸਹਿਯੋਗ ਨਾਲ ਤੀਸਰੇ ਮੋਰਚੇ ਦੀ ਸੁਰਜੀਤੀ ਵੀ ਇਸ ਸਾਲ ਦੀ ਪ੍ਰਮੁੱਖ ਘਟਨਾ ਬਣੀ। ਮੁੱਖ ਮੰਤਰੀ ਪ੍ਰਕਾਸ਼ ੰਿਸਘ ਬਾਦਲ ਨੂੰ ਵਰਿ•ਆਂ ਬੱਧੀ ਛੱਜ 'ਚ ਪਾ ਕੇ ਛੱਟਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਆਪਣੀਆਂ ਸਿਆਸੀ ਮਜਬੂਰੀਆਂ ਤਹਿਤ ਲੋਕ ਭਲਾਈ ਪਾਰਟੀ ਦਾ 'ਭੋਗ' ਪਾ ਕੇ ਸ੍ਰੀ ਬਾਦਲ ਨਾਲ ਜਾ ਮਿਲੇ। ਸੂਬੇ ਦੀ ਸਿਆਸਤ ਦਾ ਨਾਸੂਰ ਬਣਿਆ ਦਲਬਦਲੀ ਦਾ ਅਮਲ ਵੀ ਇਸ ਸਾਲ ਜਾਰੀ ਰਿਹਾ। ਕਈ ਅਕਾਲੀਆਂ ਨੇ ਪੀਪਲਜ਼ ਪਾਰਟੀ ਦਾ ਰਾਹ ਫੜਿਆ ਤਾਂ ਕਈ ਵਾਪਿਸ ਪਰਤਦੇ ਵੀ ਦੇਖੇ ਗਏ। ਜਦੋਂ ਕਿ ਕੁੱਝ ਕਾਂਗਰਸੀ ਖੇਮੇ 'ਚ ਜਾ ਮਿਲੇ ਆਪਣੇ ਆਪ ਨੂੰ ਅਨੁਸ਼ਾਸ਼ਨਬੱਧ ਪਾਰਟੀ ਦਾ ਦਾਅਵਾ ਕਰਨ ਵਾਲੀ ਭਾਰਤੀ ਜੰਤਾ ਪਾਰਟੀ ਦੀ ਖਾਨਾਜੰਗੀ ਇਸ ਵਰ•ੇ ਚਰਮ ਸੀਮਾ ਤੇ ਜਾ ਪੁੱਜੀ। ਪਾਰਟੀ ਦੀ ਲੀਡਰਸ਼ਿਪ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਪ੍ਰਮੁੱਖ ਮੰਤਰੀਆਂ ਨੂੰ ਕੁਰਸੀ ਛੱਡਣ ਲਈ ਮਜਬੂਰ ਕੀਤਾ। ਪੰਜਾਬ ਦੇ ਨਕਸ਼ੇ ਤੇ ਦੋ ਨਵੇਂ ਜ਼ਿਲਿ•ਆਂ ਫਾਜਿਲਕਾ ਅਤੇ ਗੁਰਦਾਸਪੁਰ ਦਾ ਉਦੈ ਹੋਇਆ ਤਾਂ ਇਹਨਾਂ ਦੇ ਗਠਨ ਲਈ ਭਾਜਪਾ ਵਿਧਾਇਕ ਸੁਰਜੀਤ ਕੁਮਾਰ ਜਿਆਨੀ ਵੱਲੋਂ ਰੱਖਿਆ ਮਰਨ ਵਰਤ ਚਰਚਿਤ ਰਿਹਾ। 
ਸਾਲ 2011 ਆਪਣੇ ਆਖਰੀ ਮਹੀਨੇ ਦੌਰਾਨ ਇੱਕ ਅਕਾਲੀ ਸਰਪੰਚ ਵੱਲੋਂ ਈ. ਜੀ. ਐਸ. ਅਧਿਆਪਕਾ ਦੇ ਮਾਰੇ 'ਥੱਪੜ' ਨਾਲ ਸੱਤਾ ਪੱਖ ਦੇ ਪੈਰਾਂ ਥੱਲੋਂ ਨਿੱਕਲਦੀ ਸਿਆਸੀ ਜਮੀਨ ਅਤੇ ਝੱਲਣੀ ਪਈ ਨਮੋਸ਼ੀ ਦਾ ਗਵਾਹ ਬਣਿਆ। ਬੀ. ਜੇ. ਪੀ. ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਰਥ ਯਾਤਰਾ ਵੀ ਲੰਘੀ। ਆਮ ਆਦਮੀ ਨੇ ਹਰ ਤਰ•ਾਂ ਦੀਆਂ ਰਾਜਸੀ ਯਾਤਰਾਵਾਂ ਦੇਖੀਆਂ ਪਰ ਇਸ ਵੀ ਕੈਂਸਰ ਪੀੜਤਾਂ ਲਈ ਕੋਈ ਵੀ ਯਾਤਰਾ ਰਾਹਤ ਨਾ ਲੈ ਕੇ ਆਈ। ਖੁਦਕਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪ੍ਰੀਵਾਰ 2011 ਦੌਰਾਨ ਸਰਕਾਰੀ ਸਹਾਇਤਾ ਨੂੰ ਉਡੀਕਦੇ ਰਹੇ । ਕਰਜੇ ਦੀ ਮਾਰ ਹੇਠ ਆਏ ਕਿਸਾਨ ਸਾਰਾ ਸਾਲ ਆਤਮ ਹੱਤਿਆਵਾਂ ਵਰਗੇ ਦੁਖਦਾਈ ਅਮਲ ਦਾ ਸ਼ਿਕਾਰ ਹੁੰਦੇ ਰਹੇ ਪਰ ਕੋਈ ਵੀ ਦਵਾ ਉਹਨਾਂ ਦੇ ਜਖਮਾਂ ਦੀ ਮੱਲ•ਮ ਨਾ ਬਣ ਸਕੀ। ਸਬਸਿਡੀ ਵਾਲੇ ਬੀਜ ਦਾ ਰੌਲਾ ਰੱਪਾ ਵੀ ਪੈਂਦਾ ਰਿਹਾ। ਪਹਿਲਾਂ ਬੀ. ਟੀ. ਬੀਜਾਂ ਲਈ ਮਾਰਾ ਮਾਰੀ ਰਹੀ ਫਿਰ ਚਿੱਟਾ ਸੋਨਾ ਵੀ ਕਿਸਾਨਾਂ ਦਾ ਧਰਵਾਸ ਨਾ ਬਣਿਆ। ਕੁਦਰਤ ਨੇ ਵੀ ਕਿਸਾਨਾਂ ਨੂੰ ਆਪਣੇ ਹੱਥ ਦਿਖਾਏ ਕਈ ਥਾਵਾਂ 'ਤੇ ਕਿਸਾਨੀ ਨੂੰ ਮੀਹਾਂ ਦੀ ਮਾਰ ਪਈ ਸਰਕਾਰ ਵੱਲੋਂ ਵਧਾਈਆਂ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਨਾਲ ਮਹਿੰਗਾਈ ਦਾ ਨਾਗਵਲ ਹੋਰ ਵੀ ਤੇਜ਼ ਹੋਇਆ। ਡੇਂਗੂ ਵਰਗੀ ਬਿਮਾਰੀ ਦਾ ਕਹਿਰ ਵੀ ਆਮ ਲੋਕਾਂ ਨੂੰ ਝੱਲਣਾ ਪਿਆ। ਕਿਸਾਨਾਂ ਤੇ ਮਜ਼ਦੂਰਾਂ ਨੇ ਮੰਗਾਂ ਨੂੰ ਲੈ ਕੇ ਪੂਰਾ ਵਰ•ਾ ਸੰਘਰਸ਼ ਦਾ ਅਖਾੜਾ ਮਘਾਈ ਰੱਖਿਆ ਜਿਸ ਨੂੰ ਗੋਬਿੰਦਪੁਰਾ ਜਮੀਨੀ ਮਾਮਲੇ ਨੇ ਹੋਰ ਵੀ ਹਵਾ ਦਿੱਤੀ। ਇਸ ਮੁੱਦੇ ਨੂੰ ਲੈ ਕੇ ਉੱਠੇ ਤੂਫਾਨ ਨੂੰ ਠੱਲਣ ਲਈ ਪੁਲਿਸ ਵੱਲੋਂ ਕਿਸਾਨ ਮਜ਼ਦੂਰਾਂ ਨਾਲ ਵਰਤਾਇਆ ਗਿਆ ਵਰਤਾਰਾ ਵੀ ਸਾਲ 2011 ਦੀਆਂ ਵੱਡੀਆਂ ਘਟਨਾਵਾਂ 'ਚ ਸ਼ੁਮਾਰ ਹੋ ਗਿਆ। ਇਹਨਾਂ ਧਿਰਾਂ ਦੀ ਇਸ ਲੜਾਈ 'ਚ ਦੋ ਕਿਸਾਨਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ।
ਇਹੋ ਜਿਹੇ ਔਖੇ ਹਾਲਾਤਾਂ ਦਰਮਿਆਨ ਪੰਜਾਬ ਭਰ 'ਚ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਮਜ਼ਦੂਰਾਂ ਲਈ ਵਧੇਰੇ ਬਿਜਲੀ ਯੂਨਿਟਾਂ ਦੀ ਮੁਆਫੀ ਅਤੇ ਕਿਸਾਨਾਂ ਲਈ ਬਿਜਲੀ ਬਿੱਲਾਂ ਦੇ ਬਕਾਏ ਦੇ ਖਾਤਮੇ ਅਤੇ ਟਿਊਬਵੈੱਲਾਂ ਸਮੇਤ ਖੇਤੀ ਖੇਤਰ ਲਈ ਮੁਫਤ ਬਿਜਲੀ ਸੁਵਿਧਾ ਆਦਿ ਮੰਗਾਂ ਦੀ ਪੂਰਤੀ ਦੀ ਖਾਤਰ ਲੜਾਈ ਰੱਖੀ ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਇਹ ਮੰਗਾਂ ਮੰਨਣੀਆਂ ਪਈਆਂ। 
ਮੁਲਾਜਮ ਧਿਰਾਂ ਵੀ ਸਾਰਾ ਸਾਲ ਆਪਣੀਆਂ ਮੰਗਾਂ ਮੰਨਣ ਲਈ ਡਟੀਆਂ ਰਹੀਆਂ ਅੰਦੋਲਨਕਾਰੀਆਂ ਨੇ ਉਂਜ ਤਾਂ ਪੂਰੇ ਪੰਜਾਬ ਨੂੰ ਹੀ ਖਾਸ ਤੌਰ  ਤੇ ਬਾਦਲ ਪ੍ਰੀਵਾਰ ਦੇ ਹਲਕੇ ਲੰਬੀ ਤੇ ਬਠਿੰਡਾ ਤੋਂ ਇਲਾਵਾ ਅੰਤਲੇ ਮਹੀਨਿਆਂ 'ਚ ਗਿੱਦੜਬਾਹਾ ਨੂੰ ਸੰਘਰਸ਼ ਦਾ ਕੇਂਦਰ ਬਣਾਇਆ। ਸਾਲ ਭਰ ਪੁਲਿਸ ਨੇ ਬੇਰੁਜ਼ਗਾਰਾਂ ਨੂੰ ਨਾ ਕੇਵਲ ਜੰਮ ਕੇ ਝੰਬਿਆ ਬਲਕਿ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਵੀ ਦਰਜ਼ ਕੀਤੇ। ਦਸੰਬਰ ਮਹੀਨੇ 'ਚ ਆਪਣੀਆਂ ਹੱਕੀ ਮੰਗਾਂ ਲਈ ਮਰਨ ਵਰਤ ਤੇ ਬੈਠੇ ਏ. ਆਈ. ਈ. ਵਲੰਟੀਅਰ ਜੀਲਾ ਸਿੰਘ ਦੀ ਮੌਤ ਅਤੇ ਈ. ਜੀ. ਐਸ. ਵਲੰਟੀਅਰ ਵਰਿੰਦਰਪਾਲ ਕੌਰ ਨਾਲ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਦੌਰਾਨ ਹੋਈ ਜੱਗੋਂ ਤੇਰਵੀਂ ਵੀ 2011 ਦੇ ਲੇਖੇ ਲੱਗੇ। ਇਹੋ ਹੀ ਨਹੀਂ ਸਰਕਾਰ ਨੂੰ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਬੇਰੁਜ਼ਗਾਰਾਂ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਰੁਜ਼ਗਾਰ ਮੰਗਣ ਵਾਲਿਆਂ ਵਰਗਾਂ ਨੂੰ ਪੁਲਿਸ ਦੀ ਮੁਖਾਲਫਤ ਵੀ ਝੱਲਣੀ ਪਈ।
ਸਾਲ 2011 ਦੌਰਾਨ ਕਈ ਕਲਮਾਂ ਵਾਲੇ ਤੇ ਕਈ ਗਲੇ ਦੇ ਧਨੀ ਇਸ ਜਹਾਨੋਂ ਤੁਰ ਗਏ। ਕਲੀਆਂ ਦੇ ਬਾਦਸ਼ਾਹ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕੁਲਦੀਪ ਮਾਣਕ ਦਾ ਅਸਹਿ ਵਿਛੋੜਾ ਵੀ ਇਸ ਸਾਲ ਦੇ ਹਿੱਸੇ ਆਇਆ। ਗਜਲ ਗਾਇਕ ਜਗਜੀਤ ਸਿੰਘ ਅਤੇ ਉੱਘੇ ਰੰਗ ਕਰਮੀ ਗੁਰਸ਼ਰਨ ਭਾਅ ਜੀ ਉਰਫ ਭਾਈ ਮੰਨਾ ਸਿੰਘ ਵੀ ਇਸ ਸੰਸਾਰ ਤੋਂ ਰੁਖਸਤ ਹੋਏ। ਇਹਨਾਂ ਕਲਾਤਮਕ ਹਸਤੀਆਂ ਦੇ ਚਲੇ ਜਾਣ ਨਾਲ ਪੰਜਾਬੀ ਦੇ ਸਾਹਿਤਕ ਜਗਤ ਨੂੰ ਵੱਡਾ ਘਾਟਾ ਪਿਆ।

Wednesday, 30 November 2011

ਬਾਦਲਾਂ ਦੇ ਪੈਰਿਸ ਬਠਿੰਡਾ 'ਚ ਮੰਗਤੇ ਪਾਉਂਦੇ ਨੇ ਦਾਰੂ ਪੀ ਕੇ ਖੌਰੂ

                "ਬੈਗਰਜ ਐਕਟ ਦੀ ਹੁੰਦੀ ਹੈ ਸ਼ਰੇਆਮ ਉਲੰਘਣਾ"
ਦਾਰੂ ਪੀਣ ਮਗਰੋਂ ਭੁਜੀਏ ਦਾ ਸਵਾਦ ਚਖਦਾ ਭਗਵੇਂ ਕਪੜਿਆਂ ਵਾਲਾ ਮੰਗਤਾ 
ਬਠਿੰਡਾ, ਅਸ਼ੋਕ ਵਰਮਾ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਦੇ ਪੈਰਿਸ ਬਠਿੰਡਾ ਨੂੰ ਨਜ਼ਰ ਲੱਗ ਗਈ ਹੈ। ਮਹਾਂਨਗਰ 'ਚ ਬਣੀਆਂ ਕਲੋਨੀਆਂ ਅਤੇ ਪਿੰਡਾਂ 'ਚੋਂ ਲੋਕਾਂ ਦੀ ਆਮਦ ਦੇ ਸਿੱਟੇ ਵਜੋਂ ਵਧਦੀ ਅਬਾਦੀ ਸਦਕਾ ਇੱਥੇ ਭਿਖਾਰੀਆਂ ਦੀ ਫੌਜ ਆਣ ਉੱਤਰੀ ਹੈ। ਬਾਦਲ ਪ੍ਰੀਵਾਰ ਦੇ ਸਿਆਸੀ ਨਿਸ਼ਾਨੇ ਕੋਈ ਵੀ ਹੋਣ ਪਰ ਸ਼ਹਿਰ 'ਚ ਇਕੱਠਾ ਹੋਇਆ 'ਮੰਗਤ ਵਾਧਾ' ਹਾਕਮ ਧਿਰਾਂ ਦੇ ਤਰੱਕੀ ਦੇ ਦਾਅਵਿਆਂ ਦੀ ਖਿੱਲੀ ਉਡਾ ਰਿਹਾ ਹੈ। ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਵੱਖ-ਵੱਖ ਉਮਰ ਵਰਗ ਦੇ ਮੰਗਦੇ ਫਿਰਦੇ ਭਿਖਾਰੀ ਬੈਗਰਜ ਐਕਟ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਬਠਿੰਡਾ ਦੀਆਂ ਵੱਖ-ਵੱਖ ਥਾਵਾਂ ਤੇ ਫਿਰਦੀਆਂ ਮੰਗਤਿਆਂ ਦੀਆਂ ਹੇੜਾਂ ਕਾਰਨ ਅਮਨ ਕਾਨੂੰਨ ਨੂੰ ਖਤਰਾ ਖੜਾ ਹੋ ਗਿਆ ਹੈ। ਇਹ ਲੋਕ ਭਗਵੇ ਕੱਪੜਿਆਂ ਦੀ ਆੜ 'ਚ ਦਿਨ ਦਿਹਾੜੇ ਸ਼ਰਾਬ ਪੀ ਕੇ ਹੁੱਲੜਬਾਜੀ ਕਰਦੇ ਅਕਸਰ ਹੀ ਦੇਖੇ ਜਾ ਸਕਦੇ ਹਨ। ਇਹੀ ਨਹੀਂ ਹੈ ਕਿ ਪੁਲਿਸ ਨੇ ਇਹਨਾਂ ਤੇ 'ਖਰਖਰਾ' ਨਹੀਂ ਫੇਰਦੀ ਫਿਰ ਵੀ ਮੁਫਤ ਦੀ ਮਾਇਆ ਕਾਰਨ ਇਹਨਾਂ ਦੀ ਖੜਮਸਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ 'ਦੇ ਨੇੜੇ-ਤੇੜੇ ਲਗਭਗ 250 ਦੇ ਕਰੀਬ ਪੱਕੇ ਅਤੇ ਇਸ ਤੋਂ ਵੀ ਦੁੱਗਣੇ ਚਲਦੇ ਫਿਰਦੇ ਮੰਗਤਿਆਂ ਨੇ ਆਪਣਾ ਨੈਟਵਰਕ ਚਲਾਇਆ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁੱਝ ਦਬੰਗ ਕਿਸਮ ਦੇ ਭਿਖਾਰੀਆਂ ਨੇ ਧੋਬੀ ਬਜ਼ਾਰ, ਪੋਸਟ ਆਫਿਸ ਬਜ਼ਾਰ, ਸਿਰਕੀ ਬਜ਼ਾਰ ਅਤੇ ਅਜੀਤ ਰੋਡ ਵਰਗੇ ਪਾਸ਼ ਇਲਾਕਿਆਂ ਦੀ ਵੰਡ ਕਰ ਰੱਖੀ ਹੈ ਜਿੱਥੇ ਕੋਈ ਇੱਕ ਦੂਸਰੇ ਦੇ ਖੇਤਰ 'ਚ ਦਖਲ ਨਹੀਂ ਦਿੰਦਾ। ਇਹੋ ਹੀ ਨਹੀਂ ਕਈ ਕਮਾਈ ਵਾਲੇ ਅੱਡਿਆਂ ਤੇ ਕਬਜਾ ਕਰਨ ਦੀ ਦੌੜ 'ਚ ਇੱਕ ਦੂਜੇ ਨਾਲ ਟਕਰਾਅ ਵੀ ਹੁੰਦਾ ਰਹਿੰਦਾ ਹੈ ਜੋ ਕਿ ਕਈ ਵਾਰ ਭਿਆਨਕ ਰੂਪ ਅਖਤਿਆਰ ਕਰ ਜਾਂਦਾ ਹੈ। ਏਸ਼ੀਆ ਦੇ ਸਭ ਤੋਂ ਵੱਡੇ ਰੇਲ ਜੰਕਸ਼ਨ ਤੋਂ ਗੁਜਰਨ ਵਾਲੀਆਂ ਰੇਲ ਗੱਡੀਆਂ 'ਚ ਦਰਜ਼ਨਾਂ ਮੰਗਤੇ ਭੀਖ ਮੰਗਦੇ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਉਮਰ ਦੇ ਮੰਗਤਿਆਂ ਨੇ ਆਪਣਾ ਵੱਖਰਾ ਸਾਮਰਾਜ ਖੜਾ ਕੀਤਾ ਹੋਇਆ ਹੈ। 
ਪੋਲੀਓ ਤੋਂ ਪੀੜਤ ਭਿਖਾਰੀ ਰਿੰਕੂ ਰੇਲ ਗੱਡੀਆਂ 'ਚ ਮੰਗਣ ਦਾ ਮਾਹਿਰ ਹੈ। ਸ਼ਰਾਬ ਅਤੇ ਵਧੀਆ ਖਾਣੇ ਦੇ ਨਾਲ-ਨਾਲ ਫਿਲਮਾਂ ਦੇ ਸ਼ੌਕੀਨ ਰਿੰਕੂ ਨੇ ਦੱਸਿਆ ਕਿ ਉਹ ਹਰ ਨਵੀਂ ਤੇ ਮਨਪਸੰਦ ਫਿਲਮ ਦਿੱਲੀ ਦੇ ਸਿਨੇਮਾਘਰ 'ਚ ਦੇਖਦਾ ਹੈ। ਨਸ਼ੇ 'ਚ ਟੁਨ ਰਿੰਕੂ ਚੇਨਈ, ਜੈਪੁਰ ਤੇ ਮੁੰਬਈ 'ਚ ਚਲਦੇ ਕਈ ਤਰਾਂ ਦੇ ਕਾਲੇ ਕਾਰੋਬਾਰਾਂ ਦਾ ਭੇਤੀ ਹੈ। ਉਸ ਨੇ ਦੱਸਿਆ ਕਿ ਅੱਧੀ ਦਰਜ਼ਨ ਅਜਿਹੇ ਮੁੰਡਿਆਂ ਨੂੰ ਜਾਣਦਾ ਹੈ ਜੋ ਗੱਡੀਆਂ 'ਚ ਘੁੰਮ ਫਿਰਕੇ ਜੇਬਾਂ ਕੱਟਦੇ ਜਾਂ ਫਿਰ ਹੋਰ ਕਈ ਢੰਗਾਂ ਨਾਲ ਲੁੱਟਾਂ ਖੋਹਾਂ ਕਰਦੇ ਹਨ। ਰਿੰਕੂ ਨੇ ਮੰਨਿਆ ਕਿ ਪਿੱਛੇ ਜਿਹੇ ਪੈਸਿਆਂ ਦੀ ਲੋੜ ਪਈ ਤਾਂ ਉਸ ਨੇ ਦਿੱਲੀ ਨੂੰ ਜਾਣ ਵਾਲੀ 'ਕਿਸਾਨ ਐਕਸਪ੍ਰੈੱਸ' 20 ਹਜ਼ਾਰ 'ਚ ਹੋਰ ਮੰਗਤਿਆਂ ਨੂੰ ਵੇਚ ਦਿੱਤੀ ਸੀ ਅਤੇ ਹੁਣ ਉਹ ਪੰਜਾਬ ਮੇਲ ਜਾਂ ਇੰਟਰਸਿਟੀ 'ਚ ਮੰਗਦਾ ਹੋਇਆ ਦਿੱਲੀ ਜਾਂਦਾ ਹੈ।
ਰਿੰਕੂ ਅਨੁਸਾਰ ਕਈ ਲੜਕੇ ਫਿਰੋਜ਼ਪੁਰ, ਬਠਿੰਡਾ ਤੇ ਗੰਗਾਨਗਰ ਵਰਗੀਆਂ ਪੈਸੰਜਰ ਗੱਡੀਆਂ 'ਚੋਂ ਸਮਾਨ ਚੁੱਕਣ ਦਾ ਧੰਦਾ ਕਰਦੇ ਹਨ ਕਿਉਂਕਿ ਇਹਨਾਂ ਰੂਟਾਂ 'ਤੇ ਪੁਲਿਸ ਘੱਟ ਗੇੜਾ ਮਾਰਦੀ ਹੈ ਜਾਂ ਫਿਰ ਜਾਣ ਤੋਂ ਕੰਨੀ ਕਤਰਾਉਂਦੀ ਹੈ। ਇਸ ਗਿਰੋਹ ਬਾਰੇ ਮਿਲੇ ਵੇਰਵਿਆਂ ਅਨੁਸਾਰ ਇਹ ਦੂਸਰੇ ਮੰਗਤਿਆਂ ਤੋਂ ਪੈਸੇ ਵੀ ਖੋਂਹਦੇ ਹਨ। ਇਸ 'ਚ ਸ਼ਾਮਲ ਵਧੇਰੇ ਮੁੰਡੇ ਪੜਾਈ ਦੇ ਡਰੋਂ ਘਰੋਂ ਭੱਜ ਕੇ ਇਸ ਦੁਨੀਆਂ 'ਚ ਸਰਗਰਮ ਹੋਏ ਹਨ। ਪੜਤਾਲ ਉਪਰੰਤ ਇੱਕ ਭਿਖਾਰਨ ਬਾਰੇ ਅਜੀਬੋ ਗਰੀਬ ਤੱਥ ਸਾਹਮਣੇ ਆਏ ਹਨ। ਬਿਹਾਰ ਦੀ ਇਹ ਮਹਿਲਾ ਹਰ ਸਾਲ 20-25 ਹਜ਼ਾਰ ਰੁਪਿਆ ਘਰ ਭੇਜਦੀ ਹੈ। ਦੱਸਦੇ ਹਨ ਕਿ ਇਸ ਨੇ ਕੁੱਝ ਪੈਸੇ ਵਿਆਜ ਤੇ ਵੀ ਦੇ ਰੱਖੇ ਹਨ। ਸ਼ਹਿਰ ਵਿਚਲੇ ਵੱਖ-ਵੱਖ ਵਰਗਾਂ ਨੇ ਮੰਨਿਆ ਕਿ ਉਹ ਇਹਨਾਂ ਮੰਗਤਿਆਂ ਤੋਂ ਬਹੁਤ ਦੁਖੀ ਹਨ ਪਰ ਪ੍ਰਸ਼ਾਸ਼ਨ ਕੁੱਝ ਵੀ ਨਹੀਂ ਕਰ ਰਿਹਾ। 

ਤਿੜਕ ਸਕਦਾ ਹੈ ਸੁਫਨਾ-ਸੋਨੂੰ ਮਹੇਸ਼ਵਰੀ

ਨੌਜੁਆਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਇਹ ਭਿਖਾਰੀ ਸ਼ਹਿਰ ਦੇ ਗਲੀ ਮੁਹੱਲਿਆਂ ਤੋਂ ਪੂਰੀ ਤਰਾਂ ਵਾਕਿਫ ਹਨ। ਉਹਨਾਂ ਆਖਿਆ ਕਿ ਬਠਿੰਡਾ 'ਚ ਹੁੰਦੀਆਂ ਵਧੇਰੇ ਵਾਰਦਾਤਾਂ 'ਚ ਇਹੋ ਜਿਹੇ ਲੋਕਾਂ ਦਾ ਹੱਥ ਹੋਣ ਦੀ ਵਧੇਰੇ ਸੰਭਾਵਨਾ ਹੈ ਕਿਉਂਕਿ ਇਹ ਜਿਆਦਾਤਰ ਦੂਜੇ ਸੂਬਿਆਂ ਤੋਂ ਜੁਰਮ ਕਰਕੇ ਇੱਥੇ ਆ ਜਾਂਦੇ ਹਨ। ਉਹਨਾਂ ਮੰਗ ਕੀਤੀ ਕਿ ਬੈਗਰਜ ਐਕਟ ਲਾਗੂ ਕਰਕੇ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਏ। ਉਹਨਾਂ ਆਖਿਆ ਕਿ ਸਰਕਾਰ ਨੂੰ ਇਹਨਾਂ ਭਿਖਾਰੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਨਹੀਂ ਤਾਂ ਬਠਿੰਡਾ ਨੂੰ ਪੈਰਿਸ ਬਣਾਉਣ ਦਾ ਸੁਫਨਾ ਤਿੜਕ ਸਕਦਾ ਹੈ।

ਸਖਤ ਕਾਰਵਾਈ ਕਰਾਂਗੇ- ਡੀ. ਐਸ. ਪੀ.

ਬਠਿੰਡਾ ਦੇ ਡੀ. ਐਸ. ਪੀ. (ਡੀ) ਜਸਬੀਰ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਅਜੇ 3-4 ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਇਸ ਲਈ ਸਥਿਤੀ ਤੋਂ ਪੂਰੀ ਤਰਾਂ ਜਾਣੁ ਨਹੀਂ। ਉਹਨਾਂ ਆਖਿਆ ਕਿ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ ਸਾਰੇ ਥਾਣਿਆਂ ਤੇ ਪੀ. ਸੀ. ਆਰ. ਨੂੰ ਕਰੜੇ ਕਦਮ ਚੁੱਕਣ ਦੀ ਹਦਾਇਤ ਕੀਤੀ ਜਾਏਗੀ ਅਤੇ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਾਂਗੇ।

Tuesday, 29 November 2011

ਅਕਾਲੀ ਦਲ ਲਈ ਗਲੇ ਦੀ ਹੱਡੀ ਬਣਿਆ ਚਿਰੰਜੀ ਲਾਲ ਮਾਮਲਾ

ਬਠਿੰਡਾ, ਅਸ਼ੋਕ ਵਰਮਾ
ਸਾਬਕਾ ਮੰਤਰੀ ਚਿੰਰਜੀ ਲਾਲ ਗਰਗ ਨੂੰ ਪਾਰਟੀ 'ਚੋਂ ਕੱਢੇ ਤੇ ਮੁੜ ਵਾਪਿਸ ਲਏ ਜਾਣ ਦਾ ਮਾਮਲਾ ਅਕਾਲੀ ਦਲ ਲਈ ਗਲੇ ਦੀ ਹੱਡੀ ਬਣਦਾ ਦਿਖਾਈ ਦੇ ਰਿਹਾ ਹੈ। ਹਾਕਮ ਪਾਰਟੀ ਵੱਲੋਂ ਠੰਢਾ ਕਰਨ ਦੇ ਕੀਤੇ ਯਤਨਾਂ ਦੇ ਬਾਵਜੂਦ ਅੱਜ ਇਹ ਅੱਗ ਪੂਰਾ ਦਿਨ ਧੁਖਦੀ ਰਹੀ। ਵੱਡੀ ਗਿਣਤੀ ਗਰਗ ਸਮਰਥਕਾਂ ਨੇ ਉਹਨਾਂ ਨੂੰ ਮਿਲ ਕੇ ਪੂਰੀ ਹਮਾਇਤ ਦਾ ਭਰੋਸਾ ਦਿੱਤਾ। ਸ੍ਰੀ ਗਰਗ ਨੇ ਆਖਿਆ ਕਿ ਉਹ ਹਰ ਹਾਲਤ 'ਚ ਅਗਲੀ ਚੋਣ ਬਠਿੰਡਾ ਤੋਂ ਲੜਨਗੇ ਜਿਸ ਦੀ ਰੂਪ ਰੇਖਾ 17 ਤਰੀਕ ਨੂੰ ਫਰੀਦਕੋਟ 'ਚ ਕੀਤੀ ਜਾਣ ਵਾਲੀ ਮੀਟਿੰਗ 'ਚ ਉਹਨਾਂ ਦੇ ਸਮਰਥਕ ਤੇ ਅਗਰਵਾਲ ਭਾਈਚਾਰਾ ਤੈਅ ਕਰੇਗਾ। ਗੌਰਤਲਬ ਹੈ ਕਿ ਸ੍ਰੀ ਗਰਗ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਹਨ ਜਿਸ ਦਾ ਮਾਲਵਾ ਪੱਟੀ 'ਚ ਵੱਡਾ ਵੋਟ ਬੈਂਕ ਹੈ ਜੋ ਕਿ ਅਕਾਲੀ ਦਲ ਦੇ 25 ਸਾਲ ਦੇ ਰਾਜ ਨੂੰ ਚਕਨਾਚੂਰ ਕਰ ਸਕਦਾ ਹੈ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਨੇ ਆਖਿਆ ਕਿ 1997 'ਚ ਚੋਣ ਜਿੱਤੇ। ਉਹਨਾਂ ਅਕਾਲੀ ਦਲ ਲਈ ਥਾਂ ਬਣਾਈ ਸੀ ਜਿਸ ਨੂੰ ਕੁੱਝ ਮਤਲਬ ਪ੍ਰਸਤਾਂ ਨੇ ਖੋਰਾ ਲਾ ਦਿੱਤਾ। 
ਉੱਧਰ ਚਿਰੰਜੀ ਲਾਲ ਗਰਗ ਦੇ ਸਪੁੱਤਰ ਐਡਵੋਕੇਟ ਰਾਜਨ ਗਰਗ ਆਪਣੇ ਪਿਤਾ ਨਾਲ ਵਰਤਾਏ ਗਏ ਵਰਤਾਰੇ ਤੋਂ ਪੂਰੀ  ਤਰਾਂ ਨਰਾਜ ਨਜਰ ਆਏ। ਉਹਨਾਂ ਆਖਿਆ ਕਿ ਸਾਨੂੰ ਤਾਂ ਪੌਣੇ ਪੰਜ ਸਾਲ ਤੋਂ ਹੀ ਕੱਢਿਆ ਹੋਇਆ ਸੀ ਪਰ ਜਲੀਲ ਕਰਨਾ ਮਾੜੀ ਗੱਲ ਹੈ ਜੋ ਕਿਸੇ ਵੀ ਸਿਆਸੀ ਪਾਰਟੀ ਦੇ ਵੱਡੇ ਆਗੂ ਨੂੰ ਸ਼ੋਭਾ ਨਹੀਂ ਦਿੰਦੀ। ਤਿੱਖੇ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਗਰਗ ਨੇ ਸਵਾਲ ਕੀਤਾ ਕਿ ਕੀ ਭਗਤ ਸਿੰਘ ਦਾ ਕੈਲੰਡਰ ਵੰਡਣਾ ਗੁਨਾਹ ਹੈ ਜਿਸ ਨੂੰ ਮੇਰੇ ਪਿਤਾ ਦਾ ਜੁਰਮ ਬਣਾ ਦਿੱਤਾ ਗਿਆ। ਭਗਤ ਸਿੰਘ ਦੇਸ਼ ਦੀ ਸ਼ਾਨ ਹੈ। ਉਸ ਨੂੰ ਕੋਈ ਵੀ ਸਲਾਮ ਕਰ ਸਕਦਾ ਹੈ। ਉਹਨਾਂ ਆਖਿਆ ਕਿ ਭਗਤ ਸਿੰਘ ਦੇ ਸ਼ਤਾਬਦੀ ਸਮਾਗਮ ਤਾਂ ਅਕਾਲੀ-ਭਾਜਪਾ ਸਰਕਾਰ ਨੇ ਵੀ ਕਰਵਾਏ ਸਨ ਕੀ ਉਹ ਵੀ ਮਨਪ੍ਰੀਤ ਨਾਲ ਰਲੇ ਹੋਏ ਹਨ? ਐਡਵੋਕੇਟ ਗਰਗ ਨੇ ਸਥਾਨਕ ਲੀਡਰਾਂ ਨੂੰ ਛੋਟੀ ਸੋਚ ਵਾਲੇ ਦੱਸਦਿਆਂ ਆਖਿਆ ਕਿ ਪਾਰਟੀ ਨੇ ਉਹਨਾਂ ਨੂੰ ਵੱਡਾ ਮਾਣ ਦੇ ਦਿੱਤਾ ਜਿਸ ਕਰਕੇ ਉਹ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਲੱਗੇ। ਉਹਨਾਂ ਜੋਰ ਦੇ ਕੇ ਕਿਹਾ ਕਿ ਗਰਗ ਪ੍ਰੀਵਾਰ ਹੇਠਲੇ ਪੱਧਰ ਤੋਂ ਉੱਠਕੇ ਉੱਪਰ ਗਿਆ ਹੈ। ਅਸੀਂ ਵਜੀਰੀ ਲੈ ਕੇ ਵੀ ਲੋਕਾਂ 'ਚ ਵਿਚਰੇ ਤੇ ਹੁਣ ਵੀ ਉਵੇਂ ਹੀ ਜਾ ਰਹੇ ਹਾਂ ਇਸ ਲਈ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ। ਉਹਨਾਂ ਕਿਹਾ ਕਿ ਇਹ ਅਕਾਲੀ ਦਲ ਨੇ ਦੇਖਣਾ ਹੈ ਕਿ ਉਸ ਨੂੰ ਸ਼ਰਮਾਏਦਾਰਾਂ ਦੀ ਲੋੜ ਹੈ ਜਾਂ ਟਕਸਾਲੀ ਵਰਕਰਾਂ ਦੀ। ਜਦੋਂ ਇਸ ਨੌਜੁਆਨ ਆਗੂ ਨੂੰ ਪੀਪਲਜ਼ ਪਾਰਟੀ ਬਾਰੇ ਸਵਾਲ ਕੀਤਾ ਤਾਂ ਉਹਨਾਂ ਆਖਿਆ ਕਿ ਸਮਾਂ ਆਉਣ ਤੇ ਸਭ ਦੇਖਿਆ ਜਾਏਗਾ ਸਾਰੇ ਬਦਲ ਖੁੱਲੇ ਹਨ ਪਰ ਅੰਤਿਮ ਫੈਸਲਾ ਪਿਤਾ ਜੀ ਕਰਨਗੇ।

Friday, 25 November 2011

ਵੀ. ਆਈ. ਪੀ. ਡਿਊਟੀਆਂ ਕਾਰਨ ਸੁੱਕਣੇ ਪਈ ਪੁਲਿਸ ਮੁਲਾਜਮਾਂ ਦੀ ਜਾਨ

ਬਠਿੰਡਾ, ਅਸ਼ੋਕ ਵਰਮਾ
ਨਫਰੀ ਦੀ ਘਾਟ ਕਾਰਨ ਉਖੜੀ ਪਈ ਪੰਜਾਬ ਪੁਲਿਸ ਵੀ. ਵੀ. ਆਈ. ਪੀ. ਵਿਅਕਤੀਆਂ ਨੂੰ ਸਲੂਟ ਮਾਰਨ ਜੋਗੀ ਰਹਿ ਗਈ ਹੈ ਹਾਲਾਤ ਇਹ ਹਨ ਕਿ ਇਹਨਾਂ ਡਿਊਟੀਆਂ ਨੇ ਪੁਲਿਸ ਨੂੰ ਥਕਾ ਕੇ ਰੱਖ ਦਿੱਤਾ ਹੈ ਪਰ ਅਨੁਸ਼ਾਸ਼ਨ ਦੇ ਲੱਗੇ ਠੱਪੇ ਕਾਰਨ ਕੋਈ ਡਰਦਾ ਮਾਰਾ ਕੁਸਕ ਨਹੀਂ ਰਿਹਾ। ਮਿਸਾਲ ਦੇ ਤੌਰ 'ਤੇ ਬਠਿੰਡਾ ਪੁਲਿਸ ਲਈ ਤਾਂ ਬਾਦਲ ਪ੍ਰੀਵਾਰ ਦੇ ਗੇੜੇ ਹਊਆਂ ਬਣੇ ਹੋਏ ਹਨ ਪਰ ਉੱਪਰੋਂ ਗੋਬਿੰਦਪੁਰਾ ਵਰਗੀਆਂ ਡਿਊਟੀਆਂ ਕਾਰਨ ਕਰਮਚਾਰੀ ਸੁੱਕਣੇ ਪਏ ਹੋਏ ਹਨ। ਲੋਕ ਸਭਾ ਹਲਕਾ ਵੀ. ਆਈ. ਪੀ. ਹੋਣ ਕਰਕੇ ਜਿਆਦਾਤਰ ਮੁਲਾਜਮ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਟਹਿਲ ਸੇਵਾ 'ਚ ਜੁਟੇ ਰਹਿੰਦੇ ਹਨ। ਜਿੰਨੇ ਦਿਨ ਬਾਦਲ ਕੁਨਬਾ ਜ਼ਿਲ•ੇ 'ਚ ਰਹਿੰਦਾ ਹੈ ਤਾਂ ਸਮੁੱਚਾ ਸਿਵਲ ਪ੍ਰਸ਼ਾਸ਼ਨ ਤਾਂ ਪੱਬਾ ਭਾਰ ਰਹਿੰਦਾ ਹੀ ਹੈ ਬਲਕਿ ਪੁਲਿਸ ਨੂੰ ਵੀ ਹਾਜ਼ਰੀ ਭਰਨੀ ਪੈਂਦੀ ਹੈ ਅਤੇ ਥਾਣੇ ਭਾਂ-ਭਾਂ ਕਰਦੇ ਰਹਿੰਦੇ ਹਨ। ਰਹਿੰਦੀ ਕਸਰ ਵੀ. ਆਈ. ਪੀ. ਹਲਕਾ ਬਣਨ ਤੋਂ ਮਗਰੋਂ ਪੰਜਾਬ ਦੀਆ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਕੀਤੇ ਜਾਂਦੇ ਮੁਜਾਹਰਿਆਂ ਕਾਰਨ ਨਿੱਕਲੀ ਪਈ ਹੈ। ਵੱਡਿਆਂ ਦੇ ਵਧ ਰਹੇ ਗੇੜੇ ਅਤੇ ਨਫਰੀ ਦੀ ਘਾਟ ਦਾ ਲੁਟੇਰੇ, ਝਪਟ ਮਾਰ ਅਤੇ ਚੋਰ ਖੂਬ ਲਾਭ ਉਠਾ ਰਹੇ ਹਨ ਇਹੋ ਕਾਰਨ ਹੈ ਕਿ ਪੁਲਿਸ ਨੂੰ ਸ਼ਹਿਰ 'ਚ ਹੋਏ ਅਪਰਾਧਾਂ ਦੀ ਤਫਤੀਸ਼ ਕਰਨ ਦਾ ਸਮਾਂ ਨਹੀਂ ਮਿਲਦਾ ਤੇ ਜੁਰਮਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ।
ਬਠਿੰਡਾ ਦੇ ਵਿਸ਼ਾਲ ਨਗਰ 'ਚ 9 ਅਕਤੂਬਰ ਨੂੰ ਰਿਕਸ਼ਾ ਚਾਲਕ ਦੇ ਹੋਏ ਕਤਲ ਦਾ ਮਾਮਲਾ ਦਰਜ਼ ਕਰ ਲਿਆ ਪਰ ਕੋਤਵਾਲ ਜਗਦੀਸ਼ ਲਾਲ ਅਨੁਸਾਰ ਇਸ ਘਟਨਾ ਦਾ ਹਾਲੇ ਕੋਈ ਸੁਰਾਗ ਨਹੀਂ ਮਿਲਿਆ। ਥਾਣਾ ਫੂਲ ਦੇ ਪਿੰਡ ਰਾਈਆ ਦੇ ਪੈਟਰੋਲ ਪੰਪ ਦੇ ਚੌਕੀਦਾਰ ਭਜਨ ਸਿੰਘ ਦੇ ਕਤਲ ਦਾ ਮਾਮਲਾ ਵੀ ਇਸੇ ਸ੍ਰੇਣੀ 'ਚ ਆਉਂਦਾ ਹੈ। ਥਾਣਾ ਇੰਚਾਰਜ ਕੋਲ ਜਾਂਚ ਦਾ ਵਕਤ ਨਹੀਂ ਵੀ. ਆਈ. ਪੀ. ਡਿਊਟੀ ਦੇ ਰਹੇ ਹਨ। ਰਾਮਪੁਰਾ ਫੂਲ 'ਚ ਵੀ ਆਪਣੇ ਹੀ ਦੋਸਤ ਦਾ ਕਤਲ ਕਰਨ ਵਾਲੇ ਨੌਜੁਆਨਾਂ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ। ਇਹੋ ਹੀ ਨਹੀਂ ਮਹਾਂਨਗਰ ਬਠਿੰਡਾ 'ਚ ਚੋਰੀਆਂ ਦੇ ਅਣਸੁਲਝੇ ਮਾਮਲਿਆਂ ਦੀ ਸੂਚੀ ਲੰਬੀ ਹੈ। ਹੈਰਾਨੀਜਨਕ ਇਹ ਵੀ ਹੈ ਕਿ ਚੋਰ ਆਪਣਾ ਕੰਮ ਜਾਰੀ ਰੱਖ ਰਹੇ ਹਨ। ਬਠਿੰਡਾ 'ਚ ਹੁਣੇ ਖਤਮ ਹੋਏ ਕਬੱਡੀ ਮੈਚ, ਗੁਜਰ ਚੁੱਕੀ ਲਾਲ ਕ੍ਰਿਸ਼ਨ ਅਡਵਾਨੀ ਦੀ ਰਥ ਯਾਤਰਾ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਲਈ ਵੀ ਪੁਲਿਸ ਨੂੰ ਪ੍ਰਬੰਧ ਕਰਨੇ ਪਏ ਹਨ। ਇਹਨਾਂ ਚੱਕਰਾਂ 'ਚ ਕਈ ਵਾਰ ਜ਼ਿਲ•ਾ ਪੁਲਿਸ ਦੇ ਦਫਤਰ ਐਤਵਾਰ ਨੂੰ ਵੀ ਖੁੱਲਦੇ ਹਨ। ਜ਼ਿਲ•ਾ ਦਫਤਰਾਂ ਵਿਚਲੇ ਕਲੈਰੀਕਲ ਸਟਾਫ ਵੀ ਤਾਇਨਾਤ ਕੀਤਾ ਜਾਂਦਾ ਹੈ। ਪੁਲਿਸ ਮੁਲਾਜਮਾਂ ਨੂੰ ਗਿਲਾ ਹੈ ਕਿ ਪਿਛਲੇ ਡੀ. ਜੀ. ਪੀ. ਰਿਜਰਵ ਫੋਰਸ ਦੀ ਇੱਕ ਬਟਾਲੀਅਨ ਦਾ ਵਾਅਦਾ ਕਰਕੇ ਗਏ ਸਨ ਜੋ ਕਿ ਅਜੇ ਤੱਕ ਵਫਾ ਨਹੀਂ ਹੋਇਆ। ਸਿਆਸਤਦਾਨ ਤੇ ਉੱਚ ਅਧਿਕਾਰੀ ਪੁਲਿਸ ਨੂੰ ਜਨਤਾਂ ਦੀ ਸੇਵਕ ਦੱਸਦੇ ਨਹੀਂ ਥੱਕਦੇ ਪਰ ਪੰਜਾਬ ਪੁਲਿਸ ਦੇ ਮੁਲਾਜਮਾਂ ਦੇ ਰੁਝੇਵੇ ਹਨ ਉਸ ਨੂੰ ਲੋਕਾਂ ਦੇ ਮਸਲੇ ਹੱਲ ਕਰਨ ਲਈ ਬੜਾ ਘੱਟ ਸਮਾਂ ਮਿਲਦਾ ਹੈ। ਵੀ. ਆਈ. ਪੀ. ਡਿਊਟੀਆਂ ਨੇ ਪੁਲਿਸ ਨੂੰ ਐਨਾਂ ਉਲਝਾਇਆ ਹੋਇਆ ਹੈ ਕਿ ਜਾਂਚ ਅਧਿਕਾਰੀਆਂ ਕੋਲ ਫੌਜਦਾਰੀ ਮਾਮਲਿਆਂ ਦੀ ਪੜਤਾਲ ਲਈ ਵੀ ਢੁੱਕਵਾਂ ਸਮਾਂ ਨਹੀਂ ਹੈ।
ਇੱਕ ਅਧਿਐਨ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਕ ਦਿਨ 'ਚ 47 ਮਿੰਟ ਦਾ ਸਮਾਂ ਦਿੰਦੀ ਹੈ। ਸ਼ਿਕਾਇਤਾਂ ਦੀ ਤਫਤੀਸ਼ ਲਈ 20 ਮਿੰਟ ਦਾ ਸਮਾਂ ਹੁੰਦਾ ਹੈ ਜਦੋਂ ਕਿ ਅਤੀ ਜਿੰਮੇਵਾਰੀ ਵਾਲੇ ਫੌਜਦਾਰੀ ਕੇਸਾਂ ਦੀ ਪੜਤਾਲ ਲਈ ਵੀ ਮੁਸ਼ਕਿਲ ਨਾਲ ਉਸ ਕੋਲ 24 ਘੰਟਿਆਂ 'ਚੋਂ 47 ਮਿੰਟ ਬਚਦੇ ਹਨ। ਪੰਜਾਬ ਪੁਲਿਸ ਵੱਲੋਂ ਇਹ ਅਧਿਐਨ ਲੁਧਿਆਣਾ, ਜਲੰਧਰ ਅਤੇ ਕਪੂਰਥਲਾ ਜ਼ਿਲਿ•ਆਂ ਵਿਚਲੇ ਥਾਣਿਆਂ 'ਚ ਤਾਇਨਾਤ ਫੋਰਸ ਦੇ 24 ਘੰਟਿਆਂ ਦੇ ਕੰਮ ਦੇ ਮੁਲਾਂਕਣ ਦੇ ਅਧਾਰ ਤੇ ਹੈ। ਅਧਿਐਨ ਮੁਤਾਬਿਕ ਪੁਲਿਸ ਕਰਮਚਾਰੀਆਂ ਤੇ ਬੋਝ ਐਨਾਂ ਜਿਆਦਾ ਹੈ ਕਿ ਇੱਕ ਐਸ. ਐਚ. ਓ. ਨੂੰ ਰੋਜ਼ਾਨਾ 18 ਘੰਟੇ, ਹੋਰ ਥਾਣੇਦਾਰਾਂ ਨੂੰ 17 ਘੰਟੇ ਅਤੇ ਸਿਪਾਹੀਆਂ ਨੂੰ 15 ਘੰਟੇ ਡਿਊਟੀ ਦੇਣੀ ਪੈਂਦੀ ਹੈ। ਤਾਜਾ ਹਾਲਾਤ ਇਹ ਹਨ ਕਿ ਮੁਲਾਜਮਾਂ ਦੀ ਹਫਤਾਵਰੀ ਛੁੱਟੀ ਵੀ. ਆਈ. ਪੀ. ਡਿਊਟੀਆਂ ਦੀ ਭੇਟ ਚੜ• ਜਾਂਦੀ ਹੈ। 
ਇੱਕ ਅਨੁਮਾਨ ਅਨੁਸਾਰ ਪੰਜਾਬ ਪੁਲਿਸ ਦੇ ਸਿਪਾਹੀ ਤੋਂ ਲੈ ਕੇ ਥਾਣਾ ਇੰਚਾਰਜ ਤੱਕ ਦੇ ਮੁਲਾਜਮਾਂ ਨੂੰ ਇੱਕ ਦਿਨ 'ਚ ਔਸਤ 366 ਮਿੰਟ ਸਿਆਸਤਦਾਨਾਂ ਦੀ ਸੇਵਾ ਅਤੇ ਅਮਨ ਕਾਨੂੰਨ ਲਈ ਕੱਢਣੇ ਪੈਂਦੇ ਹਨ। ਅਧਿਐਨ ਮੁਤਾਬਿਕ ਕਰਮਚਾਰੀਆਂ ਨੂੰ ਇਹ ਦੋਵੇਂ ਡਿਊਟੀਆਂ ਤਕਰੀਬਨ ਬਰਾਬਰ-ਬਰਾਬਰ ਦੇਣੀਆਂ ਪੈ ਰਹੀਆਂ ਹਨ। ਅਧਿਐਨ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ 'ਚ ਸਭ ਤੋਂ ਘੰਟ ਤਨਖਾਹ ਤੇ ਕੰਮ ਕਰਨ ਵਾਲਿਆਂ ਨੂੰ ਦੂਸਰੇ ਅਹੁਦਿਆਂ ਦੇ ਮੁਕਾਬਲੇ ਜਿਆਦਾ ਸਮਾਂ ਡਿਊਟੀ ਦੇਣੀ ਪੈਂਦੀ ਹੈ। ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਅਧਿਕਾਰੀ ਨੇ ਇਹ ਕਬੂਲ ਕੀਤਾ ਹੈ ਕਿ ਵੱਡੀ ਗਿਣਤੀ ਪੁਲਿਸ ਕਰਮੀ ਰਾਜਨੀਤੀਵਾਨਾਂ, ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀਆਂ ਅਹਿਮ ਵਿਅਕਤੀਆਂ ਅਤੇ ਹਾਕਮ ਧਿਰਾਂ ਦੇ ਹਾਰੇ ਹੋਏ ਆਗੂਆਂ ਦੀ ਆਓ ਭਗਤ ਤੇ ਲੱਗੇ ਰਹਿੰਦੇ ਹਨ ਜਿਸ ਕਰਕੇ ਸ਼ਿਕਾਇਤਾਂ ਜਾਂ ਤਫਤੀਸ਼ਾਂ ਲਈ ਸਮਾਂ ਹੀ ਕਿੱਥੇ ਬਚਦਾ ਹੈ। ਅਧਿਕਾਰੀਆਂ ਦਾ ਤਰਕ ਹੈ ਕਿ ਗਿਣਤੀ ਘੱਟ ਕਰਕੇ ਮੁਲਾਜਮ ਵੱਧ ਡਿਊਟੀ ਦਿੰਦੇ ਹਨ ਜਦੋਂ ਕਿ ਆਲ•ਾ ਮਿਆਰੀ ਸੂਤਰ ਦੱਸਦੇ ਹਨ ਕਿ ਕੌਮੀ ਪੱਧਰ ਤੇ 1 ਲੱਖ ਦੀ ਅਬਾਦੀ ਪਿੱਛੇ 126 ਪੁਲਿਸ ਕਰਮਚਾਰੀ ਹਨ ਪਰ ਪੰਜਾਬ 'ਚ ਇਹ ਅੰਕੜਾ 276 ਤੋਂ ਵੀ ਜਿਆਦਾ ਹੈ। ਸੂਤਰਾਂ ਮੁਤਾਬਿਕ 10 ਹਜ਼ਾਰ ਮੁਲਾਜਮ ਤਾਂ ਕੇਵਲ ਸਿਆਸਤਦਾਨਾਂ, ਸਿਵਲ ਤੇ ਪੁਲਿਸ ਅਧਿਕਾਰੀਆਂ ਅਤੇ ਅਹਿਮ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹਨ ਜੋ ਕਿ ਸਾਰੇ ਪੁਆੜੇ ਦੀ ਜੜ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਨੂੰ ਜਰੂਰਤ ਹੈ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਪਰ ਇੱਥੇ ਤਾਂ ਸਿਆਸੀ ਲੋਕਾਂ ਨੇ ਟੌਹਰ ਦੀ ਖਾਤਰ ਗੰਨਮੈਨ ਲੈ ਰੱਖੇ ਹਨ। ਇਹੋ ਹੀ ਨਹੀਂ 'ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ' ਦੀ ਕਹਾਵਤ ਨੂੰ ਸਾਰਥਿਕ ਕਰਦਿਆਂ ਮੰਤਰੀ ਤਾਂ ਇੱਕ ਪਾਸੇ ਪੰਜਾਬ 'ਚ ਤਾਂ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਅੱਗੇ ਪੁਲਿਸ ਦੀ ਜਿਪਸੀ ਚਲਦੀ ਹੈ ਜਿਸ ਨਾਲ ਕੰਮ ਅਤੇ ਪੈਸਾ ਦੋਵੇਂ ਖਰਾਬ ਹੋ ਰਹੇ ਹਨ। ਇਸ ਸਬੰਧੀ ਰਾਜ ਦੇ ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਨੇ ਦਲੀਲ ਦਿੱਤੀ ਕਿ ਨਵੇਂ ਭਰਤੀ ਕੀਤੇ ਨੌਜੁਆਨਾਂ ਦੇ ਸੇਵਾ ਸੰਭਾਲਣ ਤੋਂ ਬਾਅਦ ਸਥਿਤੀ ਠੀਕ ਹੋ ਜਾਏਗੀ। 
ਜ਼ਿਲ•ਾ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਪੁਲਿਸ ਫੋਰਸ ਦਾ ਮੰਤਵ ਹੀ ਅਮਨ ਕਾਨੂੰਨ ਅਤੇ ਵੀ. ਆਈ. ਪੀ. ਦੀ ਸੁਰੱਖਿਆ ਹੈ ਉਹਨਾਂ ਆਖਿਆ ਕਿ ਮੈਨ ਪਾਵਰ ਘੱਟ ਹੋਣ ਕਰਕੇ ਥੋੜ•ੀ ਪ੍ਰੇਸ਼ਾਨੀ ਜਰੂਰ ਹੈ ਪਰ ਹਾਲਾਤ ਕਾਬੂ ਤੋਂ ਬਾਹਰ ਨਹੀਂ ਫਿਰ ਵੀ ਸਥਿਤੀ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਜਾਰੀ ਹੈ।

Wednesday, 16 November 2011

ਪਹਿਲਾਂ ਨਾਲੋਂ ਬਹੁਤ ਬਦਲ ਗਿਆ ਹੈ ''ਬਠਿੰਡਾ''




ਅਸ਼ੋਕ ਵਰਮਾ,ਬਠਿੰਡਾ

ਬਠਿੰਡਾ ਦੀ ਮੋੜ੍ਹੀ ਕਿਸਨੇ ਗੱਡੀ ਇਸ ਦਾ ਜਵਾਬ ਇਤਿਹਾਸਕ ਧੁੰਦ 'ਚ ਹੈ। ਦੱਸਦੇ ਹਨ ਕਿ ਲਹੌਰ ਦੇ ਰਾਜੇ ਆਨੰਗਪਾਲ ਦੇ ਪੋਤੇ ਬਿਨੇਪਾਲ ਨੇ 1800 ਸਾਲ ਪਹਿਲਾਂ ਆਪਣੇ ਚਹੇਤੇ ਵਜੀਰ ਠੰਢੂ ਰਾਮ ਦੇ ਨਾਂਅ ਨਾਲ ਜੋੜਕੇ 'ਬ-ਠੰਢੂ' ਨਾਂਅ ਦਾ ਸ਼ਹਿਰ ਵਸਾਇਆ ਜੋ ਕਿ ਧੀਰੇ-ਧੀਰੇ 'ਬਠਿੰਡਾ' ਬਣ ਗਿਆ। ਕੁੱਝ ਦਾ ਵਿਚਾਰ ਹੈ ਕਿ ਬਠਿੰਡੇ ਦਾ ਸੰਸਕ੍ਰਿਤ ਨਾਂਅ 'ਵਿਕਰਮਗੜ' ਸੀ ਜਿਸ ਨੂੰ ਭੱਟੀ ਰਾਓ ਰਾਜਪੂਤ ਨੇ ਵਸਾਇਆ ਸੀ ਜਦੋਂ ਕਿ ਕਈਆਂ ਮੁਤਾਬਿਕ ਰਾਜਾ ਜੈਪਾਲ ਨੇ ਕਸ਼ਮੀਰ ਤੋਂ ਅਫਗਾਨਿਸਤਾਨ ਤੱਕ ਫੈਲੇ ਰਾਜ ਦੀ ਦੱਖਣੀ ਰਾਜਧਾਨੀ ਵਜੋਂ ਇਸ ਸ਼ਹਿਰ ਦਾ ਮੁੱਢ ਬੰਨਿਆ। ਦੱਸਦੇ ਹਨ ਕਿ ਭੱਟੀ ਰਾਜਪੂਤਾਂ ਵੱਲੋਂ ਵਸਾਏ ਜਾਣ ਕਰਕੇ ਇਸਦਾ ਨਾਂਅ ਭਟਿੰਡਾ ਸੀ ਜੋ ਕਿ ਲੰਬਾ ਸਮਾਂ ਚਲਦਾ ਰਿਹਾ ਜਿਸ ਨੂੰ ਬਦਲ ਕੇ ਸਰਕਾਰ ਨੇ ਬਠਿੰਡਾ ਕਰ ਦਿੱਤਾ। ਆਖਿਆ ਇਹ ਵੀ ਜਾਂਦਾ ਹੈ ਕਿ ਬਠਿੰਡਾ ਤਾਂ ਬੀਕਾਨੇਰ ਦੇ ਬਨਵਾਸੀ ਸ਼ਹਿਜਾਦੇ 'ਬੀਕਾ' ਨੇ ਵਸਾਇਆ ਸੀ। ਬਠਿੰਡਾ ਦੀ ਧੁੰਨੀ 'ਚ ਸ਼ਹਿਰ ਦੇ ਐਨ ਵਿਚਕਾਰ 15 ਏਕੜ ਰਕਬੇ 'ਚ 150 ਫੁੱਟ ਉੱਚਾ ਲਾਹੌਰ, ਫਿਲੌਰ ਤੇ ਹਨੂੰਮਾਨਗੜ੍ਹ ਦੇ ਕਿਲਿਆਂ ਤੋਂ ਵੀ ਵੱਡਾ ਕਿਲਾ ਬਣਿਆ ਹੋਇਆ ਹੈ ਜੋ ਕਿ ਸ਼ਹਿਰ ਦੀ ਸ਼ਾਹੀ ਤਬੀਅਤ ਦੀ ਜਾਮਨੀ ਭਰਦਾ ਹੈ। ਵਿਸ਼ਾਲ ਫਸੀਲਾਂ ਵਾਲਾ ਇਹ ਕਿਲਾ ਬੇਸ਼ੱਕ ਅੱਜ ਕੱਲ ਇੱਟ-ਇੱਟ ਹੋ ਕੇ ਖਿੰਡ ਰਿਹਾ ਹੈ ਪਰ ਕਦੇ ਇਸਤੇ ਬੈਨੀਪਾਲ ਤੋਂ ਲੈ ਕੇ ਸ਼ੇਖ ਸਲੀਮ, ਫੌਲਾਦ ਤੁਬਰਚਾ, ਅਲਤੂਨੀਆਂ, ਬਾਬਾ ਆਲਾ ਸਿੰਘ, ਮਹਾਰਾਜਾ ਕਰਮ ਸਿੰਘ ਪਟਿਆਲ ਤੱਕ, ਪਤਾ ਨਹੀਂ ਕਿੰਨਿਆਂ ਸ਼ਾਸਕਾਂ ਦੇ ਝੰਡੇ ਝੁੱਲੇ ਹਨ। ਇਸ ਕਿਲੇ ਦੇ ਨਾਲ ਤੇਰਵੀਂ ਸਦੀ ਦੇ ਭਾਰਤ ਦੀ ਪਹਿਲੀ ਮਹਿਲਾ ਸ਼ਾਸ਼ਕ ਰਜੀਆ ਸੁਲਤਾਨ ਵੱਲੋਂ ਕਿਲੇ ਦੀ ਕਿਸੇ ਮਮਟੀ ਤੋਂ ਛਾਲ ਮਾਰਕੇ  ਖੁਦਕਸ਼ੀ ਦੀ ਕਥਾ ਵੀ ਜੁੜੀ ਹੋਈ ਹੈ। ਭਾਵੇਂ ਕਿਲੇ ਦੀਆਂ ਵੀਰਾਨ ਹੋਈਆਂ ਪੌੜੀਆਂ ਚੜਕੇ ਕਿਲੇ ਦੀ ਮਮਟੀ ਤੋਂ ਸ਼ਹਿਰ ਦੇ ਮੁੱਢ ਤੋਂ ਵਰਤਮਾਨ ਦਾ ਅਹਿਸਾਸ ਹੁੰਦਾ ਹੈ ਪਰ ਕਿਲੇ ਦੇ ਸੰਦਲੀ ਦਰਵਾਜੇ ਦੇ ਸਾਹਮਣੇ ਮੈਦਾਨ 'ਚ ਗੁੱਲੀ ਡੰਡਾ ਖੇਡਕੇ ਬਾਲਪਨ ਤੋਂ ਬੁਢਾਪੇ ਦੀ ਦਹਿਲੀਜ ਤੇ ਪੁੱਜ ਚੁੱਕੇ ਬਜ਼ੁਰਗ ਵੀ ਮੰਨਦੇ ਹਨ ਕਿ ਹੁਣ ਬਠਿੰਡਾ ਬਦਲ ਗਿਆ ਹੈ ਤੇ ਬਦਲ ਰਿਹਾ ਹੈ। 70ਵਿਆਂ 'ਚ ਇੱਕ ਬੱਸ ਦੇ ਲੰਘਣ ਜੋਗੀ ਸੜਕ ਚਹੁੰਮਾਰਗੀ ਹੋ ਗਈ ਹੈ। ਇਹ ਤਾਂ ਪਤਾ ਨਹੀਂ ਕਿ ਇਸ ਦੇ ਸੱਟਾ ਬਜ਼ਾਰ 'ਚ ਹਾਲੇ ਵੀ ਲੁਕ ਛਿਪ ਕੇ ਸੱਟਾ ਹੁੰਦਾ ਹੈ ਕਿ ਨਹੀਂ ਪਰ ਇਸਦੇ ਸਿਰਕੀ ਬਜ਼ਾਰ 'ਚ ਸਿਰਕੀਆਂ ਨਹੀਂ ਵਿਕਦੀਆਂ ਅਤੇ ਧੋਬੀ ਬਜ਼ਾਰ 'ਚ ਧੋਬੀ ਨਹੀਂ ਰਹੇ ਬਲਕਿ ਇਹਨਾਂ ਬਜ਼ਾਰਾਂ 'ਚ ਲਿਸ਼-ਲਿਸ਼ ਕਰਦੇ ਦਿਓ ਕੱਦ ਇਲਕਟ੍ਰਾਨਿਕਸ, ਸੁਗੰਧੀਦਾਰ ਵਸਤਾਂ ਤੇ ਖਾਣ-ਪੀਣ ਵਾਲੇ ਪਦਾਰਥਾਂ ਵਾਲੇ ਦਿਓ ਕੱਦ ਸ਼ੋਅ ਰੂਮਾਂ ਨੇ ਲੈ ਲਈ ਹੈ। ਉੱਤਰ ਵਿੱਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਤੇ ਕੌਮੀ ਖਾਦ ਕਾਰਖਾਨੇ ਦੀਆਂ ਚਿਮਨੀਆਂ 'ਚੋਂ ਨਿੱਕਲਿਆ ਧੂੰਆਂ, ਇਹਨਾਂ ਦੇ ਨਜਦੀਕ ਬਣੀਆਂ ਝੀਲਾਂ, ਉੱਤਰੀ ਭਾਰਤ ਰੇਲਵੇ ਜੰਕਸ਼ਨ ਅਤੇ ਹਜ਼ਾਰਾਂ ਏਕੜਾਂ 'ਚ ਫੈਲੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ 'ਬਠਿੰਡੇ' ਦੀ ਵਿਲੱਖਣਤਾ ਦਾ ਅਹਿਸਾਸ ਦਿਵਾਉਂਦੀ ਹੈ। ਇਹਨਾਂ ਗੱਲਾਂ ਕਰਕੇ ਹੀ ਇਸ ਸ਼ਹਿਰ ਦਾ ਮੌਸਮ ਤਬਦੀਲ ਹੋ ਗਿਆ ਹੈ। ਕਦੇ ਇੱਥੋਂ ਦਾ ਕੱਕਾ ਰੇਤਾ ਇਸ ਦੀ ਪਛਾਣ ਹੁੰਦਾ ਸੀ ਪਰ ਹੁਣ ਇਸਦੀ ਥਾਂ ਹਰਿਆਲੇ ਪਾਰਕਾਂ ਨੇ ਲੈ ਲਈ ਹੈ। ਦੱਸਣ ਵਾਲਿਆਂ ਅਨੁਸਾਰ ਇਹ ਸ਼ਹਿਰ ਰੇਲਵੇ ਰਾਹੀਂ 1890 'ਚ ਤੇ ਸੜਕ 1952 'ਚ ਜੁੜ ਸਕਿਆ ਪਰ ਕਲਾ ਦੇ ਖੇਤਰ 'ਚ ਇਸਦੀ ਹੋਂਦ ਬਾਹਰਲੇ ਸੰਸਾਰ ਨਾਲ ਪੁਰਾਤਨ ਵੇਲਿਆਂ ਤੋਂ ਜੁੜੀ ਚੱਲੀ ਆ ਰਹੀ ਹੈ। 1943 'ਚ ਬਣੀ ਫਿਲਮ 'ਸੱਸੀ ਪੁੰਨੂੰ' ਦਾ ਸੰਗੀਤ ਨਿਰਦੇਸ਼ਕ ਧੁੰਮੇ ਖਾਨ ਤੇ ਸੰਗੀਤ ਨਿਰਦੇਸ਼ਕ ਗੋਬਿੰਦ ਰਾਮ ਬਠਿੰਡੇ ਦੇ ਸਨ। ਇਸ ਸ਼ਹਿਰ ਨੇ ਤਾਂ ਹਾਲੇ ਤੱਕ ਪੰਜਾਬੀ ਓਪੇਰੇ ਦੀ ਪਿਰਤ ਵੀ ਸਾਂਭੀ ਹੋਈ ਹੈ ਪਰ ਅੱਜ ਕੱਲ੍ਹ ਇੱਥੋਂ ਦੇ ਮਾਪਿਆਂ ਨੇ ਆਪਣੀ ਔਲਾਦ ਨੂੰ ਕਲਾਕਾਰ ਦੀ ਥਾਂ ਡਾਕਟਰ ਅਤੇ ਵਕੀਲ ਬਣਾਉਣ ਵੱਲ ਜਿਆਦਾ ਜੋਰ ਲਗਾ ਦਿੱਤਾ ਹੈ ਜਿਸ ਕਰਕੇ ਕਲਾਤਮਕ ਰੌਸ਼ਨੀ ਕੁੱਝ ਮੱਠੀ ਪੈ ਗਈ ਹੈ ਤਾਂਹੀਓ ਪੰਜਾਬੀ ਸਾਹਿਤ ਦੇ ਪਾਠਕ ਇਸ ਨੂੰ ਬਲਵੰਤ ਗਾਰਗੀ, ਬੂਟਾ ਸਿੰਘ ਸ਼ਾਦ ਤੇ ਮਿਹਰ ਮਿੱਤਲ ਨਾਲ ਯਾਦ ਕਰਦੇ ਹਨ ਤੇ ਕਈਆਂ ਦੇ ਜਿਹਨ 'ਚ ਅਜੇ ਵੀ ਬਠਿੰਡਾ ਦੀਆਂ ਕਚਿਹਰੀਆਂ 'ਚ ਚਲਦੇ ਕਤਲਾਂ ਦੇ ਮੁਕੱਦਮਿਆਂ ਅਤੇ ਭਰਵੀਆਂ ਬੰਦੂਕਾਂ ਦੇ ਨਕਸ਼ ਵੀ ਉੱਤਰੇ ਹੋਏ ਹਨ। ਕੋਈ ਸਮਾਂ ਸੀ ਜਦੋਂ ਸੂਰਜ ਦੀ ਟਿੱਕੀ ਛਿਪਦਿਆਂ ਹੀ ਸ਼ਹਿਰ 'ਚ ਸਨਾਟਾ ਛਾ ਜਾਂਦਾ ਸੀ ਪਰ ਹੁਣ ਰਾਤ ਤੱਕ ਲੋਕ ਸੜਕਾਂ ਤੇ ਸੈਰ ਕਰਦੇ ਹਨ। ਫਲਾਈ ਓਵਰਾਂ ਤੇ ਚਲਦੀ ਦਿਨ ਰਾਤ ਆਵਾਜਾਈ ਅਤੇ ਰੇਲ ਗੱਡੀਆਂ ਦੀਆਂ ਚੀਕਾਂ ਦੀ ਅਵਾਜ ਦੱਸਦੀ ਹੈ ਕਿ ਸ਼ਹਿਰ ਦਾ ਦਿਲ 24 ਘੰਟੇ ਧੜਕਦਾ ਹੈ। ਜੇਕਰ ਬਠਿੰਡਾ 'ਚ ਚਲਦੇ ਧਰਨੇ/ਮੁਜ਼ਾਹਰਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਸ਼ਹਿਰ ਆਪ ਵੀ ਸਹਿਜ ਚਾਲੇ ਚਲਦਾ ਰਹਿੰਦਾ ਹੈ ਕਿਉਂਕਿ ਪਹਿਲਾਂ ਨਾਲੋਂ ਤਾਂ ਬਠਿੰਡਾ ਬਹੁਤ ਜ਼ਿਆਦਾ ਬਦਲ ਗਿਆ ਹੈ ਤੇ ਬਦਲ ਵੀ ਰਿਹਾ ਹੈ।

Saturday, 12 November 2011

ਪੁਲਿਸ ਵੱਲੋਂ ਬੇਰੁਜ਼ਗਾਰਾਂ ਤੇ ਸੰਘਰਸ਼ਸੀਲ ਲੋਕਾਂ ਨੂੰ ਝੰਬਣ ਦਾ ਮਾਮਲਾ ਸਰਕਾਰ ਦੇ ਗਲੇ ਦੀ ਹੱਡੀ ਬਣਿਆਂ


ਫਾਇਲ ਫੋਟੋ
ਬਠਿੰਡਾ, ਅਸ਼ੋਕ ਵਰਮਾ

ਪੰਜਾਬ 'ਚ ਬੀਤੀਆਂ ਵਿਧਾਨ ਸਭਾ ਚੋਣਾਂ ਵੇਲੇ ਸੱਤਾਧਾਰੀਆਂ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਦਾ ਹਵਾਲਾ ਦਿੰਦਿਆਂ ਬੇਰੁਜ਼ਗਾਰ ਧਿਰਾਂ, ਅਧਿਆਪਕਾਂ, ਮਜ਼ਦੂਰਾਂ ਅਤੇ ਖੇਤੀ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਮੌਕੇ  ਚੋਣਾਂ ਦੀ ਹੋਣੀ ਕੂਕਣ ਸਾਰ ਪੰਜਾਬ ਪੁਲਿਸ ਵੱਲੋਂ ਫੇਰੀ ਜਾ ਰਹੀ ਡਾਂਗ ਸਰਕਾਰ ਦੇ ਗਲੇ ਦੀ ਹੱਡੀ ਬਣਦੀ ਦਿਖਾਈ ਦੇ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਜਦੋਂ ਪੰਜਾਬ ਦੇ ਚੋਣ ਜਾਬਤੇ ਦੀ ਮਾਰ ਹੇਠ ਆਉਣ 'ਚ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਹੈ ਤਾਂ ਵਾਰ-ਵਾਰ ਅਜਿਹੇ ਵਰਤਾਰਿਆਂ 'ਚ ਆਈ ਤੇਜੀ ਸਰਕਾਰ ਲਈ ਘਾਟੇ ਦਾ ਸੌਦਾ ਸਿੱਧ ਹੋ ਸਕਦੀ ਹੈ। ਫਰੀਦਕੋਟ ਵਿਖੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ 'ਚ ਬੇਰੁਜ਼ਗਾਰ ਲਾਈਨਮਨਾਂ ਵੱਲੋਂ ਕੀਤੀ ਨਾਅਰੇਬਾਜੀ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ 'ਚ ਕਾਲੇ ਝੰਡੇ ਦਿਖਾ ਰਹੇ ਬਿਜਲੀ ਕਾਮਿਆਂ ਨੂੰ ਥਾਣਾ ਸਿਟੀ ਦੇ ਐਸ. ਐਚ. ਓ. ਗੁਰਸ਼ੇਰ ਸਿੰਘ ਅਤੇ ਹੌਲਦਾਰ ਬੋਹੜ ਸਿੰਘ ਵੱਲੋਂ ਮੋਹਰੀ ਹੋ ਕੇ ਚਾੜੇ ਗਏ ਕੁਟਾਪੇ ਨੇ ਸੱਤਾਧਾਰੀ ਧਿਰਾਂ ਦਾ ਗ੍ਰਾਫ ਨੀਵਾਂ ਕੀਤਾ ਹੈ। ਇਹੋ ਹੀ ਨਹੀਂ ਬਠਿੰਡਾ 'ਚ ਬੀਤੇ ਦਿਨੀਂ ਈ. ਟੀ. ਟੀ. ਅਧਿਆਪਕਾਂ ਨੂੰ ਚਾੜਿਆ ਕੁਟਾਪਾ, ਗੋਬਿੰਦਪੁਰਾ ਜਮੀਨੀ ਮਾਮਲੇ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਅਤੇ ਬਠਿੰਡਾ ਵਿਖੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਫਰਿਆਦ ਸੁਣਾਉਣ ਲਈ ਇਕੱਠੇ ਹੋਏ ਬੇਰੁਜ਼ਗਾਰ ਮੁੰਡੇ-ਕੁੜੀਆਂ ਦੀ ਪੁਲਿਸ ਤੇ ਬੀਬੀ ਦੇ ਸੁਰੱਖਿਆ ਗਾਰਡਾਂ ਵੱਲੋਂ ਕੀਤੀ ਗਈ ਖਿੱਚ ਧੂਹ ਤੇ ਅਕਾਲੀ ਵਰਕਰਾਂ ਵੱਲੋਂ ਕੀਤੀ ਗਈ ਪਰੇਡ ਤੋਂ ਇਲਾਵਾ ਮੁੱਖ ਮੰਤਰੀ ਦੇ ਹਲਕੇ ਲੰਬੀ ਜਾਂ ਜੱਦੀ ਪਿੰਡ ਬਾਦਲ ਵੱਲ ਮਾਰਚ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਝੰਬੇ ਜਾਣ ਦੀਆਂ ਛਪਦੀਆਂ ਤਸਵੀਰਾਂ ਨਾਲ ਸਮੁੱਚੇ ਰਾਜ ਪ੍ਰਬੰਧ ਦੀ ਦਿੱਖ ਦਾਅ ਤੇ ਲੱਗੀ ਹੋਈ ਹੈ। ਪਰ ਤਸਵੀਰ ਦਾ ਸਿਆਹ ਪੱਖ ਇਹ ਹੈ ਕਿ ਅਧਿਕਾਰੀ ਆਪਣੇ ਸਿਆਸੀ ਅਕਾਵਾਂ ਦੇ ਫਰਮਾਨ ਨੂੰ ਸਿਰ ਮੱਥੇ ਮੰਨਦਿਆਂ 'ਰਾਜ ਨਹੀਂ ਸੇਵਾ' ਦੇ ਨਾਅਰੇ ਨੂੰ ਅਮਲੀ ਰੂਪ ਦੇਣ 'ਚ ਲੱਗੇ ਹੋਏ ਹਨ। ਹਾਲਾਂਕਿ ਫਰੀਦਕੋਟ ਮਾਮਲੇ ਨੂੰ ਲੈ ਕੇ ਸਰਕਾਰ ਨੇ ਐਸ. ਐਚ. ਓ. ਤੇ ਹੌਲਦਾਰ ਖਿਲਾਫ ਮੁਕੱਦਮਾਂ ਅਤੇ ਡੀ. ਐਸ. ਪੀ. ਦੀ ਬਦਲੀ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੀਆਂ ਬਾਕੀ ਥਾਵਾਂ 'ਤੇ ਅਜਿਹੇ ਮੁੱਦਿਆਂ ਨੂੰ ਲੈ ਕੇ ਕੋਈ ਕਦਮ ਨਾ ਉਠਾਏ ਜਾਣ ਦੇ ਸਿੱਟੇ ਵਜੋਂ ਨਰਾਜਗੀਆਂ ਦੀਆਂ ਆ ਰਹੀਆਂ ਖ਼ਬਰਾਂ ਦੱਸਦੀਆਂ ਹਨ ਕਿ ਨਿੱਤ-ਨਿੱਤ ਦੇ ਡਾਂਗੋ-ਸੋਟੇ ਨੇ ਪੁਲਿਸ ਦਾ ਅਕਸ ਖਰਾਬ ਕੀਤਾ ਹੈ। ਆਮ ਲੋਕ ਇਸ ਗੱਲ ਨੂੰ ਲੈ ਕੇ ਵੀ ਗੁੱਸੇ 'ਚ ਹਨ ਕਿ ਜਿਸ ਵਿਅਕਤੀ ਨੂੰ ਉਹਨਾਂ ਚੁਣਕੇ ਸੂਬੇ ਦੀ ਵਾਂਗਡੋਰ ਸੰਭਾਲੀ ਉਸ ਨੂੰ ਆਪਣਾ ਦੁੱਖ ਦੱਸਣ ਲਈ ਜਾਣ ਵਾਲਿਆਂ ਨੂੰ ਪੁਲਿਸ ਵੱਲੋਂ ਸਖਤ ਨਾਕਾਬੰਦੀ ਕਰਕੇ ਦੂਰ ਰੋਕ ਲਣ ਦੀ ਨੀਤੀ ਅੰਗਰੇਜਾਂ ਦੀ ਯਾਦ ਤਾਜਾ ਕਰਵਾਉਂਦੀ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਮੰਨਿਆ ਕਿ ਹੁਕਮ 'ਚ ਬੱਧੇ ਹੋਣ ਕਰਕੇ ਉਹਨਾਂ ਦੀ ਮਜਬੂਰੀ ਹੈ ਜਦੋਂ ਕਿ ਆਪਣੇ ਹੱਕਾਂ ਲਈ ਲੜਨ ਵਾਲਿਆਂ ਦਾ ਕਹਿਣਾ ਸੀ ਕਿ ਅਜ਼ਾਦ ਦੇਸ਼ ਦੇ ਨਾਗਰਿਕਾਂ ਨਾਲ ਅਜਿਹਾ ਸਲੂਕ ਮਨੁੱਖੀ ਅਧਿਕਾਰਾਂ ਤੇ ਛਾਪਾ ਹੈ। ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਦੀ ਪ੍ਰਧਾਨ ਊਸ਼ਾ ਰਾਣੀ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰਨ ਵਾਲਿਆਂ ਪ੍ਰਤੀ ਅਪਣਾਇਆ ਜਾ ਰਿਹਾ ਵਤੀਰਾ ਪੂਰੀ ਤਰ•ਾਂ ਗੁਲਾਮੀ ਵਾਲੀ ਮਾਨਸਿਕਤਾ ਹੈ ਅੰਗਰੇਜਾਂ ਦੇ ਰਾਜ 'ਚ ਭਾਰਤੀਆਂ ਨੂੰ ਹਾਕਮਾਂ ਤੋਂ ਦੂਰ ਰੱਖਣ ਲਈ ਲਾਠੀ ਗੋਲੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਅਸੀਂ ਕਿਸੇ ਵਿਦੇਸ਼ੀ ਤਾਕਤ ਦੇ ਗੁਲਾਮ ਨਾ ਹੋ ਕੇ ਲੋਕਤੰਤਰੀ ਦੇਸ਼ ਦੇ ਵਸਨੀਕ ਹਾਂ ਫਿਰ ਵੀ ਲੋਕਾਂ ਨਾਲ ਗੁਲਾਮਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਉੱਧਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਵਾਅਦੇ ਮੁਤਾਬਿਕ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ 'ਚ ਅਸ਼ਾਂਤੀ ਪੈਦਾ ਹੀ ਨਾ ਹੋਵੇ ਜਦੋਂ ਕਿ ਹਕੀਕਤ ਇਹ ਹੈ ਕਿ ਕੁੱਟਣ ਨਾਲ ਕਿਸੇ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ ਬਲਕਿ ਗੁੱਸਾ ਵਧਦਾ ਹੈ। ਉਹਨਾਂ ਆਖਿਆ ਕਿ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਾਲੇ ਕਾਨੂੰਨਾਂ ਤੇ ਡੰਡੇ ਦਾ ਸਹਾਰਾ ਲੈ ਕੇ ਜਨਤਾ ਨੂੰ ਦਬਾਉਣਾ ਚਾਹੁੰਦੀਆਂ ਹਨ ਪਰ ਇਤਿਹਾਸ ਗਵਾਹ ਹੈ ਕਿ ਜਾਬਰ ਤੋਂ ਜਾਬਰ ਰਾਜ ਪ੍ਰਬੰਧ ਵੀ ਲੋਕ ਰੋਹ ਅੱਗੇ ਜਿਆਦਾ ਦੇਰ ਟਿਕ ਨਹੀਂ ਸਕੇ। ਮਜ਼ਦੂਰ ਆਗੂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੋ ਕੁੱਝ ਪੰਜਾਬ 'ਚ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਉਸ ਨਾਲ ਅਖੌਤੀ ਜਮਹੂਰੀਅਤ ਦਾ ਲੀਰੋ-ਲੀਰ ਹੋਇਆ ਬੁਰਕਾ ਲੋਕਾਂ ਦੇ ਸਾਹਮਣੇ ਆ ਗਿਆ ਹੈ ਜਦੋਂ ਕਿ ਗੱਲਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਪ੍ਰਬੰਧ ਦੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੁੱਦੇ ਤੇ ਆਪਣੇ ਵਿਚਾਰ ਦੱਸਦਿਆਂ ਈ. ਟੀ. ਟੀ. ਟੀਚਰਜ਼ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ਪਿਛਲੇ ਦਿਨੀਂ ਜਿਸ ਢੰਗ ਨਾਲ ਈ. ਟੀ. ਟੀ. ਅਧਿਆਪਕਾਂ ਤੇ ਦੋ ਸੀਨੀਅਰ ਅਫਸਰਾਂ ਦੀ ਹਾਜ਼ਰੀ 'ਚ ਤਸ਼ੱਦਦ ਕੀਤਾ ਗਿਆ ਉਸ ਨੂੰ ਲੈ ਕੇ ਬੁੱਧੀਜੀਵੀਆਂ ਤੇ ਅਧਿਆਪਕਾਂ 'ਚ ਰੋਸ ਪੈਦਾ ਹੋ ਗਿਆ ਹੈ। ਉਹਨਾਂ ਆਖਿਆ ਕਿ ਆਪਣੇ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਖਾਤਰ ਆਪਣੀ ਅਵਾਜ਼ ਬੁਲੰਦ ਕਰਨ ਲਈ ਲੋਕਾਂ ਨੇ ਮੰਤਰੀਆਂ ਜਾਂ ਜਿੰਮੇਵਾਰ ਅਧਿਕਾਰੀਆਂ ਕੋਲ ਪੁੱਜਣਾ ਹੁੰਦਾ ਹੈ ਇਸ ਲਈ ਅਜਿਹੇ ਪ੍ਰਬੰਧ ਕਰਨੇ ਜਰੂਰੀ ਹਨ ਤਾਂ ਕਿ ਉਹ ਆਪਣੇ ਦੁੱਖ ਰੋ ਸਕਣ ਪਰ ਇੱਥੇ ਤਾਂ ਸਿਆਸਤਦਾਨ ਕੁਫਰਾਂ ਦੀ ਪੰਡ ਤੋਲ ਕੇ ਸੱਤਾ ਤੇ ਕੀ ਬੈਠੇ ਲੋਕਾਂ ਵੱਲੋਂ ਪਿੱਠ ਹੀ ਕਰ ਲਈ ਹੈ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਇਹ ਮੰਨਿਆ ਕਿ ਪਿਛਲੇ 4 ਸਾਲਾਂ ਦੌਰਾਨ ਪੁਲਿਸ ਦੀ ਦਿੱਖ ਪ੍ਰਭਾਵਿਤ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਸੱਤਾ ਪੱਖ ਦੇ ਰਾਜਨੀਤੀਵਾਨ ਅਤੇ ਪ੍ਰਸ਼ਾਸ਼ਨ ਚਲਾਉਣ ਵਾਲੇ ਅਫਸਰ ਨਾਗਰਿਕਾਂ ਦੀਆਂ ਦੁੱਖ ਤਕਲੀਫਾਂ ਸੁਣਕੇ ਉਹਨਾਂ ਦਾ ਹੱਲ ਨਹੀਂ ਕੱਢਦੇ ਤਾਂ ਰੋਸ ਵਧਣਾ ਸੁਭਾਵਿਕ ਹੀ ਹੈ।

Sunday, 30 October 2011

ਇਸ ਦੀਵਾਲੀ ਨੂੰ ਲੋਕਾਂ ਨੇ ਪਟਾਕੇ ਘੱਟ ਚਲਾਏ

ਬਠਿੰਡਾ, ਅਸ਼ੋਕ ਵਰਮਾ

ਇਸ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਈ ਜਾਗਰੂਕਤਾ ਮੁਹਿੰਮ ਅਤੇ ਮਹਿੰਗਾਈ ਕਾਰਨ ਲੋਕਾਂ ਤੇ ਪਏ ਆਰਥਿਕ ਬੋਝ ਦਾ ਸਿੱਟਾ ਹੀ ਆਖਿਆ ਜਾ ਸਕਦਾ ਹੈ ਕਿ ਇਸ ਵਾਰ ਲੋਕਾਂ ਨੇ ਪਿਛਲੇ ਸਾਲ ਨਾਲੋਂ ਪਟਾਕੇ ਘੱਟ ਚਲਾਏ। ਇਸ ਦੀ ਪੁਸ਼ਟੀ ਥੋਕ ਵਿਕ੍ਰੇਤਾਵਾਂ ਨੇ ਤਾਂ ਕੀਤੀ ਹੀ ਹੈ ਬਲਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਵੀ ਇਹੋ ਦੱਸਦੇ ਹਨ ਕਿ ਬੱਚਿਆਂ ਤੇ ਸਮਾਜ ਸੇਵਕਾਂ ਦੇ ਪ੍ਰਦੂਸ਼ਣ ਵਿਰੋਧੀ ਨਾਅਰੇ ਰੰਗ ਲਿਆਉਣ ਲੱਗੇ ਹਨ। ਬੋਰਡ ਦੇ ਇਨਵਾਇਰਮੈਂਟਲ ਇੰਜਨੀਅਰ ਨਾਜਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਨੂੰ ਕਰਵਾਏ ਅਧਿਐਨ ਤੋਂ ਇਹ ਖੁਲਾਸਾ ਹੋਇਆ ਹੈ ਕਿ ਲੋਕ ਇਸ ਦਿਸ਼ਾ 'ਚ ਕਾਫੀ ਚੇਤੰਨ ਹੋਏ ਹਨ ਜੋ ਕਿ ਇੱਕ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ। 26 ਅਕਤੂਬਰ ਰਾਤ ਵੇਲੇ ਸਾਈਲੈਂਸ ਜੋਨ 'ਚ ਘੱਟੋ-ਘੱਟ ਸ਼ੋਰ ਪ੍ਰਦੂਸ਼ਣ 61.9 ਡੈਸੀਬਲ ਅਤੇ ਵੱਧ ਤੋਂ ਵੱਧ 70.1 ਡੈਸੀਬਲ ਸੀ ਜਦੋਂ ਕਿ ਪਿਛਲੇ ਵਰ•ੇ ਇਹ ਅੰਕੜਾ ਕ੍ਰਮਵਾਰ 59.5 ਡੈਸੀਬਲ ਤੇ 94.8 ਡੈਸੀਬਲ ਸੀ। ਇਹੋ ਹੀ ਨਹੀਂ ਬੋਰਡ ਦੇ ਅੰਕੜਿਆਂ ਅਨੁਸਾਰ 21 ਅਕਤੂਬਰ ਵਾਲੇ ਦਿਨ ਇਹਨਾਂ ਥਾਵਾਂ ਤੇ ਅਵਾਜ ਦੇ ਸੋਰ ਦਾ ਪੱਧਰ ਘੱਟੋ ਘੱਟ 57.0 ਅਤੇ ਵੱਧ ਤੋਂ ਵੱਧ 63.9 ਡੈਸੀਬਲ ਰਿਹਾ। ਬਠਿੰਡਾ ਦੇ ਰਿਹਾਇਸ਼ੀ ਖੇਤਰਾਂ 'ਚ ਇਸ ਵਰ•ੇ ਸ਼ੋਰ ਪ੍ਰਦੂਸ਼ਣ ਪਿਛਲੇ ਸਾਲ ਦੇ 105.2 ਡੈਸੀਬਲ ਦੇ ਮੁਕਾਬਲੇ ਘਟਕੇ 84.6 ਡੈਸੀਬਲ ਰਿਹਾ ਜਦੋਂ ਕਿ ਵਪਾਰਕ ਇਲਾਕਿਆਂ 'ਚ ਵੀ ਅਵਾਜ ਦੇ ਪ੍ਰਦੂਸ਼ਣ 'ਚ ਇਸ ਸਾਲ ਵੱਡੀ ਕਮੀ ਦਰਜ਼ ਹੋਈ ਹੈ। ਪਿਛਲੇ ਸਾਲ ਇਹ 104.5 ਡੀਬੀ. ਸੀ ਜਦੋਂ ਕਿ 26 ਅਕਤੂਬਰ ਨੂੰ 84.3 ਡੀ. ਬੀ. ਰਿਹਾ। ਸ੍ਰੀ ਮਾਨਸ਼ਾਹੀਆ ਨੇ ਕਿਹਾ ਕਿ ਲੋਕ ਸ਼ੋਰ ਦਾ ਵੱਡਾ ਕਾਰਨ ਬਨਣ ਵਾਲੇ ਪਟਾਕਿਆਂ ਦੇ ਨੁਕਸਾਨਾਂ ਬਾਰੇ ਸਮਝ ਗਏ ਹਨ ਤੇ ਇਸ ਦਿਸ਼ਾ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਭੂਮਿਕਾ ਨਿੱਗਰ ਰਹੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬੋਰਡ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸਾਈਲੈਂਸ ਜੋਨ 'ਚ ਅਵਾਜ ਦਾ ਪੱਧਰ 40 ਡੈਸੀਬਲ, ਰਿਹਾਇਸ਼ੀ ਇਲਾਕਿਆਂ 'ਚ 45 ਡੀਬੀ ਅਤੇ ਵਪਾਰਕ ਖੇਤਰਾਂ 'ਚ 55 ਡੀਬੀ ਹੋਣਾ ਚਾਹੀਦਾ ਹੈ।
ਉੱਧਰ ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਲਾਲ ਬਾਂਸਲ ਦਾ ਕਹਿਣਾ ਸੀ ਕਿ ਪ੍ਰਦੂਸ਼ਣ ਸਿਹਤ ਲਈ ਹਾਨੀਕਾਰਕ ਹੈ ਇਸ ਲਈ ਇਹੋ ਜਿਹੀ ਅਲਾਮਤ ਤੋਂ ਖਹਿੜਾ ਛੁਡਵਾਉਣ ਲਈ ਲੋਕਾਂ ਨੂੰ ਆਪ ਅੱਗੇ ਆਉਣਾ ਪਵੇਗਾ। ਉਹਨਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਚਲਾਈ ਚੇਨਤਾਂ ਮੁਹਿੰਮ ਦੀ ਵੀ ਸ਼ਲਾਘਾ ਕੀਤੀ ਜਿਸ ਸਦਕਾ ਇਹ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।

Saturday, 22 October 2011

ਹੁਣ ਤਾਂ ਕੇਵਲ ਯਾਦਾਂ ਹੀ ਬਚੀਆਂ ਹਨ ਸ਼ਹੀਦ ਹੋਏ ਪੁਲਿਸ ਮੁਲਾਜਮਾਂ ਦੀਆਂ

             ਅੱਖਾਂ 'ਚ ਹੰਝੂ, ਚਿਹਰੇ ਤੇ ਮਾਣ ਅਤੇ ਸਰਕਾਰਾਂ 'ਤੇ ਗਿਲਾ

ਬਠਿੰਡਾ, ਅਸ਼ੋਕ ਵਰਮਾ


ਪਿੰਡ ਸ਼ੇਰਗੜ• ਦੀ ਬਿਰਧ ਦਲੀਪ ਕੌਰ ਕੋਲ ਤਾਂ ਆਪਣੇ ਪੁੱਤਰ ਦੀ ਯਾਦ ਹੀ ਬਾਕੀ ਬਚੀ ਹੈ। ਜਦੋਂ ਪੰਜਾਬ 'ਚ ਕਾਲੀ ਹਨੇਰੀ ਵਗੀ ਤਾਂ ਉਸ ਨੇ ਉਸਦਾ ਕੜੀ ਵਰਗਾ ਪੁੱਤ ਦਰਸ਼ਨ ਸਿੰਘ ਖੋਹ ਲਿਆ। ਸ਼ਹੀਦੀ ਦਿਵਸ ਸਮਾਗਮਾਂ ਨੇ ਉਸਦੇ ਅੱਲੇ ਜਖਮਾਂ ਨੂੰ ਫਿਰ ਤੋਂ ਤਾਜਾ ਕਰ ਦਿੱਤਾ। ਇਹ ਬਜ਼ੁਰਗ ਆਪਣੀ ਦੋਹਤੀ ਦੇ ਸਹਾਰੇ ਆਈ ਸੀ। ਪੁੱਤ ਦੇ ਵਿਛੋੜੇ 'ਚ ਅੱਖਾਂ ਦੀ ਰੌਸ਼ਨੀ ਗੁਆ ਚੁੱਕੀ ਇਹ ਮਾਤਾ ਨੇ ਗਿਲਾ ਕੀਤਾ ਕਿ ਉਹਨਾਂ ਨੂੰ ਕੇਵਲ ਸ਼ਹੀਦੀ ਸਮਾਗਮ ਵਾਲੇ ਦਿਨ ਹੀ ਯਾਦ ਕੀਤਾ ਜਾਂਦਾ ਹੈ ਅੱਗੋ-ਪਿੱਛੋਂ ਕੋਈ ਨਹੀਂ ਪੁੱਛਦਾ। ਇਸ ਤੋਂ ਪਹਿਲਾਂ ਥਾਣੇ ਵਾਲੇ ਆਪਣੀ ਗੱਡੀ 'ਚ ਲੈ ਕੇ ਆਉਂਦੇ ਸੀ ਪਰ ਰਾਤ ਰਾਮਾਂ ਥਾਣੇ ਵਾਲਿਆਂ ਨੇ ਗੱਡੀ ਖਰਾਬ ਹੋਣ ਦਾ ਆਖ ਦਿੱਤਾ ਜਿਸ ਕਰਕੇ ਸਾਨੂੰ ਬੱਸ 'ਚ ਧੱਕੇ ਖਾ ਕੇ ਆਉਣਾ ਪਿਆ। ਮਾਤਾ ਨੇ ਆਖਿਆ ਕਿ ਮੇਰੀ ਤਾਂ ਬੁਢਾਪਾ ਪੈਨਸ਼ਨ ਵੀ ਨਹੀਂ ਲਾਈ ਗਈ ਤੇ ਨਾ ਹੀ ਕੋਈ ਬਕਾਇਆ ਦਿੱਤਾ। ਪਿਛਲੇ ਸਾਲ ਨੌਕਰੀ ਦੇਣ ਦੀ ਗੱਲ ਆਖੀ ਸੀ ਪਰ ਬਾਅਦ 'ਚ ਇਨਕਾਰ ਕਰ ਦਿੱਤਾ। ਉਮਰ ਦੇ ਪਿਛਲੇ ਪਹਿਰ 'ਚ ਪੁੱਜ ਚੁੱਕੇ ਘੰਡਾ ਬੰਨਾ ਦੇ ਬਜੁਰਗ ਸੁਖਦੇਵ ਸਿੰਘ ਨੂੰ 20 ਫਰਵਰੀ 1991 ਦਾ ਉਹ ਮਨਹੂਸ ਦਿਨ ਨਹੀਂ ਭੁੱਲ ਰਿਹਾ ਜਦੋਂ ਉਸਦਾ ਜਵਾਨ ਪੁੱਤ ਜਰਨੈਲ ਸਿੰਘ ਅੱਤਵਾਦ ਖਿਲਾਫ ਲੜਾਈ 'ਚ ਆਪਣੀ ਜਾਨ ਤੋਂ ਹੱਥ ਧੋ ਬੈਠਾ। ਜਰਨੈਲ ਸਿੰਘ ਪੰਜਾਬ ਪੁਲਿਸ 'ਚ ਸਿਪਾਹੀ ਸੀ ਅਤੇ ਉਸਦੇ ਬੰਬ ਧਮਾਕੇ 'ਚ ਮੌਤ ਹੋ ਗਈ ਸੀ। ਉਸ ਨੇ ਤਾਂ ਅਜੇ ਤੱਕ ਆਪਣੀ ਜਿੰਦਗੀ ਵੀ ਸ਼ੁਰੂ ਨਹੀਂ ਕੀਤੀ ਸੀ ਕਿ ਇਹ ਭਾਣਾ ਵਾਪਰ ਗਿਆ। ਸੁਖਦੇਵ ਸਿੰਘ ਨੂੰ ਤਾਂ ਦੂਹਰੀ ਮਾਰ ਪਈ। ਪੋਤੇ ਨੂੰ ਵਿਦੇਸ਼ ਭੇਜਣ ਲਈ 10 ਲੱਖ ਦਾ ਕਰਜਾ ਚੁੱਕ ਕੇ ਟਰੈਵਲ ਏਜੰਟ ਨੂੰ ਦੇ ਦਿੱਤਾ ਪਰ ਉਹ ਧੋਖਾ ਕਰ ਗਿਆ। ਇਹ ਪ੍ਰੀਵਾਰ ਕਰਜੇ ਦੀ ਮਾਰ ਹੇਠ ਆਇਆ ਹੋਇਆ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਸਦਾ ਪੁੱਤ ਕੁਆਰਾ ਸੀ ਪਰ ਜੇ ਸਰਕਾਰ ਦੂਸਰੇ ਪੋਤੇ ਨੂੰ ਨੌਕਰੀ ਦੇ ਦਿੰਦੀ ਤਾਂ ਟੱਬਰ ਦਾ ਭਾਰ ਹੌਲਾ ਹੋ ਜਾਂਦਾ ਪਰ ਕਈ ਵਾਰ ਫਰਿਆਦ ਕਰਨ ਤੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ।
ਪਿੰਡ ਮਹਿਰਾਜ ਦੇ ਗੁਰਪ੍ਰੀਤ ਸਿੰਘ ਨੂੰ ਸ਼ਹੀਦੀ ਯਾਦਗਰ ਦਿਵਸ ਨੇ ਪੁਰਾਣੇ ਦਿਨ ਚੇਤੇ ਕਰਵਾ ਦਿੱਤੇ ਹਨ। ਉਸਦਾ ਪਿਤਾ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ 31 ਅਗਸਤ 1995 ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਸਿਵਲ ਸਕੱਤਰੇਤ 'ਚ ਹੋਏ ਬੰਬ ਧਮਾਕੇ 'ਚ ਮਾਰਿਆ ਗਿਆ ਸੀ। ਸਰਕਾਰ ਨੇ ਇੱਕ ਭਰਾ ਨੂੰ ਤਾਂ ਸਿਪਾਹੀ ਭਰਤੀ ਕਰ ਲਿਆ ਪ੍ਰੰਤੂ ਬਾਕੀ ਪ੍ਰੀਵਾਰ ਨੂੰ ਕਾਲੇ ਦਿਨਾਂ ਨੇ ਹੌਕੇ ਲੈਣ ਲਈ ਛੱਡ ਦਿੱਤਾ ਹੈ। ਗੁਰਪ੍ਰੀਤ ਬੇਰੁਜ਼ਗਾਰ ਹੈ ਤੇ ਅਫਸਰਾਂ ਅੱਗੇ ਨੌਕਰੀ ਖਾਤਰ ਫਰਿਆਦੀ ਹੋਇਆ ਸੀ। ਉਸ ਨੂੰ ਰੋਸ ਸੀ ਕਿ ਹੁਣ ਤਾਂ ਭਰਤੀ 'ਚ ਵੀ ਸ਼ਹੀਦ ਪ੍ਰੀਵਾਰਾਂ ਦਾ ਕੋਟਾ ਨਹੀਂ ਰੱਖਿਆ। ਭਰ ਜੁਆਨੀ 'ਚ ਵਿਧਵਾ ਹੋਈ ਜਸਵਿੰਦਰ ਕੌਰ ਬਠਿੰਡਾ ਦਾ ਦੁੱਖ ਵੀ ਕਿਸੇ ਤੋਂ ਘੱਟ ਨਹੀਂ ਹੈ। ਅਜੇ ਵਿਆਹ ਨੂੰ ਪੌਣੇ 2 ਸਾਲ ਹੀ ਹੋਏ ਸੀ ਕਿ ਪਤੀ ਹੋਮਗਾਰਡ ਜਤਿੰਦਰ ਸਿੰਘ 8 ਨਵੰਬਰ 1997 ਨੂੰ ਲਹਿਰਾ ਖਾਨਾ ਨੇੜੇ ਅੱਤਵਾਦੀ ਧਿਰਾਂ ਵੱਲੋਂ ਰੇਲ ਗੱਡੀ 'ਚ ਕੀਤੇ ਬੰਬ ਧਮਾਕੇ 'ਚ ਮਾਰਿਆ ਗਿਆ। ਇਸ ਵਿਧਵਾ ਦੇ ਪ੍ਰੀਵਾਰ ਦਾ ਗੁਜਾਰਾ ਬਿਰਧ ਸਹੁਰੇ ਦੇ ਸਿਰ ਤੇ ਚਲਦਾ ਹੈ। ਉਸ ਨੂੰ ਇਹ ਵੀ ਝੋਰਾ ਹੈ ਕਿ ਜਿਸ ਦਿਨ ਉਹ ਅੱਖਾਂ ਮੀਚ ਗਿਆ ਤਾਂ ਕੀ ਬਣੇਗਾ। ਪਤੀ ਦੀ ਸ਼ਹਾਦਤ ਤੇ ਮਾਣ ਜਤਾਉਂਦਿਆਂ ਅੱਖਾਂ 'ਚ ਹੰਝੂ ਲਈ ਜਸਵਿੰਦਰ ਆਖਦੀ ਹੈ ਕਿ ਜੇਕਰ ਸਰਕਾਰ ਉਸਦੇ ਪੁੱਤ ਨੂੰ ਨੌਕਰੀ ਦੇ ਦੇਵੇ ਤਾਂ ਚਾਰ ਦਿਨ ਸੌਖੇ ਕੱਟ ਜਾਣਗੇ। ਰਾਜਗੜ• ਕੁੱਬੇ ਤੋਂ ਮੁਖਤਿਆਰ ਸਿੰਘ ਆਪਣੀ ਵਿਧਵਾ ਧੀ ਨਿਰਪਾਲ ਕੌਰ ਨੂੰ ਲੈ ਕੇ ਸ਼ਹੀਦੀ ਯਾਦਗਰ ਦਿਵਸ 'ਚ ਸ਼ਾਮਲ ਹੋਣ ਆਇਆ ਸੀ। ਨਿਰਪਾਲ ਕੌਰ ਦਾ ਪਤੀ 31 ਅਗਸਤ 1991 ਨੂੰ ਮਾਨਸਾ ਕੈਂਚੀਆਂ ਤੇ ਹਮਲੇ 'ਚ ਮਾਰਿਆ ਗਿਆ ਸੀ। ਪਤੀ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗੀ। ਪੁੱਤ ਨੂੰ ਆਈ. ਆਰ. ਬੀ. 'ਚ ਭਰਤੀ ਕਰ ਲਿਆ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਜ਼ਿਲ•ਾ ਪੁਲਿਸ ਦਾ ਨੰਬਰ ਦੇਣ ਦੀ ਅਪੀਲ ਕਰਨ ਆਈ ਸੀ। ਬਿਰਧ ਸੁਰਜੀਤ ਕੌਰ ਦੇ ਸ਼ਹੀਦ ਹੋਏ ਪੁੱਤ ਟਹਿਲ ਸਿੰਘ ਹੋਮਗਾਰਡ ਬਾਰੇ ਗੱਲ ਕੀਤੀ ਤਾਂ ਉਸਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ। ਉਸ ਨੇ ਦੱਸਿਆ ਕਿ 21 ਸਾਲ ਪਹਿਲਾਂ ਉਸਦੇ ਪੁੱਤ ਨੂੰ ਘਰੋਂ ਚੁੱਕ ਕੇ ਮਾਰ ਦਿੱਤਾ ਸੀ। 70ਵਿਆਂ 'ਚ ਪੁੱਜੀ ਪ੍ਰਕਾਸ਼ ਕੌਰ ਬਠਿੰਡਾ ਨੂੰ ਧੀ ਬਲਵਿੰਦਰ ਕੌਰ ਲਿਆਈ ਸੀ। ਪ੍ਰਕਾਸ਼ ਕੌਰ ਦਾ ਪਤੀ 1992 'ਚ ਮਾਨਸਾ ਜ਼ਿਲ•ੇ ਦੇ ਪਿੰਡ ਖਿੱਲਣ ਚਕੇਰੀਆ 'ਚ ਹੋਏ ਮੁਕਾਬਲੇ 'ਚ ਮਾਰਿਆ ਗਿਆ ਸੀ। ਉਸ ਨੇ ਪੈਨਸ਼ਨ ਵਧਾਉਣ ਦੀ ਗੱਲ ਆਖੀ ਤਾਂ ਇਸੇ ਹੀ ਮੁਕਾਬਲੇ 'ਚ ਮਰੇ ਅਮਰਜੀਤ ਸਿੰਘ ਦੀ ਵਿਧਵਾ ਜਗਮੋਹਨਜੀਤ ਕੌਰ ਨੇ ਆਪਣੇ ਦੁੱਖਾਂ ਦੀ ਕਹਾਣੀ ਸੁਣਾਈ। ਮੰਡੀ ਕਲਾਂ ਦੀ ਗੁਰਮੀਤ ਕੌਰ ਨੂੰ ਵੀ ਕਾਲੇ ਦਿਨ ਖਾ ਗਏ। ਉਸ ਨੇ ਆਖਿਆ ਕਿ ਪੈਨਸ਼ਨ ਥੋੜੀ ਹੈ ਜਿਸ ਨਾਲ ਗੁਜਾਰਾ ਨਹੀਂ ਹੁੰਦਾ। ਇਸ ਲਈ ਸਰਕਾਰ ਨੂੰ ਲਾਲ ਕਾਰਡ ਸਮੇਤ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਮੰਡੀ ਕਲਾਂ ਦੇ ਜਗਸੀਰ ਸਿੰਘ ਦੇ ਭਰਾ ਸਿਪਾਹੀ ਜਸਬੀਰ ਸਿੰਘ ਦੀ ਸ਼ਹੀਦੀ ਤਾਂ ਜ਼ਿਲਿਆਂ 'ਚ ਰੁਲ ਗਈ। ਜਗਸੀਰ ਸਿੰਘ ਨੇ ਆਖਿਆ ਕਿ ਉਸਦੇ ਭਾਈ ਨੂੰ 14 ਅਕਤੂਬਰ 1991 ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਹ ਬੈਂਕ ਡਿਊਟੀ ਕਰਕੇ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਇਸ ਵਾਰ ਤਾਂ ਉਸ ਨੂੰ ਬੁਲਾਇਆ ਹੀ ਨਹੀਂ ਗਿਆ ਬਲਕਿ ਜਦ ਉਹ ਇੱਥੇ ਪੁੱਜਾ ਤਾਂ ਆਖ ਦਿੱਤਾ ਕਿ ਸੰਗਰੂਰ ਜਾਓ ਤੁਹਾਨੂੰ ਉੱਥੇ ਸਨਮਾਨ ਮਿਲੇਗਾ। ਜਗਸੀਰ ਨੇ ਕਿਹਾ ਕਿ ਜੇਕਰ ਸਹੂਲਤ ਨਹੀਂ ਦੇਣੀ ਤਾਂ ਨਾ ਦੇਣ ਕ੍ਰਿਪਾ ਕਰਕੇ ਅਫਸਰ ਜਲੀਲ ਨਾ ਕਰਨ। ਇਸੇ ਤਰ•ਾਂ ਦਰਜ਼ਨਾਂ ਹੋਰ ਪ੍ਰੀਵਾਰ ਵੀ ਸਨ ਜਿੰਨਾਂ ਦੇ ਵਿਛੋੜੇ ਦੀ ਚੀਸ ਅੱਜ ਵੀ ਵੱਜ ਰਹੀ ਹੈ।
         ਬਠਿੰਡਾ ਪੁਲਿਸ ਵੱਲੋਂ ਪੁਲਿਸ ਲਾਈਨ 'ਚ ਕੀਤੇ ਗਏ ਸਮਾਗਮ 'ਚ ਇਹਨਾਂ ਪ੍ਰੀਵਾਰਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ। ਆਈ. ਜੀ. ਬਠਿੰਡਾ ਜੋਨ ਨਿਰਮਲ ਸਿੰਘ ਢਿੱਲੋਂ, ਡੀ. ਆਈ. ਜੀ. (ਰੇਂਜ) ਪਰਮਜੀਤ ਸਿੰਘ ਗਰੇਵਾਲ ਅਤੇ ਐਸ. ਐਸ. ਪੀ. ਡਾ. ਸੁਖਚੈਨ ਸਿੰਘ ਗਿੱਲ ਨੇ ਪੰਜਾਬ ਪੁਲਿਸ ਦੇ ਸ਼ਹੀਦ ਹੋਏ ਅਫਸਰਾਂ ਅਤੇ ਜਵਾਨਾਂ ਦੀਆਂ ਯਾਦਗਰਾਂ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਤੇ ਸਲਾਮੀ ਦਿੱਤੀ। ਐਸ. ਪੀ. (ਡੀ) ਸੁਖਦੇਵ ਸਿੰਘ ਚਹਿਲ ਨੇ ਸ਼ਹੀਦ ਹੋਏ ਪ੍ਰੀਵਾਰਾਂ ਦੀ ਸੂਚੀ ਪੜੀ। ਪੁਲਿਸ ਅਫਸਰਾਂ ਵੱਲੋਂ ਸ਼ਹੀਦ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ। ਆਈ. ਜੀ. ਬਠਿੰਡਾ ਨਿਰਮਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਕਿਸੇ ਵੀ ਪ੍ਰੀਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।

Friday, 21 October 2011

ਗੋਬਿੰਦਪੁਰਾ ਦੀਆਂ ਨੰਨੀਆਂ ਛਾਵਾਂ ਵੱਲੋਂ ਜਮੀਨ ਬਚਾਉਣ ਦਾ ਅਹਿਦ


ਬਠਿੰਡਾ, ਅਸ਼ੋਕ ਵਰਮਾ


ਗੋਬਿੰਦਪੁਰਾ ਦੀਆਂ ਅੱਧੀ ਦਰਜ਼ਨ ਮੁਟਿਆਰਾਂ ਧੀਆਂ ਨੇ ਆਪਣੀ ਜਮੀਨ ਬਚਾਉਣ ਦੇ ਅਹਿਦ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਹਣੇ ਮਾਰੇ ਕਿ ਸਾਡਾ ਕਸੂਰ ਤਾਂ ਦੱਸ ਦੇਣ ਕਿ ਕਿਉਂ ਸਾਡੇ ਤੇ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ਼ ਕਰਕੇ ਨਾ ਕੇਵਲ ਜੇਲ•ੀ ਡੱਕਿਆ ਜਾ ਰਿਹਾ ਹੈ ਬਲਕਿ ਬੇਲਗਾਮ ਹੋਈ ਪੁਲਿਸ ਸਾਡੀ ਸਕੂਲੋਂ ਆਉਂਦੀਆਂ-ਜਾਂਦੀਆਂ ਦੀ ਬੇਪਤੀ ਕਰਨ ਤੇ ਉੱਤਰ ਆਈ ਹੈ। ਇਹ ਲੜਕੀਆਂ ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਫਰੰਟ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਪੁੱਜੀਆਂ ਸਨ। +2 ਦੀ ਵਿਦਿਆਰਥਣ ਸੁਖਦੀਪ ਕੌਰ ਦੱਸਦੀ ਹੈ ਕਿ ਉਸਦੇ ਪ੍ਰੀਵਾਰ 'ਚੋਂ ਕਦੇ ਕਿਸੇ ਜੀਅ ਨੇ ਥਾਣੇ ਦਾ ਮੂੰਹ ਨਹੀਂ ਵੇਖਿਆ ਸੀ, ਜਿਹੜਾ ਇਸ ਧਰਮੀ ਰਾਜੇ ਦੇ ਰਾਜ ਨੇ ਦਿਖਾ ਦਿੱਤਾ। ਉੁਸਦਾ ਪਿਤਾ ਪੰਜ ਲੱਖ ਦਾ ਕਰਜਈ ਹੈ। ਕਰਜ਼ਾ ਦਿਨੋਂ-ਦਿਨ ਵਧੀ ਜਾ ਰਿਹਾ ਹੈ। ਪੁਲਿਸ ਦੇ ਦੁਰਵਿਵਹਾਰ ਦੀ ਸ਼ਿਕਾਰ ਸੁਖਦੀਪ ਨੇ ਕਿਹਾ ਕਿ ਮੇਰੇ ਬਾਪ ਦੀ ਉਮਰ ਦੇ ਸਿਪਾਹੀਆਂ ਨੇ ਸਾਨੂੰ ਧੱਕੇ ਮਾਰੇ, ਗਾਲਾਂ ਕੱਢੀਆਂ ਅਤੇ ਗੁੱਤਾਂ ਪੁੱਟਣ ਦੀਆਂ ਧਮਕੀਆਂ ਦਿੱਤੀਆਂ ਜੋ ਕਿ ਲੋਕ ਰਾਜ ਦੇ ਮੱਥੇ ਤੇ ਕਲੰਕ ਹੈ। ਉਸ ਨੇ ਦੱਸਿਆ ਕਿ ਇਸ ਦੌਰਾਨ ਪੇਪਰ ਚੱਲ ਰਹੇ ਸਨ ਤਾਂ ਇਹ ਹੌਲਦਾਰ ਨੇ ਜਬਰੀ ਨਾਕੇ ਤੇ ਰੋਕ ਕੇ ਰੱਖਿਆ ਜਿਸ ਦੇ ਸਿੱਟੇ ਵਜੋਂ ਉਹ 1 ਘੰਟਾ ਲੇਟ ਹੋ ਗਈ। ਉਸ ਨੇ ਆਖਿਆ ਕਿ ਬਾਹਰ ਆਉਣ ਜਾਣ ਵੇਲੇ ਤੰਗ ਕਰਦਿਆਂ ਪੁਲਿਸ ਆਖਦੀ ਹੈ ਕਿ ਚੈੱਕ ਲੈ ਲਓ ਨਹੀਂ ਤਾਂ ਏਦੂ ਵੀ ਮਾੜੀ ਕਰਾਂਗੇ।
ਗਗਨਪ੍ਰੀਤ ਕੌਰ ਦੀ ਯੋਗਤਾ ਐਨ. ਟੀ. ਟੀ. ਤੇ ਈ. ਟੀ. ਟੀ. ਹੈ। ਅਧਿਆਪਕ ਬਨਣ ਦੇ ਕਾਬਲ ਇਸ ਲੜਕੀ ਤੇ ਤਾਂ ਇਰਾਦਾ ਕਤਲ ਦਾ ਪਰਚਾ ਦਰਜ਼ ਹੈ ਹੀ ਬਲਕਿ ਪਿਤਾ ਗੁਰਲਾਲ ਸਿੰਘ 'ਤੇ 3, ਮਾਂ ਤੇ 1 ਅਤੇ ਭੈਣ 'ਤੇ ਵੀ ਧਾਰਾ 307 ਦਾ 1 ਕੇਸ ਦਰਜ਼ ਹੈ। ਗਗਨਪ੍ਰੀਤ ਦੀ ਭੈਣ ਅਮਨਪ੍ਰੀਤ ਕੌਰ ਦਾ ਵੀ ਦੁੱਖ ਕਿਸੇ ਗੱਲੋਂ ਘੱਟ ਨਹੀਂ। ਇਰਾਦਾ ਕਤਲ ਦੇ ਦੋਸ਼ਾਂ 'ਚ 1 ਵਾਰ ਬਠਿੰਡਾ ਜੇਲ• ਅਤੇ 5 ਵਾਰ ਥਾਣੇ ਜਾ ਚੁੱਕੀ ਹੈ। ਪਿਤਾ ਗੁਰਲਾਲ ਸਿੰਘ ਜਮੀਨ ਬਚਾਓ ਸੰਘਰਸ਼ ਕਮੇਟੀ ਦਾ ਪ੍ਰਧਾਨ ਹੈ। ਸਾਰਾ ਪ੍ਰੀਵਾਰ ਜਮੀਨ ਬਚਾਉਣ ਲਈ ਚੱਲ ਰਹੇ ਸੰਘਰਸ਼ 'ਚ ਕੁੱਦਿਆ ਹੋਇਆ ਹੈ। ਪੁਲਿਸ ਪ੍ਰਤੀ ਦਿਲ 'ਚ ਨਫਰਤ ਦੀ ਅੱਗ ਬਾਲੀ ਬੈਠੀਆਂ ਇਹ ਭੈਣਾਂ ਆਖਦੀਆਂ ਹਨ ਕਿ ਅਸੀਂ ਸੁਣਿਆ ਸੀ ਬਈ ਪੁਲਿਸ ਧੱਕੇਸ਼ਾਹੀਆਂ ਕਰਦੀ ਹੈ ਪਰ ਹੁਣ ਸਾਨੂੰ ਅੱਖੀ ਦਿਖਾ ਦਿੱਤਾ ਹੈ। +2 ਦੀ ਵਿਦਿਆਰਥਣ ਹਰਪ੍ਰੀਤ, ਉਸਦੇ ਮਾਤਾ-ਪਿਤਾ ਅਤੇ 1 ਭਰਾ ਨੂੰ ਵੀ ਜਰਕਾਉਣ ਲਈ ਪੁਲਿਸ ਨੇ ਧਾਰਾ 307 ਹੇਠ ਲਪੇਟ ਲਿਆ ਹੈ। ਇਸ ਪ੍ਰੀਵਾਰ ਦੇ 2 ਕਿੱਲੇ ਹਰੇ ਭਰੇ ਝੋਨੇ ਨੂੰ ਨਸ਼ਟ ਕਰਨ ਲਈ ਦਵਾਈ ਛਿੜਕਾ ਦਿੱਤੀ ਪਰ ਇਹ ਲੋਕ ਆਪਣੀ ਜੱਦੀ ਪੁਸ਼ਤੀ ਜ਼ਮੀਨ ਬਚਾਉਣ ਲਈ ਲੜ ਰਹੇ ਹਨ। ਕਿਸਾਨ ਆਗੂ ਗੁਰਲਾਲ ਸਿੰਘ ਦੀ ਭਤੀਜੀ ਹਰਮਨਦੀਪ ਕੌਰ ਦੇ ਪ੍ਰੀਵਾਰ ਦੀ 15 ਏਕੜ ਜਮੀਨ ਥਰਮਲ ਦੀ ਮਾਰ 'ਚ ਆਈ ਹੋਈ ਹੈ। ਹਰਮਨਦੀਪ ਮਰਨ ਨੂੰ ਤਿਆਰ ਹੈ ਪਰ ਜਮੀਨ ਛੱਡਣਾ ਨਹੀਂ ਚਾਹੁੰਦੀ। ਮਾਪਿਆਂ ਤੇ ਸਖਤ ਧਾਰਾਵਾਂ ਤਹਿਤ ਪਰਚੇ ਦਰਜ਼ ਹੋਣ ਦੇ ਬਾਵਜੂਦ ਇਹ ਕੁੜੀ ਜਮੀਨ ਨੂੰ ਆਪਣੀ ਮਾਂ ਦੱਸਦੀ ਮਰਨਾ ਤਾਂ ਮਨਜੂਰ ਕਰਦੀ ਹੈ ਪਰ ਹੱਕ ਛੱਡਣ ਨੂੰ ਤਿਆਰ ਨਹੀਂ। 
ਜਮੀਨ ਬਚਾਉਣ ਲਈ ਸਭ ਕੁੱਝ ਨਿਛਾਵਰ ਕਰਨ ਦੀ ਗੱਲ ਕਰਨ ਵਾਲੀ ਬਿਰਧ ਸੁਰਜੀਤ ਕੌਰ ਨੇ ਆਖਿਆ ਕਿ ਉਹਨਾਂ ਮੁਆਵਜੇ ਦੇ ਚੈੱਕ ਨਹੀਂ ਚੁੱਕੇ ਤਾਂ ਉਹ ਕਿਹੜਾ ਥਾਣਾ ਹੈ ਜਿੱਥੇ ਸਾਨੂੰ ਲਿਜਾਇਆ ਨਹੀਂ ਗਿਆ। ਉਸ ਨੇ ਆਖਿਆ ਕਿ ਉਹ 50 ਵਰ•ੇ ਪਹਿਲਾਂ ਡੋਲੀ 'ਚ ਬੈਠ ਕੇ ਆਈ ਸੀ ਤੇ ਹੁਣ ਅਰਥੀ ਵੀ ਗੋਬਿੰਦਪੁਰੇ 'ਚੋਂ ਉੱਠੇਗੀ ਪਰ ਜਮੀਨ ਨਹੀਂ ਛੱਡੇਗੀ। ਇਹਨਾਂ ਸਭਨਾਂ ਨੇ ਆਖਿਆ ਕਿ ਜਮੀਨ ਸਾਡੀ ਮਾਂ ਹੈ ਅਸੀਂ ਕਿਸੇ ਕੰਪਨੀ ਨੂੰ ਨਹੀਂ ਦਿਆਂਗੀਆਂ। ਉਹਨਾਂ ਆਖਿਆ ਕਿ ਸਰਕਾਰ ਸਾਡੀਆਂ ਲਾਸ਼ਾਂ ਤੋਂ ਬਾਅਦ ਹੀ ਇਸ ਤੇ ਕਬਜਾ ਕਰ ਸਕਦੀ ਹੈ। ਉਹਨਾਂ ਦੁੱਖ ਪ੍ਰਗਟ ਕੀਤਾ ਕਿ ਹਾਕਮਾਂ ਦੀ ਨੂੰਹ ਜਿਸ ਨੇ ਵੋਟਾਂ ਦੀ ਖਾਤਰ ਸਾਡਾ ਵਿਹੜਾ ਨੀਵਾਂ ਕਰ ਛੱਡਿਆ ਸੀ ਪਰ ਦੁੱਖ ਵੇਲੇ ਸਾਡੀ ਬਾਤ ਨਹੀਂ ਪੁੱਛੀ। ਉਹਨਾਂ ਆਖਿਆ ਕਿ ਸਾਨੂੰ ਉਹ ਦਿਨ ਯਾਦ ਹੈ ਜਦੋਂ ਗੋਬਿੰਦਪੁਰੇ 'ਚ ਚੁੰਨੀਆਂ ਵਟਾਈਆਂ ਸਨ ਪਰ ਉਸੇ ਹੀ ਟੱਬਰ ਦੇ ਰਾਜ 'ਚ ਪੁਲਿਸ ਨੇ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਅਤੇ ਇਹੋ ਜਿਹੇ ਮੰਦੇ ਬੋਲ ਬੋਲੇ ਜਿੰਨਾਂ ਦੀ ਗੱਲ ਕਰਦਿਆਂ ਸ਼ਰਮ ਆਉਂਦੀ ਹੈ।
ਲੋਕ ਮੋਰਚਾ ਪੰਜਾਬ ਦੀ ਜ਼ਿਲ•ਾ ਪ੍ਰਧਾਨ ਪੁਸ਼ਪ ਲਤਾ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਇਹ ਹੈ ਕਿ ਮਹਿਲਾ ਮੈਂਬਰ ਪਾਰਲੀਮੈਂਟ ਤੇ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹਲਕੇ 'ਚ ਪੁਲਿਸ ਪੰਜਾਬ ਦੀਆਂ ਧੀਆਂ ਨੂੰ ਕੁਟਾਪੇ ਚਾੜ੍ਰਕੇ ਜੇਲਾਂ ਦਾ ਰਸਤਾ ਦਿਖਾ ਰਹੀ ਹੈ ਪਰ ਉਸ ਨੇ ਭੇਦਭਰੇ ਢੰਗ ਨਾਲ ਚੁੱਪ ਧਾਰੀ ਹੋਈ ਹੈ ਜਦੋਂ ਕਿ ਬਾਹਰ ਕਿਤੇ ਵਾਪਰੀ ਮਾਮੂਲੀ ਘਟਨਾ ਬਾਰੇ ਉਹ ਅਸਮਾਨ ਸਿਰ ਤੇ ਚੁੱਕ ਲੈਂਦੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਗੋਬਿੰਦਪੁਰਾ ਦੇ ਲੋਕਾਂ ਦੀ ਜਮੀਨ ਵਾਪਿਸ ਕਰੇ ਅਤੇ ਪੁਲਿਸ ਵੱਲੋਂ ਕੀਤੀਆਂ ਜਿਆਦਤੀਆਂ ਦੀ ਜਾਂਚ ਕਰਕੇ ਕਸੂਰਵਾਰਾਂ ਨੂੰ ਸਖਤ ਸਜਾ ਦਿੱਤੀ ਜਾਵੇ।

ਦੋ ਸਕੀਆਂ ਭੈਣਾਂ ਵੀ ਮੈਦਾਨ 'ਚ ਡਟੀਆਂ


ਆਪਣੀ ਜ਼ਮੀਨ ਬਚਾਉਣ ਲਈ 76 ਵਰਿਆਂ ਦੀ ਅਮਰਜੀਤ ਕੌਰ ਅਤੇ 56 ਸਾਲਾਂ ਦੀ ਸੁਖਦੇਵ ਕੌਰ ਵੀ ਮੈਦਾਨ 'ਚ ਡਟੀਆਂ ਹੋਈਆਂ ਹਨ। ਦੋਵਾਂ ਭੈਣਾਂ ਦੀ ਕਹਾਣੀ ਦੁੱਖ ਭਰੀ ਹੈ। ਅਮਰਜੀਤ ਕੌਰ ਗੋਬਿੰਦਪੁਰਾ ਦੇ ਜੱਗਾ ਸਿੰਘ ਨੂੰ ਵਿਆਹੀ ਹੋਈ ਸੀ। ਕੋਈ ਔਲਾਦ ਨਾ ਹੋਣ ਕਰਕੇ ਛੋਟੀ ਭੈਣ ਸੁਖਦੇਵ ਕੌਰ ਨੂੰ ਵੀ ਪਤੀ ਦੇ ਲੜ ਲਾ ਦਿੱਤਾ ਪਰ ਉਸਦੀ ਕੁੱਖੋ ਵੀ ਬੱਚੇ ਨੇ ਜਨਮ ਨਾ ਲਿਆ। ਇਹਨਾਂ ਦੋਵਾਂ ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਾ ਜਦੋਂ ਜੱਗਾ ਸਿੰਘ ਚੜਾਈ ਕਰ ਗਿਆ। ਅੱਜ ਬਠਿੰਡਾ ਪੁੱਜੀ ਸੁਖਦੇਵ ਕੌਰ ਨੇ ਆਖਿਆ ਕਿ ਭਾਵੇਂ ਜਾਨ ਕੁਰਬਾਨ ਹੋ ਜਾਵੇ ਦੋਵੇਂ ਭੈਣਾਂ ਪਤੀ ਦੀ ਨਿਸ਼ਾਨੀ ਬਚਾਉਣ ਲਈ ਸਿਰਤੋੜ ਯਤਨ ਕਰਨਗੀਆਂ। ਸੁਖਦੇਵ ਕੌਰ ਨੇ ਆਖਿਆ ਕਿ 'ਰਾਜ ਨਹੀਂ ਸੇਵਾ' ਵਾਲਿਆਂ ਦਾ ਇਹ ਕੇਹਾ ਰਾਜ ਹੈ ਜਿਸ 'ਚ ਔਰਤਾਂ ਦੇ ਪੱਟਾਂ ਅਤੇ ਢਿੱਡਾਂ ਤੇ ਘੋੜੇ ਚੜਾਏ ਗਏ ਅਤੇ ਧੌਲਾ ਝਾਟਾ ਪੱਟਿਆ ਗਿਆ

Friday, 14 October 2011

ਪੰਜਾਬ 'ਚ ਮਿਲਾਵਟ ਵਾਲੇ ਸਹਾਰਨਪੁਰੀ ਖੋਏ ਦੀ ਭਰਮਾਰ

ਤਿਉਹਾਰਾਂ ਮੌਕੇ ਬਣ ਰਹੇ 'ਮਿੱਠੇ ਜਹਿਰਾਂ' ਤੋਂ ਮਨੁੱਖੀ ਜਾਨਾਂ ਨੂੰ  ਖਤਰਾ

ਬਠਿੰਡਾ,ਅਸ਼ੋਕ ਵਰਮਾ

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਦੁੱਧ ਤੋਂ ਤਿਆਰ ਕੀਤੇ ਜਾਂਦੇ ਪਦਾਰਥਾਂ 'ਚ ਮਿਲਾਵਟ ਰੋਕਣ ਦੇ ਦਾਅਵਿਆਂ ਦੀ ਤਲਖ ਹਕੀਕਤ ਇਹ ਵੀ ਹੈ ਕਿ ਰਾਜ ਵਿੱਚ ਮਿਲਾਵਟੀ ਖੋਏ ਦਾ ਕਾਰੋਬਾਰ ਧੜੱਲੇ ਨਾਲ ਜਾਰੀ ਹੈ। ਇਸ ਧੰਦੇ ਨਾਲ ਜੁੜੇ ਕਾਰੀਗਰਾਂ ਤੋਂ ਹਾਸਲ ਸੂਚਨਾਵਾਂ ਦੀ ਮੰਨੀਏ ਤਾਂ ਦੁੱਧ ਮਹਿੰਗਾ ਹੋਣ ਕਰਕੇ ਖੋਏ ਦੀਆਂ ਬੇਲਗਾਮ ਹੋਈਆਂ ਕੀਮਤਾਂ ਕਾਰਨ ਮਿਲਾਵਟਖੋਰਾਂ ਵੱਲੋਂ 'ਸਹਾਰਨਪੁਰ' ਤੋਂ ਲਿਆ ਕੇ ਮਾਵੇ ਵਾਲਾ ਨਕਲੀ ਖੋਆ ਵੇਚਿਆ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਮਿਲਾਵਟੀ ਸਮਾਨ ਰੇਲਵੇ ਰਾਹੀਂ ਲਿਆਂਦਾ ਜਾ ਰਿਹਾ ਹੈ ਪਰ ਸਿਹਤ ਮਹਿਕਮੇ ਨੂੰ ਇਸ ਦੀ ਕੋਈ ਖ਼ਬਰ ਨਹੀਂ ਹੈ। ਜਾਣਕਾਰੀ ਅਨੁਸਾਰ ਸਹਾਰਨਪੁਰੀ ਖੋਏ ਦੀ ਕੀਮਤ 80 ਤੋਂ 100 ਰੁਪਏ ਦਰਮਿਆਨ ਹੈ ਜਦੋਂ ਕਿ ਇੱਥੇ ਅਸਲੀ ਦੁੱਧ ਤੋਂ 180 ਤੋਂ 200 ਰੁਪਏ ਪ੍ਰਤੀ ਕਿੱਲੋ ਖੋਆ ਤਿਆਰ ਹੁੰਦਾ ਹੈ। ਉੱਚ ਕੋਟੀ ਦੇ ਡੇਅਰੀ ਮਾਲਕਾਂ ਵੱਲੋਂ ਆਪਣੇ ਫਾਰਮ ਦੇ ਦੁੱਧ ਤੋਂ ਬਣਾਇਆ ਜਾਂਦਾ ਖੋਆ 250 ਰੁਪਏ ਪ੍ਰਤੀ ਕਿੱਲੋ 'ਚ ਮਿਲਦਾ ਹੈ। ਇਸ ਨਕਲੀ ਮਾਲ ਨੂੰ ਕੋਲਡ ਸਟੋਰਾਂ 'ਚ ਸੰਭਾਲ ਕੇ ਰੱਖਿਆ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਧੇਰੇ ਕਰਕੇ ਇਹ ਨਕਲੀ ਖੋਆ ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਆਦਿ ਖੇਤਰਾਂ 'ਚ ਭਾਰੀ ਮਾਤਰਾ 'ਚ ਪੁੱਜ ਰਿਹਾ ਹੈ ਜਿੱਥੋਂ ਅੱਗੇ ਇਹ ਛੋਟੇ ਕਸਬਿਆਂ 'ਚ ਸਪਲਾਈ ਹੁੰਦਾ ਹੈ। ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਦੀਵਾਲੀ ਨਜਦੀਕ ਹੋਣ ਕਰਕੇ ਮਠਿਆਈ ਬਣਾਉਣ ਦਾ ਕੰਮ ਸ਼ਹਿਰਾਂ, ਕਸਬਿਆਂ 'ਚ ਤਾਂ ਇੱਕ ਪਾਸੇ ਪਿੰਡਾਂ 'ਚ ਵੀ ਵੱਡੀ ਪੱਧਰ 'ਤੇ ਜਾਰੀ ਹੈ ਜਿੱਥੇ 24 ਘੰਟੇ ਚੌਕਸੀ ਰੱਖਣੀ ਕੋਈ ਅਸਾਨ ਕੰਮ ਨਹੀਂ ਹੈ। ਸੂਤਰ ਆਖਦੇ ਹਨ ਕਿ ਉੱਤਰ ਪ੍ਰਦੇਸ਼ ਤੋਂ ਆਉਂਦੇ ਇਸ ਮਿੱਠੇ ਜਹਿਰ ਵੱਲ ਕੋਈ ਧਿਆਨ ਨਹੀਂ ਦਿੰਦਾ ਤੇ ਤਿਉਹਾਰਾਂ ਮੌਕੇ ਵੱਡੀ ਗਿਣਤੀ ਹਲਵਾਈ ਇਸ ਦੀ ਧੜਾਧੜ ਵਰਤੋਂ ਕਰਦੇ ਹਨ। ਸਿਹਤ ਵਿਭਾਗ ਵਿਚਲੇ ਸੂਤਰਾਂ ਮੁਤਾਬਿਕ ਹਲਵਾਈਆਂ ਤੇ ਮਿਲਾਵਟਖੋਰਾਂ ਵੱਲੋਂ ਵਧੇਰੇ ਲਾਭ ਦੀ ਖਾਤਰ ਹੀ ਇਹ ਮਾਲ ਦੂਜੇ ਸੂਬਿਆਂ ਤੋਂ ਮੰਗਵਾਇਆ ਜਾਂਦਾ ਹੈ ਜਿਸ ਨੂੰ ਮਾਹਿਰਾਂ ਵੱਲੋਂ ਮਨੁੱਖੀ ਸਿਹਤ ਲਈ ਪੂਰੀ ਤਰ•ਾਂ ਖਤਰਨਾਕ ਦੱਸਿਆ ਜਾ ਰਿਹਾ ਹੈ। ਗੌਰਤਲਬ ਇਹ ਵੀ ਹੈ ਕਿ ਹਲਵਾਈਆਂ ਦੀਆਂ ਵਸਤੂਆਂ ਤੇ ਕੋਈ ਵੈਟ ਆਦਿ ਨਾ ਹੋਣ ਕਰਕੇ ਆਬਾਕਾਰੀ ਵਿਭਾਗ ਵੀ ਇਸ ਬਾਰੇ ਕੁੱਝ ਨਹੀਂ ਕਰ ਸਕਦਾ। ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਹਿਸਾਬ ਨਾਲ ਦੀਵਾਲੀ ਤੋਂ ਪਹਿਲਾਂ ਟਨਾਂ ਦੇ ਹਿਸਾਬ ਨਾਲ ਮਠਿਆਈ ਤਿਆਰ ਕਰਕੇ ਰੱਖੀ ਜਾ ਰਹੀ ਹੈ ਉਸ 'ਚ ਕਈ ਪਦਾਰਥ ਅਜਿਹੇ ਵੀ ਹੁੰਦੇ ਹਨ ਜੋ ਕਿ ਸਮਾਂ ਪਾ ਕੇ ਜ਼ਹਿਰੀਲੇ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਨਿੰਬੂ ਦਾ ਸਤ ਮਹਿੰਗਾ ਹੋਣ ਕਰਕੇ ਬਹੁਤ ਹਲਵਾਈ ਪਨੀਰ ਅਤੇ ਗੁਲਾਬ ਜਾਮੁਨ ਆਦਿ ਮਠਿਆਈਆਂ ਲਈ ਨਮਕ ਦਾ ਤੇਜਾਬ ਵਰਤਦੇ ਹਨ। ਜਿੱਥੇ 40 ਕਿੱਲੋ ਦੁੱਧ ਵਾਸਤੇ ਨਿੰਬੂ ਦਾ ਸਤ 70-80 ਰੁਪਏ ਦਾ ਲਗਦਾ ਹੈ ਉਥੇ ਤੇਜਾਬ ਦੀਆਂ 4 ਬੂੰਦਾਂ ਮਿੰਟਾਂ ਸਕਿੰਟਾਂ 'ਚ ਦੁੱਧ ਫਾੜ ਦਿੰਦੀਆਂ ਹਨ ਪਰ ਇਹ ਇਨਸਾਨੀ ਜਿਸਮਾਂ ਲਈ ਕਿੰਨਾ ਹਾਨੀਕਾਰਕ ਹੈ ਇਸ ਦੀ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਮਹਾਂਨਗਰ ਦੇ ਇੱਕ ਥੋਕ ਕਰਿਆਨਾਂ ਵਿਕਰੇਤਾ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ 'ਚ ਨਮਕ ਦੇ ਤੇਜਾਬ ਦੀ ਵਿਕਰੀ ਹੈਰਾਨੀਜਨਕ ਢੰਗ ਨਾਲ ਵਧ ਜਾਂਦੀ ਹੈ। 'ਸੱਚ ਕਹੂੰ' ਵੱਲੋਂ ਕੀਤੀ ਪੜਤਾਲ ਦਾ ਵੀ ਇਹੋ ਸਿੱਟਾ ਹੈ ਕਿ ਮਠਿਆਈਆਂ ਤੇ ਲਾਉਣ ਵਾਲੇ ਨਕਲੀ ਵਰਕ ਦੀ ਵਰਤੋਂ ਹੋ ਰਹੀ ਹੈ। ਅਸਲ ਵਰਕ ਤੇ ਨਕਲੀ 'ਚ ਘੱਟੋ-ਘੱਟ 10 ਗੁਣੇ ਤੋਂ ਵੀ ਜਿਆਦਾ ਰੇਟ ਦਾ ਫਰਕ ਹੈ ਕਾਨੂੰਨੀ ਪੇਸ਼ਬੰਦੀਆਂ ਦੇ ਬਾਵਜੂਦ ਮਠਿਆਈ, ਨਮਕੀਨ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ 'ਚ ਸਿਹਤ ਨੂੰ ਹਾਨੀ ਪਹੁੰਚਾਉਣ ਵਾਲੇ ਰੰਗਾਂ ਦੀ ਧੜੱਲੇ ਨਾਲ ਵਰਤੋਂ ਜਾਰੀ ਹੈ। ਸੂਤਰਾਂ ਅਨੁਸਾਰ ਵੇਸਣ 'ਚ ਚੌਲਾਂ ਦੀ ਕਣੀ, ਖੰਡ ਦੀ ਥਾਂ ਸਕਰੀਨ, ਚੈਰੀ ਦੀ ਜਗਾ ਪੇਠੇ ਜਾਂ ਕੱਦੂ ਦੀ ਰੰਗ ਦਿੱਤੀ ਨਕਲੀ ਚੈਰੀ, ਪਿਸਤੇ ਦੀ ਥਾਂ ਮੂੰਗਫਲੀ ਦੀ ਗਿਰੀ ਆਦਿ ਦੀ ਵਰਤੋਂ ਆਮ ਹੈ। ਸਿਰਫ ਮਠਿਆਈ ਹੀ ਨਹੀਂ ਮਹਿਲਾਵਾਂ ਦੇ ਮਨਭਾਉਂਦੇ ਪਦਾਰਥ ਗੋਲ ਗੱਪਿਆਂ ਦੇ ਪਾਣੀ ਵਾਸਤੇ ਨਮਕ ਦਾ ਤੇਜਾਬ ਮਿਲਾਇਆ ਜਾ ਰਿਹਾ ਹੈ। ਮਹਿੰਗੇ ਭਾਅ ਦੀ ਜਿੰਨੀ ਇਮਲੀ ਨਾਲ ਸਿਰਫ ਇੱਕ ਮੱਟੀ ਪਾਣੀ ਤਿਆਰ ਹੁੰਦੀ ਹੈ ਜਦਕਿ ਤੇਜਾਬ ਤੇ ਕੇਵਲ 2 ਰੁਪਏ ਖਰਚ ਹੁੰਦਾ ਹੈ। ਸਿਹਤ ਵਿਭਾਗ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੀਵਾਲੀ ਦੇ ਮੌਕੇ ਮਠਿਆਈ ਤਿਆਰ ਕਰਨ ਲਈ ਵਰਤੇ ਜਾਂਦੇ ਮਾੜੇ ਦਰਜੇ ਦੇ ਤੇਲਾਂ ਅਤੇ ਪਾਬੰਦੀਸ਼ੁਦਾ ਰੰਗਾਂ ਦੀ ਵਰਤੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਸਕਦੇ ਹਨ। ਉਹਨਾਂ ਆਖਿਆ ਕਿ ਵੱਧ ਮੁਨਾਫਾ ਕਮਾਉਣ ਲਈ ਖੁਰਾਕੀ ਪਦਾਰਥਾਂ ਵਿੱਚੋਂ ਵਧੀਆ ਤੇ ਮਹਿੰਗੇ ਅੰਸ਼ਾਂ ਦੀ ਥਾਂ ਸਸਤੇ ਅਤੇ ਘਟੀਆ ਪਦਾਰਥ ਸ਼ਾਮਲ ਕਰ ਲਏ ਜਾਂਦੇ ਹਨ ਤੇ ਅਜਿਹੀ ਕਾਰਵਾਈ ਮੰਗ ਵਧਣ ਵੇਲੇ ਜਿਆਦਾ ਕੀਤੀ ਜਾਂਦੀ ਹੈ। ਉਹਨਾਂ ਸਲਾਹ ਦਿੱਤੀ ਕਿ ਸਾਹਮਣੇ ਆ ਰਹੇ ਖਦਸ਼ਿਆਂ ਨੂੰ ਮੁੱਖ ਰੱਖਦਿਆਂ ਕਿਸੇ ਵੀ ਕਿਸਮ ਦੇ ਖਤਰੇ ਤੋਂ ਬਚਣ ਲਈ ਸੁਆਣੀਆਂ ਨੂੰ ਪ੍ਰਾਚੀਨ ਢੰਗਾਂ ਨਾਲ ਘਰੇ ਹੀ ਮਠਿਆਈਆਂ ਤਿਆਰ ਕਰਨ ਵੱਲ ਮੁੜਨਾ ਚਾਹੀਦਾ ਹੈ। ਸਿਵਲ ਹਸਪਤਾਲ ਬਠਿੰਡਾ ਦੇ ਸਾਬਕਾ ਮੈਡੀਕਲ ਅਫਸਰ ਡਾ. ਮਨਮੋਹਨ ਸਿੰਘ ਦਿਉਲ ਦਾ ਕਹਿਣਾ ਸੀ ਕਿ ਮਿਲਾਵਟ ਵਾਲੀਆਂ ਵਸਤਾਂ ਖਾਣ ਨਾਲ ਮਨੁੱਖੀ ਸਰੀਰ ਕੈਂਸਰ, ਸ਼ੂਗਰ, ਮਾਨਸਿਕ ਕਮਜੋਰੀ ਅਤੇ ਪਾਚਨ ਪ੍ਰਣਾਲੀ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਲਈ ਕੋਈ ਵੀ ਖ੍ਰੀਦ ਕਰਨ ਤੇ ਪਹਿਲਾਂ ਉਸਦੇ ਸ਼ੁੱਧ ਹੋਣ ਦੀ ਜਾਂਚ ਜਰੂਰੀ ਹੈ।

ਮਿਲਾਵਟਖੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੋਸਾਈਂ

ਪੰਜਾਬ ਦੇ ਸਿਹਤ ਮੰਤਰੀ ਸੱਤਪਾਲ ਗੋਸਾਈ ਦਾ ਕਹਿਣਾ ਸੀ ਕਿ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਮੂਹ ਸਿਵਲ ਸਰਜਨਾਂ ਨੂੰ ਦੁੱਧ ਅਤੇ ਇਸ ਤੋਂ ਬਣੀਆਂ ਮਠਿਆਈਆਂ ਖੋਆ ਆਦਿ ਦੀ ਵਿਕਰੀ ਦੀ ਨਿਗਰਾਨੀ ਰੱਖਣ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਹਨਾਂ ਆਖਿਆ ਕਿ ਸਮੂਹ ਲੈਬਾਰਟਰੀਆਂ ਨੂੰ ਕਿਸੇ ਵੀ ਸਮਾਨ ਦੀ ਜਲਦੀ ਤੋਂ ਜਲਦੀ ਰਿਪੋਰਟ ਦੇਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਸ੍ਰੀ ਗੋਸਾਈ ਨੇ ਆਖਿਆ ਕਿ ਮਿਲਾਵਟਖੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Saturday, 8 October 2011

ਪ੍ਰਮੁੱਖ ਸਿਆਸੀ ਪਾਰਟੀਆਂ ਨੇ ਦਿੱਤੀਆਂ ਅਨਪੜ੍ਹਾਂ ਨੂੰ ਟਿਕਟਾਂ

ਮਹਿਲਾਵਾਂ ਦੇ ਮਾਮਲੇ 'ਚ ਵੀ ਸਭ ਦਾ ਹੱਥ ਤੰਗ

ਬਠਿੰਡਾ, ਅਸ਼ੋਕ ਵਰਮਾ


ਪੰਜਾਬ ਦੀ ਸੱਤਾ ਤੇ ਕਾਬਜ ਰਹੀਆਂ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਜਿੱਥੇ 2007 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਪਰਾਧੀ ਕਿਸਮ ਦੇ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਉੱਥੇ ਜਿਸ ਢੰਗ ਨਾਲ ਅਨਪੜ੍ਹ, ਅੰਗੂਠਾ ਛਾਪ ਤੇ ਘੱਟ ਪੜਿਆਂ ਨੂੰ ਉਮੀਦਵਾਰ ਬਣਾਇਆ ਗਿਆ ਉਸ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਰਾਜਨੀਤੀਵਾਨ ਪ੍ਰਸ਼ਾਸ਼ਨਿਕ ਯੋਗਤਾ ਰੱਖਣ ਵਾਲੇ ਮਾਹਿਰਾਂ ਦੀ ਬਜਾਏ ਨਿੱਜੀ ਵਫਾਦਾਰੀਆਂ ਨੂੰ ਪਹਿਲ ਦਿੰਦੇ ਹਨ ਜਿਸ ਦਾ ਸਿੱਟਾ ਪੰਜਾਬ 'ਚ ਦਿਨੋਂ-ਦਿਨ ਨਿੱਘਰ ਰਹੇ ਰਾਜ ਪ੍ਰਬੰਧਾਂ ਦੇ ਰੂਪ 'ਚ ਨਿੱਕਲਣ ਲੱਗਾ ਹੈ। ਇਹ ਨਿਵੇਕਲਾ ਖੁਲਾਸਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ ਅਤੇ ਪੰਜਾਬ ਇਲੈਕਸ਼ਨ ਵਾਚ ਵੱਲੋਂ ਕੀਤੇ ਇੱਕ ਅਧਿਅਨ 'ਚ ਸਾਹਮਣੇ ਆਇਆ ਹੈ। ਇਹਨਾਂ ਦੋਵਾਂ ਸੰਸਥਾਵਾਂ ਵੱਲੋਂ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਜਾਰੀ ਚੇਤਨਾ ਰਿਪੋਰਟ ਅਨੁਸਾਰ ਜੇਤੂ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ 351 ਉਮੀਦਵਾਰਾਂ 'ਚੋਂ ਤਿੰਨ 
ਅਨਪੜ੍ਹ ਹਨ ਜਿੰਨਾਂ 'ਚੋਂ ਅਕਾਲੀ ਦਲ ਦੇ 2 ਅਤੇ ਕਾਂਗਰਸ ਦਾ 1 ਹੈ ਜਦੋਂ ਕਿ ਦੋਵਾਂ ਧਿਰਾਂ ਦੇ 1-1 ਉਮੀਦਵਾਰ ਨੇ ਆਪਣੇ ਆਪ ਨੂੰ ਸਾਖਰ ਤਾਂ ਦੱਸਿਆ ਹੈ ਪਰ ਉਹਨਾਂ ਕੋਲ ਯੋਗਤਾ ਨਹੀਂ। ਸੰਸਥਾ ਵੱਲੋਂ ਇਹ ਰਿਪੋਰਟ ਇਹਨਾਂ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ। ਪੰਜਵੀਂ ਪਾਸ 3 ਉਮੀਦਵਾਰਾਂ 'ਚੋਂ ਵੀ ਅਕਾਲੀ ਦਲ ਦੇ 2 ਤੇ ਕਾਂਗਰਸ ਦਾ 1, ਮਿਡਲ ਪਾਸ 29 ਉਮੀਦਵਾਰਾਂ 'ਚੋਂ ਅਕਾਲੀ ਦਲ ਦੇ ਸਭ ਤੋਂ ਵੱਧ 10, ਬਹੁਜਨ ਸਮਾਜ ਪਾਰਟੀ ਦੇ 7, ਕਾਂਗਰਸ ਦੇ 6, ਭਾਜਪਾ ਤੇ ਸੀ. ਪੀ. ਆਈ. ਦੇ 1-1 ਅਤੇ ਬਾਕੀ ਦੂਜੇ ਦਲਾਂ ਦੇ ਸਨ। ਸਿਆਸੀ ਪਾਰਟੀਆਂ ਨੇ 73 ਮੈਟ੍ਰਿਕ ਪਾਸ ਵਿਅਕਤੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਜਿੰਨਾਂ 'ਚ ਕਾਂਗਰਸ ਦੇ ਸਭ ਤੋਂ ਵੱਧ 22, ਅਕਾਲੀ ਦਲ ਤੇ ਬਸਪਾ ਦੇ 16-16, ਭਾਜਪਾ ਦੇ 4, ਸੀ. ਪੀ. ਆਈ. ਦੇ 3, ਅਜ਼ਾਦ 6 ਅਤੇ ਬਾਕੀ ਹੋਰਨਾਂ ਪਾਰਟੀਆਂ ਦੇ ਹਨ। 12ਵੀਂ ਪਾਸ ਉਮੀਦਵਾਰਾਂ ਦੀ ਗਿਣਤੀ 43 ਰਹੀ ਜਿੰਨਾਂ 'ਚੋਂ ਕਾਗਰਸ ਦੇ 15, ਅਕਾਲੀ ਦਲ ਦੇ 11, ਬਸਪਾ ਦੇ 8, ਬੀ. ਜੇ. ਪੀ. ਦੇ 4 ਅਤੇ ਸੀ. ਪੀ. ਆਈ. ਦੀ ਇਹ ਗਿਣਤੀ 1 ਸੀ ਜਦੋਂ ਕਿ 3 ਅਜ਼ਾਦ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ 351 'ਚੋਂ ਗ੍ਰੈਜੂਏਟ ਉਮੀਦਵਾਰਾਂ ਦੀ ਗਿਣਤੀ 73 ਰਹੀ ਜਿੰਨਾਂ 'ਚੋਂ ਕਾਂਗਰਸ ਨੇ 32 ਗ੍ਰੈਜੂਏਟਾਂ ਨੂੰ ਟਿਕਟਾਂ ਦਿੱਤੀਆਂ, ਅਕਾਲੀ ਦਲ ਨੇ 20, ਬੇ. ਜੇ. ਪੀ. ਤੇ ਬਸਪਾ ਦੇ 5-5 ਅਤੇ ਸੀ. ਪੀ. ਆਈ. ਦੇ ਤਿੰਨ ਉਮੀਦਵਾਰ ਗ੍ਰੈਜੂਏਟ ਸਨ। ਪ੍ਰੋਫੈਸ਼ਨਲੀ ਗ੍ਰੈਜੂਏਟ 53 ਵਿਅਕਤੀਆਂ 'ਚੋਂ ਕਾਂਗਰਸ ਦੇ ਸਭ ਤੋਂ ਜਿਆਦਾ 22, ਅਕਾਲੀ ਦਲ ਦੇ 14, ਬੀ. ਜੇ. ਪੀ. ਦੇ 4, ਬਸਪਾ ਦੇ 5 ਅਤੇ ਸੀ. ਪੀ. ਆਈ. ਦਾ 1 ਸੀ। ਰਿਪੋਰਟ ਅਨੁਸਾਰ 351 'ਚੋਂ 41 ਉਮੀਦਵਾਰ ਪੋਸਟ ਗ੍ਰੈਜੂਏਟ ਸਨ ਇਹਨਾਂ 'ਚੋਂ ਕਾਂਗਰਸ ਦੇ 13, ਅਕਾਲੀ ਦਲ ਦੇ 12, ਬੀ. ਜੇ. ਪੀ. ਦੇ 5 ਅਤੇ ਸੀ. ਪੀ. ਆਈ. ਤੇ ਬਸਪਾ ਦੇ 3-3 ਸਨ ਬਾਕੀ ਦਾ ਸਬੰਧ ਹੋਰ ਦਲਾਂ ਨਾਲ ਸੀ। ਡਾਕਟਰੇਟ ਦੀ ਡਿਗਰੀ ਵਾਲਾ ਇੱਕੋ-ਇੱਕ ਉਮੀਦਵਾਰ ਅਕਾਲੀ ਦਲ ਦਾ ਸੀ। ਵੇਰਵਿਆਂ 'ਚ ਇਹ ਵੀ ਦੱਸਿਆ ਗਿਆ ਹੈ ਕਿ 3 ਕੋਲ ਇਸ ਤੋਂ ਵੀ ਅਲੱਗ ਯੋਗਤਾ ਹੈ ਤੇ 27 ਉਮੀਦਵਾਰ ਅਜਿਹੇ ਹਨ ਜਿੰਨਾਂ ਨੇ ਆਪਣੀ ਸਿੱਖਿਆ ਸਬੰਧੀ ਵੇਰਵੇ ਛੁਪਾ ਲਏ।
ਸੰਸਥਾ ਵੱਲੋਂ ਕੀਤੇ ਸਰਵੇ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਮਹਿਲਾਵਾਂ ਪ੍ਰਤੀ ਨਜ਼ਰੀਏ ਦੇ ਪਾਜ ਉਘਾੜ ਦਿੱਤਾ ਹੈ ਹਾਲਾਂਕਿ ਦੇਸ਼ ਭਰ 'ਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦੇ ਹੱਕ 'ਚ ਅਵਾਜ਼ ਉੱਠ ਰਹੀ ਹੈ ਪਰ ਮੋਹਰੀ ਰਾਜਸੀ ਪਾਰਟੀਆਂ ਦਾ ਇਸ ਵਰਗ ਨੂੰ ਟਿਕਟਾਂ ਦੇਣ ਦੇ ਮਾਮਲੇ 'ਚ ਹੱਥ ਤੰਗ ਰਿਹਾ। ਕਾਂਗਰਸ ਦੇ ਚੋਣ ਲੜੇ 117 ਉਮੀਦਵਾਰਾਂ 'ਚੋਂ ਕੇਵਲ 10 ਔਰਤਾਂ ਸਨ ਜੋ ਕਿ ਸਿਰਫ 9 ਫੀਸਦੀ ਬਣਦਾ ਹੈ। ਇਸੇ ਤਰ੍ਹਾਂ ਅਕਾਲੀ ਦਲ ਨੇ 94 ਪੁਰਸ਼ਾਂ ਦੇ ਮੁਕਾਬਲੇ ਕੇਵਲ 5 ਫੀਸਦੀ ਮਹਿਲਾਵਾਂ ਨੂੰ 5 ਟਿਕਟਾਂ ਦਿੱਤੀਆਂ ਜਦੋਂ ਕਿ ਕੌਮੀ ਪੱਧਰ ਤੇ ਔਰਤਾਂ ਨੂੰ ਬਿਹਤਰੀ ਤੇ ਬਰਾਬਰ ਦਾ ਦਰਜਾ ਦਿੱਤੇ ਜਾਣ ਦਾ ਸ਼ੋਰ ਮਚਾਉਣ ਵਾਲੀ ਭਾਜਪਾ ਦੇ 23 'ਚੋਂ ਕੇਵਲ 1 ਹੀ ਮਹਿਲਾ ਉਮੀਦਵਾਰ ਸੀ। ਬਹੁਜਨ ਸਮਾਜ ਪਾਰਟੀ ਨੇ 6 ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਜਦੋਂ ਕਿ ਖੱਬੇ ਪੱਖੀ ਦਲ ਨੇ ਕੋਈ ਮਹਿਲਾ ਮੈਦਾਨ 'ਚ ਨਹੀਂ ਉਤਾਰੀ। ਹੈਰਾਨੀਜਨਕ ਇਹ ਵੀ ਹੈ ਕਿ ਔਰਤ ਉਮੀਦਵਾਰ ਨਾ ਮਿਲਣ ਦੀ ਦੁਹਾਈ ਦੇਣ ਵਾਲੇ ਸਿਆਸੀ ਆਗੂਆਂ ਲਈ ਇਸ ਨੂੰ ਸ਼ੀਸ਼ਾ ਹੀ ਕਿਹਾ ਜਾ ਸਕਦਾ ਹੈ ਕਿ 22 ਮਹਿਲਾਵਾਂ ਨੇ ਅਜ਼ਾਦ ਤੌਰ 'ਤੇ ਚੋਣ ਲੜਨ ਦੀ ਹਿੰਮਤ ਦਿਖਾਈ। ਪੰਜਾਬ ਇਲੈਕਸ਼ਨ ਵਾਚ ਦੇ ਜਸਕੀਰਤ ਸਿੰਘ ਦਾ ਕਹਿਣਾ ਸੀ ਕਿ ਪੰਜਾਬ 'ਚ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ ਇਸ ਲਈ ਲੋਕਾਂ ਨੂੰ ਸੁਚੇਤ ਅਤੇ ਸਵੈ ਪੜਚੋਲ ਕਰਨ ਦੇ ਯਤਨਾਂ ਵਜੋਂ ਇਹ ਅਧਿਅਨ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜਿੱਥੇ ਰਾਜਨੀਤਿਕ ਪਾਰਟੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਚੰਗੇ ਪੜ੍ਹੇ-ਲਿਖੇ, ਵਿਦਵਾਨਾਂ ਅਤੇ ਆਰਥਿਕਤਾ ਦੇ ਮਾਹਿਰਾਂ ਨੂੰ ਹੀ ਆਪਣਾ ਉਮੀਦਵਾਰ ਬਣਾਉਣ ਉੱਥੇ ਲੋਕਾਂ ਦਾ ਵੀ ਇਹ ਫਰਜ਼ ਹੈ ਕਿ ਉਹ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਵੇਲੇ ਹਰ ਪੱਖ ਦੀ ਪੜਤਾਲ ਕਰਨ ਤਾਂ ਕਿ ਗਲਤ ਵਿਅਕਤੀ ਦਾ ਸਦਨ 'ਚ ਦਾਖਲਾ ਰੋਕਿਆ ਜਾ ਸਕੇ।

ਆਪਣਿਆਂ ਨੂੰ ਸ਼ੀਰਨੀ ਵੰਡਦੇ ਨੇ ਸਿਆਸਤਦਾਨ-ਪੁਸ਼ਪ ਲਤਾ

ਲੋਕ ਮੋਰਚਾ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਆਗੂ ਪੁਸ਼ਪ ਲਤਾ ਦਾ ਕਹਿਣਾ ਸੀ ਕਿ ਭਾਵੇਂ ਸਿਆਸਤਦਾਨ ਕੁੱਝ ਵੀ ਕਹਿਣ ਮਹਿਲਾਵਾਂ ਦੇ ਹੱਕਾਂ ਪ੍ਰਤੀ ਕਦੇ ਵੀ ਸੁਹਿਰਦ ਨਹੀਂ। ਬਲਕਿ ''ਅੰਨਾਂ ਵੰਡੇ ਸ਼ੀਰਨੀ ਮੁੜ-ਮੁੜ ਘਰਦਿਆਂ ਨੂੰ ਦੇਹ'' ਦੀ ਤਰਜ਼ ਤੇ ਆਪਣੇ ਪ੍ਰੀਵਾਰ ਦੀਆਂ ਔਰਤਾਂ ਨੂੰ ਅੱਗੇ ਰੱਖਿਆ ਹੈ ਜਦੋਂ ਕਿ ਆਮ ਵਰਕਰ ਦੀ ਤਾਂ ਕੋਈ ਵੀ ਬਾਤ ਨਹੀਂ ਪੁੱਛਦਾ।

ਬੋਧਿਕਤਾ ਦਾ ਮਜਾਕ ਹੈ ਇਹ-ਐਨ. ਕੇ. ਜੀਤ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐਨ. ਕੇ. ਜੀਤ ਦਾ ਕਹਿਣਾ ਸੀ ਕਿ ਅਨਪੜਾਂ ਨੂੰ ਰਾਜਨੀਤੀ 'ਚ ਅੱਗੇ ਲਿਆ ਕੇ ਬੋਧਿਕਤਾ ਦਾ ਮਜਾਕ ਉਡਾਇਆ ਜਾ ਰਿਹਾ ਹੈ ਉਹਨਾਂ ਆਖਿਆ ਕਿ ਸਿਆਸੀ ਪਾਰਟੀਆਂ 'ਚ ਜਮਹੂਰੀਅਤ ਨਾਂਅ ਦੀ ਕੋਈ ਚੀਜ ਨਹੀਂ। ਇੱਥੇ ਸਿਆਸਤਦਾਨ ਆਪਣੀ ਖੰਘ 'ਚ ਖੰਘਣ ਵਾਲਿਆਂ ਨੂੰ ਨਾਲ ਰੱਖਦੇ ਹਨ ਤਾਂ ਜੋ ਸੱਤਾ ਨੂੰ ਕਿਸੇ ਕਿਸਮ ਦਾ ਖਤਰਾ ਨਾ ਖੜ੍ਹਾ ਹੋਵੇ।

Thursday, 6 October 2011

2007 ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ 'ਚੋਂ 18 ਖਿਲਾਫ ਸੰਗੀਨ ਮਾਮਲੇ ਦਰਜ

ਕਰੋੜਪਤੀ ਉਮੀਦਵਾਰਾਂ ਨੇ ਵੀ ਲੜੀ ਚੋਣ

ਬਠਿੰਡਾ, ਅਸ਼ੋਕ ਵਰਮਾ


ਪੰਜਾਬ 'ਚ 2007 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਸਮੇਤ ਵੱਖ¸ਵੱਖ ਪਾਰਟੀਆਂ ਦੇ 351 ਉਮੀਦਵਾਰਾਂ 'ਚੋਂ 56 ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ 'ਚੋਂ 18 ਅਜਿਹੇ ਹਨ ਜਿੰਨਾਂ ਖਿਲਾਫ ਕਤਲ, ਜਾਨੋ ਮਾਰਨ ਦੀ ਕੋਸ਼ਿਸ਼, ਅਗਵਾ ਅਤੇ ਡਕੈਤੀ ਵਰਗੇ ਗੰਭੀਰ ਕੇਸ ਦਰਜ ਕੀਤੇ ਗਏ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ ਅਤੇ ਪੰਜਾਬ ਇਲੈਕਸ਼ਨ ਵਾਚ ਨਾਂਅ ਦੀਆਂ ਗੈਰ ਸਰਕਾਰੀ ਸੰਸਥਾਵਾਂ ਵੱਲੋਂ 351 ਉਮੀਦਵਾਰਾਂ ਦੇ ਹਲਫੀਆ ਬਿਆਨਾਂ ਦੀ ਕੀਤੀ ਗਈ ਛਾਣਬੀਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ 'ਚ ਅਪਰਾਧਿਕ ਮਾਮਲਿਆਂ ਚ ਉਲਝੇ ਉਮੀਦਵਾਰਾਂ ਦੀ ਔਸਤ 16 ਫੀਸਦੀ ਹੈ। ਹਾਕਮ ਅਕਾਲੀ ਦਲ ਦੀ ਇਸ ਕਿਸਮ ਦੇ ਵਿਅਕਤੀਆਂ ਨੂੰ ਉਮੀਦਵਾਰ ਬਣਾਉਣ ਵਿੱਚ ਝੰਡੀ ਰਹੀ। ਅਕਾਲੀ ਦਲ ਦੇ 94 'ਚੋਂ 29 ਉਮੀਦਵਾਰਾਂ ਖਿਲਾਫ ਅਪਰਾਧਿਕ ਜਾਂ ਫੌਜਦਾਰੀ ਮੁਕੱਦਮੇ ਦਰਜ ਹਨ। ਇਹ ਔਸਤ 31 ਫੀਸਦੀ ਹੈ। ਇਹਨਾਂ 29 ਚੋਂ 9 ਉਮੀਦਵਾਰ ਸੰਗੀਨ ਜੁਰਮਾਂ ਵਿੱਚ ਉਲਝੇ ਹੋਏ ਹਨ। ਇਸ ਮਾਮਲੇ ਵਿੱਚ ਵਿਰੋਧੀ ਧਿਰ ਕਾਂਗਰਸ ਵੀ ਪਿੱਛੇ ਨਹੀਂ ਹੈ ਜਿਸਦੇ 117 ਚੋਂ 14 ਖਿਲਾਫ ਕੇਸ ਦਰਜ ਹਨ। ਇਹਨਾਂ ਦੀ ਔਸਤ 12 ਫੀਸਦੀ ਬਣਦੀ ਹੈ। ਕਾਂਗਰਸ ਦੇ 4 ਉਮੀਦਵਾਰ ਅਜਿਹੇ ਸਨ ਜਿੰਨਾਂ ਤੇ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਸਾਫ ਸੁਥਰੇ ਅਕਸ, ਅਨੁਸ਼ਾਸ਼ਨ ਅਤੇ ਸੁਸ਼ਾਸ਼ਨ ਦਾ ਦਾਅਵਾ ਕਰਨ ਵਾਲੀ ਭਾਜਪਾ ਦੇ 23 ਉਮੀਦਵਾਰਾਂ ਚੋਂ 2 ਵਿਰੁੱਧ ਅਪਰਾਧਿਕ ਕੇਸ ਦਰਜ ਹਨ। ਇਲੈਕਸ਼ਨ ਵਾਚ ਦੀ ਇਹ ਰਿਪੋਰਟ ਚੋਣ ਲੜਨ ਵਾਲੇ 1055 ਉਮੀਦਵਾਰਾਂ ਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ 351 ਉਮੀਦਵਾਰਾਂ ਤੇ ਆਧਾਰਿਤ ਹੈ। ਹੈਰਾਨੀਜਨਕ ਇਹ ਵੀ ਹੈ ਕਿ ਇਹਨਾਂ 56 ਉਮੀਦਵਾਰਾਂ ਚੋਂ 20 ਨੇ ਚੋਣ ਜਿੱਤ ਵੀ ਲਈ ਹੈ। ਜੇਤੂਆਂ ਚੋਂ 11 ਅਕਾਲੀ ਦਲ ਦੇ, 7 ਕਾਂਗਰਸ ਅਤੇ 2 ਭਾਰਤੀ ਜੰਤਾ ਪਾਰਟੀ ਦੇ ਹਨ। ਚੋਟੀ ਦੇ ਜਿੰਨਾਂ 10 ਉਮੀਦਵਾਰਾਂ ਖਿਲਾਫ ਸੰਗੀਨ ਦੋਸ਼ਾਂ ਤਹਿਤ ਮਾਮਲੇ ਦਰਜ ਹਨ ਉਹਨਾਂ ਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਕਾਲੀ ਦਲ ਦੀ ਇੱਕ ਮਹਿਲਾ ਆਗੂ ਸਮੇਤ 5 ਨੇਤਾ ਹਨ ਜਦੋਂਕਿ ਕਾਂਗਰਸ ਦੀ ਇਹ ਗਿਣਤੀ 2 ਹੈ। ਰਿਪੋਰਟ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਇੱਕ ਹਾਰੇ ਹੋਏ ਅਕਾਲੀ ਆਗੂ ਖਿਲਾਫ ਚੋਰੀ ਦਾ ਕੇਸ ਦਰਜ ਹੈ। ਇਸ ਸੰਸਥਾ ਵੱਲੋਂ ਕੀਤੀ ਚੀਰਫਾੜ ਅਨੁਸਾਰ 351 ਉਮੀਦਵਾਰਾਂ ਚੋਂ 176 ਉਮੀਦਵਾਰ ਕਰੋੜਪਤੀ ਹਨ। ਕਰੋੜਪਤੀਆਂ ਨੂੰ ਟਿਕਟਾਂ ਦੇਣ ਚ ਗਿਣਤੀ ਮੁਤਾਬਕ ਕਾਂਗਰਸ ਪਹਿਲੇ ਨੰਬਰ ਤੇ ਰਹੀ ਜਦੋਂਕਿ ਅਕਾਲੀ ਦਲ ਦੂਸਰੇ ਸਥਾਨ ਤੇ ਰਿਹਾ ਪ੍ਰੰਤੂ 65-65 ਫੀਸਦੀ ਦੀ ਦਰ ਨਾਲ ਪ੍ਰਤੀਸ਼ਤਤਾ ਚ ਦੋਵੇਂ ਬਰਾਬਰ ਅਤੇ ਭਾਜਪਾ 61 ਫੀਸਦੀ ਨਾਲ ਇਸ ਰੁਝਾਨ ਚ ਲਗਭਗ ਨੇੜੇ ਹੀ ਰਹੀ। ਅੰਕੜਿਆਂ ਅਨੁਸਾਰ ਕਾਂਗਰਸ ਦੇ 117 ਚੋਂ 76 ਉਮੀਦਵਾਰ ਕਰੋੜਪਤੀ ਸਨ। ਅਕਾਲੀ ਦਲ ਦੇ 94 ਚੋਂ 61  ਅਤੇ ਭਾਜਪਾ ਦੇ 23 ਚੋਂ 14 ਉਮੀਦਵਾਰ ਕਰੋੜਪਤੀ ਸਨ। ਇੱਥੇ ਇਹ ਜਿਕਰ ਕਰਨਾ ਵੀ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਗਰੀਬਾਂ ਦੀ ਗੱਲ ਕਰਨ ਵਾਲੀ ਭਾਰਤੀ ਕਮਿਊਨਿਸਟ ਪਾਰਟੀ ਦਾ ਇੱਕ ਅਤੇ ਬਹੁਜਨ ਸਮਾਜ ਪਾਰਟੀ ਦੇ ਦੋ ਉਮੀਦਵਾਰ ਕਰੋੜਪਤੀ ਸਨ। 18 ਕਰੋੜਪਤੀਆਂ ਨੇ ਆਜਾਦ ਉਮੀਦਵਾਰਾਂ ਵਜੋਂ ਆਪਣੀ ਕਿਸਮਤ ਅਜਮਾਈ। ਕਰੋੜਪਤੀ ਕਲੱਬ ਵਿੱਚ ਚੋਟੀ ਤੇ ਅਕਾਲੀ ਦਲ ਦੀ ਮਹਿਲਾ ਆਗੂ ਬੀਬੀ ਜਗੀਰ ਕੌਰ ਰਹੀ ਜਿੰਨਾਂ ਦੀ ਕੁੱਲ ਜਾਇਦਾਦ 89 ਕਰੋੜ 9 ਲੱਖ 7 ਹਜ਼ਾਰ 967 ਰੁਪਏ ਦਿਖਾਈ ਗਈ ਹੈ। ਦੂਸਰਾ ਸਥਾਨ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦਾ ਹੈ ਜਿੰਨਾਂ ਦੀ ਕੁੱਲ ਜਾਇਦਾਦ 54 ਕਰੋੜ 51 ਲੱਖ 82 ਹਜ਼ਾਰ 310 ਰੁਪਏ ਦਿਖਾਈ ਗਈ। ਤੀਸਰਾ ਸਥਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰਿਹਾ ਜਿੰਨਾਂ ਦੀ ਜਾਇਦਾਦ 38 ਕਰੋੜ 49 ਲੱਖ 90 ਹਜ਼ਾਰ 427, ਕਪੂਰਥਲਾ ਤੋਂ ਰਾਣਾ ਰਾਜਬੰਸ ਕੌਰ 33 ਕਰੋੜ 9 ਲੱਖ 91 ਹਜ਼ਾਰ ਰੁਪਏ, ਕਿਲਾ ਰਾਏਪੁਰ ਤੋਂ ਕਾਂਗਰਸ ਦੇ ਹੀ ਜਸਵੀਰ ਸਿੰਘ ਖੰਘੂੜਾ 25 ਕਰੋੜ 98 ਲੱਖ 91 ਹਜ਼ਾਰ 505 ਰੁਪਏ, ਜਲੰਧਰ ਕੇਂਦਰੀ ਤੋਂ ਆਜ਼ਾਦ ਉਮੀਦਵਾਰ ਸ਼ੀਤਲ ਵਿੱਜ 23 ਕਰੋੜ 48 ਲੱਖ 32 ਹਜ਼ਾਰ 626 ਰੁਪਏ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁਆਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ 20 ਕਰੋੜ 81 ਲੱਖ 22 ਹਜ਼ਾਰ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਕਾਂਗਰਸ ਦੇ ਦੋ ਆਗੂ ਫਤਿਹਜੰਗ ਸਿੰਘ ਬਾਜਵਾ (ਸ਼੍ਰੀ ਹਰਗੋਬਿੰਦਪੁਰ) ਅਤੇ ਅਮਰਜੀਤ ਸਿੰਘ ਸਮਰਾ 17 ਕਰੋੜ ਤੋਂ ਵੱਧ ਜਾਇਦਾਦ ਦੇ ਮਾਲਕ ਹਨ ਜਦੋਂਕਿ ਮੁਕਤਸਰ ਤੋਂ ਕੰਵਰਜੀਤ ਸਿੰਘ ਬਰਾੜ 16 ਕਰੋੜ 87 ਲੱਖ 56 ਹਜ਼ਾਰ 998 ਰੁਪਏ ਦੀ ਸੰਪਤੀ ਦੱਸਣ ਵਾਲਿਆਂ ਚ ਹਨ। ਜਿੱਥੇ ਚੋਣ ਲੜਨ ਵਾਲਿਆਂ ਚ ਕਰੋੜਪਤੀ ਸ਼ਾਮਲ ਹਨ ਉੱਥੇ ਨੌਸ਼ਹਿਰਾ ਪੰਨੂੰਆਂ ਤੋਂ ਬਹੁਜਨ ਸਮਾਜ ਪਾਰਟੀ ਦੇ ਕੁਲਵਿੰਦਰ ਸਿੰਘ ਕੋਲ ਕੇਵਲ 1000 ਰੁਪਏ ਅਤੇ ਦੀਨਾਨਗਰ ਤੋਂ ਸੀ. ਪੀ. ਆਈ ਦੇ ਸੁਭਾਸ਼ ਚੰਦਰ ਕੋਲ 4150 ਰੁਪਏ ਸਨ। ਇਸੇ ਤਰਾਂ ਭਦੌੜ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਕੋਲ 5000 ਰੁਪਏ, ਜਲਾਲਾਬਾਦ ਤੋਂ ਸੀ. ਪੀ. ਆਈ ਦੇ ਹੰਸਰਾਜ ਅਤੇ ਮੁਕੇਰੀਆਂ ਤੋਂ ਬਸਪਾ ਦੀ ਦਰਸ਼ਨਾਂ ਕੁਮਾਰੀ ਕੋਲ 40-40 ਹਜ਼ਾਰ ਰੁਪਏ ਸਨ। ਸੰਸਥਾ ਦੀ ਪੜਤਾਲ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ 10 ਕਰੋੜਪਤੀਆਂ ਕੋਲ ਪੈਨ ਨੰਬਰ ਨਹੀਂ ਹੈ। ਇਹਨਾਂ ਚ ਕਾਂਗਰਸ ਦੇ 4, ਅਕਾਲੀ ਦਲ ਦੇ 3, ਭਾਜਪਾ ਦਾ 1 ਅਤੇ 2 ਦੂਸਰੇ ਹਨ। ਦੇਣਦਾਰੀਆਂ ਦੇ ਮਾਮਲੇ 'ਚ ਅਕਾਲੀ ਦਲ ਦੇ ਚਾਰ ਆਗੂ ਮੋਹਰੀ ਹਨ ਜਿੰਨਾਂ ਨੇ ਲਗਭਗ ਸਵਾ ਕਰੋੜ ਤੋਂ ਕਰੀਬ ਪੌਣੇ ਦੋ ਕਰੋੜ ਦੇਣੇ ਹਨ ਜਦੋਂਕਿ 40 ਲੱਖ ਤੋਂ ਉੱਪਰ ਦੀਆਂ ਦੇਣਦਾਰੀਆਂ 'ਚ ਅਕਾਲੀ ਦਲ ਦੇ 4, ਕਾਂਗਰਸ ਦੇ 3, ਆਜ਼ਾਦ 2 ਅਤੇ ਬੀ. ਜੇ. ਪੀ¸ਬਸਪਾ ਦਾ 1-1 ਆਗੂ ਸ਼ਾਮਲ ਹੈ।

''ਤਾਇਆ¸ਭਤੀਜਾ ਗਰੀਬ ਕਰੋੜਪਤੀ''

ਪੰਜਾਬ ਇਲੈਕਸ਼ਨ ਵਾਚ ਵੱਲੋਂ ਫਰੋਲੇ ਹਲਫੀਆ ਬਿਆਨਾਂ ਅਨੁਸਾਰ ਚੋਟੀ ਦੇ 20 ਕਰੋੜਪਤੀਆਂ 'ਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਗਰੀਬ ਕਰੋੜਪਤੀ ਹਨ। ਮਨਪ੍ਰੀਤ ਨੇ 9 ਕਰੋੜ 42 ਲੱਖ 33 ਹਜ਼ਾਰ 286 ਰੁਪਏ ਅਤੇ ਮੁੱਖ ਮੰਤਰੀ ਦੀ ਜਾਇਦਾਦ 9 ਕਰੋੜ 20 ਲੱਖ 65 ਹਜ਼ਾਰ 871 ਰੁਪਏ ਦਿਖਾਈ ਗਈ ਹੈ।

ਚੋਣ ਸੁਧਾਰਾਂ ਵੱਲ ਕਦਮ-ਜਸਕੀਰਤ ਸਿੰਘ

ਪੰਜਾਬ ਇਲੈਕਸ਼ਨ ਵਾਚ ਦੇ ਆਗੂ ਜਸਕੀਰਤ ਸਿੰਘ ਦਾ ਕਹਿਣਾ ਸੀ ਕਿ ਚੋਣ ਸੁਧਾਰਾਂ ਪ੍ਰਤੀ ਜਾਗਰੂਕਤਾ ਦੇ ਮਕਸਦ ਦੇ ਨਾਲ ਇਹ ਰਿਪੋਰਟ ਜਾਰੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਆਪਣੇ ਨੁਮਾਇੰਦਿਆਂ ਸਬੰਧੀ ਵੱਧ ਤੋਂ ਵੱਧ ਜਾਣੂ ਕਰਵਾਇਆ ਜਾ ਸਕੇ।

ਚੋਣਾਂ ਨੋਟਾਂ ਦੀ ਖੇਡ-ਐਨ. ਕੇ. ਜੀਤ

ਲੋਕ ਮੋਰਚਾ ਪੰਜਾਬ ਦੇ ਚੇਅਰਮੈਨ ਐਨ. ਕੇ. ਜੀਤ ਦਾ ਕਹਿਣਾ ਸੀ ਕਿ ਇਹ ਰਿਪੋਰਟ ਪੂਰੀ ਤਰਾਂ ਸਿੱਧ ਕਰਦੀ ਹੈ ਕਿ ਜਮਹੂਰੀਅਤ ਦੇ ਬੁਰਕੇ ਹੇਠ ਸਰਮਾਏਦਾਰਾਂ ਵੱਲੋਂ ਗੱਦੀ ਤੇ ਕਾਬਜ ਹੋਣ ਦੀ ਲੜਾਈ ਲੜੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਨੋਟਾਂ ਦੀ ਖੇਡ ਬਣ ਕੇ ਰਹਿ ਗਈਆਂ ਹਨ ਜੋ ਕਿ ਕਰੋੜਪਤੀਆਂ ਦੇ ਵੱਸ ਦੀ ਗੱਲ ਹੈ। ਆਮ ਆਦਮੀ ਤਾਂ ਇਸ ਬਾਰੇ ਸੋਚ ਵੀ ਨਹੀਂ ਸਕਦਾ।

Wednesday, 5 October 2011

ਕੰਜਕਾਂ ਪੂਜਣ ਲਈ ਨੰਨੀਆਂ ਛਾਵਾਂ ਦੀ ਤਲਾਸ਼ 'ਚ ਭਟਕਦੇ ਰਹੇ ਲੋਕ

ਕੁੱਖਾਂ 'ਚ ਕੁੜੀਆਂ ਦੇ ਕਤਲਾਂ ਕਾਰਨ ਲਿੰਗ ਅਨੁਪਾਤ 'ਚ ਪਾੜਾ ਜਾਰੀ

ਬਠਿੰਡਾ, ਅਸ਼ੋਕ ਵਰਮਾ

ਕੰਜਕਾਂ ਪੂਜਣ ਦਾ ਦਿਹਾੜਾ ਨੰਨੀਆਂ ਮੁੰਨੀਆਂ ਬੱਚੀਆਂ ਲਈ ਵੱਡੇ ਰੁਝੇਵਿਆਂ ਵਾਲਾ ਰਿਹਾ। ਸਥਿਤੀ ਇਹ ਰਹੀ ਕਿ ਇਹਨਾਂ ਲੜਕੀਆਂ ਕੋਲ ਗੱਲ ਕਰਨ ਦੀ ਫੁਰਸਤ ਨਹੀਂ ਸੀ। ਉਹ ਕਾਹਲੀ-ਕਾਹਲੀ ਇੱਕ ਤੋਂ ਦੂਸਰੇ ਘਰ ਵੱਲ ਜਾ ਰਹੀਆਂ ਸਨ। ਕੁੱਖਾਂ 'ਚ ਕੁੜੀਆਂ ਦੇ ਕੀਤੇ ਗਏ ਕਤਲਾਂ ਨੇ ਐਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਇੱਕ ਮੁਹੱਲੇ 'ਚ ਐਨੀਆਂ ਧੀਆਂ ਨਹੀਂ ਰਹੀਆਂ ਕਿ ਇੱਕੋ ਸਥਾਨ ਤੇ ਕੁੜੀਆਂ ਇਕੱਤਰ ਕਰਕੇ ਕੰਜਕ ਪੂਜਨ ਕੀਤਾ ਜਾ ਸਕੇ। ਇੱਥੇ ਹੀ ਬੱਸ ਨਹੀਂ ਕਈ ਥਾਵਾਂ 'ਤੇ ਕੁੜੀਆਂ ਦੇ ਨਾਲ ਮੁੰਡਿਆਂ ਨੂੰ ਸ਼ਾਮਲ ਕਰਨਾ ਪਿਆ। ਸ਼ਹਿਰ ਦੇ ਕਈ ਹਿੱਸਿਆਂ ਦਾ ਚੱਕਰ ਲਾਇਆ ਤਾਂ ਹਰੇਕ ਪਾਸੇ ਹਫੜਾ-ਦਫੜੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਲੋਕ ਬੱਚੀਆਂ ਦੀ ਤਲਾਸ਼ 'ਚ ਭੱਜ ਦੌੜ ਕਰਦੇ ਦੇਖੇ ਗਏ। ਸਰਕਾਰੀ ਦਫਤਰਾਂ 'ਚ ਜਾਣ ਵਾਲਿਆਂ ਨੂੰ ਆਪਣੀ ਕਾਹਲੀ ਸੀ ਜਦੋਂ ਕਿ ਆਮ ਲੋਕਾਂ ਨੂੰ ਇਹ ਫਿਕਰ ਸੀ ਕਿ ਜੇਕਰ ਦੇਰੀ ਹੋ ਗਈ ਤਾਂ ਬੱਚੀਆਂ ਨਹੀਂ ਮਿਲ ਸਕਣਗੀਆਂ। ਪ੍ਰੀਵਾਰ ਨੂੰ ਸੀਮਤ ਰੱਖਣ ਦੇ ਰੁਝਾਨ ਅਤੇ ਪੁੱਤਰ ਮੋਹ ਦੀਆਂ ਅੱਥਰੀਆਂ ਲਾਲਸਾਵਾਂ ਨੇ ਧੀਆਂ ਦੀ ਤੋਟ ਪਾ ਦਿੱਤੀ ਹੈ ਇਸ ਦਾ ਖਮਿਆਜਾ ਨਾ ਕੇਵਲ ਕਈ ਤਿਉਹਾਰਾਂ ਤੇ ਸੰਕਟ ਦੇ ਰੂਪ 'ਚ ਨਿੱਕਲ ਰਿਹਾ ਹੈ ਬਲਕਿ ਸਮਾਜਿਕ ਤਾਣੇ ਬਾਣੇ ਨੂੰ ਸੱਟ ਵੱਜੀ ਹੈ। ਪ੍ਰਤਾਪ ਨਗਰ ਦੇ ਬਿਰਧ ਚਰਨਦਾਸ ਦਾ ਕਹਿਣਾ ਸੀ ਕਿ ਸਹੀ ਮਾਇਨਿਆਂ 'ਚ ਇਹ ਪੂਜਾ ਸਵੇਰ ਵੇਲੇ ਹੁੰਦੀ ਹੈ ਪਰ ਬੱਚੀਆਂ ਦੀ ਘਾਟ ਕਾਰਨ ਅੱਜ ਇਹ ਸਿਲਸਿਲਾ ਲੰਬਾ ਸਮਾਂ ਚੱਲੇਗਾ। ਉਹਨਾਂ ਦੁਖੀ ਮਨ ਨਾਲ ਕਿਹਾ ਕਿ ਇਹ ਕਿਹੋ ਜਿਹਾ ਸਮਾਂ ਹੈ ਕਿ ਇੱਕ ਪਾਸੇ ਲੋਕ ਕੰਜਕਾਂ ਪੂਜਦੇ ਹਨ ਤੇ ਦੂਜੇ ਪਾਸੇ ਲਿੰਗ ਪਛਾਣ ਕੇ ਧੀਆਂ ਨੂੰ ਮਾਰਿਆ ਜਾ ਰਿਹਾ ਹੈ। ਜ਼ਿਲ•ਾ ਬਠਿੰਡਾ ਸਬੰਧੀ ਹਾਸਿਲ ਵੇਰਵਿਆਂ ਦੀ ਮੰਨੀਏ ਤਾਂ ਸਾਲ 2003 'ਚ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਭਰੂਣ ਹੱਤਿਆ ਵਿਰੁੱਧ ਚਲਾਈ ਮੁਹਿੰਮ ਦਮ ਤੋੜਦੀ ਨਜਰ ਆ ਰਹੀ ਹੈ। ਜਾਣਕਾਰੀ ਅਨੁਸਾਰ 2002 'ਚ 1000 ਲੜਕਿਆਂ ਪਿੱਛੇ ਕੁੜੀਆਂ ਦੀ ਗਿਣਤੀ 740 ਸੀ ਜੋ ਕਿ 2007 'ਚ 844 ਤੇ ਜਾ ਪੁੱਜੀ ਪਰ ਇਸ ਤੋਂ ਪਿੱਛੋਂ ਸਿਆਸਤਦਾਨਾਂ ਵੱਲੋਂ ਵਾਹ-ਵਾਹ ਖੱਟਣ ਲਈ ਸਰਕਾਰੀ ਯਤਨਾਂ ਦੇ ਰਾਹ 'ਚ ਅਟਕਾਏ ਰੋੜਿਆਂ ਦਾ ਇਹ ਸਿੱਟਾ ਨਿੱਕਲਿਆ ਕਿ 2008 'ਚ ਕੁੜੀਆਂ ਦੀ ਗਿਣਤੀ ਘਟ ਕੇ 839 ਅਤੇ 2009 'ਚ 830 ਰਹਿ ਗਈ ਜਿਸ 'ਚ ਹੁਣ ਤੱਕ ਸੁਧਾਰ ਨਹੀਂ ਲਿਆਂਦਾ ਜਾ ਸਕਿਆ।
ਅੰਕੜਿਆਂ ਅਨੁਸਾਰ ਪੰਜਾਬ ਦਾ ਇੱਕ ਵੀ ਜ਼ਿਲ•ਾ ਅਜਿਹਾ ਨਹੀਂ ਹੈ ਜਿੱਥੇ ਕੁੜੀਆਂ ਤੇ ਮੁੰਡਿਆਂ ਦਾ ਆਪਸੀ ਪਾੜਾ ਖਤਰਨਾਕ ਰੂਪ  ਅਖਤਿਆਰ ਨਾ ਕਰ ਚੁੱਕਾ ਹੋਵੇ। ਇੱਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਂਅ ਨਾ ਆਉਣ ਦੀ ਸੂਰਤ ਤੇ ਖੁਲਾਸਾ ਕੀਤਾ ਕਿ ਪੰਜਾਬ 'ਚ ਹਰ ਵਰ•ੇ ਅੰਦਾਜਨ 28 ਹਜ਼ਾਰ ਭਰੂਣ ਖਤਮ ਕੀਤੇ ਜਾ ਰਹੇ ਹਨ। ਭਾਰੇ ਫਿਕਰਾਂ ਵਾਲਾ ਪਹਿਲੂ ਇਹ ਵੀ ਹੈ ਕਿ ਲੋਕਾਂ ਨੇ ਲਿੰਗ ਜਾਂਚ ਅਤੇ ਖਾਤਮੇ ਦੇ ਮਕਸਦ ਨਾਲ ਗੁਆਂਢੀ ਰਾਜਾਂ ਦਾ ਰੁੱਖ ਕਰ ਲਿਆ ਹੈ। ਉਹਨਾਂ ਦੱਸਿਆ ਕਿ ਪਿਛਲੇ 1 ਦਹਾਕੇ ਦੌਰਾਨ ਇਕੱਲੇ ਉੱਤਰੀ ਭਾਰਤ 'ਚ ਲੱਖਾਂ ਭਰੂਣਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਬੀ. ਬੀ. ਸੀ. ਵੱਲੋਂ ਬ੍ਰਿਟਿਸ਼ ਸੰਸਥਾ ਐਕਸ਼ਨਏਡ ਅਤੇ ਕੈਨੇਡਾ ਦੇ ਕੌਮਾਂਤਰੀ ਖੋਜ ਵਿਕਾਸ ਕੇਂਦਰ ਦੇ ਸਹਿਯੋਗ ਨਾਲ ਉੱਤਰੀ ਪੱਛਮੀ ਭਾਰਤ ਦੇ ਪੰਜ ਰਾਜਾਂ (ਜਿੰਨਾਂ 'ਚ ਪੰਜਾਬ ਤੇ ਹਰਿਆਣਾ ਵੀ ਸ਼ਾਮਲ ਹਨ) ਵਿੱਚ ਕਰਵਾਏ ਸਰਵੇਖਣ ਤੋਂ ਇਹ ਖੌਫਨਾਕ ਤੱਥ ਸਾਹਮਣੇ ਆਏ ਹਨ ਕਿ ਕੁੜੀਆਂ ਦੀ ਘਟੀ ਗਿਣਤੀ ਦਾ ਕਾਰਨ ਜਿੱਥੇ ਭਰੂਣ ਹੱਤਿਆ ਹੈ ਉੱਥੇ ਧੀਆਂ ਦੀ ਜਾਣ ਬੁੱਝ ਕੇ ਸੰਭਾਲ ਨਾ ਕਰਨਾ ਵੀ ਹੈ। ਸੂਤਰਾਂ ਅਨੁਸਾਰ 1 ਸਾਲ ਤੱਕ ਮਰਨ ਵਾਲੇ 15 ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 27 ਹੁੰਦੀ ਹੈ ਜਦੋਂ ਕਿ 5 ਸਾਲ ਤੱਕ ਦੇ ਬੱਚਿਆਂ 'ਚੋਂ ਲੜਕਿਆਂ ਦੀ ਮੌਤ ਦਰ 6 ਫੀਸਦੀ ਅਤੇ ਲੜਕੀਆਂ ਦੀ 24 ਫੀਸਦੀ ਹੈ। ਧੀਆਂ ਸਬੰਧੀ ਲੋਕਾਂ ਦੀ ਘਟੀਆ ਮਾਨਸਿਕਤਾ ਦਾ ਇੱਥੋਂ ਵੀ ਪਤਾ ਲੱਗਦਾ ਹੈ ਕਿ ਵਧੀਆ ਖੁਰਾਕ ਨਾ ਦਿੱਤੇ ਜਾਣ ਕਰਕੇ 15 ਸਾਲ ਦੀ ਉਮਰ ਤੱਕ 50 ਫੀਸਦੀ ਕੁੜੀਆਂ ਕਈ ਤਰ•ਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਵੇਰਵਿਆਂ ਅਨੁਸਾਰ ਦੋ ਦਹਾਕੇ ਪਹਿਲਾਂ ਕੁੜੀਆਂ ਦੀ ਚਾਹਤ ਨਾ ਰੱਖਣ ਵਾਲੇ ਲੋਕਾਂ ਦੀ ਗਿਣਤੀ 40 ਫੀਸਦੀ ਸੀ ਜੋ ਕਿ 2004 ਤੱਕ ਵਧਕੇ 70 ਫੀਸਦੀ ਤੇ 2010 ਤੱਕ 75 ਫੀਸਦੀ ਲੋਕ ਅਜਿਹੇ ਸਾਹਮਣੇ ਆਏ ਜਿੰਨਾਂ ਦਾ ਨਜਰੀਆ ਕੁੜੀਆਂ ਪ੍ਰਤੀ ਚੰਗਾ ਨਹੀਂ ਸੀ। ਸਮਾਜਿਕ ਮਾਹਿਰਾਂ ਨੇ ਇਸ ਨੂੰ ਦਾਜ ਅਤੇ ਹੋਰ ਕਈ ਤਰ•ਾਂ ਦੀਆਂ ਸਮੱਸਿਆਵਾਂ ਕਾਰਨ ਉਪਜੀ ਸੋਚ ਵੀ ਦੱਸਿਆ ਹੈ। ਹੈਰਾਨੀਜਨਕ ਇਹ ਵੀ ਕਿ ਅਜਿਹੇ ਵਿਚਾਰਾਂ ਦੇ ਧਾਰਨੀ ਲੋਕਾਂ 'ਚੋਂ 80 ਫੀਸਦੀ ਪੜੇ ਲਿਖੇ ਹਨ ਜਿੰਨਾਂ 'ਚੋਂ 20 ਫੀਸਦੀ ਤਾਂ ਗ੍ਰੈਜੂਏਟ ਜਾਂ ਇਸ ਤੋਂ ਉੱਪਰ ਦੀ ਸਿੱਖਿਆ ਵਾਲੇ ਵੀ ਹਨ। ਦੁਨੀਆਂ ਦੀ ਸਭ ਤੋਂ ਵੱਡੀ ਪੰਚਾਇਤ ਸੰਯੁਕਤ ਰਾਸ਼ਟਰ ਸੰਘ ਨੇ ਵੀ ਲਿੰਗ ਪਾੜੇ ਦੇ ਗੰਭੀਰ ਹੋਣ ਸਬੰਧੀ ਚਿਤਾਵਨੀਆਂ ਦਿੰਦਿਆਂ ਚਿੰਤਾ ਜਤਾਈ ਹੈ ਕਿ ਨਿਰੀਖਣ ਲਈ ਬਣੀਆਂ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਇਸਤਰੀ ਜਾਤੀ ਦੇ ਭਵਿੱਖ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਮੰਦਭਾਗੇ ਹਨ। ਯੂ. ਐਨ. ਅਨੁਸਾਰ ਇਹ ਸਮੱਸਿਆ ਉੱਪਰਲੀਆਂ ਜਾਤੀਆਂ 'ਚ ਜਿਆਦਾ ਹੈ ਤੇ ਇਸਦਾ ਗਰੀਬੀ ਨਾਲ ਕੋਈ ਸਬੰਧ ਨਹੀਂ। ਸੂਤਰਾਂ ਅਨੁਸਾਰ ਪੰਜਾਬ ਦੇ ਇੱਕ ਜਗ•ਾ ਉੱਚ ਜਾਤੀ 'ਚ 1000 ਪਿੱਛੇ ਕੇਵਲ 300 ਕੁੜੀਆਂ ਹੀ ਹਨ ਜਦੋਂ ਕਿ 4 ਸਥਾਨਾਂ 'ਤੇ ਤਾਂ 2001 ਦੇ ਮੁਕਾਬਲੇ ਗਿਣਤੀ ਘਟ ਗਈ ਹੈ। ਸਰਵੇਖਣ ਮੁਤਾਬਿਕ ਕੁੜੀਆਂ ਦੀ ਗਿਣਤੀ ਸਭ ਤੋਂ ਵੱਧ ਤੇਜੀ ਨਾਲ ਸ਼ਹਿਰੀ ਤੇ ਖਾਂਦੇ ਪੀਂਦੇ ਵਰਗਾਂ 'ਚ ਘਟੀ ਹੈ ਜਿਸ 'ਚ ਅਲਟਰਾਸਾਊਂਡ ਤਕਨੀਕ ਦਾ ਵੱਡਾ ਯੋਗਦਾਨ ਹੈ।

ਖਤਮ ਹੋ ਜਾਣਗੇ ਰਿਸ਼ਤੇ:ਰੇਨੂੰ ਵਰਮਾ
ਵੋਮੈਨ ਅਵੇਅਰਨਸ ਐਂਡ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰੇਨੂੰ ਵਰਮਾ ਦਾ ਕਹਿਣਾ ਸੀ ਕਿ ਜੇਕਰ ਭਰੂਣ ਹੱਤਿਆ ਨਾ ਰੋਕੀ ਗਈ ਤਾਂ ਇਕੱਲੇ ਕੰਜਕਾਂ ਪੂਜਣ ਵਰਗੇ ਤਿਉਹਾਰ ਹੀ ਨਹੀਂ ਸਗੋਂ ਮਾਸੀ, ਭੂਆ ਵਰਗੇ ਰਿਸ਼ਤੇ ਵੀ ਸਮਾਪਤ ਹੋ ਜਾਣਗੇ। ਉਹਨਾਂ ਆਖਿਆ ਕਿ ਪੰਜਾਬ 'ਚ ਕੋਠੀਆਂ ਉੱਪਰ ਪਾਣੀ ਦੀਆਂ ਟੈਂਕੀਆਂ ਜਿਆਦਾ ਹਨ ਪਰ ਕੁੜੀਆਂ ਘੱਟ ਜੋ ਕਿ ਚਿੰਤਾਜਨਕ ਹੈ।

Monday, 3 October 2011

"ਛੋਟੇ ਥਾਣੇਦਾਰਾਂ ਦਾ ਵੱਡਾ ਦਰਦ"

                 ਸਾਨੂੰ ਤਾਂ ਲੋਕ ਹੌਲਦਾਰ ਹੀ ਸਮਝਣ ਲੱਗੇ ਆ ........

                           ਬਠਿੰਡਾ, ਅਸ਼ੋਕ ਵਰਮਾ


ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਜ ਵਿਚਲੇ 3500 ਤੋਂ ਵੱਧ ਹੌਲਦਾਰਾਂ ਨੂੰ ਅਗਲੇ ਕੱਚੇ ਰੈਂਕ ਛੋਟੇ ਥਾਣੇਦਾਰ ਵਜੋਂ ਤਰੱਕੀ ਦੇ ਕੇ ਭਾਵੇਂ ਸਿਆਸੀ ਲਾਹਾ ਖੱਟ ਲਿਆ ਹੋਵੇ ਪਰ ਸਮੂਹਿਕ ਰੂਪ 'ਚ ਲਏ ਸਰਕਾਰੀ ਫੈਸਲੇ ਨੇ ਪੱਕੇ ਤੌਰ ਤੇ ਰੈਂਕ ਹਾਸਲ ਕਰ ਚੁੱਕੇ ਛੋਟੇ ਥਾਣੇਦਾਰਾਂ ਲਈ ਮੁਸੀਬਤ ਖੜੀ ਕਰ ਦਿੱਤੀ ਹੈ। ਮਾਮਲੇ ਦੇ ਮੀਡੀਆ 'ਚ ਉਛਲਣ ਤੋਂ ਬਾਅਦ ਆਮ ਲੋਕ ਹਰੇਕ ਏ. ਐਸ. ਆਈ. ਨੂੰ ਹੌਲਦਾਰ ਹੀ ਸਮਝਣ ਲੱਗੇ ਹਨ। ਬਠਿੰਡਾ ਰੇਂਜ ਦੇ ਅੱਧੀ ਦਰਜ਼ਨ ਅਜਿਹੇ ਠਾਣੇਦਾਰਾਂ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਆਪਣਾ ਦਰਦ ਦੱਸਿਆ ਕਿ ਉਹਨਾਂ ਨਾਲ ਤਾਂ ਜੱਗੋਂ ਤੇਰਵੀਂ ਹੋਈ ਹੈ ਕਿਉਂਕਿ ਸਾਡੇ ਅਸਲੀ ਅਹੁਦੇ ਨੂੰ ਸ਼ੱਕ ਦੀ ਨਿਗ•ਾ ਨਾਲ ਦੇਖਿਆ ਜਾਣ ਲੱਗਾ ਹੈ। ਇੱਕ ਛੋਟੇ ਥਾਣੇਦਾਰ ਨੇ ਗਿਲਾ ਕੀਤਾ ਕਿ ਥਾਣੇ 'ਚ ਆਏ ਹਾਕਮ ਧਿਰ ਦੇ ਇੱਕ ਆਗੂ ਨੇ ਤਾਂ ਉਸ ਤੋਂ ਸਿੱਧਾ ਹੀ ਪੁੱਛ ਲਿਆ ਕਿ ਹੌਲਦਾਰ ਸਾਹਿਬ ਥਾਣੇਦਾਰ ਵਾਲੀ ਵਰਦੀ ਕਿਵੇਂ ਲੱਗੀ? ਉਹਨਾਂ ਆਖਿਆ ਕਿ ਅਸੀਂ ਡਸਿਪਲਨਡ ਫੋਰਸ ਦਾ ਅੰਗ ਹੋਣ ਕਰਕੇ ਕੁੱਝ ਆਖ ਨਹੀਂ ਸਕਦੇ ਪਰ ਇਸ ਕਦਮ ਨਾਲ ਸਾਡੇ ਮਾਨ ਸਨਮਾਨ ਨੂੰ ਠੇਸ ਲੱਗੀ ਹੈ। ਬਠਿੰਡਾ ਜ਼ਿਲ•ੇ 'ਚ 195 ਹੌਲਦਾਰ ਹਨ ਜੋ ਕਿ ਕੱਚੇ ਰੈਂਕ ਮਗਰੋਂ ਏ. ਐਸ. ਆਈ. ਵਾਲੀ ਫੀਤੀ ਲਾਉਣ ਲੱਗੇ ਹਨ ਪ੍ਰੰਤੂ ਤਨਖਾਹ ਹੌਲਦਾਰ ਵਾਲੀ ਹੀ ਲੈਣਗੇ। ਇਹਨਾਂ ਥਾਣੇਦਾਰਾਂ ਨੂੰ ਏਨਾਂ ਕੁ ਧਰਵਾਸ ਹੈ ਕਿ ਚਲੋ ਕੱਚੇ ਥਾਣੇਦਾਰ ਹੀ ਸਹੀ ਰੋਹਬ ਤਾਂ ਬਣਿਆ ਹੈ। ਇੱਕ ਹੌਲਦਾਰ ਤਾਂ ਸੇਵਾ ਮੁਕਤ ਹੋਣ ਵਾਲਾ ਹੈ ਜਿਸ ਨੂੰ ਵੀ ਥਾਣੇਦਾਰੀ ਨਸੀਬ ਹੋਈ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਚੋਣਾਂ ਦੀ ਹੋਣੀ ਸਿਰ ਤੇ ਕੂਕਣ ਕਰਕੇ ਪੁਲਿਸ ਨੂੰ ਹੱਲਾਸ਼ੇਰੀ ਦੇਣ ਖਾਤਰ ਇਹ ਕਦਮ ਚੁੱਕਿਆ ਹੈ ਕਿਉਂਕਿ ਇਸ ਨਾਲ ਸਰਕਾਰੀ ਖਜਾਨੇ ਤੇ ਕੋਈ ਭਾਰ ਵੀ ਨਹੀਂ ਪਿਆ ਬਲਕਿ ਪੰਜਾਬੀ ਕਹਾਵਤ 'ਹਿੰਗ ਨਾ ਫਟਕੜੀ ਰੰਗ ਚੋਖਾ ਹੀ ਚੋਖਾ' ਦੀ ਤਰਜ਼ ਤੇ ਇਕੱਲੀ ਵਰਦੀ ਤੇ ਫੀਤੀ ਦੇਣੀ ਪਈ ਹੈ। ਕੱਚੇ ਹੌਲਦਾਰ ਬਾਗੋਬਾਗ ਹਨ ਕਿ ਉਹ ਥਾਣੇਦਾਰ ਅਖਵਾਉਣ ਲੱਗੇ ਹਨ ਜਦੋਂ ਕਿ ਲੰਬੇ ਸਮੇਂ ਤੋਂ ਥਾਣੇਦਾਰੀ ਮਾਨਣ ਵਾਲੇ ਮਾਯੂਸ ਹਨ ਕਿ ਉਹ ਬਿਨਾਂ ਕਿਸੇ ਗੱਲੋਂ ਹੀ ਹੌਲਦਾਰ ਨਜਰ ਆਉਣ ਲੱਗੇ ਹਨ। ਕੁੱਝ ਕੁ ਨੇ ਤਾਂ ਇਹ ਵੀ ਆਖਿਆ ਹੈ ਕਿ ਜੇਕਰ ਕੱਚਾ ਰੈਂਕ ਹੀ ਦੇਣਾ ਹੈ ਤਾਂ ਉਹਨਾਂ ਨੂੰ ਵੀ ਸਬ ਇੰਸਪਕਟਰ ਬਣਾਇਆ ਜਾ ਸਕਦਾ ਸੀ। ਉਧਰ ਇਸ ਮਾਮਲੇ ਸਬੰਧੀ ਬਠਿੰਡਾ ਰੇਂਜ ਦੇ ਡੀ. ਆਈ. ਜੀ. ਪਰਮਜੀਤ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਜਿਹੜੇ ਹੌਲਦਾਰਾਂ ਨੂੰ ਤਰੱਕੀ ਦਿੱਤੀ ਗਈ ਹੈ ਉਹਨਾਂ ਨੂੰ ਲੋਅਰ ਪਾਸ ਕੀਤੀ ਨੂੰ 10 ਸਾਲ ਹੋ ਗਏ ਸਨ ਪਰ ਅਸਾਮੀਆਂ ਨਾ ਹੋਣ ਕਰਕੇ ਤਰੱਕੀਆਂ ਰੁਕੀਆਂ ਪਈਆਂ ਸਨ ਜਿਸ ਨੂੰ ਦੇਖਦਿਆਂ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੀਣ ਭਾਵਨਾ ਦੀ ਗੱਲ ਨੂੰ ਸਿਰੇ ਤੋਂ ਖਾਰਜ ਕਰਦਿਆਂ ਆਖਿਆ ਕਿ ਪੰਜਾਬ ਪੁਲਿਸ ਇੱਕ ਅਨੁਸ਼ਾਸਿਤ ਅਤੇ ਦੇਸ਼ ਦੀਆਂ ਮੰਨੀਆਂ ਪ੍ਰਮੰਨੀਆਂ ਫੋਰਸਾਂ 'ਚੋਂ ਇੱਕ ਹੈ ਜਿੱਥੇ ਅਜਿਹੀਆਂ ਗੱਲਾਂ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ। ਸ੍ਰੀ ਗਰੇਵਾਲ ਨੇ ਆਖਿਆ ਕਿ ਬਾਕੀਆਂ ਨੂੰ ਇਸ ਬਾਰੇ ਖੁਸ਼ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਸਾਥੀਆਂ ਨੂੰ ਅਗਾਂਹ ਵਧਣ ਦਾ ਮੌਕਾ ਮਿਲਿਆ ਹੈ।

Saturday, 1 October 2011

ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਕੀਤੀ ਆਮ ਆਦਮੀ ਦੀ ਥਾਲੀ ਸੁੰਨੀ

ਬਠਿੰਡਾ, ਅਸ਼ੋਕ ਵਰਮਾ 
ਲਗਾਤਾਰ ਵਧਦੀ ਮਹਿੰਗਾਈ ਨੇ ਜਿੱਥੇ ਗਰੀਬਾਂ ਦੇ ਚੁੱਲੇ ਪਹਿਲਾਂ ਹੀ ਠੰਢੇ ਕਰ ਰੱਖੇ ਹਨ ਉੱਥੇ ਹੁਣ ਸਰਦੇ ਪੁੱਜਦੇ ਪਰਿਵਾਰਾਂ ਨੂੰ ਵੀ ਆਪਣੇ ਕਲਾਵੇ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਦਾਲਾਂ, ਖੰਡ, ਘਿਓ, ਮਿਰਚ ਮਸਾਲਿਆਂ ਅਤੇ ਪੈਟਰੋਲ ਡੀਜਲ ਦੇ ਮਹਿੰਗੇ ਹੋਣ ਤੋਂ ਸ਼ੁਰੂ ਹੋਇਆ ਸਿਲਸਿਲਾ ਹੁਣ ਸਬਜੀਆਂ ਤੱਕ ਆਣ ਪੁੱਜਾ ਹੈ ਜਿਸ ਦੇ ਸਿੱਟੇ ਵਜੋਂ ਆਮ ਆਦਮੀ ਦੀ ਥਾਲੀ 'ਚੋਂ ਕਈ ਕਿਸਮ ਦੇ ਪਕਵਾਨ ਗਾਇਬ ਹੋ ਗਏ ਹਨ। ਬਠਿੰਡਾ ਦੀ ਸਬਜੀ ਮੰਡੀ 'ਚ ਸਾਲ 2006 'ਚ ਜਿੰਨੇ ਰੁਪਿਆ 'ਚ 1 ਕਿੱਲੋ ਬੈਂਗਣ, 1 ਕਿੱਲੋ ਪਿਆਜ, 1 ਕਿੱਲੋ ਪੱਤਾ ਗੋਭੀ, 1 ਕਿੱਲੋ ਟਮਾਟਰ ਤੇ ਇੰਨੇ ਹੀ ਮਟਰ ਖ੍ਰੀਦੇ ਜਾ ਸਕਦੇ  ਸਨ ਉਨੇ ਪੈਸਿਆਂ 'ਚ ਅੱਜ ਕੇਵਲ 1 ਕਿੱਲੋ ਬੰਦ ਗੋਭੀ ਮਿਲ ਰਹੀ ਹੈ। ਇਹੋ ਹੀ ਨਹੀਂ ਪਿਛਲੇ ਸਾਲ ਦੇ ਮੁਕਾਬਲੇ ਸਬਜੀਆਂ ਦੇ ਥੋਕ ਰੇਟਾਂ 'ਚ 143.9 ਫੀਸਦੀ ਦਾ ਵਾਧਾ ਹੋਇਆ ਹੈ ਜਦੋਂ ਕਿ ਪ੍ਰਚੂਨ ਕੀਮਤਾਂ 'ਚ ਇਹ ਵਾਧਾ 236 ਫੀਸਦੀ ਬਣਦਾ ਹੈ ਦਿਲਚਸਪ ਗੱਲ ਇਹ ਵੀ ਹੈ ਕਿ ਇਹ ਵਾਧਾ ਉਦੋਂ ਹੋਇਆ ਹੈ ਜਦੋਂ ਕਿ ਸਬਜੀਆਂ ਹੇਠਲਾਂ ਰਕਬਾ ਵੀ ਤੇ ਪ੍ਰਤੀ ਏਕੜ ਝਾੜ ਵੀ ਵਧਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਪ੍ਰੈਲ 2006 ਤੋਂ ਲੈ ਕੇ ਹੁਣ ਤੱਕ ਦੇ ਰੇਟ 'ਚ ਥੋਕ ਪੱਖੋਂ 315 ਫੀਸਦੀ ਅਤੇ ਪ੍ਰਚੂਨ ਪੱਖੋਂ 500 ਫੀਸਦੀ ਤੋਂ ਵੀ ਵੱਧ ਬਣਦਾ ਹੈ। ਅੰਕੜਿਆਂ ਅਨੁਸਾਰ ਆਲੂ, ਪਿਆਜ, ਟਮਾਂਟਰ, ਪੱਤਾ ਗੋਭੀ ਤੇ ਬੈਂਗਣਾਂ ਦਾ ਪ੍ਰਤੀ ਏਕੜ ਝਾੜ ਸਾਲ 2006 ਤੋਂ ਲਗਾਤਾਰ ਵਧਿਆ ਹੈ। 2006-07 'ਚ ਇਹ ਝਾੜ ਪ੍ਰਤੀ ਹੈਕਟੇਅਰ 16.43 ਟਨ ਸੀ ਜੋ 2010-11 'ਚ 21. 24 ਟਨ ਪ੍ਰਤੀ ਹੈਕਟੇਅਰ ਤੇ ਜਾ ਪੁੱਜਾ ਇਸੇ ਤਰ•ਾਂ ਆਲੂਆਂ ਹੇਠਲਾਂ ਰਕਬਾ ਵੀ 2006-07 ਦੇ 17.40 ਲੱਖ ਹੈਕਟੇਅਰ ਤੋਂ ਵਧਕੇ 2010-11 'ਚ 18.9 ਲੱਖ ਹੈਕਟੇਅਰ ਤੇ ਜਾ ਪਹੁੰਚਿਆਂ ਪਿਆਜਾਂ ਦੇ ਪ੍ਰਤੀ ਹੈਕਟੇਅਰ ਝਾੜ 'ਚ ਵੀ 14.12 ਟਨ ਤੋਂ 17.6 ਟਨ ਪ੍ਰਤੀ ਹੈਕਟੇਅਰ ਦਾ ਵਾਧਾ ਦਰਜ਼ ਕੀਤਾ ਗਿਆ। ਅੰਕੜੇ ਇਹੋ ਦੱਸਦੇ ਹਨ ਕਿ ਸਬਜੀਆਂ ਹੇਠਲਾਂ ਰਕਬਾ 1.73 ਫੀਸਦੀ ਸਾਲਾਨਾ ਦੀ ਦਰ ਨਾਲ ਵਧਿਆ ਜਦੋਂ ਕਿ ਪੈਦਾਵਰ 'ਚ ਵਾਧੇ ਦੀ ਦਰ 3.39 ਫੀਸਦੀ ਅਤੇ ਝਾੜ 'ਚ ਇਜਾਫੇ ਦੀ ਦਰ 2.15 ਫੀਸਦੀ ਰਹੀ। ਇਸ ਸਥਿਤੀ ਦੇ ਬਾਵਜੂਦ ਪ੍ਰਚੂਨ ਕੀਮਤਾਂ ਛਾਲਾਂ ਮਾਰਕੇ ਵਧਣੀਆਂ ਆਮ ਆਦਮੀ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਰੇਟਾਂ 'ਚ ਇਹ ਤੇਜੀ ਪ੍ਰਤੀ ਏਕੜ ਝਾੜ ਅਤੇ ਰਕਬੇ 'ਚ ਵਾਧੇ ਦੌਰਾਨ ਦਰਜ਼ ਹੋਈ ਹੈ। ਪ੍ਰਚੂਨ ਕੀਮਤਾਂ ਛਾਲਾਂ ਮਾਰਕੇ ਵਧਣੀਆਂ ਮਹਿਲਾਵਾਂ ਲਈ ਖਾਸ ਤੌਰ 'ਤੇ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ ਕਿਉਂਕਿ ਬੇਲਗਾਮ ਹੋਈ ਮਹਿੰਗਾਈ ਨੇ ਘਰੇਲੂ ਬਜਟ ਤਾਂ ਪਹਿਲਾਂ ਹੀ ਵਿਗਾੜ ਦਿੱਤੇ ਹਨ ਉੱਪਰੋਂ ਰੋਜ਼ਾਨਾ ਦੇ ਖਾਣੇ ਦਾ ਅੰਗ ਸਬਜੀ ਮਹਿੰਗੀ ਹੋਣ ਨਾਲ ਸਮੁੱਚਾ ਢਾਂਚਾ ਹੀ ਗੜਬੜਾ ਗਿਆ ਹੈ। ਸਬਜੀ ਮੰਡੀ ਦੇ ਪ੍ਰਚੂਨ ਵਿਕ੍ਰੇਤਾਵਾਂ ਦਾ ਵੀ ਇਹੋ ਮੰਨਣਾ ਹੈ ਕਿ ਮਹਿੰਗੀ ਹੋਈ ਸਬਜੀ ਨੇ ਖ੍ਰੀਦਣ ਵਾਲਿਆਂ ਦਾ ਦਮ ਤਾਂ ਉਖਾੜ ਹੀ ਰੱਖਿਆ ਹੈ ਨਾਲ ਹੀ ਉਹਨਾਂ ਦੀ ਵਿਕਰੀ ਨੂੰ ਮਾਰ ਪਈ ਹੈ। ਵਪਾਰੀ ਰਾਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਪਹਿਲਾਂ ਜਿਹੜੇ ਖਪਤਕਾਰ 10 ਤੋਂ 15 ਕਿੱਲੋ ਆਲੂ ਜਾਂ ਪਿਆਜ ਆਦਿ ਖ੍ਰੀਦਣ ਦੀ ਸਮਰੱਥਾ ਰੱਖਦੇ ਸਨ ਉਹ ਕੇਵਲ 1-2 ਕਿੱਲੋ ਤੇ ਆ ਗਏ ਹਨ। ਇਸ ਵੇਲੇ ਸਬਜੀ ਮੰਡੀ 'ਚ ਹਰੇ ਮਟਰ 100-120 ਰੁਪਏ ਪ੍ਰਤੀ ਕਿੱਲੋ, ਗੋਭੀ 50 ਰੁਪਏ, ਪਿਆਜ 20 ਰੁਪਏ, ਪੱਤਾ ਗੋਭੀ 20 ਰੁਪਏ, ਚੌਲੇ 40 ਰੁਪਏ, ਕਰੇਲਾ 30 ਰੁਪਏ, ਬੈਂਗਣ 20 ਰੁਪਏ ਅਤੇ ਕੱਦੂ ਜਿੰਨਾਂ ਨੂੰ ਆਮ ਹਾਲਾਤਾਂ 'ਚ ਕੋਈ ਬੇਰਾਂ ਵੱਟੇ ਵੀ ਨਹੀਂ ਪੁੱਛਦਾ। 30 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਤੱਕ ਇਹ ਸਬਜੀਆਂ 5 ਰੁਪਏ ਤੋਂ 15-20 ਰੁਪਏ ਤੱਕ ਸਸਤੀਆਂ ਸਨ ਜਦੋਂ ਕਿ ਹਰੇ ਮਟਰਾਂ ਦਾ ਭਾਅ ਤਾਂ 30 ਤੋਂ 50 ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਹੀ ਸੀ। ਉਹਨਾਂ ਦਲੀਲ ਦਿੱਤੀ ਕਿ ਇਹ ਰੁਝਾਨ ਅਨਹੋਣਾ ਨਹੀਂ ਜਦੋਂ ਕਿ 2-3 ਕਿਸਮਾਂ ਦੇ ਰੇਟ ਵਧ ਜਾਂਦੇ ਹਨ ਤਾਂ ਲੋਕਾਂ ਦਾ ਰੁਝਾਨ ਸਸਤੀ ਸਬਜੀ ਵੱਲ ਹੋ ਜਾਂਦਾ ਹੈ ਸਿੱਟਾ ਮੰਗ ਵਧਣ ਦੇ ਰੂਪ 'ਚ ਨਿੱਕਲਦਾ ਹੈ ਤਾਂ ਇਹਨਾਂ ਦਾ ਭਾਅ ਚੜਨਾ ਵੀ ਸੁਭਾਵਿਕ ਹੀ ਹੈ। ਸਬਜੀ ਖ੍ਰੀਦਣ ਆਈ ਮਹਿਲਾ ਮੁਲਾਜਮ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਜੇਕਰ ਮਹਿੰਗਾਈ ਨਾ ਘਟੀ ਤਾਂ ਹੌਲੀ-ਹੌਲੀ ਮੱਧ ਵਰਗੀ ਪ੍ਰੀਵਾਰਾਂ ਨੂੰ ਵੀ ਰੋਟੀ ਚਟਨੀ ਨਾਲ ਖਾਣੀ ਪਵੇਗੀ। ਇਹੋ ਹੀ ਨਹੀਂ ਕਿਰਤ ਕਰਨ ਵਾਲਾ ਹਰ ਮਿਹਨਤਕਸ ਵਿਅਕਤੀ ਕੀਮਤਾਂ 'ਚ ਹੋਏ ਵਾਧੇ ਤੋਂ ਪ੍ਰੇਸ਼ਾਨ ਹੈ। ਕੋਠਾ ਗੁਰੂ ਦੇ ਮਜ਼ਦੂਰ ਭੋਲਾ ਸਿੰਘ ਨੇ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ 'ਚ ਪ੍ਰੀਵਾਰ ਦਾ ਢਿੱਡ ਭਰਨ ਤੋਂ ਅਸਮਰੱਥ ਹੋਣ ਕਰਕੇ ਉਸ ਨੂੰ ਆਪਣੀ ਪਤਨੀ ਤੇ ਬਿਰਧ ਮਾਂ ਨੂੰ ਕੰਮ ਤੇ ਲਾਉਣਾ ਪਿਆ ਹੈ। ਉਸ ਨੇ ਆਖਿਆ ਕਿ ਸਥਿਤੀ ਇਹ ਹੈ ਕਿ ਅਚਾਰ ਨਾਲ ਰੋਟੀ ਖਾ ਕੇ ਗੁਜਾਰਾ ਕਰਨਾ ਵੀ ਸੌਖਾ ਨਹੀਂ ਰਿਹਾ। ਬਹਿਮਣ ਦੀਵਾਨਾ ਦੇ ਮਜ਼ਦੂਰ ਬੂਟਾ ਸਿੰਘ ਨੇ ਦੱਸਿਆ ਕਿ ਅੱਠ ਜੀਆਂ ਦੇ ਪ੍ਰੀਵਾਰ ਨੂੰ ਪਾਲਣ ਲਈ ਕੇਵਲ ਮਜ਼ਦੂਰੀ ਹੈ ਜੋ ਕਿ ਮਹੀਨੇ 'ਚੋਂ 15 ਦਿਨ ਮਿਲਦੀ ਨਹੀਂ ਜਿਸ ਕਰਕੇ ਸਬਜੀ ਤਾਂ ਦੂਰ ਅਕਸਰ ਫਾਕਿਆਂ ਦੀ ਨੌਬਤ ਆ ਜਾਂਦੀ ਹੈ। ਸਬਜੀ ਦਾ ਜਿਕਰ ਆਉਣ ਤੇ ਲੇਬਰ ਚੌਂਕ ਦੇ ਮਜ਼ਦੂਰ ਗੁਰਮੇਲ ਸਿੰਘ ਨੇ ਕਿਹਾ ਕਿ ਸਬਜੀਆਂ ਦੇ ਦਰਸ਼ਨ ਹੁਣ ਕਿਸੇ ਲੰਗਰ 'ਚ ਹੀ ਹੁੰਦੇ ਹਨ ਘਰ ਲਿਆ ਕੇ ਬਨਾਉਣਾ ਤੇ ਵੱਸ ਦੀ ਗੱਲ ਨਹੀਂ ਰਹੀ। ਇਹ ਕੇਵਲ ਮਿਸਾਲਾਂ ਹਨ ਜਦੋਂ ਹਜ਼ਾਰਾਂ ਮਜ਼ਦੂਰ ਅਜਿਹੇ ਹਨ ਜਿੰਨਾਂ ਨੂੰ ਮਹਿੰਗਾਈ ਨੇ ਢਾਹ ਲਿਆ ਹੈ। ਉੱਧਰ ਉਤਪਾਦਕਾਂ ਤੋਂ ਖ੍ਰੀਦਣ ਵਾਲੇ ਥੋਕ ਵ੍ਰਿਕੇਤਾ ਮੌਜੂਦਾ ਸਥਿਤੀ ਲਈ ਤੇਲ, ਬੀਜ, ਖਾਦਾਂ, ਕੀਟਨਾਸ਼ਕਾਂ ਤੇ ਪੈਦਾਵਰ ਲਈ ਲੁੜੀਂਦੀਆਂ ਵਸਤਾਂ ਵਧੀਆਂ ਕੀਮਤਾਂ ਨੂੰ ਦੋਸ਼ੀ ਦੱਸਦੇ ਹਨ ਜਦੋਂ ਕਿ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਸਾਰੇ ਕਾਰਨਾਂ ਦੇ ਅਸਰ ਨੂੰ ਪੂਰੀ ਤਰ•ਾਂ ਸਹੀ ਮੰਨ ਲਿਆ ਜਾਵੇ ਤਾਂ ਪਿਛਲੇ 5 ਸਾਲਾਂ 'ਚ ਇਹ ਕੀਮਤਾਂ 75 ਤੋਂ 100 ਫੀਸਦੀ ਤੱਕ ਵਧੀਆਂ ਚਾਹੀਦੀਆਂ ਸਨ ਪਰ ਇਹ ਵਾਧਾ 300 ਫੀਸਦੀ ਤੱਕ ਹੋਇਆ ਹੈ ਜੋ ਕਿ ਪੂਰੀ ਤਰ•ਾ ਗਰ ਵਾਜਿਬ ਹੈ। ਇਸ ਦੀ ਵਜ•ਾ ਇਹ ਹੈ ਕਿ ਸਬਜੀ ਵਿਕ੍ਰੇਤਾ ਗਾਹਕਾਂ ਦੀ ਮਜਬੂਰੀ ਨੂੰ ਦੇਖਦਿਆਂ ਰੇਟ ਹੀ ਐਨੇਂ ਰੱਖ ਰਹੇ ਹਨ ਤਾਂ ਜੋ ਉਹਨਾਂ ਦਾ ਹਰ ਪੱਧਰ ਤੇ ਮੋਟਾ ਮੁਨਾਫਾ ਯਕੀਨੀ ਬਣਿਆ ਰਹੇ। ਮਾਹਿਰਾਂ ਨੇ ਗਿਲਾ ਕੀਤਾ ਕਿ ਹੁਣ ਤਾਂ ਭਰ ਸੀਜਨ 'ਚ ਵੀ ਸਬਜੀ ਸਸਤੀ ਨਹੀਂ ਹੁੰਦੀ ਲਿਹਾਜਾ ਫਾਇਦਾ ਕਿਸਾਨਾਂ ਨੂੰ ਨਹੀਂ ਹੋ ਰਿਹਾ ਕੇਵਲ ਵਪਾਰੀ ਲਾਭ ਕਮਾ ਰਹੇ ਹਨ ਅਤੇ ਆਮ ਵਰਗਾਂ ਦੀ ਜੇਬ ਹਲਕੀ ਹੋ ਰਹੀ ਹੈ।

ਆਮ ਆਦਮੀ ਦੀ ਹੋ ਰਹੀ ਹੈ ਹੈ ਲੁੱਟ-ਸੋਹੀ 
ਪੰਜਾਬ ਖੇਤ ਮਜ਼ਦੂਰ ਸਭਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਐਡਵੋਕੇਟ ਸੁਰਜੀਤ ਸਿੰਘ ਸੋਹੀ ਦਾ ਕਹਿਣਾ ਸੀ ਕਿ ਨਿੱਤ ਪ੍ਰਤੀ ਵਸਤਾਂ ਦੇ ਭਾਆਂ 'ਚ ਤੇਜੀ ਇਨ•ਾਂ ਦੀ ਕਮੀ ਕਾਰਨ ਨਹੀਂ ਹੁੰਦੀ ਬਲਕਿ ਇਹ ਸਭ ਜਮਾਂਖੋਰੀ ਤੇ ਕਾਲਾਬਜਾਰੀ ਕਾਰਨ ਹੋ ਰਿਹਾ ਹੈ। ਦੇਖਿਆ ਜਾਵੇ ਤਾਂ ਸਬਜੀਆਂ ਦੀ ਪੈਦਾਵਾਰ ਤਾਂ ਕਿਧਰੇ ਵੀ ਨਹੀਂ ਘਟੀ ਪਰ ਸਬਜੀ ਅਤੇ ਫਲ ਤਾਂ ਹੁਣ ਸਮਰੱਥ ਲੋਕ ਵੀ ਨਹੀਂ ਖਾ ਸਕਦੇ ਆਮ ਆਦਮੀ ਦੀ ਗੱਲ ਤਾਂ ਦੂਰ ਹੈ। ਉਹਨਾਂ ਕਿਹਾ ਕਿ ਮਿਲੀ ਭੁਗਤ ਨਾਲ ਆਮ ਬੰਦੇ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ ਤੇ ਦੁੱਖ ਦੀ ਗੱਲ ਹੈ ਕਿ ਇਸ ਗੋਰਖਧੰਦੇ 'ਚ ਸਿਆਸੀ ਪਾਰਟੀਆਂ ਵੀ ਰਲੀਆਂ ਹੋਈਆਂ ਹਨ। ਸ੍ਰ. ਸੋਹੀ ਨੇ ਆਖਿਆ ਕਿ ਲੋਕਾਂ ਤੋਂ ਲੁੱਟਿਆਂ ਪੈਸਾ ਅਖੀਰ ਰਾਜਸੀ ਦਲਾਂ ਤੱਕ ਵੀ ਤਾਂ ਪਹੁੰਚਦਾ ਹੈ ਇਸ ਲਈ ਸਿਆਸਤਦਾਨਾਂ ਨੂੰ ਇਸ ਪਾਸਿਓਂ ਬਰੀ ਨਹੀਂ ਕੀਤਾ ਜਾ ਸਕਦਾ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹੇਠਲੇ ਵਰਗਾਂ ਦਾ ਮਹਿੰਗਾਈ ਨੇ ਕਚੂੰਮਰ ਕੱਢ ਦਿੱਤਾ ਹੈ ਤੇ ਲੋਕ ਦੋ ਡੰਗ ਦੀ ਰੋਟੀ ਨੂੰ ਤਰਸਣ ਲੱਗੇ ਹਨ ਤੇ ਕੋਈ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ।

Thursday, 22 September 2011

ਗੁਰਬਤ ਹੰਢਾਉਂਦਿਆਂ ਘਸੀਆਂ ਹੱਥਾਂ ਦੀਆਂ ਲਕੀਰਾਂ ਪਰ ਸਰਕਾਰੀ ਮਿਹਰ ਨਾ ਹੋਈ

ਖੁਦਕਸ਼ੀ ਪੀੜਤ ਖੇਤ ਮਜ਼ਦੂਰ ਪ੍ਰੀਵਾਰਾਂ ਦੀ ਦਾਸਤਾਨ

ਬਠਿੰਡਾ, ਅਸ਼ੋਕ ਵਰਮਾ

ਗੋਹਾ ਕੂੜਾ ਕਰਦਿਆਂ ਤੇ ਖੇਤਾਂ ਨੂੰ ਸੁਆਰਦਿਆਂ ਉਹਨਾਂ ਦੇ ਹੱਥਾਂ ਦੀਆਂ ਲਕੀਰਾਂ ਤੱਕ ਘਸ ਗਈਆਂ ਪਰ ਇਹਨਾਂ ਘਾਲਣਾਵਾਂ ਦੇ ਬਾਵਜੂਦ ਥੁੜਾਂ ਮਾਰੀ ਜੂਨ 'ਚ ਕੋਈ ਰੌਸ਼ਨੀ ਦੀ ਕਿਰਨ ਦਿਖਾਈ ਨਾ ਦੇਣ ਕਰਕੇ ਇਹ ਲੋਕ ਗੁਰਬਤ ਹੰਢਾਉਣ ਲਈ ਮਜਬੂਰ ਹਨ। ਪੰਜਾਬ ਨੂੰ ਕੈਲੀਫੋਰਨੀਆਂ ਵਰਗਾ ਬਣਾਉਣ ਦਾ ਦਾਅਵਾ ਕਰਨ ਵਾਲਿਆਂ ਦੇ ਰਾਜ 'ਚ ਇਹ ਦਾਸਤਾਨ ਉਹਨਾਂ ਖੇਤ ਮਜ਼ਦੂਰ ਪ੍ਰੀਵਾਰਾਂ ਦੀ ਹੈ ਜਿੰਨਾਂ ਦੇ ਪ੍ਰੀਵਾਰਕ ਮੈਂਬਰ ਕਰਜੇ ਦੇ ਬੋਝ ਢੋਣ ਤੋਂ ਅਸਮਰੱਥ ਹੋਣ ਤੋਂ ਬਾਅਦ ਖੁਦਕਸ਼ੀ ਦੇ ਰਸਤੇ ਪੈ ਗਏ। ਇਹਨਾਂ ਲੋਕਾਂ ਲਈ ਵੱਡੀ ਤਰਾਸਦੀ ਇਹ ਵੀ ਹੈ ਕਿ ਉਹਨਾਂ 'ਚੋਂ ਬਹੁਤਿਆਂ ਨੂੰ ਸਰਕਾਰ ਵੱਲੋਂ ਮੁਹੱਈਆ ਕਿਸੇ ਵੀ ਸਹੂਲਤ ਦਾ ਮਿਲਣਾ ਲੰਘੇ ਡੰਗ ਮਿਲਣਾ ਹੀ ਨਸੀਬ ਹੋ ਸਕਿਆ ਹੈ ਜਦੋਂ ਕਿ ਬਹੁਤੇ ਅਜੇ ਵੀ ਵਾਂਝੇ ਹਨ। ਪਿੰਡ ਕੋਟੜਾ ਕੌੜਿਆਂ ਵਾਲਾ ਦੀ ਨਸੀਬ ਕੌਰ ਨੇ ਆਪਣਾ ਦੁੱਖ ਸੁਣਾਉਂਦਿਆਂ ਦੱਸਿਆ ਕਿ  ਜੇਕਰ ਉਸਦੇ ਨਸੀਬ ਚੰਗੇ ਹੁੰਦੇ ਤਾਂ ਉਸਦੇ ਸਿਰ ਦਾ ਸਾਈਂ ਆਤਮ ਹੱਤਿਆ ਦੇ ਰਸਤੇ ਨਾ ਪੈਂਦਾ। ਪਤੀ ਗੁਰਚਰਨ ਸਿੰਘ ਕਰਜਈ ਹੋ ਕੇ ਜਿੰਨੀ ਸੰਤਾਪ ਹੰਢਾਉਂਦਾ ਖੁਦ ਤਾਂ ਜਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਰੁਖਸਤ ਹੋ ਗਿਆ ਪਰ ਪਿੱਛੇ ਇਕੱਲੀ ਜਾਨ ਤੇ 2 ਪੁੱਤਾਂ ਨੂੰ ਦੁੱਖਾਂ ਦੇ ਲੜ ਲਾ ਗਿਆ ਜਿੰਨਾਂ 'ਚੋਂ ਉਹ ਹਾਲੇ ਤੱਕ ਨਿੱਕਲ ਨਹੀਂ ਸਕੀ। ਇਸ ਵਿਧਵਾ ਨੂੰ ਸਰਕਾਰ ਨੇ ਕੋਈ ਸਹਾਇਤਾ ਨਹੀਂ ਦਿੱਤੀ। ਪੁੱਤ ਮਜ਼ਦੂਰੀ ਕਰਦਾ ਹੈ ਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਤਾਂ ਜਾ ਕੇ ਚੁੱਲੇ ਅੱਗ ਪੈਂਦੀ ਹੈ। ਇਸੇ ਹੀ ਪਿੰਡ ਦੀ ਜਸਬੀਰ ਕੌਰ ਦੇ ਪਤੀ ਬਿੱਕਰ ਸਿੰਘ ਨੇ ਵੀ ਕਰਜਿਆਂ ਕਾਰਨ ਮੌਤ ਕਬੂਲ ਲਈ। ਪੁੱਤ ਨੂੰ ਰੋਟੀ ਦੇ ਜੁਗਾੜ ਲਈ ਮਜਦੂਰੀ ਕਰਨੀ ਪੈ ਰਹੀ ਹੈ। ਘਰ 'ਚ ਗਰੀਬੀ ਦਾ ਪਸਾਰਾ ਹੀ ਐਨਾਂ ਹੈ ਕਿ ਧੀ ਦੀ ਡੋਲੀ ਪਿੰਡ ਵਾਸੀਆਂ ਨੇ ਮਿਲ ਕੇ ਬੂਹੇ ਤੋਂ ਉਠਾਈ। ਕੋਟੜਾ ਕੌੜਿਆਂ ਵਾਲਾ ਦੀ ਖੇਤ ਮਜ਼ਦੂਰ ਕੁਲਵੰਤ ਕੌਰ ਵੀ ਉਹਨਾਂ ਖੁਦਕਸ਼ੀ ਪੀੜਤਾਂ 'ਚੋਂ ਇੱਕ ਹੈ ਜਿਸ ਦੇ ਸਿਰ ਦੇ ਸਾਈ ਨੂੰ ਕਰਜੇ ਨੇ ਖਾ ਲਿਆ ਪਰ ਕਰਜਾ ਹਾਲੇ ਵੀ ਸਿਰ ਖੜ•ਾ ਹੈ। ਬਾਂਡੀ ਦੇ ਮਹਿੰਗਾ ਸਿੰਘ ਨੂੰ ਤਾਂ ਇਹ ਜਿੰਦਗੀ ਹੀ ਮਹਿੰਗੀ ਪਈ ਹੈ। ਨੂੰਹ ਖੁਦਕਸ਼ੀ ਕਰ ਗਈ ਪਿੱਛੋਂ ਪੁੱਤ ਨਸ਼ਈ ਹੋ ਗਿਆ। ਮਹਿੰਗਾ ਸਿੰਘ ਤੇ ਉਸਦੀ ਬਿਰਧ ਪਤਨੀ ਉਮਰ ਦੇ ਆਖਰੀ ਪਹਿਰ 'ਚ ਮਿਹਨਤ ਮੁਸ਼ੱਕਤ ਕਰਕੇ ਪੋਤੇ-ਪੋਤੀਆਂ ਨੂੰ ਇਸ ਆਸ ਨਾਲ ਪਾਲ ਰਹੇ ਹਨ ਕਿ ਸ਼ਾਇਦ ਅੱਗੇ ਚੱਲ ਕੇ ਉਹ ਪ੍ਰੀਵਾਰ ਨੂੰ ਗਰੀਬੀ ਨਾਂਅ ਦੇ ਨਰਕ 'ਚੋਂ ਕੱਢ ਸਕਣਗੇ। ਇਸ ਬਿਰਧ ਜੋੜੇ ਨੂੰ ਝੋਰਾ ਹੈ ਕਿ ਜੇਕਰ ਉਹ ਜਹਾਨੋਂ ਰੁਖਸਤ ਹੋ ਗਏ ਤਾਂ ਬੱਚਿਆਂ ਦਾ ਕੀ ਬਣੇਗਾ?  ਆਪਣੀ ਉਮਰ ਦੇ 7 ਦਹਾਕੇ ਹੰਢਾ ਚੁੱਕੇ ਬਜੁਰਗ ਸਾਉਣ ਸਿੰਘ ਦੀਆਂ ਅੱਖਾਂ 'ਚੋਂ ਸਾਉਣ ਦੇ ਮੀਂਹ ਵਾਂਗ ਉਦੋਂ ਹੰਝੂ ਵਗ ਪਏ ਜਦੋਂ ਉਸ ਨੇ ਜਿਕਰ ਕੀਤਾ ਕਿ ਕਿਸ ਤਰ•ਾਂ ਕਰਜਿਆਂ ਦੀ ਭਾਰੀ ਹੋਈ ਪੰਡ ਦੇ ਬੋਝ ਨੂੰ ਸਹਾਰਨ ਤੋਂ ਬੇਵੱਸ ਹੋ ਕੇ ਉਸਦਾ ਪੁੱਤ ਜੀਤ ਸਿੰਘ ਗੱਡੀ ਹੇਠਾਂ ਆ ਕੇ ਜਹਾਨੋਂ ਤੁਰ ਗਿਆ। ਜੀਤ ਸਿੰਘ ਦੇ 2 ਪੁੱਤ ਤੇ 2 ਧੀਆਂ ਪਿੱਛੇ ਛੱਡ ਗਿਆ ਹੈ ਬਜੁਰਗ ਸਾਉਣ ਸਿੰਘ ਨੂੰ ਮੂਲ ਨਾਲੋਂ ਵਿਆਜ ਵੀ ਪਿਆਰਾ ਹੈ ਪਰ ਹਰ ਰੋਜ ਘਟਦੀ ਉਮਰ ਦੇ ਦਿਨਾਂ ਨੂੰ ਲੈ ਕੇ ਵੀ ਚਿੰਤਤ ਹੈ। ਇਹ ਪ੍ਰੀਵਾਰ ਲੋਕਾਂ ਦੇ ਘਰੀਂ ਕੰਮ ਕਰਦਾ ਹੈ ਤਾਂ ਜਾ ਕੇ ਰੋਟੀ ਜੁੜਦੀ ਹੈ। ਭੂੰਦੜ ਦੀ ਪਰਮਜੀਤ ਕੌਰ ਨਾਲ ਵੀ ਜੱਗੋਂ ਤੇਰਵੀ ਹੋਈ ਹੈ ਕਰਜੇ ਕਾਰਨ ਪੁੱਤ ਸੁਰਜੀਤ ਸਿੰਘ ਨੇ ਫਾਹਾ ਲੈ ਲਿਆ। ਇਸ ਬਿਰਧ ਔਰਤ ਦੇ ਘਰ ਵਾਲਾ ਅੰਗਹੀਣ ਹੈ। 2 ਪੋਤੀਆਂ ਕੁਆਰੀਆਂ ਹਨ ਜਿੰਨਾਂ ਦਾ ਫਿਕਰ ਉਸ ਨੂੰ ਸੌਣ ਨਹੀਂ ਦਿੰਦਾ। ਸਰਕਾਰ ਨੇ ਬਾਂਹ ਨਹੀਂ ਫੜੀ ਪੁੱਤ ਦੇ ਜਿਉਂਦਿਆਂ ਸੌਖੀ ਰੋਟੀ ਖਾਣ ਵਾਲੀ ਵਡੇਰੀ ਉਮਰ ਦੀ ਇਸ ਔਰਤ ਦਾ ਕਹਿਣਾ ਸੀ ਕਿ ਪਿਛਲੇ ਪਹਿਰੇ ਆ ਦਿਨ ਵੀ ਦੇਖਣੇ ਸੀ ਏਦੂੰ ਤਾਂ ਚੰਗਾ ਸੀ ਪੁੱਤ ਤੋਂ ਪਹਿਲਾਂ ਉਹ ਮੁੱਕ ਜਾਂਦੀ। ਪਿੱਥੋ ਦੀ ਗੁਰਮੇਲ ਕੌਰ ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟਾ ਜਦੋਂ ਦਿਹਾੜੀ ਕਰਕੇ ਵਾਪਸ ਪਰਤਦੇ ਪਤੀ ਮੇਜਰ ਸਿੰਘ ਦੀ ਦੋ ਸਾਲ ਪਹਿਲਾਂ ਕਿਸੇ ਵੱਡੇ ਘਰ ਦੀ ਗੱਡੀ ਵੱਲੋਂ ਫੇਟ ਮਾਰੇ ਜਾਣ ਦੇ ਸਿੱਟੇ ਵਜੋਂ ਮੌਤ ਹੋ ਗਈ। ਸਰਕਾਰੇ ਦਰਬਾਰੇ ਹਾੜੇ ਕੱਢਣ ਦੇ ਬਾਵਜੂਦ ਵੀ ਇਹ ਮਹਿਲਾ ਕਿਸੇ ਵੀ ਮੁਆਵਜੇ ਤੋਂ ਵਾਂਝੀ ਹੈ। ਦੋ ਵੇਲੇ ਰੋਟੀ ਖਾਤਰ ਗੋਹਾ ਕੂੜਾ ਕਰਨਾ ਪੈਂਦਾ ਹੈ। 70 ਸਾਲਾ ਬਜੁਰਗ ਔਰਤ ਗੁਰਦੇਵ ਕੌਰ ਨੇ ਆਪਣੇ ਗੱਭਰੂ ਪੁੱਤ ਨਛੱਤਰ ਸਿੰਘ ਵੱਲੋਂ ਕਰਜੇ ਦੀ ਖਾਤਰ ਕੀਤੀ ਖੁਦਕਸ਼ੀ ਦੀ ਗੱਲ ਕੀਤੀ ਤਾਂ ਲਹਿਰਾ ਧੂੜਕੋਟ ਦੀ ਬਿਰਧ ਕਰਤਾਰ ਨੇ ਇਸੇ ਦੁੱਖੋਂ ਸਪਰੇਅ ਪੀ ਕੇ ਮਰੇ ਪੁੱਤ ਮਨਜਿੰਦਰ ਦਾ ਦੁੱਖ ਰੋਇਆ। ਜੇਠੂਕੇ ਦੇ ਸੁਖਦੇਵ ਸਿੰਘ ਨੇ ਸ਼ਾਹੂਕਾਰਾਂ ਦੇ ਤਿੰਨ ਲੱਖ ਰੁਪਏ ਕਰਜੇ ਦੀ  ਖਾਤਰ ਰੇਲ ਗੱਡੀ ਥੱਲੇ ਆ ਕੇ ਖੁਦਕਸ਼ੀ ਕਰ ਗਏ 19 ਸਾਲ ਦੇ ਕੜੀ ਵਰਗੇ ਜੁਆਨ ਪੁੱਤ ਇਕਬਾਲ ਸਿੰਘ ਦੀ ਦਰਦ ਭਰੀ ਕਹਾਣੀ ਸੁਣਾਈ। ਲਹਿਰਾ ਧੂਕਕੋਟ ਦੀ ਹੀ ਕਰਤਰ ਕੌਰ ਨਾਂਅ ਦੀ ਮਹਿਲਾ ਨੇ ਦੱਸਿਆ ਕਿ ਉਸਦਾ ਪੁੱਤਰ ਵੀ ਕਰਜੇ ਕਾਰਨ ਫਾਹਾ ਲੈ ਗਿਆ। ਇਹ ਬਿਰਧ ਆਖਰੀ ਦਿਨਾਂ 'ਚ ਢਿੱਡ ਖਾਤਰ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਦੀ ਹੈ। ਪਿੱਥੋ ਦੀ 65 ਸਾਲਾ ਮੁਖਤਿਆਰ ਕੌਰ, ਜੇਠੂਕੇ ਦੀ ਸ਼ਿੰਦਰ ਕੌਰ ਅਤੇ ਨਰ ਸਿੰਘ ਕਲੋਨੀ ਦੇ ਸੁਖਦੇਵ ਸਿੰਘ, ਭੂੰਦੜ ਦੇ ਲਛਮਣ ਸਿੰਘ ਅਤੇ ਕਰਨੈਲ ਕੌਰ ਵਾਸੀ ਪਿੱਥੋ ਵੀ ਖੁਦਕਸ਼ੀਆਂ ਤੋਂ ਪੀੜਤ ਖੇਤ ਮਜ਼ਦਰੂ ਪ੍ਰੀਵਾਰਾਂ ਨੇ ਆਪਣੇ ਨਾਲ ਵਾਪਰੇ ਦੁੱਖਾਂ ਦਾ ਬਿਰਤਾਂਤ ਦੱਸਿਆ। ਹਰਪ੍ਰੀਤ ਕੌਰ ਨਾਂਅ ਦੀ ਖੇਤ ਮਜ਼ਦੂਰ ਮਹਿਲਾ ਦੇ ਪ੍ਰੀਵਾਰ ਦੇ ਇੱਕ ਮੈਂਬਰ ਨੇ ਕਰਜੇ ਕਾਰਨ ਆਪਣੇ ਆਪ ਨੂੰ ਅੱਗ ਲਾ ਲਈ ਸੀ।

ਸਰਕਾਰੀ ਨੌਕਰੀ ਅਤੇ ਮੁਆਵਜਾ ਦੇਵੇ ਸਰਕਾਰ-ਸੇਵੇਵਾਲਾ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅਤੇ ਮਜ਼ਦੂਰਾਂ ਦੀ ਭਲਾਈ ਲਈ ਕੁਲਵਕਤੀ ਆਗੂ ਵਜੋਂ ਕੰਮ ਕਰ ਰਹੇ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਖੁਦਕਸ਼ੀ ਪੀੜਤ ਪ੍ਰੀਵਾਰਾਂ ਦਾ ਸਰਵੇਖਣ ਕਰਕੇ ਹਜ਼ਾਰਾਂ ਦੀ ਤਾਦਾਦ 'ਚ ਫਾਰਮ ਸਰਕਾਰ ਨੂੰ ਭੇਜੇ ਗਏ ਹਨ। ਉਹਨਾਂ ਇਸ ਮੰਦਭਾਗੇ ਵਰਤਾਰੇ ਦੀ ਮਾਰ ਹੇਠ ਆਏ ਇਹਨਾਂ ਪ੍ਰੀਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਰੁਪਿਆ ਮੁਆਵਜਾ ਦੇਣ ਦੀ ਮੰਗ ਵੀ ਕੀਤੀ।

Tuesday, 20 September 2011

ਅੰਨ੍ਹਾ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ

 ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 15 ਅਗਸਤ ਮੌਕੇ ਸਨਮਾਨਿਤ ਕੀਤੇ ਜਾਨ ਦੀ ਫਾਇਲ ਫੋਟੋ।
ਬਠਿੰਡਾ, ਅਸ਼ੋਕ ਵਰਮਾ

ਪੰਜਾਬੀ ਕਹਾਵਤ 'ਅੰਨ੍ਹਾ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ' ਬਠਿੰਡਾ ਦੇ ਜ਼ਿਲ•ਾ ਪ੍ਰਸ਼ਾਸ਼ਨ ਤੇ ਪੂਰੀ ਤਰ•ਾਂ ਫਿੱਟ ਬੈਠਦੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਵਰਗੇ ਮਹੱਤਵਪੂਰਨ ਸਮਾਗਮਾਂ ਦੌਰਾਨ ਆਮ ਲੋਕਾਂ ਨੂੰ ਥਾਪੀ ਦੇਣ ਦੀ ਬਜਾਏ ਅਫਸਰਸ਼ਾਹੀਆਂ ਅਤੇ ਚਹੇਤੇ ਮੁਲਾਜਮ ਹੀ ਸਨਮਾਨਿਤ ਸਖਸ਼ੀਅਤਾਂ 'ਚ ਸ਼ਾਮਲ ਕੀਤੇ ਜਾਣ ਲੱਗੇ ਹਨ। ਸੂਚਨਾ ਦੇ ਅਧਿਕਾਰ ਤਹਿਤ ਪ੍ਰਸ਼ਾਸ਼ਨ ਵੱਲੋਂ ਦਿੱਤੇ ਵੇਰਵਿਆਂ ਦੀ ਮੰਨੀਏ ਤਾਂ ਸਮਾਜ ਸੇਵਾ ਨਾਲੋਂ ਅਫਸਰਾਂ ਦੀ ਸੇਵਾ ਹੀ ਅਵੱਲ ਮੰਨੀ ਜਾਣ ਲੱਗੀ ਹੈ। ਵੱਖ-ਵੱਖ ਸਰਕਾਰੀ ਦਫਤਰਾਂ 'ਚੋਂ ਕੀਤੀ ਪੜਤਾਲ ਦਾ ਇਹੋ ਸਿੱਟਾ ਨਿੱਕਲਿਆ ਹੈ ਕਿ ਸਹੀ ਅਰਥਾਂ 'ਚ ਕੰਮ ਕਰਨ ਵਾਲਿਆਂ ਨੂੰ ਕੋਈ ਬੇਰਾਂ ਵੱਟੇ ਨਹੀਂ ਪੁੱਛਦਾ ਜਦ ਕਿ ਅਧਿਕਾਰੀਆਂ ਨੂੰ ਸਲੂਟ ਮਾਰਨ ਵਾਲੇ ਟਰਾਫੀਆਂ ਤੇ ਪ੍ਰਸੰਸਾ ਪੱਤਰਾਂ ਤੇ ਹੂੰਝਾ ਫੇਰ ਜਾਂਦੇ ਹਨ। ਡਿਪਟੀ ਕਮਿਸ਼ਨਰ ਦਫਤਰ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਿਕ ਬਠਿੰਡਾ ਸ਼ਹਿਰ ਨੂੰ 12 ਸੈਕਟਰਾਂ 'ਚ ਵੰਡ ਕੇ ਡਿਊਟੀਆਂ ਲਾਉਣ ਵਾਲੇ ਹੜ ਕਲਰਕ ਨੂੰ ਸਨਮਾਨਿਤ ਕੀਤਾ ਗਿਆ ਜਦੋਂਕਿ ਪਿਛਲੇ ਕਈ ਸਾਲਾਂ ਤੋਂ ਬਾਰਸ਼ਾਂ ਦੌਰਾਨ ਮਹਾਂਨਗਰ ਵਾਸੀਆਂ ਦੀ ਹੁੰਦੀ ਦੁਰਦਸ਼ਾ ਕਿਸੇ ਤੋਂ ਛੁਪੀ ਨਹੀਂ ਹੈ। ਡਿਪਟੀ ਕਮਿਸ਼ਨਰ ਦਫਤਰ ਦੇ ਇੱਕ ਜੂਨੀਅਰ ਸਹਾਇਤ ਤੇ ਵੀ. ਵੀ. ਆਈ. ਪੀਜ ਦੇ ਕੀਤੇ ਕੰਮਾਂ ਬਦਲੇ ਮਿਹਰ ਦੀ ਨਜਰ ਕੀਤੀ ਗਈ ਹੈ ਜਦੋਂ ਕਿ ਸਰਕਾਰੀ ਦਫਤਰਾਂ 'ਚ ਆਪਣੇ ਕੰਮਾਂ ਲਈ ਧੱਕੇ ਖਾਂਦੀ ਜਨਤਾ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਗੈਸ ਦੀ ਬਲੈਕ ਰੋਕਣ ਬਦਲੇ ਖੁਰਾਕ ਤੇ ਸਪਲਾਈ ਵਿਭਾਗ ਦਾ ਇੱਕ ਅਧਿਕਾਰੀ ਵੀ ਸਨਮਾਨ ਹਾਸਲ ਕਰਨ ਵਾਲਿਆਂ 'ਚ ਮੋਹਰੀ ਰਿਹਾ ਇਹ ਅਲਹਿਦਾ ਗੱਲ ਹੈ ਕਿ ਸਰਦੀ ਦੀ ਦਸਤਕ ਤੋਂ ਪਹਿਲਾਂ ਹੀ 650 ਰੁਪਏ ਤੱਕ ਵਿਕਣ ਵਾਲਾ ਗੈਸ ਸਿਲੰਡਰ 750 ਰੁਪਏ 'ਚ ਮਿਲਣ ਲੱਗਾ ਹੈ ਤੇ ਕਈਆਂ 'ਚ ਤਾਂ ਗੈਸ ਵੀ ਘੱਟ ਹੁੰਦੀ ਹੈ। ਇਸ ਵਾਰ ਤਾਂ ਡਿਪਟੀ ਕਮਿਸ਼ਨਰ ਦਾ ਨਿੱਜੀ ਸਹਾਇਕ ਵੀ ਕਿਰਪਾ ਦਾ ਪਾਤਰ ਬਣਿਆਂ ਜਦੋਂ ਕਿ ਮਾਰਕੀਟ ਕਮੇਟੀ ਦਾ ਬੋਲੀ ਕਲਰਕ ਅਤੇ ਬਠਿੰਡਾ 'ਚ ਸਫਾਈ ਲਈ ਵਧੀਆ ਯੋਗਦਾਨ ਦੇਣ ਬਦਲੇ ਇੱਕ ਸੈਨੇਟਰ ਸੁਪਰਵਾਈਜਰ ਵੀ ਸਨਮਾਨ ਹਾਸਲ ਕਰਨ ਵਾਲਿਆਂ 'ਚ ਸ਼ਾਮਲ ਹਨ। ਸੂਚਨਾ ਅਨੁਸਾਰ ਇੱਕ ਸੈਨਟਰੀ ਇੰਸਪੈਕਟਰ ਵੀ ਸਫਾਈ ਦਾ ਐਵਾਰਡ ਲੈ ਗਿਆ ਪਰ ਮਹਾਂਨਗਰ 'ਚ ਲੱਗ ਗੰਦਗੀ ਦੇ ਢੇਰ ਸਨਮਾਨਾਂ ਦਾ ਮੂੰਹ ਚਿੜਾਉਂਦੇ ਦਿਖਾਈ ਦਿੰਦੇ ਹਨ। ਇਸੇ ਸਮਾਗਮ 'ਚ ਹੀ ਡੀ. ਸੀ. ਦਫਤਰ ਦਾ ਇੱਕ ਮੁਲਾਜਮ ਤੇ  ਖੁਰਾਕ ਸਪਲਾਈ ਵਿਭਾਗ ਦੇ ਅਫਸਰ ਵੀ ਸਨਮਾਨ ਪੱਤਰ ਲੈ ਗਏ 26 ਜਨਵਰੀ 2011 ਨੂੰ ਪ੍ਰਸ਼ਾਸ਼ਨ ਦੀ ਖੰਘ 'ਚ ਖੰਘਣ ਵਾਲੇ ਵਪਾਰੀ ਦਾ ਸਨਮਾਨ ਕਰਨ ਦਾ ਕਾਰਨ ਈ. ਟੀ. ਟੀ. ਅਧਿਆਪਕਾਂ ਦੇ ਪਾਣੀ ਦੀ ਟੈਂਕੀ ਤੇ ਚੜਨ ਮੌਕੇ ਪ੍ਰਸ਼ਾਸ਼ਨ ਦੀ ਸਹਾਇਤਾ ਕਰਨਾ ਦੱਸਿਆ ਗਿਆ ਹੈ ਜਦੋਂ ਕਿ ਇਸ ਬਾਰੇ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਅਜਿਹੇ ਗੰਭੀਰ ਮੌਕਿਆਂ ਤੇ ਹਾਲਾਤਾਂ ਨੂੰ ਕਾਬੂ ਕਰਨ 'ਚ ਪੁਲਿਸ ਕਿਸ ਤਰ•ਾਂ ਪੱਬਾਂ ਭਾਰ ਰਹਿੰਦੀ ਹੈ। 15 ਅਗਸਤ 2010 ਨੂੰ ਸਨਮਾਨਿਤ ਕੀਤੇ ਵਿਅਕਤੀਆਂ 'ਚ ਐਸ. ਡੀ. ਐਮ. ਦਾ ਗੰਨਮੈਨ, ਡੀ. ਸੀ. ਦਫਤਰ ਦੇ ਕਮਰਚਾਰੀ, ਤਹਿਸੀਲਦਾਰ ਦਾ ਇੱਕ ਸਿਫਾਰਸ਼ੀ ਮੁਲਾਜਮ, ਬੀ. ਡੀ. ਏ. ਦਾ ਮੁਲਾਜਮ ਅਤੇ ਥਾਣੇਦਾਰ ਭਾਰੂ ਰਹੇ। ਉਂਜ ਇਸ ਸਮਾਗਮ 'ਚ ਇੱਕ ਉਹ ਥਾਣੇਦਾਰ ਵੀ ਸਨਮਾਨਿਤ ਕੀਤਾ ਗਿਆ ਜਿਸਦਾ ਕੰਮ ਸ਼ਲਾਘਾਯੋਗ ਸੀ ਇਸ ਥਾਣਾ ਇੰਚਾਰਜ ਨੇ ਟੈਂਕੀ ਤੇ ਚੜੀ ਲੜਕੀ ਵੱਲੋਂ ਪਾਣੀ 'ਚ ਛਾਲ ਮਾਰਨ ਮੌਕੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੀ ਅਤੇ ਵਰਦੀ ਸਮੇਤ ਤਲਾਬ 'ਚ ਛਾਲ ਮਾਰ ਕੇ ਲੜਕੀ ਨੂੰ ਬਚਾਇਆ। ਇਸ ਵਰ•ੇ ਹੀ 26 ਜਨਵਰੀ ਦੇ ਸਨਮਾਨ ਤੇ ਨਗਰ ਨਿਗਮ ਦੇ ਕਲਰਕ, ਮਾਲੀ ਤੇ ਸੇਵਾਦਾਰ ਅਤੇ ਪਟਵਾਰੀ ਤੇ ਡਰਾਈਵਰ ਆਦਿ ਨੇ ਕਬਜਾ ਜਮਾਇਆ ਜਦੋਂ ਕਿ 15 ਅਗਸਤ 2009 ਨੂੰ ਲਗਭਗ 30 ਵਿਅਕਤੀ ਅਜਿਹੇ ਸਨ ਜਿੰਨਾਂ ਦਾ ਸਬੰਧ ਸਰਕਾਰੀ ਅਦਾਰਿਆਂ ਨਾਲ ਸੀ। ਸੂਚਨਾ ਮੁਤਾਬਿਕ 26 ਜਨਵਰੀ 2009 ਨੂੰ ਸਨਮਾਨ ਹਾਸਲ ਕਰਨ ਵਾਲਿਆਂ ਦੇ ਵੇਰਵੇ ਹੈਰਾਨੀਜਨਕ ਹਨ ਇਸ ਸਾਲ ਕੁੱਲ 27 ਸਨਮਾਨ ਦਿੱਤੇ ਗਏ ਜਿੰਨਾ 'ਚੋਂ 10 ਦਾ ਸਬੰਧ ਸਿੱਧੇ ਤੌਰ ਤੇ ਪ੍ਰਸ਼ਾਸ਼ਨ ਨਾਲ ਸੀ। ਇਹੋ ਜਿਹਾ ਵਰਤਾਰਾ ਹੀ 2008 'ਚ ਵਰਤਿਆ 15 ਅਗਸਤ 2008 ਨੂੰ ਆਪਣੀ ਨਿਯੁਕਤੀ ਤੋਂ ਲੈ ਕੇ ਹੁਣ ਤੱਕ ਵਿਵਾਦਾਂ ਦਾ ਵਿਸ਼ਾ ਰਹੇ ਰੈੱਡ ਕਰਾਸ ਦੇ ਇੱਕ ਅਧਿਕਾਰੀ ਨੂੰ ਵੀ ਸਨਮਾਨ ਦਿੱਤਾ ਗਿਆ ਸੀ। ਸੂਚਨਾ ਅਨੁਸਾਰ ਅਜਿਹੇ ਏ. ਡੀ. ਸੀ. (ਵਿਕਾਸ) ਦੇ ਜੁਬਾਨੀ ਆਦੇਸ਼ਾਂ ਅਨੁਸਾਰ ਕੀਤਾ ਗਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਉਸ ਵੇਲੇ ਰੌਲਾ ਪੈਣ ਤੋਂ ਬਾਅਦ ਕਦੇ ਵੀ ਇਸ ਅਧਿਕਾਰੀ ਦੀ ਲਾਟਰੀ ਨਹੀਂ ਲੱਗੀ। ਇਸ ਸਮਾਗਮ ਲਈ ਇੱਕ ਵੱਖਰੇ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਦਫਤਰ ਦੇ ਤਿੰਨ ਕਰਮਚਾਰੀਆਂ ਦੇ ਨਾਂਅ ਵੀ ਸ਼ੂਚੀ 'ਚ ਸ਼ਾਮਲ ਕੀਤੇ ਗਏ ਜਦੋਂ ਕਿ 9 ਡਾਕਟਰਾਂ ਸਮੇਤ 23 ਸਨਮਾਨਾਂ 'ਚ ਸਰਕਾਰੀ ਕਰਮਚਾਰੀਆਂ ਦਾ ਬੋਲਬਾਲਾ ਰਿਹਾ। ਇਸ ਤੋਂ ਇਲਾਵਾ 26 ਜਨਵਰੀ 2006, 15 ਅਗਸਤ 2006, 26 ਜਨਵਰੀ 2007 ਅਤੇ 15 ਅਗਸਤ 2007 ਦੇ ਗਣਤੰਤਰ ਅਤੇ ਅਜ਼ਾਦੀ ਦਿਵਸ ਮੌਕੇ ਸਰਕਾਰੀ ਅਫਸਰਸ਼ਾਹੀ ਅਤੇ ਚਹੇਤੇ ਹੀ ਮੋਹਰੀ ਰਹੇ। ਦਿਲਚਸਪੀ ਵਾਲਾ ਪਹਿਲੂ ਇਹ ਵੀ ਹੈ ਕਿ ਇਸ ਅਰਸੇ ਦੌਰਾਨ ਖੁਰਾਕ ਅਤੇ ਸਪਲਾਈ ਵਿਭਾਗ ਦੇ ਕਈ ਮੁਲਾਜਮ ਇੱਕ ਤੋਂ ਵੱਧ ਵਾਰੀ ਵੀ ਸਨਮਾਨਿਤ ਕੀਤੇ ਗਏ। ਆਮ ਲੋਕਾਂ ਦਾ ਤਰਕ ਹੈ ਕਿ ਇਹ ਉਹ ਵਿਭਾਗ ਹੈ ਜੋ ਜਰੂਰਤ ਪੈਣ ਤੇ ਜ਼ਿਲ•ੇ ਦੇ ਪ੍ਰਮੁੱਖ ਅਧਿਕਾਰੀਆਂ ਦਾ 'ਚਿੱਕੜ 'ਚੋਂ ਅੜਿਆ ਗੱਡਾ' ਕੱਢਦਾ ਹੈ ਇਸ ਲਈ ਇਹਨਾ ਦਾ ਖਿਆਲ ਰੱਖਣਾ ਮਜਬੂਰੀ ਬਣ ਜਾਂਦਾ ਹੈ।

ਵਕਾਰੀ ਕੰਮ ਕਰਨ ਵਾਲੇ ਹੀ ਸਨਮਾਨਤ ਕੀਤੇ ਜਾਣ-ਐਨ. ਕੇ. ਜੀਤ

ਲੋਕ ਮੋਰਚਾ ਪੰਜਾਬ ਦੇ ਚੇਅਰਮੈਨ ਐਨ. ਕੇ. ਜੀਤ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਦੋਂ ਹਰੇਕ ਸਰਕਾਰੀ ਅਧਿਕਾਰੀ ਦਾ ਇਹ ਫਰਜ਼ ਹੈ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰੇ ਤਾਂ ਫਿਰ ਉਹਨਾਂ ਨੂੰ ਸਨਮਾਨਿਤ ਕਰਨ ਦੀ ਕੀ ਤੁਕ ਬਣਦੀ ਹੈ। ਉਹਨਾਂ ਆਖਿਆ ਕਿ ਜੇਕਰ ਸਨਮਾਨਿਤ ਕਰਨ ਨੂੰ ਚੰਗੀ ਪਿਰਤ ਮੰਨ ਵੀ ਲਿਆ ਜਾਵੇ ਤਾਂ ਫਿਰ ਚਹੇਤਿਆਂ ਨੂੰ ਗੱਫੇ ਵੰਡਣ ਨਾਲ ਫਰਜਸ਼ਨਾਸ਼ ਮੁਲਾਜਮਾਂ ਦੇ ਦਿਲਾਂ ਤੇ ਸੱਟ ਵੱਜਦੀ ਹੈ। ਇਸ ਲਈ ਇਸ ਅਮਲ 'ਚ ਵਕਾਰੀ ਕੰਮ ਕਰਨ ਵਾਲੇ ਹੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।

ਮੈਰਿਟ ਦੇ ਆਧਾਰ ਤੇ ਹੁੰਦੀ ਹੈ ਸਨਮਾਨਾਂ ਦੀ ਚੋਣ-ਡਿਪਟੀ ਕਮਿਸ਼ਨਰ

ਬਠਿੰਡਾ ਦੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਸੀ ਕਿ ਸਨਮਾਨ ਦਿੱਤੇ ਜਾਣ ਵਾਲੇ ਕਰਮਚਾਰੀਆਂ ਦੀ ਸਿਫਾਰਸ਼ ਵਿਭਾਗ ਦਾ ਮੁਖੀ ਕਰਦਾ ਹੈ ਜਿਸ ਤੇ ਪੂਰੀ ਤਰ•ਾਂ ਵਿਚਾਰ ਕਰਨ ਤੋਂ ਬਾਅਦ ਹੀ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਹਨਾਂ ਆਖਿਆ ਕਿ ਕਿਸੇ ਵੀ ਕਿਸਮ ਦੀ ਮਿਹਰਬਾਨੀ ਵਾਲੀ ਕੋਈ ਗੱਲ ਨਹੀਂ ਹੈ ਸਭ ਮੈਰਿਟ ਦੇ ਅਧਾਰ ਤੇ ਦੇਖਿਆ ਜਾਂਦਾ ਹੈ।

Sunday, 18 September 2011

ਵਿਕਾਸ ਜਾਂ ਵਿਨਾਸ਼?

ਬਠਿੰਡਾ 'ਚ ਵਿਕਾਸ ਦੇ ਨਾਂਅ 'ਤੇ ਚੱਲ ਰਿਹਾ ਹਜ਼ਾਰਾਂ ਰੁੱਖਾਂ 'ਤੇ ਕੁਹਾੜਾ

ਵੀ. ਆਈ. ਪੀ. ਪਾਰਕਿੰਗ ਲਈ ਹਰੀ ਪੱਟੀ ਕੱਟਣ ਦੀ ਤਿਆਰੀ

ਬਠਿੰਡਾ, ਅਸ਼ੋਕ ਵਰਮਾ 

ਬਠਿੰਡਾ ਦੇ ਰਾਜਿੰਦਰਾ ਕਾਲਜ 'ਚ ਬਣਾਇਆ ਜਾ ਰਿਹਾ ਕੌਮੀ ਪੱਧਰ ਦਾ ਐਸਟਰੋਟਰਫ ਹਾਕੀ ਸਟੇਡੀਅਮ ਹਰੀ ਪੱਟੀ ਦੀ ਬਲੀ ਲੈਣ ਲੱਗਾ ਹੈ। ਜ਼ਿਲ•ੇ ਭਰ 'ਚ ਹਜ਼ਾਰਾਂ ਦਰੱਖਤ ਪਹਿਲਾਂ ਹੀ ਅਖੌਤੀ ਵਿਕਾਸ ਦੀ ਭੇਂਟ ਚੜ• ਚੁੱਕੇ ਹਨ। ਤਾਜਾ ਮਾਮਲਾ ਇਸ ਸਟੇਡੀਅਮ 'ਚ ਬਨਣ ਵਾਲੀ ਵੀ. ਆਈ. ਪੀ. ਪਾਰਕਿੰਗ ਦਾ ਹੈ ਜਿਸ ਲਈ ਕਾਲਜ ਅੰਦਰ ਲੱਗੇ 112 ਦਰੱਖਤਾਂ ਤੇ ਕੁਹਾੜਾ ਚੱਲੇਗਾ। ਇਸ ਹਰੀ ਪੱਟੀ ਦੀ ਕਟਾਈ ਲਈ ਜੰਗਲਾਤ ਵਿਭਾਗ ਨੇ ਹਰੀ ਝੰਡੀ ਦੇ ਦਿੱਤੀ ਹੈ। ਮਹਿਕਮੇ ਨੇ 12 ਸਤੰਬਰ 2011 ਨੂੰ ਪੱਤਰ ਨੰ: 3896 ਰਾਹੀਂ ਰਾਜਿੰਦਰਾ ਕਾਲਜ ਦੇ ਪ੍ਰਬੰਧਕਾਂ ਨੂੰ ਪ੍ਰਤੀ ਦਰੱਖਤ 15 ਰੁਪਏ ਦੇ ਹਿਸਾਬ ਨਾਲ 1680 ਰੁਪਏ ਫੀਸ ਜਮਾਂ ਕਰਵਾਉਣ ਲਈ ਆਖਿਆ ਹੈ ਇਹਨਾਂ ਦਰੱਖਤਾਂ ਨੂੰ ਬੋਲੀ ਰਾਹੀਂ ਨਿਲਾਮ ਕਰਨ ਲਈ ਕਾਲਜ ਵੱਲੋਂ ਕਮੇਟੀ ਬਣਾਈ ਜਾਣੀ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਹਰੀ ਪੱਟੀ ਤੇ ਆਰਾ ਚੱਲ ਰਿਹਾ ਹੈ ਬਲਕਿ ਬਠਿੰਡਾ 'ਚ ਬਣੇ ਫਲਾਈ ਓਵਰਾਂ ਲਈ ਦਰੱਖਤ ਕੱਟਣੇ ਪਏ ਸਨ ਸ਼ਹਿਰ ਵਿਚਲੀਆਂ ਪ੍ਰਮੁੱਖ ਸੜਕਾਂ ਵਿਚਕਾਰੋਂ ਹਰਿਆਲੀ ਪੁੱਟ ਕੇ ਲੋਹੇ ਦਾ ਡਿਵਾਈਡਰ ਲਾ ਦਿੱਤਾ ਗਿਆ। ਭਾਈ ਘਨੱਈਆ ਚੌਂਕ ਤੋਂ ਕੌਮੀ ਖਾਦ ਕਾਰਖਾਨੇ ਦੇ 2 ਕਿਲੋਮੀਟਰ ਤੋਂ ਵੀ ਵੱਧ ਟੋਟੇ ਨੂੰ ਚਹੁੰ ਮਾਰਗੀ ਬਣਾਉਣ ਲਈ 600 ਤੋਂ ਵੱਧ ਛੋਟੇ-ਵੱਡੇ ਰੁੱਖ ਕੱਟ ਦਿੱਤੇ ਗਏ ਸਨ। ਕਾਬਲੇ ਗੌਰ ਇਹ ਵੀ ਹੈ ਕਿ ਬਠਿੰਡਾ ਤੋਂ ਬਾਦਲ ਤੱਕ ਵੀ. ਆਈ. ਪੀ. ਸੜਕ ਬਣਾਉਣ ਲਈ ਵੀ ਹਰੀ ਪੱਟੀ ਦਾ ਉਜਾੜਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ-ਗੋਨਿਆਣਾ ਸੜਕ ਨੂੰ ਵੀ ਚਹੁੰ ਮਾਰਗੀ ਬਣਾਇਆ ਜਾਣਾ ਹੈ ਜਿਸ ਲਈ ਹਜਾਰਾਂ ਦਰੱਖਤ ਮਾਰ ਹੇਠ ਆਉਣਗੇ ਭਾਵੇਂ ਹਾਲ ਦੀ ਘੜੀ ਇਹ ਪ੍ਰਜੈਕਟ ਲਟਕਿਆ ਹੋਇਆ ਹੈ ਪਰ ਟ੍ਰੈਫਿਕ ਦੇ ਵਧਦੇ ਦਬਾਅ ਕਾਰਨ ਆਖਰ ਇਹ ਸੜਕ ਬਣਾਉਣੀ ਹੀ ਪਵੇਗੀ। ਉੱਧਰ ਮਹਾਂਨਗਰ ਵਿਚਲੇ ਵਾਤਵਰਣ ਪ੍ਰੇਮੀਆਂ ਦਾ ਵੀ ਇਹੋ ਮੰਨਣਾ ਹੈ ਕਿ ਬਠਿੰਡਾ ਦਾ ਵਿਕਾਸ ਹਰਿਆਲੀ ਲਈ ਮਹਿੰਗਾ ਸਾਬਤ ਹੋਣ ਲੱਗਾ ਹੈ ਉਹਨਾਂ ਆਖਿਆ ਕਿ ਵਿਕਾਸ ਦੇ ਨਾਂ ਤੇ ਵਿਨਾਸ਼ ਨਹੀਂ ਹੋਣਾ ਚਾਹੀਦਾ ਸਗੋਂ ਵਿਕਾਸ ਅਜਿਹੇ ਤਰੀਕੇ ਨਾਲ ਕੀਤਾ ਜਾਏ ਤਾਂ ਜੋ ਹਰਿਆਲੀ ਘੱਟੋ-ਘੱਟ ਪ੍ਰਭਾਵਿਤ ਹੋਵੇ। ਗੌਰਤਲਬ ਹੈ ਕਿ ਸਰਕਾਰ ਵੱਲੋਂ ਹਾਕੀ ਸਟੇਡੀਅਮ ਬਣਾਉਣ ਲਈ 6.30 ਕਰੋੜ ਖਰਚੇ ਜਾ ਰਹੇ ਹਨ। ਮੰਡੀ ਬੋਰਡ ਵੱਲੋਂ ਹਾਕੀ ਘਰਾਊਂਡ ਦੇ ਚਾਰ ਚੁਫੇਰੇ 17 ਫੁੱਟ ਚੌੜੀ ਸੜਕ ਬਣਾਈ ਜਾਣੀ ਹੈ। ਬੋਰਡ ਵੱਲੋਂ ਹੀ ਚਾਰ ਦੀਵਾਰੀ ਕੀਤੀ ਜਾਏਗੀ ਸਟੇਡੀਅਮ 'ਚ 4 ਪੈਵੇਲੀਅਨ ਬਣਾਏ ਜਾਣਗੇ ਜਿੰਨਾਂ 'ਚੋਂ 2 ਉਪਰੋਂ ਢਕੇ ਹੋਣਗੇ ਤੇ ਆਮ ਲੋਕਾਂ ਦੇ ਬੈਠਣ ਲਈ 2 ਖੁੱਲੇ ਰੱਖੇ ਜਾਣਗੇ। ਮੰਡੀ ਬੋਰਡ ਦੀ ਤਰਫੋਂ ਕੰਮ ਦੀ ਨਿਗਰਾਨੀ ਕਰ ਰਹੇ ਜੂਨੀਅਰ ਇੰਜੀ. ਪ੍ਰਭਾਤ ਗੋਇਲ ਦਾ ਕਹਿਣਾ ਸੀ ਕਿ ਦਰੱਖਤਾਂ ਵਾਲੀ ਜਗ•ਾ ਪਾਰਕਿੰਗ ਬਣ ਰਹੀ ਹੈ ਜਿੱਥੇ ਅਤੀ ਮਹੱਤਵਪੂਰਨ ਵਿਅਕਤੀਆਂ ਦੀਆਂ ਗੱਡੀਆਂ ਖੜੀਆਂ ਕਰਨ ਦੀ ਵਿਵਸਥਾ ਹੋਵੇਗੀ। ਕਾਲਜ ਦੇ ਪ੍ਰਿੰਸੀਪਲ ਵਿਜੇ ਗੋਇਲ ਨੇ ਆਖਿਆ ਕਿ ਉਹ ਸਰਕਾਰੀ ਆਦੇਸ਼ਾਂ ਦੇ ਪਾਬੰਦ ਹਨ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਕਮੇਟੀ ਬਣਾ ਦਿੱਤੀ ਗਈ ਹੈ। ਜਿਲ•ਾ ਜੰਗਲਾਤ ਅਫਸਰ ਕੇ. ਕਾਨਨ ਨੇ ਆਖਿਆ ਕਿ ਉਂਜ ਤਾਂ ਉਹ ਇਸ ਵੇਲੇ ਚੋਣ ਡਿਊਟੀ ਤੇ ਹਨ ਪਰ ਫਿਰ ਵੀ ਮਹਿਕਮੇ ਵੱਲੋਂ ਸਭ ਕੁੱਝ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ।

Saturday, 17 September 2011

ਪੈਟਰੋਲ ਦੇ ਰੇਟ ਵਧਣ ਨਾਲ ਪੰਜਾਬ ਦੇ ਲੋਕਾਂ ਨੂੰ ਸਾਲਾਨਾ 250 ਕਰੋੜ ਤੋਂ ਵੱਧ ਦਾ ਝਟਕਾ

ਤੇਲ ਕੀਮਤਾਂ 'ਚ ਵਾਧੇ ਨਾਲ ਸਰਹੱਦੀ ਪੰਪਾਂ ਤੇ ਸਹਿਮ ਦਾ ਮਾਹੌਲ

ਬਠਿੰਡਾ, ਅਸ਼ੋਕ ਵਰਮਾ 



ਪੈਟਰੌਲ ਪੰਪ ਤੇ ਗ੍ਰਾਹਕਾਂ ਦੀ ਉਡੀਕ ਕਰਦੇ ਹੋਏ ਪੰਪ ਦੇ ਕਰਿੰਦੇ ।
ਪੈਟਰੋਲ ਕੀਮਤਾਂ 'ਚ ਕੀਤੇ 3.38 ਰੁਪਏ ਦੇ ਵਾਧੇ ਨਾਲ ਪੰਜਾਬ ਦੇ ਲੋਕਾਂ ਤੇ ਹਰੇਕ ਮਹੀਨੇ ਲਗਭਗ 23 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਲੱਗ ਜਾਵੇਗਾ। ਆਮ ਕਿਸਮ ਦੇ ਪੈਟਰੋਲ ਦੀ ਕੀਮਤ 74.14 ਰੁਪਏ ਪ੍ਰਤੀ ਲੀਟਰ ਤੇ ਜਾ ਪੁੱਜੀ ਹੈ ਪਹਿਲਾਂ ਇਹ 70.69 ਰੁਪਏ ਪ੍ਰਤੀ ਲੀਟਰ ਸੀ। ਜਦੋਂ ਕਿ ਪ੍ਰੀਮੀਅਮ ਪੈਟਰੋਲ ਹੁਣ 76.14 ਰੁਪਏ ਪ੍ਰਤੀ ਲੀਟਰ ਮਿਲੇਗਾ। ਰਾਜ ਦੇ ਲੋਕਾਂ ਤੇ ਇਸ ਵਾਧੇ ਨਾਲ 266.40 ਲੱਖ ਰੁਪਏ ਦਾ ਵਾਧੂ ਫਟਕਾ ਲੱਗੇਗਾ ਹਾਲਾਂਕਿ ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਰਸਮੀ ਤੌਰ 'ਤੇ ਇਸ ਵਾਧੇ ਦੀ ਨਿੰਦਾ ਵੀ ਕੀਤੀ ਗਈ ਹੈ ਪਰ ਹਕੂਮਤ ਚਲਾ ਰਹੇ ਲੋਕ ਅੰਦਰੋਂ ਅੰਦਰੀ ਬਾਗੋ ਬਾਗ ਹਨ ਕਿ ਇਸ ਵਾਧੇ ਨਾਲ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਰੂਪ 'ਚ ਕਰੋੜਾਂ ਰੁਪਏ ਦਾ ਫਾਇਦਾ ਪੁੱਜੇਗਾ। ਪੰਜਾਬ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਸਲਾਨਾ 78.80 ਕਰੋੜ ਲੀਟਰ ਪੈਟਰੋਲ ਦੀ ਖਪਤ ਹੁੰਦੀ ਹੈ। ਇਸ ਖਪਤ ਦੇ ਹਿਸਾਬ ਨਾਲ 3.38 ਰੁਪਏ ਪ੍ਰਤੀ ਲੀਟਰ ਦੀ ਵਧੇਰੇ ਅਦਾਇਗੀ ਨਾਲ ਹਰ ਵਰ•ੇ ਆਮ ਲੋਕ ਕਰੋੜਾਂ ਰੁਪਏ ਦੇ ਫਾਲਤੂ ਬੋਝ ਹੇਠ ਆ ਗਏ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਪੈਟਰੋਲ ਪੰਪਾਂ ਦੀ ਗਿਣਤੀ 2736 ਦੇ ਕਰੀਬ ਹੈ। ਇੱਥੇ ਸਾਦੇ ਅਤੇ ਪ੍ਰੀਮੀਅਮ ਸਮੇਤ ਦੋਵਾਂ ਤਰ•ਾਂ ਦਾ ਕਰੀਬ 5800 ਕਰੋੜ ਰੁਪਏ ਦਾ ਪੈਟਰੋਲ ਵਿਕਦਾ ਹੈ। ਦਿਲਚਸਪ ਇਹ ਹੈ ਕਿ ਮਹਿੰਗੇ ਦੇ ਬਾਵਜੂਦ ਪੰਜਾਬ ਵਿੱਚ ਪੈਟਰੋਲ ਦੀ ਖਪਤ ਪਿਛਲੇ ਸਾਲਾਂ ਦੌਰਾਨ ਲਗਾਤਾਰ ਵਧ ਰਹੀ ਹੈ। 1990-91 ਵਿੱਚ ਪੰਜਾਬ 'ਚ ਪੈਟਰੋਲ ਦੀ ਖਪਤ 212442 ਟਨ ਸੀ ਜੋ ਕਿ 2000-01 'ਚ ਵਧ ਕੇ 423196 ਟਨ ਹੋ ਗਈ। 2007-08 ਵਿੱਚ ਇਹ 508337 ਟਨ ਅਤੇ 2009-10 'ਚ ਪੈਟਰੋਲ ਦੀ ਖਪਤ ਹੋਰ ਵੀ ਵਧਕੇ 555911 ਟਨ ਹੋ ਗਈ। ਜਾਣਕਾਰੀ ਅਨੁਸਾਰ 2 ਜੁਲਾਈ 2009 ਤੋਂ ਲੈ ਕੇ 15 ਮਈ ਤੱਕ 2011 ਤੱਕ ਪੈਟਰੋਲ ਦੀਆਂ ਕੀਮਤਾਂ 'ਚ 40 ਫੀਸਦੀ ਦਾ ਵਾਧਾ ਹੋ ਗਿਆ ਹੈ ਜਦੋਂ ਕਿ ਤਾਜਾ ਵਾਧਾ ਇਸ ਤੋਂ ਅਲੱਗ ਹੈ। ਸਾਲ 2010 ਦੌਰਾਨ ਤੇਲ ਦੀਆਂ ਕੀਮਤਾਂ 'ਚ 7 ਦਫਾ ਵਾਧਾ ਹੋਇਆ ਹੈ। ਸਾਲ 2011 ਦੌਰਾਨ 15 ਜਨਵਰੀ ਤੇ 15 ਮਈ  ਪੈਟਰੋਲ ਅਤੇ 26 ਜੂਨ ਨੂੰ ਡੀਜਲ ਦੀਆਂ ਕੀਮਤਾਂ ਵਧਾਏ ਜਾਣ ਤੋਂ ਇਲਾਵਾ ਇਹ ਚੌਥਾ ਵਾਧਾ ਹੈ। ਤੇਲ ਕੀਮਤਾਂ 'ਚ ਵਾਧੇ ਨਾਲ ਜਿੱਥੇ ਆਮ ਲੋਕਾਂ 'ਤੇ ਭਾਰ ਪਿਆ ਹੈ ਉੱਥੇ ਦੂਜੇ ਰਾਜਾਂ ਨਾਲ ਲੱਗਦੇ ਪੰਜਾਬ ਦੇ ਤੇਲ ਪੰਪਾਂ ਨੂੰ ਵੀ ਡਾਢੀ ਸੱਟ ਵੱਜੀ ਹੈ। ਜ਼ਿਲ•ਾ ਬਠਿੰਡਾ ਦੇ ਹਰਿਆਣਾ ਨਾਲ ਲੱਗਦੇ ਪਟਰੋਲ ਪੰਪਾਂ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਿਕ ਬੀਤੀ ਸ਼ਾਮ ਤੇਲ ਕੀਮਤਾਂ 'ਚ ਵਾਧੇ ਦੀ ਖਬਰ ਆਉਣ ਸਾਰ ਪੰਜਾਬ ਵਾਲੇ ਪਾਸਿਓਂ ਭਾਰੀ ਗਿਣਤੀ 'ਚ ਲੋਕਾਂ ਨੇ ਹਰਿਆਣਾ ਦੇ ਪੰਪਾਂ ਵੱਲ ਵਹੀਰਾਂ ਘੱਤ ਦਿੱਤੀਆਂ ਜਦੋਂ ਕਿ ਪੰਜਾਬ ਖੇਤਰ ਦੇ ਪੈਟਰੋਲ ਪੰਪ ਮਾਲਕਾਂ ਵੱਲੋਂ ਮੱਖੀਆਂ ਮਾਰੇ ਜਾਣ ਦੇ ਸਮਾਚਾਰ ਹਨ। ਪੰਜਾਬ ਦੇ ਹਰਿਆਣਾ, ਚੰਡੀਗੜ• ਤੇ ਹਿਮਾਚਲ ਦੀ ਸੀਮਾ ਨਾਲ ਕਰੀਬ 500 ਪੰਪ ਲੱਗੇ ਹੋਏ ਹਨ ਜਿੰਨਾਂ ਦੀ ਵਿੱਕਰੀ ਹੋਰ ਵੀ ਘਟ ਜਾਣੀ ਹੈ ਕਿਉਂਕਿ ਦੂਜੇ ਰਾਜਾਂ ਵਿੱਚ ਤੇਲ ਸਸਤਾ ਹੈ। ਹਰਿਆਣਾ ਵਿੱਚ ਪੈਟਰੋਲ ਕਰੀਬ 7.5 ਰੁਪਏ ਪ੍ਰਤੀ ਲੀਟਰ ਸਸਤਾ ਹੈ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ 32.75 ਫੀਸਦੀ ਟੈਕਸ ਲਾਏ ਹੋਏ ਹਨ ਜਦੋਂ ਕਿ ਚੰਡੀਗੜ• 'ਚ ਇਹ ਟੈਕਸ 22 ਫੀਸਦੀ, ਹਰਿਆਣਾ 'ਚ 20.5 ਫੀਸਦੀ ਅਤੇ ਹਿਮਾਚਲ ਪ੍ਰਦੇਸ਼ 'ਚ ਇਹ ਟੈਕਸ 20 ਫੀਸਦੀ ਹਨ। ਸਰਹੱਦੀ ਖੇਤਰ ਦੇ ਕੁੱਝ ਪੰਪ ਮਾਲਕਾਂ ਨੇ ਦੱਸਿਆ ਕਿ ਪਹਿਲਾਂ ਪੰਜਾਬ ਅਤੇ ਹਰਿਆਣੇ ਵਿਚਲੀਆਂ ਡੀਜਲ ਕੀਮਤਾਂ 'ਚ ਵੱਡਾ ਪਾੜਾ ਹੋਣ ਕਰਕੇ ਹਰਿਆਣਾ ਦੇ ਲੋਕ ਪੰਜਾਬ 'ਚੋਂ ਡੀਜਲ ਦੀ ਖ੍ਰੀਦ ਕਰਦੇ ਸਨ ਜਿਸ ਕਾਰਨ ਪੈਟਰੋਲ ਵਾਲੀ ਸੱਟ ਮਹਿਸੂਸ ਨਹੀਂ ਹੁੰਦੀ ਸੀ ਪਰ ਹੁਣ ਫਰਕ ਵੀ ਆਟੇ 'ਚ ਲੂਣ ਵਾਂਗ ਨਾ ਮਾਤਰ ਹੋਣ ਕਰਕੇ ਡੀਜਲ ਦੀ ਵਿੱਕਰੀ ਘਟਣ ਤੇ ਪੈਟਰੋਲ ਦੇ ਰੇਟਾਂ 'ਚ ਤੇਜੀ ਸਦਕਾ ਕਈ ਪੈਟਰੋਲ ਪੰਪ ਬੰਦ ਹੋਣ ਕਿਨਾਰੇ ਹਨ। ਉਹਨਾਂ ਦੱਸਿਆ ਕਿ ਹਰਿਆਣੇ ਵਿਚਲੀ ਖ੍ਰੀਦੋ ਫਰੋਖਤ ਨਾਲ ਇਕੱਲੇ ਪੰਪ ਮਾਲਕਾਂ ਨੂੰ ਹੀ ਨਹੀਂ ਪੰਜਾਬ ਸਰਕਾਰ ਨੂੰ ਲੱਖਾਂ ਦੇ ਟੈਕਸ ਦਾ ਘਾਟਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਜੇਕਰ ਸਰਕਾਰ ਤੇਲ ਕੀਮਤਾਂ ਦੇ ਪਾੜੇ ਨੂੰ ਖਤਮ ਕਰੇ ਤਾਂ ਪੰਜਾਬ ਦਾ ਪੈਸਾ ਹਰਿਆਣੇ 'ਚ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਗੈਰ ਵਾਜਿਬ ਵਾਧਾ-ਖੰਨਾ

ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੇ. ਪੀ. ਖੰਨਾ ਦਾ ਕਹਿਣਾ ਸੀ ਕਿ ਤੇਲ ਕੰਪਨੀਆਂ ਵੱਲੋਂ ਕੀਤਾ ਤਾਜਾ ਵਾਧਾ ਕਰਨ ਦੀ ਕੋਈ ਜਰੂਰਤ ਹੀ ਨਹੀਂ ਸੀ ਕਿਉਂਕਿ ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੇ ਦਾਮ ਪਹਿਲਾਂ ਹੀ ਕਾਫੀ ਘੱਟ ਹਨ ਉਹਨਾਂ ਆਖਿਆ ਕਿ ਕੇਵਲ ਰੁਪਏ ਦੇ ਮੁਕਾਬਲੇ ਡਾਲਰ ਮਜਬੂਤ ਹੋਣ ਦੇ ਬਹਾਨੇ ਹੀ ਰੇਟ ਵਧਾ ਦਿੱਤੇ ਗਏ ਹਨ ਜੋ ਕਿ ਪੂਰੀ ਤਰ•ਾਂ ਗੈਰ ਵਾਜਿਬ ਹੈ। ਪੈਟਰੋਲ ਦੀ ਕੀਮਤ 'ਚ ਇਸ ਵਾਧੇ ਨਾਲ ਪੰਜਾਬ ਸਰਕਾਰ ਨੂੰ 600 ਕਰੋੜ ਤੋਂ ਵੀ ਵੱਧ ਦਾ ਫਾਇਦਾ ਹੋ ਗਿਆ ਹੈ ਜਿਸ ਕਰਕੇ ਹਰੇਕ ਵਾਰੀ ਸੂਬਾ ਸਰਕਾਰ ਇਸ ਮਾਮਲੇ ਤੇ ਚੁੱਪ ਵੱਟ ਲੈਂਦੀ ਹੈ। ਉਹਨਾਂ ਆਖਿਆ ਕਿ ਪੰਜਾਬ 'ਚ ਪੈਟਰੋਲ ਪੰਪ ਤਾਂ ਵਧ ਰਹੇ ਹਨ ਪਰ ਵਿਕਰੀ 'ਚ ਇਜਾਫਾ ਨਹੀਂ ਹੋ ਰਿਹਾ ਕਿਉਂਕਿ ਤੇਲ ਮਹਿੰਗਾ ਹੋਣ ਕਰਕੇ ਲੋਕ ਗੁਆਂਢੀ ਰਾਜਾਂ ਤੋਂ ਪੁਆਉਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਤੇਲ ਤੇ ਟੈਕਸ ਗੁਆਂਢੀ ਰਾਜਾਂ ਦੇ ਬਰਾਬਰ ਕਰਨ ਅਤੇ ਡੀਲਰਾਂ ਦਾ ਕਮਿਸ਼ਨ ਵਧਾਉਣ ਦੀ ਮੰਗ ਵੀ ਕੀਤੀ।

Friday, 16 September 2011

ਪੰਜਾਬ ਤੋਂ ਖੇਤੀ ਪ੍ਰਧਾਨ ਸੂਬੇ ਦੀ ਸਰਦਾਰੀ ਖੁੱਸਣੀ ਸ਼ੁਰੂ

ਬਠਿੰਡਾ, ਅਸ਼ੋਕ ਵਰਮਾ


ਖੇਤੀ ਕਰ ਰਹੇ ਕਿਸਾਨਾ ਦੀ ਫਾਇਲ ਫੋਟੋ ।
ਵਕਤ ਦੀਆਂ ਸਰਕਾਰਾਂ ਵੱਲੋਂ ਖੇਤੀ ਖੇਤਰ ਪ੍ਰਤੀ ਦਿਖਾਏ ਗਏ ਅਵੇਸਲੇਪਨ ਕਾਰਨ ਕਿਸਾਨਾਂ ਦੀ ਆਰਥਿਕਤਾ 'ਚ ਆਏ ਨਿਘਾਰ ਦੇ ਸਿੱਟੇ ਵਜੋਂ ਪੰਜਾਬ ਤੋਂ ਹੁਣ ਖੇਤੀ ਪ੍ਰਧਾਨ ਸੂਬੇ ਦੀ ਸਰਦਾਰੀ ਖੁੱਸਣੀ ਆਰੰਭ ਹੋ ਗਈ ਹੈ। ਕੁੱਝ ਸਮਾਂ ਪਹਿਲਾਂ ਸਰਕਾਰ ਵੱਲੋਂ ਕਰਵਾਏ ਆਰਥਿਕ ਸਰਵੇਖਣ ਦੌਰਾਨ ਇਹ ਸਨਸਨੀਖੇਜ ਖੁਲਾਸਾ ਹੋਇਆ ਸੀ ਕਿ ਰਾਜ ਦੇ ਘਰੇਲੂ ਉਤਪਾਦਨ 'ਚ ਖੇਤੀ ਦਾ ਤੀਸਰਾ ਸਥਾਨ ਰਹਿ ਗਿਆ ਹੈ। ਸਰਵੇ ਦੀ ਰਿਪੋਰਟ ਦੇ ਅੰਕੜਿਆਂ ਮੁਤਾਬਿਕ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਰਾਜ ਦੇ ਸਮੁੱਚੇ ਉਤਪਾਦਨ 'ਚ ਯੋਗਦਾਨ ਘਟ ਕੇ 24.92 ਫੀਸਦੀ ਰਹਿ ਗਿਆ ਹੈ ਜਿਸ ਨੂੰ ਕਿ ਚੰਗਾ ਸੰਕੇਤ ਨਹੀਂ ਮੰਨਿਆ ਜਾ ਰਿਹਾ। ਇਸ ਮਾਮਲੇ 'ਚ ਉਦਯੋਗਾਂ ਦਾ ਹਿੱਸਾ 31.55 ਫੀਸਦੀ ਹੈ ਜਦੋਂ ਕਿ ਸਭ ਤੋਂ ਵਧੇਰੇ ਯੋਗਦਾਨ ਸੇਵਾਵਾਂ ਦੇ ਖੇਤਰ 'ਚ 43.53 ਫੀਸਦੀ ਤੇ ਪੁੱਜ ਗਿਆ ਹੈ। ਭਾਵੇਂ ਵਿਸ਼ਵ ਭਰ 'ਚ ਉਦਯੋਗ, ਉਸਾਰੀ ਤੇ ਊਰਜਾ ਵਰਗੇ ਸੈਕੰਡਰੀ ਖੇਤਰਾਂ 'ਚ ਵਾਧੇ ਨੂੰ ਕਿਸੇ ਵੀ ਰਾਜ ਦੇ ਅਰਥਚਾਰੇ ਲਈ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਪਰ ਪੰਜਾਬ ਦੇ ਖੇਤੀ ਤੇ ਪਸ਼ੂ ਪਾਲਣ ਵਰਗੇ ਬੁਨਿਆਦੀ ਖੇਤਰਾਂ 'ਚ ਆ ਰਹੀ ਗਿਰਾਵਟ ਨੂੰ ਭਵਿੱਖ 'ਚ ਖੜੀਆਂ ਹੋਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੂਚਕ ਮੰਨਿਆ ਜਾ ਰਿਹਾ ਹੈ। ਮਿਸਾਲ ਵਜੋਂ ਖੇਤੀ ਉਤਪਾਦਨ 'ਚ ਪਿਛਲੇ 10 ਵਰਿਆਂ ਤੋਂ ਆਈ ਖੜੋਤ ਅਤੇ ਖੇਤੀਬਾੜੀ ਖੇਤਰ 'ਚੋਂ ਰੁਜ਼ਗਾਰ ਖੁੱਸਣ ਤੋਂ ਬਾਅਦ ਅੰਨ ਸੁਰੱਖਿਆ ਨੂੰ ਦਰਪੇਸ਼ ਖਤਰਾ ਇਸ ਵੇਲੇ ਸਭ ਤੋਂ ਜਿਆਦਾ ਸਿਰ ਚੁੱਕ ਰਿਹਾ ਹੈ। ਸਰਕਾਰੀ ਸਰਵੇਖਣ ਮੁਤਾਬਿਕ ਅੱਜ ਤੋਂ ਪੰਜ ਸਾਲ ਪਹਿਲਾਂ ਇਕੱਲੀ ਖੇਤੀ ਦਾ ਘਰੇਲੂ ਉਤਪਾਦਨ 'ਚ ਯੋਗਦਾਨ 21.22 ਫੀਸਦੀ ਸੀ ਪਰ ਹੁਣ ਇਹ ਘਟ ਕੇ 15.78 ਫੀਸਦੀ ਰਹਿ ਗਿਆ ਹੈ। ਭਾਰੇ ਫਿਕਰਾਂ ਵਾਲੀ ਗੱਲ ਇਹ ਵੀ ਹੈ ਕਿ ਘਰੇਲੂ ਉਤਪਾਦਨ 'ਚ ਯੋਗਦਾਨ ਘਟ ਕੇ ਸਾਲ 2009-10 ਵਿੱਚ 269.49 ਮੀਟਰਿਕ ਟਨ ਰਹਿ ਗਿਆ। ਸਾਲ 2010-11 ਦੌਰਾਨ ਵੀ ਇਸ 'ਚ ਗਿਰਾਵਟ ਦਰਜ਼ ਕੀਤੀ ਗਈ। ਜਦੋਂ ਕਿ ਇੱਕ ਖੇਤੀ ਮਾਹਿਰ ਨੇ ਦੱਸਿਆ ਕਿ ਜੇਕਰ ਮੌਸਮ, ਪਾਣੀ ਅਤੇ ਵਾਤਾਵਰਨ ਤੋਂ ਇਲਾਵਾ ਖੇਤੀ ਨੂੰ ਅਣਗੌਲਿਆ ਕਰਨ ਵਾਲੇ ਹਾਲਾਤ ਜਾਰੀ ਰਹੇ ਤਾਂ ਨਿਕਟ ਭਵਿੱਖ 'ਚ ਇਸ 'ਚ ਬਹੁਤਾ ਉਛਾਲ ਆਉਣ ਦੀ ਵੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਪੰਜਾਬ ਵਿੱਚ ਪ੍ਰਤੀ ਜੀਅ ਆਮਦਨ ਪਿਛਲੇ 5 ਸਾਲ ਦੀ 32948 ਦੇ ਮੁਕਾਬਲੇ ਪ੍ਰਚਲਿਤ ਕੀਮਤਾਂ ਤੇ  55504 ਰੁਪਏ ਤੇ ਜਾ ਪੁੱਜੀ ਹੈ ਪਰ ਸਰਵੇਖਣ ਮੁਤਾਬਿਕ ਆਦਮਨ ਦਾ ਇਹ ਵਾਧਾ ਟ੍ਰਾਂਸਪੋਰਟ, ਬੀਮਾ ਤੇ ਬੈਕਿੰਗ ਆਦਿ ਖੇਤਰਾਂ 'ਚ ਹੋਏ ਇਜਾਫੇ ਕਾਰਨ ਹੈ ਇਸ ਵਿੱਚ ਖੇਤੀ ਖੇਤਰ ਦਾ ਯੋਗਦਾਨ ਨਹੀਂ ਹੈ। 2004-05 ਦੀਆਂ ਸਥਿਰ ਕੀਮਤਾਂ ਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਰਾਜ ਦੇ ਘਰੇਲੂ ਉਤਪਾਦਨ 'ਚ ਯੋਗਦਾਨ ਦਾ ਵਾਧਾ 2010-11 'ਚ 1.06 ਦਰਜ਼ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਘਟਿਆ ਹੈ ਜਦੋਂ ਕਿ ਉਦਯੋਗਿਕ ਖੇਤਰ 'ਚ ਇਹ ਵਾਧਾ ਦੁੱਗਣਾ ਹੋ ਗਿਆ ਹੈ। ਪਿਛਲੇ ਵਰ•ੇ ਇਹ ਵਾਧਾ 6.51 ਫੀਸਦੀ ਸੀ ਤੇ ਹੁਣ ਇਹ ਵਧਕੇ 11.99 ਫੀਸਦੀ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਕਿਸੇ ਵੀ ਸੂਬੇ ਦੀ ਆਰਥਿਕਤਾ ਦੀ ਖੇਤੀ ਤੇ ਨਿਰਭਰਤਾ ਘਟਣਾ ਆਰਥਿਕ ਪੱਖ ਤੋਂ ਤਾਂ ਚੰਗਾ ਮੰਨਿਆ ਜਾਂਦਾ ਹੈ ਪਰ ਜੇਕਰ ਦੂਜੇ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਨਾਲ ਖੇਤੀ ਦੇ ਉਤਪਾਦਨ 'ਚ ਕਮੀ ਆਵੇਗੀ ਜਿਸ ਦਾ ਪ੍ਰਭਾਵ ਅਨਾਜ ਦੀ ਕਿੱਲਤ ਦੇ ਰੂਪ 'ਚ ਦੇਖਣ ਨੂੰ ਮਿਲੇਗਾ। ਉਹਨਾਂ ਆਖਿਆ ਕਿ ਖੇਤੀ ਖੇਤਰ ਵਿੱਚ ਨਫਾ ਨਾ ਰਹਿਣ ਕਰਕੇ ਵਾਹੀ ਘਟੀ ਹੈ ਤੇ ਕਿਰਤੀਆਂ ਦੀ ਗਿਣਤੀ ਵੀ ਘਟੀ ਹੈ। ਉਹਨਾਂ ਦੱਸਿਆ ਕਿ ਮੋਟੇ ਤੌਰ 'ਤੇ ਪੰਜਾਬ ਵਿੱਚ ਮੌਜੂਦ 78 ਲੱਖ ਕਾਮਿਆਂ 'ਚੋਂ ਖੇਤੀ ਤੇ ਨਿਰਭਰ 32 ਲੱਖ ਕਾਮੇ ਤੇ ਕਿਸਾਨ ਹੀ ਰਹਿ ਗਏ ਹਨ ਜੋ ਕਿ ਚਿੰਤਾਜਨਕ ਰੁਝਾਨ ਹੈ। ਇਸ ਉੱਘੇ ਅਰਥ ਸ਼ਾਸਤਰੀ ਵੱਲੋਂ ਕੀਤੀਆਂ ਟਿੱਪਣੀਆਂ ਪੰਜਾਬ ਵਿੱਚ ਨਿੱਘਰ ਰਹੀ ਖੇਤੀ ਵੱਲ ਇਸ਼ਾਰਾ ਕਰਦੀਆਂ ਹਨ। ਇੱਕ ਵੱਖਰੇ ਅਧਿਐਨ ਮੁਤਾਬਿਕ ਰਾਜ ਵਿੱਚ ਦੋ ਲੱਖ ਤੋਂ ਵੀ ਵੱਧ ਕਿਸਾਨਾਂ ਨੇ ਖੇਤੀ ਨੂੰ ਘਾਟੇ ਦਾ ਸੌਦਾ ਮੰਨਦਿਆਂ ਦੂਸਰੇ ਧੰਦਿਆਂ ਨੂੰ ਅਪਣਾ ਲਿਆ ਹੈ ਜਿਸ ਤੋਂ ਸੂਬੇ ਦੇ ਖੇਤੀਬਾੜੀ ਸੰਕਟ ਦੀ ਸਪੱਸ਼ਟ ਤਸਵੀਰ ਸਾਹਮਣੇ ਆਉਂਦੀ ਹੈ। ਰੌਚਕ ਤੱਥ ਇਹ ਵੀ ਹੈ ਕਿ ਖੇਤੀ ਛੱਡਣ ਵਾਲੇ ਕਿਸਾਨਾਂ ਨੇ ਦੂਸਰੇ ਧੰਦਿਆਂ ਨੂੰ ਅਪਣਾ ਕੇ ਆਪਣੀ ਆਮਦਨ 'ਚ ਤਾਂ ਵਾਧਾ ਕਰ ਲਿਆ ਪਰ ਇਸ ਦਾ ਸਿੱਟਾ ਖੇਤੀ ਉਤਪਾਦਨ ਵਧਣ ਦੀ ਬਜਾਏ ਸਥਿਰ ਰਹਿਣ ਦੇ ਰੂਪ 'ਚ ਨਿੱਕਲਿਆ ਹੈ।
ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਸਮੇਂ-ਸਮੇਂ ਤੇ ਬਣੀਆਂ ਸਰਕਾਰਾਂ ਕਦੇ ਵੀ ਖੇਤੀ ਖੇਤਰ ਪ੍ਰਤੀ ਸ਼ੁਹਿਰਦ ਨਹੀਂ ਰਹੀਆਂ ਬਲਕਿ ਕਿਸਾਨਾਂ ਹਰੇ ਇਨਕਲਾਬ ਦੀ ਮ੍ਰਿਗ ਤ੍ਰਿਸ਼ਨਾ 'ਚ ਫਸਾਕੇ ਅਜਿਹੀ ਥਾਂ ਲਿਆ ਖੜਾ ਕੀਤਾ ਹੈ ਜਿੱਥੋਂ ਉਹਨਾਂ ਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ। ਉਹਨਾਂ ਆਖਿਆ ਕਿ ਬਹੁਕੌਮੀ ਕੰਪਨੀਆਂ ਤੇ ਧਨਾਢਾਂ ਨੂੰ ਮੋਟੇ ਮੁਨਾਫਿਆਂ ਦੀ ਖਾਤਰ ਉਪਜਾਊ ਜਮੀਨਾਂ ਤੇ ਜਬਰੀ ਕਬਜੇ ਕਰਵਾਏ ਜਾ ਰਹੇ ਹਨ ਜਿਸ ਤੋਂ ਜਾਹਿਰ ਹੈ ਕਿ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਕਿਸਾਨ ਪੱਕੇ ਪੈਰੀਂ ਹੋਵੇ। ਕਿਸਾਨ ਆਗੂ ਨੇ ਚਿੰਤਾ ਜਾਹਿਰ ਕੀਤੀ ਕਿ ਜੇਕਰ ਖੇਤੀਬਾੜੀ ਨੂੰ ਉੱਚਾ ਨਾ ਚੁੱਕਿਆ ਗਿਆ ਤਾਂ ਨਿਸ਼ਚੇ ਹੀ ਇਸਦਾ ਸਿੱਧਾ ਅਸਰ ਦੇਸ਼ ਦੀ ਖੁਰਾਕ ਸੁਰੱਖਿਆ ਯੋਜਨਾ ਤੇ ਪਵੇਗਾ ਤੇ ਉਹ ਵੀ ਬਹੁਤੀ ਦੂਰ ਨਹੀਂ ਜਦੋਂ ਕਿ ਇੱਕ ਵਾਰ ਤੋਂ ਭਾਰਤ ਵਾਸੀਆਂ ਨੂੰ ਅਨਾਜ ਦੀ ਖਾਤਰ ਵਿਦੇਸ਼ੀ ਮੁਲਕਾਂ ਅੱਗੇ ਹੱਥ ਅੱਡਣੇ ਪੈਣਗੇ