Thursday, 22 September 2011

ਗੁਰਬਤ ਹੰਢਾਉਂਦਿਆਂ ਘਸੀਆਂ ਹੱਥਾਂ ਦੀਆਂ ਲਕੀਰਾਂ ਪਰ ਸਰਕਾਰੀ ਮਿਹਰ ਨਾ ਹੋਈ

ਖੁਦਕਸ਼ੀ ਪੀੜਤ ਖੇਤ ਮਜ਼ਦੂਰ ਪ੍ਰੀਵਾਰਾਂ ਦੀ ਦਾਸਤਾਨ

ਬਠਿੰਡਾ, ਅਸ਼ੋਕ ਵਰਮਾ

ਗੋਹਾ ਕੂੜਾ ਕਰਦਿਆਂ ਤੇ ਖੇਤਾਂ ਨੂੰ ਸੁਆਰਦਿਆਂ ਉਹਨਾਂ ਦੇ ਹੱਥਾਂ ਦੀਆਂ ਲਕੀਰਾਂ ਤੱਕ ਘਸ ਗਈਆਂ ਪਰ ਇਹਨਾਂ ਘਾਲਣਾਵਾਂ ਦੇ ਬਾਵਜੂਦ ਥੁੜਾਂ ਮਾਰੀ ਜੂਨ 'ਚ ਕੋਈ ਰੌਸ਼ਨੀ ਦੀ ਕਿਰਨ ਦਿਖਾਈ ਨਾ ਦੇਣ ਕਰਕੇ ਇਹ ਲੋਕ ਗੁਰਬਤ ਹੰਢਾਉਣ ਲਈ ਮਜਬੂਰ ਹਨ। ਪੰਜਾਬ ਨੂੰ ਕੈਲੀਫੋਰਨੀਆਂ ਵਰਗਾ ਬਣਾਉਣ ਦਾ ਦਾਅਵਾ ਕਰਨ ਵਾਲਿਆਂ ਦੇ ਰਾਜ 'ਚ ਇਹ ਦਾਸਤਾਨ ਉਹਨਾਂ ਖੇਤ ਮਜ਼ਦੂਰ ਪ੍ਰੀਵਾਰਾਂ ਦੀ ਹੈ ਜਿੰਨਾਂ ਦੇ ਪ੍ਰੀਵਾਰਕ ਮੈਂਬਰ ਕਰਜੇ ਦੇ ਬੋਝ ਢੋਣ ਤੋਂ ਅਸਮਰੱਥ ਹੋਣ ਤੋਂ ਬਾਅਦ ਖੁਦਕਸ਼ੀ ਦੇ ਰਸਤੇ ਪੈ ਗਏ। ਇਹਨਾਂ ਲੋਕਾਂ ਲਈ ਵੱਡੀ ਤਰਾਸਦੀ ਇਹ ਵੀ ਹੈ ਕਿ ਉਹਨਾਂ 'ਚੋਂ ਬਹੁਤਿਆਂ ਨੂੰ ਸਰਕਾਰ ਵੱਲੋਂ ਮੁਹੱਈਆ ਕਿਸੇ ਵੀ ਸਹੂਲਤ ਦਾ ਮਿਲਣਾ ਲੰਘੇ ਡੰਗ ਮਿਲਣਾ ਹੀ ਨਸੀਬ ਹੋ ਸਕਿਆ ਹੈ ਜਦੋਂ ਕਿ ਬਹੁਤੇ ਅਜੇ ਵੀ ਵਾਂਝੇ ਹਨ। ਪਿੰਡ ਕੋਟੜਾ ਕੌੜਿਆਂ ਵਾਲਾ ਦੀ ਨਸੀਬ ਕੌਰ ਨੇ ਆਪਣਾ ਦੁੱਖ ਸੁਣਾਉਂਦਿਆਂ ਦੱਸਿਆ ਕਿ  ਜੇਕਰ ਉਸਦੇ ਨਸੀਬ ਚੰਗੇ ਹੁੰਦੇ ਤਾਂ ਉਸਦੇ ਸਿਰ ਦਾ ਸਾਈਂ ਆਤਮ ਹੱਤਿਆ ਦੇ ਰਸਤੇ ਨਾ ਪੈਂਦਾ। ਪਤੀ ਗੁਰਚਰਨ ਸਿੰਘ ਕਰਜਈ ਹੋ ਕੇ ਜਿੰਨੀ ਸੰਤਾਪ ਹੰਢਾਉਂਦਾ ਖੁਦ ਤਾਂ ਜਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਰੁਖਸਤ ਹੋ ਗਿਆ ਪਰ ਪਿੱਛੇ ਇਕੱਲੀ ਜਾਨ ਤੇ 2 ਪੁੱਤਾਂ ਨੂੰ ਦੁੱਖਾਂ ਦੇ ਲੜ ਲਾ ਗਿਆ ਜਿੰਨਾਂ 'ਚੋਂ ਉਹ ਹਾਲੇ ਤੱਕ ਨਿੱਕਲ ਨਹੀਂ ਸਕੀ। ਇਸ ਵਿਧਵਾ ਨੂੰ ਸਰਕਾਰ ਨੇ ਕੋਈ ਸਹਾਇਤਾ ਨਹੀਂ ਦਿੱਤੀ। ਪੁੱਤ ਮਜ਼ਦੂਰੀ ਕਰਦਾ ਹੈ ਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਤਾਂ ਜਾ ਕੇ ਚੁੱਲੇ ਅੱਗ ਪੈਂਦੀ ਹੈ। ਇਸੇ ਹੀ ਪਿੰਡ ਦੀ ਜਸਬੀਰ ਕੌਰ ਦੇ ਪਤੀ ਬਿੱਕਰ ਸਿੰਘ ਨੇ ਵੀ ਕਰਜਿਆਂ ਕਾਰਨ ਮੌਤ ਕਬੂਲ ਲਈ। ਪੁੱਤ ਨੂੰ ਰੋਟੀ ਦੇ ਜੁਗਾੜ ਲਈ ਮਜਦੂਰੀ ਕਰਨੀ ਪੈ ਰਹੀ ਹੈ। ਘਰ 'ਚ ਗਰੀਬੀ ਦਾ ਪਸਾਰਾ ਹੀ ਐਨਾਂ ਹੈ ਕਿ ਧੀ ਦੀ ਡੋਲੀ ਪਿੰਡ ਵਾਸੀਆਂ ਨੇ ਮਿਲ ਕੇ ਬੂਹੇ ਤੋਂ ਉਠਾਈ। ਕੋਟੜਾ ਕੌੜਿਆਂ ਵਾਲਾ ਦੀ ਖੇਤ ਮਜ਼ਦੂਰ ਕੁਲਵੰਤ ਕੌਰ ਵੀ ਉਹਨਾਂ ਖੁਦਕਸ਼ੀ ਪੀੜਤਾਂ 'ਚੋਂ ਇੱਕ ਹੈ ਜਿਸ ਦੇ ਸਿਰ ਦੇ ਸਾਈ ਨੂੰ ਕਰਜੇ ਨੇ ਖਾ ਲਿਆ ਪਰ ਕਰਜਾ ਹਾਲੇ ਵੀ ਸਿਰ ਖੜ•ਾ ਹੈ। ਬਾਂਡੀ ਦੇ ਮਹਿੰਗਾ ਸਿੰਘ ਨੂੰ ਤਾਂ ਇਹ ਜਿੰਦਗੀ ਹੀ ਮਹਿੰਗੀ ਪਈ ਹੈ। ਨੂੰਹ ਖੁਦਕਸ਼ੀ ਕਰ ਗਈ ਪਿੱਛੋਂ ਪੁੱਤ ਨਸ਼ਈ ਹੋ ਗਿਆ। ਮਹਿੰਗਾ ਸਿੰਘ ਤੇ ਉਸਦੀ ਬਿਰਧ ਪਤਨੀ ਉਮਰ ਦੇ ਆਖਰੀ ਪਹਿਰ 'ਚ ਮਿਹਨਤ ਮੁਸ਼ੱਕਤ ਕਰਕੇ ਪੋਤੇ-ਪੋਤੀਆਂ ਨੂੰ ਇਸ ਆਸ ਨਾਲ ਪਾਲ ਰਹੇ ਹਨ ਕਿ ਸ਼ਾਇਦ ਅੱਗੇ ਚੱਲ ਕੇ ਉਹ ਪ੍ਰੀਵਾਰ ਨੂੰ ਗਰੀਬੀ ਨਾਂਅ ਦੇ ਨਰਕ 'ਚੋਂ ਕੱਢ ਸਕਣਗੇ। ਇਸ ਬਿਰਧ ਜੋੜੇ ਨੂੰ ਝੋਰਾ ਹੈ ਕਿ ਜੇਕਰ ਉਹ ਜਹਾਨੋਂ ਰੁਖਸਤ ਹੋ ਗਏ ਤਾਂ ਬੱਚਿਆਂ ਦਾ ਕੀ ਬਣੇਗਾ?  ਆਪਣੀ ਉਮਰ ਦੇ 7 ਦਹਾਕੇ ਹੰਢਾ ਚੁੱਕੇ ਬਜੁਰਗ ਸਾਉਣ ਸਿੰਘ ਦੀਆਂ ਅੱਖਾਂ 'ਚੋਂ ਸਾਉਣ ਦੇ ਮੀਂਹ ਵਾਂਗ ਉਦੋਂ ਹੰਝੂ ਵਗ ਪਏ ਜਦੋਂ ਉਸ ਨੇ ਜਿਕਰ ਕੀਤਾ ਕਿ ਕਿਸ ਤਰ•ਾਂ ਕਰਜਿਆਂ ਦੀ ਭਾਰੀ ਹੋਈ ਪੰਡ ਦੇ ਬੋਝ ਨੂੰ ਸਹਾਰਨ ਤੋਂ ਬੇਵੱਸ ਹੋ ਕੇ ਉਸਦਾ ਪੁੱਤ ਜੀਤ ਸਿੰਘ ਗੱਡੀ ਹੇਠਾਂ ਆ ਕੇ ਜਹਾਨੋਂ ਤੁਰ ਗਿਆ। ਜੀਤ ਸਿੰਘ ਦੇ 2 ਪੁੱਤ ਤੇ 2 ਧੀਆਂ ਪਿੱਛੇ ਛੱਡ ਗਿਆ ਹੈ ਬਜੁਰਗ ਸਾਉਣ ਸਿੰਘ ਨੂੰ ਮੂਲ ਨਾਲੋਂ ਵਿਆਜ ਵੀ ਪਿਆਰਾ ਹੈ ਪਰ ਹਰ ਰੋਜ ਘਟਦੀ ਉਮਰ ਦੇ ਦਿਨਾਂ ਨੂੰ ਲੈ ਕੇ ਵੀ ਚਿੰਤਤ ਹੈ। ਇਹ ਪ੍ਰੀਵਾਰ ਲੋਕਾਂ ਦੇ ਘਰੀਂ ਕੰਮ ਕਰਦਾ ਹੈ ਤਾਂ ਜਾ ਕੇ ਰੋਟੀ ਜੁੜਦੀ ਹੈ। ਭੂੰਦੜ ਦੀ ਪਰਮਜੀਤ ਕੌਰ ਨਾਲ ਵੀ ਜੱਗੋਂ ਤੇਰਵੀ ਹੋਈ ਹੈ ਕਰਜੇ ਕਾਰਨ ਪੁੱਤ ਸੁਰਜੀਤ ਸਿੰਘ ਨੇ ਫਾਹਾ ਲੈ ਲਿਆ। ਇਸ ਬਿਰਧ ਔਰਤ ਦੇ ਘਰ ਵਾਲਾ ਅੰਗਹੀਣ ਹੈ। 2 ਪੋਤੀਆਂ ਕੁਆਰੀਆਂ ਹਨ ਜਿੰਨਾਂ ਦਾ ਫਿਕਰ ਉਸ ਨੂੰ ਸੌਣ ਨਹੀਂ ਦਿੰਦਾ। ਸਰਕਾਰ ਨੇ ਬਾਂਹ ਨਹੀਂ ਫੜੀ ਪੁੱਤ ਦੇ ਜਿਉਂਦਿਆਂ ਸੌਖੀ ਰੋਟੀ ਖਾਣ ਵਾਲੀ ਵਡੇਰੀ ਉਮਰ ਦੀ ਇਸ ਔਰਤ ਦਾ ਕਹਿਣਾ ਸੀ ਕਿ ਪਿਛਲੇ ਪਹਿਰੇ ਆ ਦਿਨ ਵੀ ਦੇਖਣੇ ਸੀ ਏਦੂੰ ਤਾਂ ਚੰਗਾ ਸੀ ਪੁੱਤ ਤੋਂ ਪਹਿਲਾਂ ਉਹ ਮੁੱਕ ਜਾਂਦੀ। ਪਿੱਥੋ ਦੀ ਗੁਰਮੇਲ ਕੌਰ ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟਾ ਜਦੋਂ ਦਿਹਾੜੀ ਕਰਕੇ ਵਾਪਸ ਪਰਤਦੇ ਪਤੀ ਮੇਜਰ ਸਿੰਘ ਦੀ ਦੋ ਸਾਲ ਪਹਿਲਾਂ ਕਿਸੇ ਵੱਡੇ ਘਰ ਦੀ ਗੱਡੀ ਵੱਲੋਂ ਫੇਟ ਮਾਰੇ ਜਾਣ ਦੇ ਸਿੱਟੇ ਵਜੋਂ ਮੌਤ ਹੋ ਗਈ। ਸਰਕਾਰੇ ਦਰਬਾਰੇ ਹਾੜੇ ਕੱਢਣ ਦੇ ਬਾਵਜੂਦ ਵੀ ਇਹ ਮਹਿਲਾ ਕਿਸੇ ਵੀ ਮੁਆਵਜੇ ਤੋਂ ਵਾਂਝੀ ਹੈ। ਦੋ ਵੇਲੇ ਰੋਟੀ ਖਾਤਰ ਗੋਹਾ ਕੂੜਾ ਕਰਨਾ ਪੈਂਦਾ ਹੈ। 70 ਸਾਲਾ ਬਜੁਰਗ ਔਰਤ ਗੁਰਦੇਵ ਕੌਰ ਨੇ ਆਪਣੇ ਗੱਭਰੂ ਪੁੱਤ ਨਛੱਤਰ ਸਿੰਘ ਵੱਲੋਂ ਕਰਜੇ ਦੀ ਖਾਤਰ ਕੀਤੀ ਖੁਦਕਸ਼ੀ ਦੀ ਗੱਲ ਕੀਤੀ ਤਾਂ ਲਹਿਰਾ ਧੂੜਕੋਟ ਦੀ ਬਿਰਧ ਕਰਤਾਰ ਨੇ ਇਸੇ ਦੁੱਖੋਂ ਸਪਰੇਅ ਪੀ ਕੇ ਮਰੇ ਪੁੱਤ ਮਨਜਿੰਦਰ ਦਾ ਦੁੱਖ ਰੋਇਆ। ਜੇਠੂਕੇ ਦੇ ਸੁਖਦੇਵ ਸਿੰਘ ਨੇ ਸ਼ਾਹੂਕਾਰਾਂ ਦੇ ਤਿੰਨ ਲੱਖ ਰੁਪਏ ਕਰਜੇ ਦੀ  ਖਾਤਰ ਰੇਲ ਗੱਡੀ ਥੱਲੇ ਆ ਕੇ ਖੁਦਕਸ਼ੀ ਕਰ ਗਏ 19 ਸਾਲ ਦੇ ਕੜੀ ਵਰਗੇ ਜੁਆਨ ਪੁੱਤ ਇਕਬਾਲ ਸਿੰਘ ਦੀ ਦਰਦ ਭਰੀ ਕਹਾਣੀ ਸੁਣਾਈ। ਲਹਿਰਾ ਧੂਕਕੋਟ ਦੀ ਹੀ ਕਰਤਰ ਕੌਰ ਨਾਂਅ ਦੀ ਮਹਿਲਾ ਨੇ ਦੱਸਿਆ ਕਿ ਉਸਦਾ ਪੁੱਤਰ ਵੀ ਕਰਜੇ ਕਾਰਨ ਫਾਹਾ ਲੈ ਗਿਆ। ਇਹ ਬਿਰਧ ਆਖਰੀ ਦਿਨਾਂ 'ਚ ਢਿੱਡ ਖਾਤਰ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਦੀ ਹੈ। ਪਿੱਥੋ ਦੀ 65 ਸਾਲਾ ਮੁਖਤਿਆਰ ਕੌਰ, ਜੇਠੂਕੇ ਦੀ ਸ਼ਿੰਦਰ ਕੌਰ ਅਤੇ ਨਰ ਸਿੰਘ ਕਲੋਨੀ ਦੇ ਸੁਖਦੇਵ ਸਿੰਘ, ਭੂੰਦੜ ਦੇ ਲਛਮਣ ਸਿੰਘ ਅਤੇ ਕਰਨੈਲ ਕੌਰ ਵਾਸੀ ਪਿੱਥੋ ਵੀ ਖੁਦਕਸ਼ੀਆਂ ਤੋਂ ਪੀੜਤ ਖੇਤ ਮਜ਼ਦਰੂ ਪ੍ਰੀਵਾਰਾਂ ਨੇ ਆਪਣੇ ਨਾਲ ਵਾਪਰੇ ਦੁੱਖਾਂ ਦਾ ਬਿਰਤਾਂਤ ਦੱਸਿਆ। ਹਰਪ੍ਰੀਤ ਕੌਰ ਨਾਂਅ ਦੀ ਖੇਤ ਮਜ਼ਦੂਰ ਮਹਿਲਾ ਦੇ ਪ੍ਰੀਵਾਰ ਦੇ ਇੱਕ ਮੈਂਬਰ ਨੇ ਕਰਜੇ ਕਾਰਨ ਆਪਣੇ ਆਪ ਨੂੰ ਅੱਗ ਲਾ ਲਈ ਸੀ।

ਸਰਕਾਰੀ ਨੌਕਰੀ ਅਤੇ ਮੁਆਵਜਾ ਦੇਵੇ ਸਰਕਾਰ-ਸੇਵੇਵਾਲਾ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅਤੇ ਮਜ਼ਦੂਰਾਂ ਦੀ ਭਲਾਈ ਲਈ ਕੁਲਵਕਤੀ ਆਗੂ ਵਜੋਂ ਕੰਮ ਕਰ ਰਹੇ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਖੁਦਕਸ਼ੀ ਪੀੜਤ ਪ੍ਰੀਵਾਰਾਂ ਦਾ ਸਰਵੇਖਣ ਕਰਕੇ ਹਜ਼ਾਰਾਂ ਦੀ ਤਾਦਾਦ 'ਚ ਫਾਰਮ ਸਰਕਾਰ ਨੂੰ ਭੇਜੇ ਗਏ ਹਨ। ਉਹਨਾਂ ਇਸ ਮੰਦਭਾਗੇ ਵਰਤਾਰੇ ਦੀ ਮਾਰ ਹੇਠ ਆਏ ਇਹਨਾਂ ਪ੍ਰੀਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਰੁਪਿਆ ਮੁਆਵਜਾ ਦੇਣ ਦੀ ਮੰਗ ਵੀ ਕੀਤੀ।

Tuesday, 20 September 2011

ਅੰਨ੍ਹਾ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ

 ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 15 ਅਗਸਤ ਮੌਕੇ ਸਨਮਾਨਿਤ ਕੀਤੇ ਜਾਨ ਦੀ ਫਾਇਲ ਫੋਟੋ।
ਬਠਿੰਡਾ, ਅਸ਼ੋਕ ਵਰਮਾ

ਪੰਜਾਬੀ ਕਹਾਵਤ 'ਅੰਨ੍ਹਾ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ' ਬਠਿੰਡਾ ਦੇ ਜ਼ਿਲ•ਾ ਪ੍ਰਸ਼ਾਸ਼ਨ ਤੇ ਪੂਰੀ ਤਰ•ਾਂ ਫਿੱਟ ਬੈਠਦੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਵਰਗੇ ਮਹੱਤਵਪੂਰਨ ਸਮਾਗਮਾਂ ਦੌਰਾਨ ਆਮ ਲੋਕਾਂ ਨੂੰ ਥਾਪੀ ਦੇਣ ਦੀ ਬਜਾਏ ਅਫਸਰਸ਼ਾਹੀਆਂ ਅਤੇ ਚਹੇਤੇ ਮੁਲਾਜਮ ਹੀ ਸਨਮਾਨਿਤ ਸਖਸ਼ੀਅਤਾਂ 'ਚ ਸ਼ਾਮਲ ਕੀਤੇ ਜਾਣ ਲੱਗੇ ਹਨ। ਸੂਚਨਾ ਦੇ ਅਧਿਕਾਰ ਤਹਿਤ ਪ੍ਰਸ਼ਾਸ਼ਨ ਵੱਲੋਂ ਦਿੱਤੇ ਵੇਰਵਿਆਂ ਦੀ ਮੰਨੀਏ ਤਾਂ ਸਮਾਜ ਸੇਵਾ ਨਾਲੋਂ ਅਫਸਰਾਂ ਦੀ ਸੇਵਾ ਹੀ ਅਵੱਲ ਮੰਨੀ ਜਾਣ ਲੱਗੀ ਹੈ। ਵੱਖ-ਵੱਖ ਸਰਕਾਰੀ ਦਫਤਰਾਂ 'ਚੋਂ ਕੀਤੀ ਪੜਤਾਲ ਦਾ ਇਹੋ ਸਿੱਟਾ ਨਿੱਕਲਿਆ ਹੈ ਕਿ ਸਹੀ ਅਰਥਾਂ 'ਚ ਕੰਮ ਕਰਨ ਵਾਲਿਆਂ ਨੂੰ ਕੋਈ ਬੇਰਾਂ ਵੱਟੇ ਨਹੀਂ ਪੁੱਛਦਾ ਜਦ ਕਿ ਅਧਿਕਾਰੀਆਂ ਨੂੰ ਸਲੂਟ ਮਾਰਨ ਵਾਲੇ ਟਰਾਫੀਆਂ ਤੇ ਪ੍ਰਸੰਸਾ ਪੱਤਰਾਂ ਤੇ ਹੂੰਝਾ ਫੇਰ ਜਾਂਦੇ ਹਨ। ਡਿਪਟੀ ਕਮਿਸ਼ਨਰ ਦਫਤਰ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਿਕ ਬਠਿੰਡਾ ਸ਼ਹਿਰ ਨੂੰ 12 ਸੈਕਟਰਾਂ 'ਚ ਵੰਡ ਕੇ ਡਿਊਟੀਆਂ ਲਾਉਣ ਵਾਲੇ ਹੜ ਕਲਰਕ ਨੂੰ ਸਨਮਾਨਿਤ ਕੀਤਾ ਗਿਆ ਜਦੋਂਕਿ ਪਿਛਲੇ ਕਈ ਸਾਲਾਂ ਤੋਂ ਬਾਰਸ਼ਾਂ ਦੌਰਾਨ ਮਹਾਂਨਗਰ ਵਾਸੀਆਂ ਦੀ ਹੁੰਦੀ ਦੁਰਦਸ਼ਾ ਕਿਸੇ ਤੋਂ ਛੁਪੀ ਨਹੀਂ ਹੈ। ਡਿਪਟੀ ਕਮਿਸ਼ਨਰ ਦਫਤਰ ਦੇ ਇੱਕ ਜੂਨੀਅਰ ਸਹਾਇਤ ਤੇ ਵੀ. ਵੀ. ਆਈ. ਪੀਜ ਦੇ ਕੀਤੇ ਕੰਮਾਂ ਬਦਲੇ ਮਿਹਰ ਦੀ ਨਜਰ ਕੀਤੀ ਗਈ ਹੈ ਜਦੋਂ ਕਿ ਸਰਕਾਰੀ ਦਫਤਰਾਂ 'ਚ ਆਪਣੇ ਕੰਮਾਂ ਲਈ ਧੱਕੇ ਖਾਂਦੀ ਜਨਤਾ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਗੈਸ ਦੀ ਬਲੈਕ ਰੋਕਣ ਬਦਲੇ ਖੁਰਾਕ ਤੇ ਸਪਲਾਈ ਵਿਭਾਗ ਦਾ ਇੱਕ ਅਧਿਕਾਰੀ ਵੀ ਸਨਮਾਨ ਹਾਸਲ ਕਰਨ ਵਾਲਿਆਂ 'ਚ ਮੋਹਰੀ ਰਿਹਾ ਇਹ ਅਲਹਿਦਾ ਗੱਲ ਹੈ ਕਿ ਸਰਦੀ ਦੀ ਦਸਤਕ ਤੋਂ ਪਹਿਲਾਂ ਹੀ 650 ਰੁਪਏ ਤੱਕ ਵਿਕਣ ਵਾਲਾ ਗੈਸ ਸਿਲੰਡਰ 750 ਰੁਪਏ 'ਚ ਮਿਲਣ ਲੱਗਾ ਹੈ ਤੇ ਕਈਆਂ 'ਚ ਤਾਂ ਗੈਸ ਵੀ ਘੱਟ ਹੁੰਦੀ ਹੈ। ਇਸ ਵਾਰ ਤਾਂ ਡਿਪਟੀ ਕਮਿਸ਼ਨਰ ਦਾ ਨਿੱਜੀ ਸਹਾਇਕ ਵੀ ਕਿਰਪਾ ਦਾ ਪਾਤਰ ਬਣਿਆਂ ਜਦੋਂ ਕਿ ਮਾਰਕੀਟ ਕਮੇਟੀ ਦਾ ਬੋਲੀ ਕਲਰਕ ਅਤੇ ਬਠਿੰਡਾ 'ਚ ਸਫਾਈ ਲਈ ਵਧੀਆ ਯੋਗਦਾਨ ਦੇਣ ਬਦਲੇ ਇੱਕ ਸੈਨੇਟਰ ਸੁਪਰਵਾਈਜਰ ਵੀ ਸਨਮਾਨ ਹਾਸਲ ਕਰਨ ਵਾਲਿਆਂ 'ਚ ਸ਼ਾਮਲ ਹਨ। ਸੂਚਨਾ ਅਨੁਸਾਰ ਇੱਕ ਸੈਨਟਰੀ ਇੰਸਪੈਕਟਰ ਵੀ ਸਫਾਈ ਦਾ ਐਵਾਰਡ ਲੈ ਗਿਆ ਪਰ ਮਹਾਂਨਗਰ 'ਚ ਲੱਗ ਗੰਦਗੀ ਦੇ ਢੇਰ ਸਨਮਾਨਾਂ ਦਾ ਮੂੰਹ ਚਿੜਾਉਂਦੇ ਦਿਖਾਈ ਦਿੰਦੇ ਹਨ। ਇਸੇ ਸਮਾਗਮ 'ਚ ਹੀ ਡੀ. ਸੀ. ਦਫਤਰ ਦਾ ਇੱਕ ਮੁਲਾਜਮ ਤੇ  ਖੁਰਾਕ ਸਪਲਾਈ ਵਿਭਾਗ ਦੇ ਅਫਸਰ ਵੀ ਸਨਮਾਨ ਪੱਤਰ ਲੈ ਗਏ 26 ਜਨਵਰੀ 2011 ਨੂੰ ਪ੍ਰਸ਼ਾਸ਼ਨ ਦੀ ਖੰਘ 'ਚ ਖੰਘਣ ਵਾਲੇ ਵਪਾਰੀ ਦਾ ਸਨਮਾਨ ਕਰਨ ਦਾ ਕਾਰਨ ਈ. ਟੀ. ਟੀ. ਅਧਿਆਪਕਾਂ ਦੇ ਪਾਣੀ ਦੀ ਟੈਂਕੀ ਤੇ ਚੜਨ ਮੌਕੇ ਪ੍ਰਸ਼ਾਸ਼ਨ ਦੀ ਸਹਾਇਤਾ ਕਰਨਾ ਦੱਸਿਆ ਗਿਆ ਹੈ ਜਦੋਂ ਕਿ ਇਸ ਬਾਰੇ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਅਜਿਹੇ ਗੰਭੀਰ ਮੌਕਿਆਂ ਤੇ ਹਾਲਾਤਾਂ ਨੂੰ ਕਾਬੂ ਕਰਨ 'ਚ ਪੁਲਿਸ ਕਿਸ ਤਰ•ਾਂ ਪੱਬਾਂ ਭਾਰ ਰਹਿੰਦੀ ਹੈ। 15 ਅਗਸਤ 2010 ਨੂੰ ਸਨਮਾਨਿਤ ਕੀਤੇ ਵਿਅਕਤੀਆਂ 'ਚ ਐਸ. ਡੀ. ਐਮ. ਦਾ ਗੰਨਮੈਨ, ਡੀ. ਸੀ. ਦਫਤਰ ਦੇ ਕਮਰਚਾਰੀ, ਤਹਿਸੀਲਦਾਰ ਦਾ ਇੱਕ ਸਿਫਾਰਸ਼ੀ ਮੁਲਾਜਮ, ਬੀ. ਡੀ. ਏ. ਦਾ ਮੁਲਾਜਮ ਅਤੇ ਥਾਣੇਦਾਰ ਭਾਰੂ ਰਹੇ। ਉਂਜ ਇਸ ਸਮਾਗਮ 'ਚ ਇੱਕ ਉਹ ਥਾਣੇਦਾਰ ਵੀ ਸਨਮਾਨਿਤ ਕੀਤਾ ਗਿਆ ਜਿਸਦਾ ਕੰਮ ਸ਼ਲਾਘਾਯੋਗ ਸੀ ਇਸ ਥਾਣਾ ਇੰਚਾਰਜ ਨੇ ਟੈਂਕੀ ਤੇ ਚੜੀ ਲੜਕੀ ਵੱਲੋਂ ਪਾਣੀ 'ਚ ਛਾਲ ਮਾਰਨ ਮੌਕੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੀ ਅਤੇ ਵਰਦੀ ਸਮੇਤ ਤਲਾਬ 'ਚ ਛਾਲ ਮਾਰ ਕੇ ਲੜਕੀ ਨੂੰ ਬਚਾਇਆ। ਇਸ ਵਰ•ੇ ਹੀ 26 ਜਨਵਰੀ ਦੇ ਸਨਮਾਨ ਤੇ ਨਗਰ ਨਿਗਮ ਦੇ ਕਲਰਕ, ਮਾਲੀ ਤੇ ਸੇਵਾਦਾਰ ਅਤੇ ਪਟਵਾਰੀ ਤੇ ਡਰਾਈਵਰ ਆਦਿ ਨੇ ਕਬਜਾ ਜਮਾਇਆ ਜਦੋਂ ਕਿ 15 ਅਗਸਤ 2009 ਨੂੰ ਲਗਭਗ 30 ਵਿਅਕਤੀ ਅਜਿਹੇ ਸਨ ਜਿੰਨਾਂ ਦਾ ਸਬੰਧ ਸਰਕਾਰੀ ਅਦਾਰਿਆਂ ਨਾਲ ਸੀ। ਸੂਚਨਾ ਮੁਤਾਬਿਕ 26 ਜਨਵਰੀ 2009 ਨੂੰ ਸਨਮਾਨ ਹਾਸਲ ਕਰਨ ਵਾਲਿਆਂ ਦੇ ਵੇਰਵੇ ਹੈਰਾਨੀਜਨਕ ਹਨ ਇਸ ਸਾਲ ਕੁੱਲ 27 ਸਨਮਾਨ ਦਿੱਤੇ ਗਏ ਜਿੰਨਾ 'ਚੋਂ 10 ਦਾ ਸਬੰਧ ਸਿੱਧੇ ਤੌਰ ਤੇ ਪ੍ਰਸ਼ਾਸ਼ਨ ਨਾਲ ਸੀ। ਇਹੋ ਜਿਹਾ ਵਰਤਾਰਾ ਹੀ 2008 'ਚ ਵਰਤਿਆ 15 ਅਗਸਤ 2008 ਨੂੰ ਆਪਣੀ ਨਿਯੁਕਤੀ ਤੋਂ ਲੈ ਕੇ ਹੁਣ ਤੱਕ ਵਿਵਾਦਾਂ ਦਾ ਵਿਸ਼ਾ ਰਹੇ ਰੈੱਡ ਕਰਾਸ ਦੇ ਇੱਕ ਅਧਿਕਾਰੀ ਨੂੰ ਵੀ ਸਨਮਾਨ ਦਿੱਤਾ ਗਿਆ ਸੀ। ਸੂਚਨਾ ਅਨੁਸਾਰ ਅਜਿਹੇ ਏ. ਡੀ. ਸੀ. (ਵਿਕਾਸ) ਦੇ ਜੁਬਾਨੀ ਆਦੇਸ਼ਾਂ ਅਨੁਸਾਰ ਕੀਤਾ ਗਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਉਸ ਵੇਲੇ ਰੌਲਾ ਪੈਣ ਤੋਂ ਬਾਅਦ ਕਦੇ ਵੀ ਇਸ ਅਧਿਕਾਰੀ ਦੀ ਲਾਟਰੀ ਨਹੀਂ ਲੱਗੀ। ਇਸ ਸਮਾਗਮ ਲਈ ਇੱਕ ਵੱਖਰੇ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਦਫਤਰ ਦੇ ਤਿੰਨ ਕਰਮਚਾਰੀਆਂ ਦੇ ਨਾਂਅ ਵੀ ਸ਼ੂਚੀ 'ਚ ਸ਼ਾਮਲ ਕੀਤੇ ਗਏ ਜਦੋਂ ਕਿ 9 ਡਾਕਟਰਾਂ ਸਮੇਤ 23 ਸਨਮਾਨਾਂ 'ਚ ਸਰਕਾਰੀ ਕਰਮਚਾਰੀਆਂ ਦਾ ਬੋਲਬਾਲਾ ਰਿਹਾ। ਇਸ ਤੋਂ ਇਲਾਵਾ 26 ਜਨਵਰੀ 2006, 15 ਅਗਸਤ 2006, 26 ਜਨਵਰੀ 2007 ਅਤੇ 15 ਅਗਸਤ 2007 ਦੇ ਗਣਤੰਤਰ ਅਤੇ ਅਜ਼ਾਦੀ ਦਿਵਸ ਮੌਕੇ ਸਰਕਾਰੀ ਅਫਸਰਸ਼ਾਹੀ ਅਤੇ ਚਹੇਤੇ ਹੀ ਮੋਹਰੀ ਰਹੇ। ਦਿਲਚਸਪੀ ਵਾਲਾ ਪਹਿਲੂ ਇਹ ਵੀ ਹੈ ਕਿ ਇਸ ਅਰਸੇ ਦੌਰਾਨ ਖੁਰਾਕ ਅਤੇ ਸਪਲਾਈ ਵਿਭਾਗ ਦੇ ਕਈ ਮੁਲਾਜਮ ਇੱਕ ਤੋਂ ਵੱਧ ਵਾਰੀ ਵੀ ਸਨਮਾਨਿਤ ਕੀਤੇ ਗਏ। ਆਮ ਲੋਕਾਂ ਦਾ ਤਰਕ ਹੈ ਕਿ ਇਹ ਉਹ ਵਿਭਾਗ ਹੈ ਜੋ ਜਰੂਰਤ ਪੈਣ ਤੇ ਜ਼ਿਲ•ੇ ਦੇ ਪ੍ਰਮੁੱਖ ਅਧਿਕਾਰੀਆਂ ਦਾ 'ਚਿੱਕੜ 'ਚੋਂ ਅੜਿਆ ਗੱਡਾ' ਕੱਢਦਾ ਹੈ ਇਸ ਲਈ ਇਹਨਾ ਦਾ ਖਿਆਲ ਰੱਖਣਾ ਮਜਬੂਰੀ ਬਣ ਜਾਂਦਾ ਹੈ।

ਵਕਾਰੀ ਕੰਮ ਕਰਨ ਵਾਲੇ ਹੀ ਸਨਮਾਨਤ ਕੀਤੇ ਜਾਣ-ਐਨ. ਕੇ. ਜੀਤ

ਲੋਕ ਮੋਰਚਾ ਪੰਜਾਬ ਦੇ ਚੇਅਰਮੈਨ ਐਨ. ਕੇ. ਜੀਤ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਦੋਂ ਹਰੇਕ ਸਰਕਾਰੀ ਅਧਿਕਾਰੀ ਦਾ ਇਹ ਫਰਜ਼ ਹੈ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰੇ ਤਾਂ ਫਿਰ ਉਹਨਾਂ ਨੂੰ ਸਨਮਾਨਿਤ ਕਰਨ ਦੀ ਕੀ ਤੁਕ ਬਣਦੀ ਹੈ। ਉਹਨਾਂ ਆਖਿਆ ਕਿ ਜੇਕਰ ਸਨਮਾਨਿਤ ਕਰਨ ਨੂੰ ਚੰਗੀ ਪਿਰਤ ਮੰਨ ਵੀ ਲਿਆ ਜਾਵੇ ਤਾਂ ਫਿਰ ਚਹੇਤਿਆਂ ਨੂੰ ਗੱਫੇ ਵੰਡਣ ਨਾਲ ਫਰਜਸ਼ਨਾਸ਼ ਮੁਲਾਜਮਾਂ ਦੇ ਦਿਲਾਂ ਤੇ ਸੱਟ ਵੱਜਦੀ ਹੈ। ਇਸ ਲਈ ਇਸ ਅਮਲ 'ਚ ਵਕਾਰੀ ਕੰਮ ਕਰਨ ਵਾਲੇ ਹੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।

ਮੈਰਿਟ ਦੇ ਆਧਾਰ ਤੇ ਹੁੰਦੀ ਹੈ ਸਨਮਾਨਾਂ ਦੀ ਚੋਣ-ਡਿਪਟੀ ਕਮਿਸ਼ਨਰ

ਬਠਿੰਡਾ ਦੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਸੀ ਕਿ ਸਨਮਾਨ ਦਿੱਤੇ ਜਾਣ ਵਾਲੇ ਕਰਮਚਾਰੀਆਂ ਦੀ ਸਿਫਾਰਸ਼ ਵਿਭਾਗ ਦਾ ਮੁਖੀ ਕਰਦਾ ਹੈ ਜਿਸ ਤੇ ਪੂਰੀ ਤਰ•ਾਂ ਵਿਚਾਰ ਕਰਨ ਤੋਂ ਬਾਅਦ ਹੀ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਹਨਾਂ ਆਖਿਆ ਕਿ ਕਿਸੇ ਵੀ ਕਿਸਮ ਦੀ ਮਿਹਰਬਾਨੀ ਵਾਲੀ ਕੋਈ ਗੱਲ ਨਹੀਂ ਹੈ ਸਭ ਮੈਰਿਟ ਦੇ ਅਧਾਰ ਤੇ ਦੇਖਿਆ ਜਾਂਦਾ ਹੈ।

Sunday, 18 September 2011

ਵਿਕਾਸ ਜਾਂ ਵਿਨਾਸ਼?

ਬਠਿੰਡਾ 'ਚ ਵਿਕਾਸ ਦੇ ਨਾਂਅ 'ਤੇ ਚੱਲ ਰਿਹਾ ਹਜ਼ਾਰਾਂ ਰੁੱਖਾਂ 'ਤੇ ਕੁਹਾੜਾ

ਵੀ. ਆਈ. ਪੀ. ਪਾਰਕਿੰਗ ਲਈ ਹਰੀ ਪੱਟੀ ਕੱਟਣ ਦੀ ਤਿਆਰੀ

ਬਠਿੰਡਾ, ਅਸ਼ੋਕ ਵਰਮਾ 

ਬਠਿੰਡਾ ਦੇ ਰਾਜਿੰਦਰਾ ਕਾਲਜ 'ਚ ਬਣਾਇਆ ਜਾ ਰਿਹਾ ਕੌਮੀ ਪੱਧਰ ਦਾ ਐਸਟਰੋਟਰਫ ਹਾਕੀ ਸਟੇਡੀਅਮ ਹਰੀ ਪੱਟੀ ਦੀ ਬਲੀ ਲੈਣ ਲੱਗਾ ਹੈ। ਜ਼ਿਲ•ੇ ਭਰ 'ਚ ਹਜ਼ਾਰਾਂ ਦਰੱਖਤ ਪਹਿਲਾਂ ਹੀ ਅਖੌਤੀ ਵਿਕਾਸ ਦੀ ਭੇਂਟ ਚੜ• ਚੁੱਕੇ ਹਨ। ਤਾਜਾ ਮਾਮਲਾ ਇਸ ਸਟੇਡੀਅਮ 'ਚ ਬਨਣ ਵਾਲੀ ਵੀ. ਆਈ. ਪੀ. ਪਾਰਕਿੰਗ ਦਾ ਹੈ ਜਿਸ ਲਈ ਕਾਲਜ ਅੰਦਰ ਲੱਗੇ 112 ਦਰੱਖਤਾਂ ਤੇ ਕੁਹਾੜਾ ਚੱਲੇਗਾ। ਇਸ ਹਰੀ ਪੱਟੀ ਦੀ ਕਟਾਈ ਲਈ ਜੰਗਲਾਤ ਵਿਭਾਗ ਨੇ ਹਰੀ ਝੰਡੀ ਦੇ ਦਿੱਤੀ ਹੈ। ਮਹਿਕਮੇ ਨੇ 12 ਸਤੰਬਰ 2011 ਨੂੰ ਪੱਤਰ ਨੰ: 3896 ਰਾਹੀਂ ਰਾਜਿੰਦਰਾ ਕਾਲਜ ਦੇ ਪ੍ਰਬੰਧਕਾਂ ਨੂੰ ਪ੍ਰਤੀ ਦਰੱਖਤ 15 ਰੁਪਏ ਦੇ ਹਿਸਾਬ ਨਾਲ 1680 ਰੁਪਏ ਫੀਸ ਜਮਾਂ ਕਰਵਾਉਣ ਲਈ ਆਖਿਆ ਹੈ ਇਹਨਾਂ ਦਰੱਖਤਾਂ ਨੂੰ ਬੋਲੀ ਰਾਹੀਂ ਨਿਲਾਮ ਕਰਨ ਲਈ ਕਾਲਜ ਵੱਲੋਂ ਕਮੇਟੀ ਬਣਾਈ ਜਾਣੀ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਹਰੀ ਪੱਟੀ ਤੇ ਆਰਾ ਚੱਲ ਰਿਹਾ ਹੈ ਬਲਕਿ ਬਠਿੰਡਾ 'ਚ ਬਣੇ ਫਲਾਈ ਓਵਰਾਂ ਲਈ ਦਰੱਖਤ ਕੱਟਣੇ ਪਏ ਸਨ ਸ਼ਹਿਰ ਵਿਚਲੀਆਂ ਪ੍ਰਮੁੱਖ ਸੜਕਾਂ ਵਿਚਕਾਰੋਂ ਹਰਿਆਲੀ ਪੁੱਟ ਕੇ ਲੋਹੇ ਦਾ ਡਿਵਾਈਡਰ ਲਾ ਦਿੱਤਾ ਗਿਆ। ਭਾਈ ਘਨੱਈਆ ਚੌਂਕ ਤੋਂ ਕੌਮੀ ਖਾਦ ਕਾਰਖਾਨੇ ਦੇ 2 ਕਿਲੋਮੀਟਰ ਤੋਂ ਵੀ ਵੱਧ ਟੋਟੇ ਨੂੰ ਚਹੁੰ ਮਾਰਗੀ ਬਣਾਉਣ ਲਈ 600 ਤੋਂ ਵੱਧ ਛੋਟੇ-ਵੱਡੇ ਰੁੱਖ ਕੱਟ ਦਿੱਤੇ ਗਏ ਸਨ। ਕਾਬਲੇ ਗੌਰ ਇਹ ਵੀ ਹੈ ਕਿ ਬਠਿੰਡਾ ਤੋਂ ਬਾਦਲ ਤੱਕ ਵੀ. ਆਈ. ਪੀ. ਸੜਕ ਬਣਾਉਣ ਲਈ ਵੀ ਹਰੀ ਪੱਟੀ ਦਾ ਉਜਾੜਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ-ਗੋਨਿਆਣਾ ਸੜਕ ਨੂੰ ਵੀ ਚਹੁੰ ਮਾਰਗੀ ਬਣਾਇਆ ਜਾਣਾ ਹੈ ਜਿਸ ਲਈ ਹਜਾਰਾਂ ਦਰੱਖਤ ਮਾਰ ਹੇਠ ਆਉਣਗੇ ਭਾਵੇਂ ਹਾਲ ਦੀ ਘੜੀ ਇਹ ਪ੍ਰਜੈਕਟ ਲਟਕਿਆ ਹੋਇਆ ਹੈ ਪਰ ਟ੍ਰੈਫਿਕ ਦੇ ਵਧਦੇ ਦਬਾਅ ਕਾਰਨ ਆਖਰ ਇਹ ਸੜਕ ਬਣਾਉਣੀ ਹੀ ਪਵੇਗੀ। ਉੱਧਰ ਮਹਾਂਨਗਰ ਵਿਚਲੇ ਵਾਤਵਰਣ ਪ੍ਰੇਮੀਆਂ ਦਾ ਵੀ ਇਹੋ ਮੰਨਣਾ ਹੈ ਕਿ ਬਠਿੰਡਾ ਦਾ ਵਿਕਾਸ ਹਰਿਆਲੀ ਲਈ ਮਹਿੰਗਾ ਸਾਬਤ ਹੋਣ ਲੱਗਾ ਹੈ ਉਹਨਾਂ ਆਖਿਆ ਕਿ ਵਿਕਾਸ ਦੇ ਨਾਂ ਤੇ ਵਿਨਾਸ਼ ਨਹੀਂ ਹੋਣਾ ਚਾਹੀਦਾ ਸਗੋਂ ਵਿਕਾਸ ਅਜਿਹੇ ਤਰੀਕੇ ਨਾਲ ਕੀਤਾ ਜਾਏ ਤਾਂ ਜੋ ਹਰਿਆਲੀ ਘੱਟੋ-ਘੱਟ ਪ੍ਰਭਾਵਿਤ ਹੋਵੇ। ਗੌਰਤਲਬ ਹੈ ਕਿ ਸਰਕਾਰ ਵੱਲੋਂ ਹਾਕੀ ਸਟੇਡੀਅਮ ਬਣਾਉਣ ਲਈ 6.30 ਕਰੋੜ ਖਰਚੇ ਜਾ ਰਹੇ ਹਨ। ਮੰਡੀ ਬੋਰਡ ਵੱਲੋਂ ਹਾਕੀ ਘਰਾਊਂਡ ਦੇ ਚਾਰ ਚੁਫੇਰੇ 17 ਫੁੱਟ ਚੌੜੀ ਸੜਕ ਬਣਾਈ ਜਾਣੀ ਹੈ। ਬੋਰਡ ਵੱਲੋਂ ਹੀ ਚਾਰ ਦੀਵਾਰੀ ਕੀਤੀ ਜਾਏਗੀ ਸਟੇਡੀਅਮ 'ਚ 4 ਪੈਵੇਲੀਅਨ ਬਣਾਏ ਜਾਣਗੇ ਜਿੰਨਾਂ 'ਚੋਂ 2 ਉਪਰੋਂ ਢਕੇ ਹੋਣਗੇ ਤੇ ਆਮ ਲੋਕਾਂ ਦੇ ਬੈਠਣ ਲਈ 2 ਖੁੱਲੇ ਰੱਖੇ ਜਾਣਗੇ। ਮੰਡੀ ਬੋਰਡ ਦੀ ਤਰਫੋਂ ਕੰਮ ਦੀ ਨਿਗਰਾਨੀ ਕਰ ਰਹੇ ਜੂਨੀਅਰ ਇੰਜੀ. ਪ੍ਰਭਾਤ ਗੋਇਲ ਦਾ ਕਹਿਣਾ ਸੀ ਕਿ ਦਰੱਖਤਾਂ ਵਾਲੀ ਜਗ•ਾ ਪਾਰਕਿੰਗ ਬਣ ਰਹੀ ਹੈ ਜਿੱਥੇ ਅਤੀ ਮਹੱਤਵਪੂਰਨ ਵਿਅਕਤੀਆਂ ਦੀਆਂ ਗੱਡੀਆਂ ਖੜੀਆਂ ਕਰਨ ਦੀ ਵਿਵਸਥਾ ਹੋਵੇਗੀ। ਕਾਲਜ ਦੇ ਪ੍ਰਿੰਸੀਪਲ ਵਿਜੇ ਗੋਇਲ ਨੇ ਆਖਿਆ ਕਿ ਉਹ ਸਰਕਾਰੀ ਆਦੇਸ਼ਾਂ ਦੇ ਪਾਬੰਦ ਹਨ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਕਮੇਟੀ ਬਣਾ ਦਿੱਤੀ ਗਈ ਹੈ। ਜਿਲ•ਾ ਜੰਗਲਾਤ ਅਫਸਰ ਕੇ. ਕਾਨਨ ਨੇ ਆਖਿਆ ਕਿ ਉਂਜ ਤਾਂ ਉਹ ਇਸ ਵੇਲੇ ਚੋਣ ਡਿਊਟੀ ਤੇ ਹਨ ਪਰ ਫਿਰ ਵੀ ਮਹਿਕਮੇ ਵੱਲੋਂ ਸਭ ਕੁੱਝ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ।

Saturday, 17 September 2011

ਪੈਟਰੋਲ ਦੇ ਰੇਟ ਵਧਣ ਨਾਲ ਪੰਜਾਬ ਦੇ ਲੋਕਾਂ ਨੂੰ ਸਾਲਾਨਾ 250 ਕਰੋੜ ਤੋਂ ਵੱਧ ਦਾ ਝਟਕਾ

ਤੇਲ ਕੀਮਤਾਂ 'ਚ ਵਾਧੇ ਨਾਲ ਸਰਹੱਦੀ ਪੰਪਾਂ ਤੇ ਸਹਿਮ ਦਾ ਮਾਹੌਲ

ਬਠਿੰਡਾ, ਅਸ਼ੋਕ ਵਰਮਾ 



ਪੈਟਰੌਲ ਪੰਪ ਤੇ ਗ੍ਰਾਹਕਾਂ ਦੀ ਉਡੀਕ ਕਰਦੇ ਹੋਏ ਪੰਪ ਦੇ ਕਰਿੰਦੇ ।
ਪੈਟਰੋਲ ਕੀਮਤਾਂ 'ਚ ਕੀਤੇ 3.38 ਰੁਪਏ ਦੇ ਵਾਧੇ ਨਾਲ ਪੰਜਾਬ ਦੇ ਲੋਕਾਂ ਤੇ ਹਰੇਕ ਮਹੀਨੇ ਲਗਭਗ 23 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਲੱਗ ਜਾਵੇਗਾ। ਆਮ ਕਿਸਮ ਦੇ ਪੈਟਰੋਲ ਦੀ ਕੀਮਤ 74.14 ਰੁਪਏ ਪ੍ਰਤੀ ਲੀਟਰ ਤੇ ਜਾ ਪੁੱਜੀ ਹੈ ਪਹਿਲਾਂ ਇਹ 70.69 ਰੁਪਏ ਪ੍ਰਤੀ ਲੀਟਰ ਸੀ। ਜਦੋਂ ਕਿ ਪ੍ਰੀਮੀਅਮ ਪੈਟਰੋਲ ਹੁਣ 76.14 ਰੁਪਏ ਪ੍ਰਤੀ ਲੀਟਰ ਮਿਲੇਗਾ। ਰਾਜ ਦੇ ਲੋਕਾਂ ਤੇ ਇਸ ਵਾਧੇ ਨਾਲ 266.40 ਲੱਖ ਰੁਪਏ ਦਾ ਵਾਧੂ ਫਟਕਾ ਲੱਗੇਗਾ ਹਾਲਾਂਕਿ ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਰਸਮੀ ਤੌਰ 'ਤੇ ਇਸ ਵਾਧੇ ਦੀ ਨਿੰਦਾ ਵੀ ਕੀਤੀ ਗਈ ਹੈ ਪਰ ਹਕੂਮਤ ਚਲਾ ਰਹੇ ਲੋਕ ਅੰਦਰੋਂ ਅੰਦਰੀ ਬਾਗੋ ਬਾਗ ਹਨ ਕਿ ਇਸ ਵਾਧੇ ਨਾਲ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਰੂਪ 'ਚ ਕਰੋੜਾਂ ਰੁਪਏ ਦਾ ਫਾਇਦਾ ਪੁੱਜੇਗਾ। ਪੰਜਾਬ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਸਲਾਨਾ 78.80 ਕਰੋੜ ਲੀਟਰ ਪੈਟਰੋਲ ਦੀ ਖਪਤ ਹੁੰਦੀ ਹੈ। ਇਸ ਖਪਤ ਦੇ ਹਿਸਾਬ ਨਾਲ 3.38 ਰੁਪਏ ਪ੍ਰਤੀ ਲੀਟਰ ਦੀ ਵਧੇਰੇ ਅਦਾਇਗੀ ਨਾਲ ਹਰ ਵਰ•ੇ ਆਮ ਲੋਕ ਕਰੋੜਾਂ ਰੁਪਏ ਦੇ ਫਾਲਤੂ ਬੋਝ ਹੇਠ ਆ ਗਏ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਪੈਟਰੋਲ ਪੰਪਾਂ ਦੀ ਗਿਣਤੀ 2736 ਦੇ ਕਰੀਬ ਹੈ। ਇੱਥੇ ਸਾਦੇ ਅਤੇ ਪ੍ਰੀਮੀਅਮ ਸਮੇਤ ਦੋਵਾਂ ਤਰ•ਾਂ ਦਾ ਕਰੀਬ 5800 ਕਰੋੜ ਰੁਪਏ ਦਾ ਪੈਟਰੋਲ ਵਿਕਦਾ ਹੈ। ਦਿਲਚਸਪ ਇਹ ਹੈ ਕਿ ਮਹਿੰਗੇ ਦੇ ਬਾਵਜੂਦ ਪੰਜਾਬ ਵਿੱਚ ਪੈਟਰੋਲ ਦੀ ਖਪਤ ਪਿਛਲੇ ਸਾਲਾਂ ਦੌਰਾਨ ਲਗਾਤਾਰ ਵਧ ਰਹੀ ਹੈ। 1990-91 ਵਿੱਚ ਪੰਜਾਬ 'ਚ ਪੈਟਰੋਲ ਦੀ ਖਪਤ 212442 ਟਨ ਸੀ ਜੋ ਕਿ 2000-01 'ਚ ਵਧ ਕੇ 423196 ਟਨ ਹੋ ਗਈ। 2007-08 ਵਿੱਚ ਇਹ 508337 ਟਨ ਅਤੇ 2009-10 'ਚ ਪੈਟਰੋਲ ਦੀ ਖਪਤ ਹੋਰ ਵੀ ਵਧਕੇ 555911 ਟਨ ਹੋ ਗਈ। ਜਾਣਕਾਰੀ ਅਨੁਸਾਰ 2 ਜੁਲਾਈ 2009 ਤੋਂ ਲੈ ਕੇ 15 ਮਈ ਤੱਕ 2011 ਤੱਕ ਪੈਟਰੋਲ ਦੀਆਂ ਕੀਮਤਾਂ 'ਚ 40 ਫੀਸਦੀ ਦਾ ਵਾਧਾ ਹੋ ਗਿਆ ਹੈ ਜਦੋਂ ਕਿ ਤਾਜਾ ਵਾਧਾ ਇਸ ਤੋਂ ਅਲੱਗ ਹੈ। ਸਾਲ 2010 ਦੌਰਾਨ ਤੇਲ ਦੀਆਂ ਕੀਮਤਾਂ 'ਚ 7 ਦਫਾ ਵਾਧਾ ਹੋਇਆ ਹੈ। ਸਾਲ 2011 ਦੌਰਾਨ 15 ਜਨਵਰੀ ਤੇ 15 ਮਈ  ਪੈਟਰੋਲ ਅਤੇ 26 ਜੂਨ ਨੂੰ ਡੀਜਲ ਦੀਆਂ ਕੀਮਤਾਂ ਵਧਾਏ ਜਾਣ ਤੋਂ ਇਲਾਵਾ ਇਹ ਚੌਥਾ ਵਾਧਾ ਹੈ। ਤੇਲ ਕੀਮਤਾਂ 'ਚ ਵਾਧੇ ਨਾਲ ਜਿੱਥੇ ਆਮ ਲੋਕਾਂ 'ਤੇ ਭਾਰ ਪਿਆ ਹੈ ਉੱਥੇ ਦੂਜੇ ਰਾਜਾਂ ਨਾਲ ਲੱਗਦੇ ਪੰਜਾਬ ਦੇ ਤੇਲ ਪੰਪਾਂ ਨੂੰ ਵੀ ਡਾਢੀ ਸੱਟ ਵੱਜੀ ਹੈ। ਜ਼ਿਲ•ਾ ਬਠਿੰਡਾ ਦੇ ਹਰਿਆਣਾ ਨਾਲ ਲੱਗਦੇ ਪਟਰੋਲ ਪੰਪਾਂ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਿਕ ਬੀਤੀ ਸ਼ਾਮ ਤੇਲ ਕੀਮਤਾਂ 'ਚ ਵਾਧੇ ਦੀ ਖਬਰ ਆਉਣ ਸਾਰ ਪੰਜਾਬ ਵਾਲੇ ਪਾਸਿਓਂ ਭਾਰੀ ਗਿਣਤੀ 'ਚ ਲੋਕਾਂ ਨੇ ਹਰਿਆਣਾ ਦੇ ਪੰਪਾਂ ਵੱਲ ਵਹੀਰਾਂ ਘੱਤ ਦਿੱਤੀਆਂ ਜਦੋਂ ਕਿ ਪੰਜਾਬ ਖੇਤਰ ਦੇ ਪੈਟਰੋਲ ਪੰਪ ਮਾਲਕਾਂ ਵੱਲੋਂ ਮੱਖੀਆਂ ਮਾਰੇ ਜਾਣ ਦੇ ਸਮਾਚਾਰ ਹਨ। ਪੰਜਾਬ ਦੇ ਹਰਿਆਣਾ, ਚੰਡੀਗੜ• ਤੇ ਹਿਮਾਚਲ ਦੀ ਸੀਮਾ ਨਾਲ ਕਰੀਬ 500 ਪੰਪ ਲੱਗੇ ਹੋਏ ਹਨ ਜਿੰਨਾਂ ਦੀ ਵਿੱਕਰੀ ਹੋਰ ਵੀ ਘਟ ਜਾਣੀ ਹੈ ਕਿਉਂਕਿ ਦੂਜੇ ਰਾਜਾਂ ਵਿੱਚ ਤੇਲ ਸਸਤਾ ਹੈ। ਹਰਿਆਣਾ ਵਿੱਚ ਪੈਟਰੋਲ ਕਰੀਬ 7.5 ਰੁਪਏ ਪ੍ਰਤੀ ਲੀਟਰ ਸਸਤਾ ਹੈ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ 32.75 ਫੀਸਦੀ ਟੈਕਸ ਲਾਏ ਹੋਏ ਹਨ ਜਦੋਂ ਕਿ ਚੰਡੀਗੜ• 'ਚ ਇਹ ਟੈਕਸ 22 ਫੀਸਦੀ, ਹਰਿਆਣਾ 'ਚ 20.5 ਫੀਸਦੀ ਅਤੇ ਹਿਮਾਚਲ ਪ੍ਰਦੇਸ਼ 'ਚ ਇਹ ਟੈਕਸ 20 ਫੀਸਦੀ ਹਨ। ਸਰਹੱਦੀ ਖੇਤਰ ਦੇ ਕੁੱਝ ਪੰਪ ਮਾਲਕਾਂ ਨੇ ਦੱਸਿਆ ਕਿ ਪਹਿਲਾਂ ਪੰਜਾਬ ਅਤੇ ਹਰਿਆਣੇ ਵਿਚਲੀਆਂ ਡੀਜਲ ਕੀਮਤਾਂ 'ਚ ਵੱਡਾ ਪਾੜਾ ਹੋਣ ਕਰਕੇ ਹਰਿਆਣਾ ਦੇ ਲੋਕ ਪੰਜਾਬ 'ਚੋਂ ਡੀਜਲ ਦੀ ਖ੍ਰੀਦ ਕਰਦੇ ਸਨ ਜਿਸ ਕਾਰਨ ਪੈਟਰੋਲ ਵਾਲੀ ਸੱਟ ਮਹਿਸੂਸ ਨਹੀਂ ਹੁੰਦੀ ਸੀ ਪਰ ਹੁਣ ਫਰਕ ਵੀ ਆਟੇ 'ਚ ਲੂਣ ਵਾਂਗ ਨਾ ਮਾਤਰ ਹੋਣ ਕਰਕੇ ਡੀਜਲ ਦੀ ਵਿੱਕਰੀ ਘਟਣ ਤੇ ਪੈਟਰੋਲ ਦੇ ਰੇਟਾਂ 'ਚ ਤੇਜੀ ਸਦਕਾ ਕਈ ਪੈਟਰੋਲ ਪੰਪ ਬੰਦ ਹੋਣ ਕਿਨਾਰੇ ਹਨ। ਉਹਨਾਂ ਦੱਸਿਆ ਕਿ ਹਰਿਆਣੇ ਵਿਚਲੀ ਖ੍ਰੀਦੋ ਫਰੋਖਤ ਨਾਲ ਇਕੱਲੇ ਪੰਪ ਮਾਲਕਾਂ ਨੂੰ ਹੀ ਨਹੀਂ ਪੰਜਾਬ ਸਰਕਾਰ ਨੂੰ ਲੱਖਾਂ ਦੇ ਟੈਕਸ ਦਾ ਘਾਟਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਜੇਕਰ ਸਰਕਾਰ ਤੇਲ ਕੀਮਤਾਂ ਦੇ ਪਾੜੇ ਨੂੰ ਖਤਮ ਕਰੇ ਤਾਂ ਪੰਜਾਬ ਦਾ ਪੈਸਾ ਹਰਿਆਣੇ 'ਚ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਗੈਰ ਵਾਜਿਬ ਵਾਧਾ-ਖੰਨਾ

ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੇ. ਪੀ. ਖੰਨਾ ਦਾ ਕਹਿਣਾ ਸੀ ਕਿ ਤੇਲ ਕੰਪਨੀਆਂ ਵੱਲੋਂ ਕੀਤਾ ਤਾਜਾ ਵਾਧਾ ਕਰਨ ਦੀ ਕੋਈ ਜਰੂਰਤ ਹੀ ਨਹੀਂ ਸੀ ਕਿਉਂਕਿ ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੇ ਦਾਮ ਪਹਿਲਾਂ ਹੀ ਕਾਫੀ ਘੱਟ ਹਨ ਉਹਨਾਂ ਆਖਿਆ ਕਿ ਕੇਵਲ ਰੁਪਏ ਦੇ ਮੁਕਾਬਲੇ ਡਾਲਰ ਮਜਬੂਤ ਹੋਣ ਦੇ ਬਹਾਨੇ ਹੀ ਰੇਟ ਵਧਾ ਦਿੱਤੇ ਗਏ ਹਨ ਜੋ ਕਿ ਪੂਰੀ ਤਰ•ਾਂ ਗੈਰ ਵਾਜਿਬ ਹੈ। ਪੈਟਰੋਲ ਦੀ ਕੀਮਤ 'ਚ ਇਸ ਵਾਧੇ ਨਾਲ ਪੰਜਾਬ ਸਰਕਾਰ ਨੂੰ 600 ਕਰੋੜ ਤੋਂ ਵੀ ਵੱਧ ਦਾ ਫਾਇਦਾ ਹੋ ਗਿਆ ਹੈ ਜਿਸ ਕਰਕੇ ਹਰੇਕ ਵਾਰੀ ਸੂਬਾ ਸਰਕਾਰ ਇਸ ਮਾਮਲੇ ਤੇ ਚੁੱਪ ਵੱਟ ਲੈਂਦੀ ਹੈ। ਉਹਨਾਂ ਆਖਿਆ ਕਿ ਪੰਜਾਬ 'ਚ ਪੈਟਰੋਲ ਪੰਪ ਤਾਂ ਵਧ ਰਹੇ ਹਨ ਪਰ ਵਿਕਰੀ 'ਚ ਇਜਾਫਾ ਨਹੀਂ ਹੋ ਰਿਹਾ ਕਿਉਂਕਿ ਤੇਲ ਮਹਿੰਗਾ ਹੋਣ ਕਰਕੇ ਲੋਕ ਗੁਆਂਢੀ ਰਾਜਾਂ ਤੋਂ ਪੁਆਉਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਤੇਲ ਤੇ ਟੈਕਸ ਗੁਆਂਢੀ ਰਾਜਾਂ ਦੇ ਬਰਾਬਰ ਕਰਨ ਅਤੇ ਡੀਲਰਾਂ ਦਾ ਕਮਿਸ਼ਨ ਵਧਾਉਣ ਦੀ ਮੰਗ ਵੀ ਕੀਤੀ।

Friday, 16 September 2011

ਪੰਜਾਬ ਤੋਂ ਖੇਤੀ ਪ੍ਰਧਾਨ ਸੂਬੇ ਦੀ ਸਰਦਾਰੀ ਖੁੱਸਣੀ ਸ਼ੁਰੂ

ਬਠਿੰਡਾ, ਅਸ਼ੋਕ ਵਰਮਾ


ਖੇਤੀ ਕਰ ਰਹੇ ਕਿਸਾਨਾ ਦੀ ਫਾਇਲ ਫੋਟੋ ।
ਵਕਤ ਦੀਆਂ ਸਰਕਾਰਾਂ ਵੱਲੋਂ ਖੇਤੀ ਖੇਤਰ ਪ੍ਰਤੀ ਦਿਖਾਏ ਗਏ ਅਵੇਸਲੇਪਨ ਕਾਰਨ ਕਿਸਾਨਾਂ ਦੀ ਆਰਥਿਕਤਾ 'ਚ ਆਏ ਨਿਘਾਰ ਦੇ ਸਿੱਟੇ ਵਜੋਂ ਪੰਜਾਬ ਤੋਂ ਹੁਣ ਖੇਤੀ ਪ੍ਰਧਾਨ ਸੂਬੇ ਦੀ ਸਰਦਾਰੀ ਖੁੱਸਣੀ ਆਰੰਭ ਹੋ ਗਈ ਹੈ। ਕੁੱਝ ਸਮਾਂ ਪਹਿਲਾਂ ਸਰਕਾਰ ਵੱਲੋਂ ਕਰਵਾਏ ਆਰਥਿਕ ਸਰਵੇਖਣ ਦੌਰਾਨ ਇਹ ਸਨਸਨੀਖੇਜ ਖੁਲਾਸਾ ਹੋਇਆ ਸੀ ਕਿ ਰਾਜ ਦੇ ਘਰੇਲੂ ਉਤਪਾਦਨ 'ਚ ਖੇਤੀ ਦਾ ਤੀਸਰਾ ਸਥਾਨ ਰਹਿ ਗਿਆ ਹੈ। ਸਰਵੇ ਦੀ ਰਿਪੋਰਟ ਦੇ ਅੰਕੜਿਆਂ ਮੁਤਾਬਿਕ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਰਾਜ ਦੇ ਸਮੁੱਚੇ ਉਤਪਾਦਨ 'ਚ ਯੋਗਦਾਨ ਘਟ ਕੇ 24.92 ਫੀਸਦੀ ਰਹਿ ਗਿਆ ਹੈ ਜਿਸ ਨੂੰ ਕਿ ਚੰਗਾ ਸੰਕੇਤ ਨਹੀਂ ਮੰਨਿਆ ਜਾ ਰਿਹਾ। ਇਸ ਮਾਮਲੇ 'ਚ ਉਦਯੋਗਾਂ ਦਾ ਹਿੱਸਾ 31.55 ਫੀਸਦੀ ਹੈ ਜਦੋਂ ਕਿ ਸਭ ਤੋਂ ਵਧੇਰੇ ਯੋਗਦਾਨ ਸੇਵਾਵਾਂ ਦੇ ਖੇਤਰ 'ਚ 43.53 ਫੀਸਦੀ ਤੇ ਪੁੱਜ ਗਿਆ ਹੈ। ਭਾਵੇਂ ਵਿਸ਼ਵ ਭਰ 'ਚ ਉਦਯੋਗ, ਉਸਾਰੀ ਤੇ ਊਰਜਾ ਵਰਗੇ ਸੈਕੰਡਰੀ ਖੇਤਰਾਂ 'ਚ ਵਾਧੇ ਨੂੰ ਕਿਸੇ ਵੀ ਰਾਜ ਦੇ ਅਰਥਚਾਰੇ ਲਈ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਪਰ ਪੰਜਾਬ ਦੇ ਖੇਤੀ ਤੇ ਪਸ਼ੂ ਪਾਲਣ ਵਰਗੇ ਬੁਨਿਆਦੀ ਖੇਤਰਾਂ 'ਚ ਆ ਰਹੀ ਗਿਰਾਵਟ ਨੂੰ ਭਵਿੱਖ 'ਚ ਖੜੀਆਂ ਹੋਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੂਚਕ ਮੰਨਿਆ ਜਾ ਰਿਹਾ ਹੈ। ਮਿਸਾਲ ਵਜੋਂ ਖੇਤੀ ਉਤਪਾਦਨ 'ਚ ਪਿਛਲੇ 10 ਵਰਿਆਂ ਤੋਂ ਆਈ ਖੜੋਤ ਅਤੇ ਖੇਤੀਬਾੜੀ ਖੇਤਰ 'ਚੋਂ ਰੁਜ਼ਗਾਰ ਖੁੱਸਣ ਤੋਂ ਬਾਅਦ ਅੰਨ ਸੁਰੱਖਿਆ ਨੂੰ ਦਰਪੇਸ਼ ਖਤਰਾ ਇਸ ਵੇਲੇ ਸਭ ਤੋਂ ਜਿਆਦਾ ਸਿਰ ਚੁੱਕ ਰਿਹਾ ਹੈ। ਸਰਕਾਰੀ ਸਰਵੇਖਣ ਮੁਤਾਬਿਕ ਅੱਜ ਤੋਂ ਪੰਜ ਸਾਲ ਪਹਿਲਾਂ ਇਕੱਲੀ ਖੇਤੀ ਦਾ ਘਰੇਲੂ ਉਤਪਾਦਨ 'ਚ ਯੋਗਦਾਨ 21.22 ਫੀਸਦੀ ਸੀ ਪਰ ਹੁਣ ਇਹ ਘਟ ਕੇ 15.78 ਫੀਸਦੀ ਰਹਿ ਗਿਆ ਹੈ। ਭਾਰੇ ਫਿਕਰਾਂ ਵਾਲੀ ਗੱਲ ਇਹ ਵੀ ਹੈ ਕਿ ਘਰੇਲੂ ਉਤਪਾਦਨ 'ਚ ਯੋਗਦਾਨ ਘਟ ਕੇ ਸਾਲ 2009-10 ਵਿੱਚ 269.49 ਮੀਟਰਿਕ ਟਨ ਰਹਿ ਗਿਆ। ਸਾਲ 2010-11 ਦੌਰਾਨ ਵੀ ਇਸ 'ਚ ਗਿਰਾਵਟ ਦਰਜ਼ ਕੀਤੀ ਗਈ। ਜਦੋਂ ਕਿ ਇੱਕ ਖੇਤੀ ਮਾਹਿਰ ਨੇ ਦੱਸਿਆ ਕਿ ਜੇਕਰ ਮੌਸਮ, ਪਾਣੀ ਅਤੇ ਵਾਤਾਵਰਨ ਤੋਂ ਇਲਾਵਾ ਖੇਤੀ ਨੂੰ ਅਣਗੌਲਿਆ ਕਰਨ ਵਾਲੇ ਹਾਲਾਤ ਜਾਰੀ ਰਹੇ ਤਾਂ ਨਿਕਟ ਭਵਿੱਖ 'ਚ ਇਸ 'ਚ ਬਹੁਤਾ ਉਛਾਲ ਆਉਣ ਦੀ ਵੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਪੰਜਾਬ ਵਿੱਚ ਪ੍ਰਤੀ ਜੀਅ ਆਮਦਨ ਪਿਛਲੇ 5 ਸਾਲ ਦੀ 32948 ਦੇ ਮੁਕਾਬਲੇ ਪ੍ਰਚਲਿਤ ਕੀਮਤਾਂ ਤੇ  55504 ਰੁਪਏ ਤੇ ਜਾ ਪੁੱਜੀ ਹੈ ਪਰ ਸਰਵੇਖਣ ਮੁਤਾਬਿਕ ਆਦਮਨ ਦਾ ਇਹ ਵਾਧਾ ਟ੍ਰਾਂਸਪੋਰਟ, ਬੀਮਾ ਤੇ ਬੈਕਿੰਗ ਆਦਿ ਖੇਤਰਾਂ 'ਚ ਹੋਏ ਇਜਾਫੇ ਕਾਰਨ ਹੈ ਇਸ ਵਿੱਚ ਖੇਤੀ ਖੇਤਰ ਦਾ ਯੋਗਦਾਨ ਨਹੀਂ ਹੈ। 2004-05 ਦੀਆਂ ਸਥਿਰ ਕੀਮਤਾਂ ਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਰਾਜ ਦੇ ਘਰੇਲੂ ਉਤਪਾਦਨ 'ਚ ਯੋਗਦਾਨ ਦਾ ਵਾਧਾ 2010-11 'ਚ 1.06 ਦਰਜ਼ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਘਟਿਆ ਹੈ ਜਦੋਂ ਕਿ ਉਦਯੋਗਿਕ ਖੇਤਰ 'ਚ ਇਹ ਵਾਧਾ ਦੁੱਗਣਾ ਹੋ ਗਿਆ ਹੈ। ਪਿਛਲੇ ਵਰ•ੇ ਇਹ ਵਾਧਾ 6.51 ਫੀਸਦੀ ਸੀ ਤੇ ਹੁਣ ਇਹ ਵਧਕੇ 11.99 ਫੀਸਦੀ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਕਿਸੇ ਵੀ ਸੂਬੇ ਦੀ ਆਰਥਿਕਤਾ ਦੀ ਖੇਤੀ ਤੇ ਨਿਰਭਰਤਾ ਘਟਣਾ ਆਰਥਿਕ ਪੱਖ ਤੋਂ ਤਾਂ ਚੰਗਾ ਮੰਨਿਆ ਜਾਂਦਾ ਹੈ ਪਰ ਜੇਕਰ ਦੂਜੇ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਨਾਲ ਖੇਤੀ ਦੇ ਉਤਪਾਦਨ 'ਚ ਕਮੀ ਆਵੇਗੀ ਜਿਸ ਦਾ ਪ੍ਰਭਾਵ ਅਨਾਜ ਦੀ ਕਿੱਲਤ ਦੇ ਰੂਪ 'ਚ ਦੇਖਣ ਨੂੰ ਮਿਲੇਗਾ। ਉਹਨਾਂ ਆਖਿਆ ਕਿ ਖੇਤੀ ਖੇਤਰ ਵਿੱਚ ਨਫਾ ਨਾ ਰਹਿਣ ਕਰਕੇ ਵਾਹੀ ਘਟੀ ਹੈ ਤੇ ਕਿਰਤੀਆਂ ਦੀ ਗਿਣਤੀ ਵੀ ਘਟੀ ਹੈ। ਉਹਨਾਂ ਦੱਸਿਆ ਕਿ ਮੋਟੇ ਤੌਰ 'ਤੇ ਪੰਜਾਬ ਵਿੱਚ ਮੌਜੂਦ 78 ਲੱਖ ਕਾਮਿਆਂ 'ਚੋਂ ਖੇਤੀ ਤੇ ਨਿਰਭਰ 32 ਲੱਖ ਕਾਮੇ ਤੇ ਕਿਸਾਨ ਹੀ ਰਹਿ ਗਏ ਹਨ ਜੋ ਕਿ ਚਿੰਤਾਜਨਕ ਰੁਝਾਨ ਹੈ। ਇਸ ਉੱਘੇ ਅਰਥ ਸ਼ਾਸਤਰੀ ਵੱਲੋਂ ਕੀਤੀਆਂ ਟਿੱਪਣੀਆਂ ਪੰਜਾਬ ਵਿੱਚ ਨਿੱਘਰ ਰਹੀ ਖੇਤੀ ਵੱਲ ਇਸ਼ਾਰਾ ਕਰਦੀਆਂ ਹਨ। ਇੱਕ ਵੱਖਰੇ ਅਧਿਐਨ ਮੁਤਾਬਿਕ ਰਾਜ ਵਿੱਚ ਦੋ ਲੱਖ ਤੋਂ ਵੀ ਵੱਧ ਕਿਸਾਨਾਂ ਨੇ ਖੇਤੀ ਨੂੰ ਘਾਟੇ ਦਾ ਸੌਦਾ ਮੰਨਦਿਆਂ ਦੂਸਰੇ ਧੰਦਿਆਂ ਨੂੰ ਅਪਣਾ ਲਿਆ ਹੈ ਜਿਸ ਤੋਂ ਸੂਬੇ ਦੇ ਖੇਤੀਬਾੜੀ ਸੰਕਟ ਦੀ ਸਪੱਸ਼ਟ ਤਸਵੀਰ ਸਾਹਮਣੇ ਆਉਂਦੀ ਹੈ। ਰੌਚਕ ਤੱਥ ਇਹ ਵੀ ਹੈ ਕਿ ਖੇਤੀ ਛੱਡਣ ਵਾਲੇ ਕਿਸਾਨਾਂ ਨੇ ਦੂਸਰੇ ਧੰਦਿਆਂ ਨੂੰ ਅਪਣਾ ਕੇ ਆਪਣੀ ਆਮਦਨ 'ਚ ਤਾਂ ਵਾਧਾ ਕਰ ਲਿਆ ਪਰ ਇਸ ਦਾ ਸਿੱਟਾ ਖੇਤੀ ਉਤਪਾਦਨ ਵਧਣ ਦੀ ਬਜਾਏ ਸਥਿਰ ਰਹਿਣ ਦੇ ਰੂਪ 'ਚ ਨਿੱਕਲਿਆ ਹੈ।
ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਸਮੇਂ-ਸਮੇਂ ਤੇ ਬਣੀਆਂ ਸਰਕਾਰਾਂ ਕਦੇ ਵੀ ਖੇਤੀ ਖੇਤਰ ਪ੍ਰਤੀ ਸ਼ੁਹਿਰਦ ਨਹੀਂ ਰਹੀਆਂ ਬਲਕਿ ਕਿਸਾਨਾਂ ਹਰੇ ਇਨਕਲਾਬ ਦੀ ਮ੍ਰਿਗ ਤ੍ਰਿਸ਼ਨਾ 'ਚ ਫਸਾਕੇ ਅਜਿਹੀ ਥਾਂ ਲਿਆ ਖੜਾ ਕੀਤਾ ਹੈ ਜਿੱਥੋਂ ਉਹਨਾਂ ਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ। ਉਹਨਾਂ ਆਖਿਆ ਕਿ ਬਹੁਕੌਮੀ ਕੰਪਨੀਆਂ ਤੇ ਧਨਾਢਾਂ ਨੂੰ ਮੋਟੇ ਮੁਨਾਫਿਆਂ ਦੀ ਖਾਤਰ ਉਪਜਾਊ ਜਮੀਨਾਂ ਤੇ ਜਬਰੀ ਕਬਜੇ ਕਰਵਾਏ ਜਾ ਰਹੇ ਹਨ ਜਿਸ ਤੋਂ ਜਾਹਿਰ ਹੈ ਕਿ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਕਿਸਾਨ ਪੱਕੇ ਪੈਰੀਂ ਹੋਵੇ। ਕਿਸਾਨ ਆਗੂ ਨੇ ਚਿੰਤਾ ਜਾਹਿਰ ਕੀਤੀ ਕਿ ਜੇਕਰ ਖੇਤੀਬਾੜੀ ਨੂੰ ਉੱਚਾ ਨਾ ਚੁੱਕਿਆ ਗਿਆ ਤਾਂ ਨਿਸ਼ਚੇ ਹੀ ਇਸਦਾ ਸਿੱਧਾ ਅਸਰ ਦੇਸ਼ ਦੀ ਖੁਰਾਕ ਸੁਰੱਖਿਆ ਯੋਜਨਾ ਤੇ ਪਵੇਗਾ ਤੇ ਉਹ ਵੀ ਬਹੁਤੀ ਦੂਰ ਨਹੀਂ ਜਦੋਂ ਕਿ ਇੱਕ ਵਾਰ ਤੋਂ ਭਾਰਤ ਵਾਸੀਆਂ ਨੂੰ ਅਨਾਜ ਦੀ ਖਾਤਰ ਵਿਦੇਸ਼ੀ ਮੁਲਕਾਂ ਅੱਗੇ ਹੱਥ ਅੱਡਣੇ ਪੈਣਗੇ

Sunday, 11 September 2011

ਗੱਲ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ

ਦੋ ਚੈਹਿਲਾਂ ਦੇ ਧਾਵੇ ਨਾਲ ਸਿੱਧੂ ਖੇਮੇ 'ਚ ਭਾਰੇ ਫਿਕਰਾਂ ਵਾਲਾ ਮਾਹੌਲ

ਬਠਿੰਡਾ, ਅਸ਼ੋਕ ਵਰਮਾ


ਭਾਵੇਂ ਅੱਜ ਵਿਧਾਨ ਸਭਾ ਚੋਣਾਂ 'ਚ ਕਾਫੀ ਸਮਾਂ ਬਾਕੀ ਹੈ ਪਰ ਇਸ ਵਾਰ ਸੰਭਾਵੀ ਉਮੀਦਵਾਰਾਂ ਵੱਲੋਂ ਆਪੋ-ਆਪਣੇ ਹਲਕਿਆਂ 'ਚ ਅਗਾਊਂ ਹੀ ਦਿੱਤੇ ਜਾ ਰਹੇ ਭਲਵਾਨੀ ਗੇੜਿਆਂ ਨੇ ਚੋਣਾਂ ਵਰਗਾ ਮਾਹੌਲ ਬਣਾ ਦਿੱਤਾ ਹੈ। ਜ਼ਿਲ•ਾ ਬਠਿੰਡਾ ਦਾ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਹਲਕਿਆਂ ਦੇ ਪੁਨਰਗਠਨ ਤੋਂ ਬਾਅਦ ਪਹਿਲੀ ਵਾਰ ਚੋਣ ਮਹਾਂਭਾਰਤ ਦਾ ਗਵਾਹ ਬਨਣ ਜਾ ਰਿਹਾ ਹੈ। ਹਾਲਾਂਕਿ ਅਸਲ ਤਸਵੀਰ ਤਾਂ ਉਮੀਦਵਾਰਾਂ ਦੇ ਐਲਾਨ ਪਿੱਛੋਂ ਹੀ ਸਪੱਸ਼ਟ ਹੁੰਦੀ ਹੈ ਪਰ ਤਾਜਾ ਰਾਜਸੀ ਹਾਲਾਤਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਵਾਰ ਇਸ ਹਲਕੇ ਤੋਂ ਤਕੜੇ ਮੁਕਾਬਲੇ ਦੇ ਸੰਕੇਤ ਹਾਸਲ ਹੋਏ ਹਨ। ਇੱਥੋਂ ਮੌਜੂਦਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਹੈ ਜਿਸ ਦੇ ਪ੍ਰਭਾਵ ਵਾਲੇ ਕਈ ਪਿੰਡ ਹਲਕਾ ਮੌੜ 'ਚ ਸ਼ਾਮਲ ਕਰ ਦਿੱਤੇ ਗਏ ਹਨ। ਇਸ ਵਾਰ ਜ਼ਿਲ•ੇ ਦੇ ਸਾਰੇ ਪੰਜਾਂ ਹਲਕਿਆਂ 'ਚੋਂ ਕੇਵਲ ਵਿਧਾਇਕ ਸਿੱਧੂ ਹੀ ਸਭ ਤੋਂ ਵੱਧ ਟੁੱਟ ਭੱਜ ਦਾ ਸ਼ਿਕਾਰ ਹੋਇਆ ਹੈ। ਹਲਕਾ ਤਲਵੰਡੀ ਸਾਬੋ 'ਚ ਤਾਜਾ ਸਥਿਤੀ ਇਹ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਚਹਿਲ ਨੇ ਲੋਕਾਂ ਨਾਲ ਰਾਬਤਾ ਬਣਾਉਣਾ ਆਰੰਭ ਦਿੱਤਾ ਹੈ। ਇਹੋ ਹੀ ਨਹੀਂ ਸ੍ਰੀ ਚਹਿਲ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਆਪਣਾ ਓ. ਐਸ. ਡੀ. ਥਾਪੇ ਜਾਣ ਤੋਂ ਬਾਅਦ ਉਹਨਾਂ ਦਾ ਕੱਦ ਉੱਚਾ ਹੋਇਆ ਹੈ ਜਿਸ ਦੇ ਪ੍ਰਭਾਵ ਨਾਲ ਆਮ ਲੋਕ ਉਹਨਾਂ ਤੱਕ ਪਹੁੰਚ ਕਰਨ ਲੱਗੇ ਹਨ। ਦੂਜੇ ਬੰਨੇ ਇਲਾਕੇ ਦੇ ਇੱਕ ਹੋਰ ਚੈਹਿਲ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚੈਹਿਲ ਨੇ ਸਿੱਧੇ ਤੌਰ 'ਤੇ ਰਾਜਨੀਤੀ 'ਚ ਤਾਂ ਅਜੇ ਪ੍ਰਵੇਸ਼ ਨਹੀਂ ਕੀਤਾ ਪਰ ਉਹਨਾਂ ਦੇ ਰੁਤਬੇ ਨੂੰ ਦੇਖਦਿਆਂ ਉਹ ਸਿਆਸੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸ੍ਰੀ ਚੈਹਿਲ ਨੇ ਗੱਲਬਾਤ ਕਰਦਿਆਂ ਆਖਿਆ ਕਿ ਅਸਲ ਵਿੱਚ ਉਹਨਾਂ ਦੀ ਪਹਿਲੀ ਤਰਜੀਹ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਹੈ ਜਿਸ ਲਈ ਉਹਨਾਂ ਨੇ 'ਜਾਗੋ ਨਸ਼ੇ ਤਿਆਗੋ' ਮੁਹਿੰਮ ਆਰੰਭੀ ਹੋਈ ਹੈ। ਉਹਨਾਂ ਆਖਿਆ ਕਿ ਇਸ ਵੇਲੇ ਨਸ਼ਿਆਂ ਦੇ ਤਸਕਰਾਂ ਦਾ ਪ੍ਰਭਾਵ ਹੀ ਐਨਾਂ ਵਧ ਚੁੱਕਾ ਹੈ ਕਿ ਇਸ ਨੂੰ ਖਤਮ ਕਰਨ ਲਈ ਰਾਜਸੀ ਸ਼ਕਤੀ ਹੋਣਾ ਵੀ ਜਰੂਰੀ ਹੈ। ਸ੍ਰੀ ਚਹਿਲ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਵੱਡਾ ਹੁੰਗਾਰਾ ਦੇਣ ਲਈ ਜੇਕਰ ਕੋਈ ਢੁੱਕਵਾਂ ਸਿਆਸੀ ਮੰਚ ਮਿਲਿਆ ਤਾਂ ਉਹ ਸਿਆਸਤ 'ਚ ਆਉਣ ਤੋਂ ਗੁਰੇਜ ਨਹੀਂ ਕਰਨਗੇ ਪਰ ਮੇਰੀ ਪਹਿਲੀ ਤਰਜੀਹ ਮੇਰੇ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਤੇ ਕੈਂਸਰ ਜਿਹੀਆਂ ਅਲਾਮਤਾਂ ਤੋਂ ਬਚਾਉਣਾ ਅਤੇ ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣਾ ਹੀ ਹੋਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਕਮ ਅਕਾਲੀ ਦਲ ਨੇ ਇਸ ਹਲਕੇ 'ਚ ਆਪਣੇ ਹਾਰੇ ਉਮੀਦਵਾਰ ਨੂੰ ਹਲਕਾ ਇੰਚਾਰਜ ਬਣਾਇਆ ਹੋਇਆ ਹੈ ਪਰ ਪਾਰਟੀ ਵਿਚਲੇ ਸੂਤਰਾਂ ਮੁਤਾਬਿਕ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਵਾਲਾ ਫੱਟ ਖਾ ਕੇ ਜੇਤੂ ਵਿਅਕਤੀਆਂ ਨੂੰ ਮੈਦਾਨ 'ਚ ਉਤਾਰਨ ਦੀ ਕਵਾਇਦ 'ਚ ਜੁਟੇ ਅਕਾਲੀ ਆਗੂ ਆਪਣੇ ਪੱਤੇ ਬਦਲ ਵੀ ਸਕਦੇ ਹਨ। ਇਹੋ ਕਾਰਨ ਹੈ ਕਿ ਹਲਕਾ ਤਲਵੰਡੀ ਸਾਬੋ 'ਚ 2 ਚੈਹਿਲਾਂ ਵੱਲੋਂ ਬੋਲੇ ਜਾ ਰਹੇ ਧਾਵੇ ਅਤੇ ਅਕਾਲੀ ਦਲ ਵੱਲੋਂ ਸੰਗਠਿਤ ਕੀਤੀ ਜਾ ਰਹੀ ਮੁਹਿੰਮ ਨਾਲ ਜੀਤ ਮਹਿੰਦਰ ਸਿੰਘ ਸਿੱਧੂ ਦੇ ਖੇਮੇ 'ਚ ਭਾਰੇ ਫਿਕਰਾਂ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾ ਨਹੀਂ ਹੋਵੇਗਾ ਕਿ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਮੌੜ ਹਲਕੇ ਵੱਲ ਘੱਤੀਆਂ ਜਾ ਰਹੀਆਂ ਵਤੀਰਾਂ ਦੱਸਦੀਆਂ ਹਨ ਕਿ ਸ੍ਰੀ ਸਿੱਧੂ ਨੂੰ ਹਾਲ ਦੀ ਘੜੀ ਆਪਣਾ ਭਵਿੱਖ ਖਤਰੇ 'ਚ ਪੈਂਦਾ ਨਜ਼ਰ ਆ ਰਿਹਾ ਹੈ। ਕੁੱਝ ਮਹੀਨੇ ਪਹਿਲਾਂ ਸ੍ਰੀ ਸਿੱਧੂ ਨੇ ਮੌੜ ਹਲਕੇ 'ਚ ਇੱਕ ਸਮਾਗਮ ਕਰਕੇ ਆਪਣੇ ਉਮੀਦਵਾਰ ਹੋਣ ਦਾ ਐਲਾਨ ਵੀ ਕੀਤਾ ਸੀ ਪਰ ਸਥਾਨਕ ਕਾਂਗਰਸੀਆਂ ਦੇ ਕਰੜੇ ਵਿਰੋਧ ਦੇ ਚਲਦਿਆਂ ਨਾ ਕੇਵਲ ਉਹਨਾਂ ਨੂੰ ਚੁੱਪ ਵੱਟਣੀ ਪਈ ਬਲਕਿ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਦਖਲ ਅੰਦਾਜੀ ਕਰਕੇ ਮਾਮਲਾ ਠੰਢਾ ਕਰਨਾ ਪਿਆ ਸੀ। ਤਲਵੰਡੀ ਸਾਬੋ ਹਲਕੇ ਵਿੱਚ ਇਹ ਵੀ ਚਰਚਾ ਹੈ ਕਿ ਸ੍ਰੀ ਸਿੱਧੂ ਵਧੇਰੇ ਸਮਾਂ ਕੈਪਟਨ ਨਾਲ ਰਹੇ ਤੇ ਉਹਨਾਂ ਲੋਕਾਂ ਦੀ ਬਹੁਤੀ ਸਾਰ ਨਹੀਂ ਲਈ ਜਦ ਕਿ ਕੁੱਝ ਸਿੱਧੂ ਹਮਾਇਤੀਆਂ ਨੇ ਇਸ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਇਸਦਾ ਫੈਸਲਾ ਵੋਟਰ ਕਰਨਗੇ। ਉੱਪਰੋਂ ਪੰਜਾਬ ਪ੍ਰਦੇਸ਼ ਕਾਂਗਰਸ 'ਚ ਹਾਲਾਤ ਇਹ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਪ੍ਰਧਾਨ ਬਣਾਉਣ ਦੇ ਬਾਵਜੂਦ ਪਾਰਟੀ ਲੀਹੇ ਨਹੀਂ ਪੈ ਸਕੀ ਜਿਸ ਦਾ ਸਭ ਤੋਂ ਵੱਧ ਅਸਰ ਜ਼ਿਲ•ਾ ਬਠਿੰਡਾ 'ਚ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਇਹ ਗੱਲ ਮੰਨੀ ਹੈ ਕਿ ਸੀਨੀਅਰ ਆਗੂ ਵਧਵੇਂ ਰੂਪ 'ਚ ਪ੍ਰਗਟ ਹੋ ਰਹੇ ਨਵੇਂ ਝਮੇਲਿਆਂ ਤੋਂ ਪ੍ਰੇਸ਼ਾਨ ਹਨ ਜਿਸ ਦਾ ਹਾਲ ਦੀ ਘੜੀ ਕੋਈ ਹੱਲ ਵੀ ਨਜਰ ਨਹੀਂ ਆ ਰਿਹਾ। ਕੁੱਝ ਰਾਜਨੀਤਿਕ ਮਾਹਿਰਾਂ ਦਾ ਵੀ ਇਹੋ ਕਹਿਣਾ ਹੈ ਕਿ ਭਾਵੇਂ ਉਮੀਦਵਾਰੀਆਂ ਦੇ ਐਲਾਨ ਤੋਂ ਬਾਅਦ ਹੀ ਅਸਲੀਅਤ 'ਚ ਪਤਾ ਲੱਗਦਾ ਹੈ ਕਿ ਸਿਆਸਤ ਦਾ ਊਠ ਕਿਸ ਕਰਵਟ ਬੈਠੇਗਾ ਪਰ ਇੱਕ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਵਿਧਾਇਕ ਸਿੱਧੂ ਲਈ ਇਸ ਵਾਰ ਸੱਤਾ ਦੀਆਂ ਰਿਊੜੀਆਂ 'ਚੋਂ ਬੁੱਕ ਭਰਨਾ ਅਸਾਨ ਨਹੀਂ ਹੈ।

Friday, 2 September 2011

ਉਮਰ ਦੇ ਆਖਰੀ ਪਹਿਰ 'ਚ ਉਰਦੂ ਦੇ ਜਾਣਕਾਰਾਂ ਦਾ ਮੁੱਲ ਪੈਣ ਲੱਗਾ

ਬਠਿੰਡਾ, ਅਸ਼ੋਕ ਵਰਮਾ

ਭਾਵੇਂ ਉਰਦੂ ਜਬਾਨ ਦੀ ਪੜਾਈ ਨੂੰ ਦੇਸ਼ ਦੇ ਬਟਵਾਰੇ ਦੇ ਨਾਲ ਹੀ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਪਰ ਪੁਰਾਣੇ ਸਰਕਾਰੀ ਵਹੀ ਖਾਤਿਆਂ ਦੇ ਉਰਦੂ 'ਚ ਹੋਣ ਕਰਕੇ ਇਸ ਭਾਸ਼ਾ ਦੇ ਜਾਣਕਾਰਾਂ ਦੀ ਉਮਰ ਦੇ ਆਖਰੀ ਪਹਿਰ 'ਚ ਕਦਰ ਪੈਣ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲ ਮਹਿਕਮੇ ਕੋਲ 1887 ਤੱਕ ਦਾ ਰਿਕਾਰਡ ਮੌਜੂਦ ਹੈ ਜੋ ਕਿ ਉਰਦੂ ਵਿੱਚ ਹੈ ਜਦੋਂ ਕਿ 1955 ਤੋਂ 1960 ਤੱਕ ਵੀ ਵਧੇਰੇ ਕੰਮ ਇਸੇ ਇਸੇ ਭਾਸ਼ਾ 'ਚ ਹੀ ਹੁੰਦਾ ਰਿਹਾ ਹੈ। ਇਹੋ ਹੀ ਨਹੀਂ ਬਟਵਾਰੇ ਤੋਂ ਪਹਿਲਾਂ ਦਾ ਸਾਰਾ ਰਿਕਾਰਡ ਉਰਦੂ 'ਚ ਹੈ ਵੰਡ ਤੋਂ ਪਹਿਲਾਂ ਜਨਮ ਅਤੇ ਮੌਤ ਦਾ ਰਿਕਾਰਡ ਵੀ ਥਾਣਿਆਂ 'ਚ ਰੱਖਿਆ ਜਾਂਦਾ ਸੀ ਜਿੱਥੇ ਉਰਦੂ ਭਾਸ਼ਾ ਚਲਦੀ ਸੀ। ਇਹ ਰਿਵਾਇਤ ਕੁੱਝ ਸਮਾਂ ਪਹਿਲਾਂ ਹੀ ਬੰਦ ਹੋਈ ਹੈ। ਉਰਦੂ ਦਾ ਇਲਮ ਰੱਖਣ ਵਾਲੇ ਬਹੁਤੇ ਵਿਅਕਤੀ ਇਸ ਜਹਾਨੋਂ ਰੁਖਸਤ ਹੋ ਗਏ ਹਨ ਜਿਸ ਕਰਕੇ ਪੁਰਾਣੇ ਰਿਕਾਰਡ ਵੇਲੇ ਔਕੜਾਂ ਆਉਂਦੀਆਂ ਹਨ। ਬਠਿੰਡਾ 'ਚ ਇੱਕ ਦਰਜ਼ਨ ਦੇ ਕਰੀਬ ਪੁਰਾਣੇ ਨਾਇਬ ਤਹਿਸੀਲਦਾਰ, ਕਾਨੂੰਗੋ ਤੇ ਤਹਿਸੀਲਦਾਰ ਹਨ ਜੋ ਕਿ ਸਰਕਾਰੀ ਵਿਭਾਗਾਂ ਦੇ 'ਤਾਰਨਹਾਰ' ਬਣੇ ਹੋਏ ਹਨ ਜਦੋਂ ਵੀ ਕਿਸੇ ਨੂੰ ਪੁਰਾਣੀ ਰਿਕਾਰਡ ਦੀ ਲੋੜ ਪੈਂਦੀ ਹੈ ਤਾਂ ਕਿਧਰੋਂ ਵੀ ਉਰਦੂ ਜਾਨਣ ਵਾਲੇ ਨਹੀਂ ਲੱਭਦੇ ਤਾਂ ਆਖਰ ਮਾਲ ਮਹਿਕਮੇ ਦੇ ਪੁਰਾਣੇ ਬੰਦੇ ਹੀ ਕੰਮ ਆਉਂਦੇ ਹਨ। ਉਰਦੂ ਜਾਨਣ ਵਾਲੇ ਮਾਲ ਮਹਿਕਮੇ ਦੇ ਹੁਣ ਵੇਲੇ ਵਿਰਲੇ ਵਾਂਝੇ ਸੇਵਾ ਮੁਕਤ ਕਰਮਚਾਰੀ ਬਚੇ ਹਨ ਜਿੰਨਾਂ 'ਚੋਂ ਕੁੱਝ ਦੀ ਤਾਂ ਸਿਹਤ ਨੇ ਵੀ ਜਵਾਬ ਦੇ ਦਿੱਤਾ ਹੈ ਇਹਨਾਂ ਦੋਵਾਂ ਮਹਿਕਮਿਆਂ ਨੂੰ ਫਿਕਰ ਹੈ ਕਿ ਜਦ ਇਹ ਨਾ ਰਹੇ ਤਾਂ ਉਹ ਉਰਦੂ ਵਾਲਾ ਰਿਕਾਰਡ ਕਿਸ ਤੋਂ ਪੜਾਉਣਗੇ ਜਦੋਂ ਕਿ ਆਮ ਲੋਕਾਂ ਨੂੰ ਇਸਦਾ ਇਲਮ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਉਰਦੂ ਦਾ ਪੇਪਰ ਜਰੂਰੀ ਹੁੰਦਾ ਸੀ ਜੋ ਕਿ ਬੰਦ ਕਰ ਦਿੱਤਾ ਗਿਆ। ਰਾਜ ਦਾ ਭਾਸ਼ਾ ਵਿਭਾਗ ਵੀ ਫੰਡਾਂ ਦੀ ਘਾਟ ਕਰਕੇ ਹੱਥ ਖੜ•ੇ ਕਰ ਗਿਆ ਹੈ ਇਸ ਲਈ ਜਦੋਂ ਵੀ ਕਿਸੇ ਨੂੰ ਪੁਰਾਣੇ ਦਸਤਾਵੇਜਾਂ ਦੀ ਜਰੂਰਤ ਪੈਂਦੀ ਹੈ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਧਰ ਸਿਹਤ ਮਹਿਕਮੇ ਦੇ ਪੁਰਾਣੇ ਰਜਿਸਟਰਾਂ ਦੇ ਉਰਦੂ 'ਚ ਹੋਣ ਕਰਕੇ ਜਦੋਂ ਕਿਸੇ ਵਡੇਰੀ ਉਮਰ ਦੇ ਵਿਅਕਤੀ ਨੂੰ ਜਨਮ ਸਰਟੀਫਿਕੇਟ ਦੀ ਜਰੂਰਤ ਪੈਂਦੀ ਹੈ ਤਾਂ ਉਸ ਨੂੰ ਉਰਦੂ ਦਾ ਜਾਣਕਾਰ ਲੱਭਣਾ ਪੈਂਦਾ ਹੈ। ਜਾਣਕਾਰੀ ਅਨੁਸਾਰ 50 ਦੇ ਦਹਾਕੇ 'ਚ ਮਾਲ ਮਹਿਕਮੇ ਵੱਲੋਂ ਦੋ ਹਜ਼ਾਰ ਦੇ ਕਰੀਬ ਉਰਦੂ ਦੇ ਮਾਹਿਰ ਸਬ ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਸੀ ਜਿੰਨਾਂ 'ਚੋਂ ਕਈ ਇਸ ਜਹਾਨੋਂ ਚਲੇ ਗਏ ਤੇ ਬਾਕੀ ਸੇਵਾ ਮੁਕਤ ਹੋ ਗਏ। ਕਾਨੂੰਗੋ ਸੁਰਿੰਦਰ ਸਿੰਘ ਭਾਈ ਰੂਪਾ ਦਾ ਕਹਿਣਾ ਸੀ ਕਿ ਜਦੋਂ ਕਿਸੇ ਕਿਸਾਨ ਨੇ ਪੁਰਾਣਾ ਕੁਰਸੀਨਾਮਾ ਜਾਂ ਪੁਰਾਣੀ ਮਾਲਕੀ ਵਾਲੇ ਰਿਕਾਰਡ ਨਾਲ ਸਬੰਧਿਤ ਕੋਈ ਕੰਮ ਕਰਵਾਉਣਾ ਹੁੰਦਾ ਹੈ ਤਾਂ ਸੇਵਾ ਮੁਕਤ ਮੁਲਾਜਮਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਕਰਨੈਲ ਸਿੰਘ ਅਤੇ ਜਨਕ ਰਾਜ ਨਾਇਬ ਤਹਿਸੀਲਦਾਰ ਸਮੇਤ ਅੱਧੀ ਦਰਜ਼ਨ ਉਰਦੂ ਦੇ 'ਆਲਮਾਂ' ਵੱਲੋਂ ਮਹਿਕਮੇ ਦੀ ਬਾਂਹ ਫੜੀ ਜਾਂਦੀ ਹੈ ਪਰ ਡਰ ਹੈ ਕਿ ਇਹਨਾਂ ਦੀ ਗੈਰ ਹਾਜ਼ਰੀ 'ਚ ਕੀ ਹੋਵੇਗਾ। ਉਹਨਾਂ ਅਫਸੋਸ ਜਾਹਿਰ ਕੀਤਾ ਕਿ ਨਵੇਂ ਪਟਵਾਰੀ ਤੇ ਕਾਨੂੰਗੋ ਤਾਂ ਉਰਦੂ ਸਿੱਖਣ 'ਚ ਕੋਈ ਰੁਚੀ ਹੀ ਨਹੀਂ ਰੱਖਦੇ ਸਗੋਂ ਕੰਪਿਊਟਰ ਸਦਕਾ ਤਾਂ ਨਵੀਂ ਪੀੜੀ ਨੇ ਇਧਰ ਮੂੰਹ ਕਰਨਾ ਬੰਦ ਕਰ ਦਿੱਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮਾਲ ਮਹਿਕਮੇ ਵੱਲੋਂ ਉਰਦੂ ਦੀ ਪ੍ਰੀਖਿਆ ਤਾਂ ਲਈ ਜਾਂਦੀ ਹੈ ਪਰ ਇਸ ਨੂੰ ਪਾਸ ਕਰਨ ਵਾਲਿਆਂ ਨੂੰ ਵੀ ਉਰਦੂ ਨਹੀਂ ਆਉਂਦਾ। ਵੱਡੀ ਗੱਲ ਤਾਂ ਇਹ ਹੈ ਕਿ ਮੁਸਲਿਮ ਬਹੁਲਤਾ ਵਾਲੇ ਖੇਤਰਾਂ ਨੂੰ ਛੱਡ ਕੇ ਕੋਈ ਉਰਦੂ ਸਿਖਾਉਣ ਵਾਲਾ ਵੀ ਨਹੀਂ ਰਿਹਾ ਇਸੇ ਤਰ•ਾਂ ਪੁਲਿਸ ਵਿਭਾਗ ਵੱਲੋਂ ਉਰਦੂ 'ਚ ਤਿਆਰ ਕੀਤਾ ਜਨਮ ਤੇ ਮੌਤ ਰਿਕਾਰਡ ਹੈ ਜਿਸ ਨੂੰ ਪੜਨ ਲਈ ਉਰਦੂ ਪੜਿਆਂ ਦੀ ਲੋੜ ਪੈਂਦੀ ਹੈ। ਜਾਣਕਾਰੀ ਅਨੁਸਾਰ ਜ਼ਿਲ•ਾ ਬਠਿੰਡਾ ਦਾ ਥਾਣਾ ਨਥਾਣਾ ਸਭ ਤੋਂ ਪੁਰਾਣਾ ਹੈ ਜੋ ਕਿ 1893 'ਚ ਬਣਿਆ। ਬਾਕੀ ਥਾਣਿਆਂ 'ਚ ਉਰਦੂ ਦਾ ਰਿਕਾਰਡ 1950 ਤੱਕ ਦਾ ਹੈ ਜਦੋਂ ਕਿ ਨਥਾਣਾ ਥਾਣੇ ਵਿੱਚ ਅਜਾਦੀ ਤੋਂ ਬਾਅਦ ਵੀ 1960 ਤੱਕ ਕੰਮ ਕਾਜ ਉਰਦੂ 'ਚ ਚਲਦਾ ਰਿਹਾ। ਫੂਲ ਥਾਣਾ 'ਚ 1898 'ਚ ਅਤੇ ਰਾਮਾ ਥਾਣਾ 1912 'ਚ ਬਣਿਆ ਹੈ। ਬਾਲਿਆਂਵਾਲੀ, ਨੇਹੀਆਂਵਾਲਾ, ਥਾਣਾ ਸਦਰ ਅਤੇ ਥਾਣਾ ਦਿਆਲਪੁਰਾ ਵੀ ਪੁਰਾਣੇ ਹਨ ਜਿੰਨਾਂ ਦਾ ਸਾਰਾ ਰਿਕਾਰਡ ਸਿਵਲ ਹਸਪਤਾਲ 'ਚ ਪਿਆ ਹੈ। ਸਿਹਤ ਵਿਭਾਗ ਵਿਚਲੇ ਸੂਤਰ ਆਖਦੇ ਹਨ ਕਿ ਮਹਿਕਮੇ ਵੱਲੋਂ ਹਦਾਇਤ ਹੈ ਕਿ ਉਰਦੂ ਰਿਕਾਰਡ ਦੇ ਲੁੜੀਂਦੇ ਸਰਟੀਫਿਕੇਟ ਨਿੱਜੀ ਪੱਧਰ ਤੇ ਉਰਦੂ ਮਾਹਿਰ ਦਾ ਇੰਤਜਾਮ ਕਰਕੇ ਬਣਾਏ ਜਾਣ ਜਦੋਂ ਕਿ ਮੁਲਾਜਮਾਂ ਦੀ ਦਲੀਲ ਹੈ ਕਿ ਉਹਨਾਂ ਦੀ ਸਮੱਸਿਆ ਹੈ ਕਿ ਉਰਦੂ ਦੇ ਜਾਣਕਾਰ ਲੱਭਣੇ ਔਖੇ ਹੋਏ ਪਏ ਹਨ। ਕਮਾਲੂ ਸਵੈਚ ਦੇ ਕੇਵਲ ਸਿੰਘ ਨੂੰ ਪਿਤਰੀ ਰਿਕਾਰਡ ਦੀ ਖਾਤਰ 4-5 ਗੇੜੇ ਮਾਰਨੇ ਪਏ ਤਾਂ ਜਾ ਕੇ ਕੰਮ ਬਣਿਆ। ਬਠਿੰਡਾ ਦੇ ਜਸਵੀਰ ਸਿੰਘ ਨੇ ਆਪਣੇ ਰਿਸ਼ਤੇਦਾਰ ਦਾ ਬਟਵਾਰੇ ਤੋਂ ਪਹਿਲਾਂ ਦਾ ਜਨਮ ਸਰਟੀਫਿਕੇਟ ਲੈਣਾ ਸੀ ਉਸ ਨੇ ਬੜੀ ਮੁਸ਼ਕਿਲ ਨਾਲ ਉਰਦੂ ਦਾ ਜਾਣਕਾਰ ਲੱਭਿਆ ਤਾਂ ਜਾ ਕੇ ਕਿਧਰੇ ਕੰਮ ਹੋਇਆ। ਬਜੁਰਗ ਨਕਸ਼ਾ ਨਵੀਸ ਸੋਹਣ ਲਾਲ ਵੀ ਉਰਦੂ ਦਾ ਜਾਣਕਾਰ ਹੈ ਉਸ ਨੇ ਦੱਸਿਆ ਕਿ ਕਈ ਅਦਾਲਤੀ ਕੇਸਾਂ 'ਚ ਵੀ ਉਰਦੂ ਦਾ ਗਿਆਨ ਰੱਖਣ ਵਾਲਿਆਂ ਦੀ ਸੇਵਾ ਲਈ ਜਾਂਦੀ ਹੈ। ਉਹਨਾਂ ਦੱਸਿਆ ਕਿ ਉਹ ਕਈ ਅਦਾਲਤੀ ਦਸਤਾਵੇਜਾਂ ਤਾ ਤਰਜਮਾਂ ਕਰਵਾ ਚੁੱਕੇ ਹਨ ਤੇ ਕਈਆਂ ਦੇ ਜਨਮ ਸਰਟੀਫਿਕੇਟ ਵੀ ਬਣਵਾਏ ਹਨ। ਜਿਲ•ਾ ਬਠਿੰਡਾ 'ਚ ਸੇਵਾ ਮੁਕਤ ਨਾਇਬ ਤਹਿਸੀਲਦਾਰ ਰੌਸ਼ਨ ਲਾਲ ਤੇ ਐਚ. ਐਚ. ਮਾਨ, ਸੇਵਾ ਮੁਕਤ ਕਾਨੂੰਗੋ ਆਤਮਾ ਰਾਮ ਅਤੇ ਉਜਾਗਰ ਸਿੰਘ ਵੀ ਉਰਦੂ ਦੇ ਮਾਹਿਰਾਂ 'ਚੋਂ ਹਨ ਜੋ ਕਿ ਇਸ ਮਾਮਲੇ 'ਚ ਲੋਕਾਂ ਦੀ ਸਹਾਇਤਾ ਕਰਦੇ ਹਨ।

ਘਟ ਰਹੀ ਹੈ ਉਰਦੂ ਮਾਹਿਰਾਂ ਦੀ ਸਮੱਸਿਆ-ਤਹਿਸੀਲਦਾਰ 

ਇਸ ਮਾਮਲੇ ਸਬੰਧੀ ਤਹਿਸੀਲਦਾਰ ਬਠਿੰਡਾ ਅਵਤਾਰ ਸਿੰਘ ਮੱਕੜ ਦਾ ਕਹਿਣਾ ਸੀ ਕਿ ਜ਼ਿਲ•ੇ 'ਚ 5 ਦਰਜ਼ਨ ਸੇਵਾ ਮੁਕਤ ਮੁਲਾਜਮ ਉਰਦੂ ਰਿਕਾਰਡ ਸਬੰਧੀ ਮਹਿਕਮੇ ਦੀ ਸਹਾਇਤਾ ਕਰਦੇ ਹਨ। ਉਹਨਾਂ ਦੱਸਿਆ ਕਿ ਦਿਨੋਂ-ਦਿਨ ਉਰਦੂ ਦੀ ਸਮੱਸਿਆ ਘਟਦੀ ਜਾ ਰਹੀ ਹੈ ਜਦਕਿ ਨਵਾਂ ਰਿਕਾਰਡ ਪਾਇਆ ਹੀ ਕੰਪਿਊਟਰ 'ਚ ਜਾ ਰਿਹਾ ਹੈ।

ਉਰਦੂ ਲਈ ਸਰਕਾਰਾਂ ਸੁਹਿਰਦ ਨਹੀਂ-ਯਾਸੀਨ ਮਲਿਕ

ਅਲ ਕਰੀਮ ਪਬਲਿਕ ਸਕੂਲ ਮਲੇਰਕੋਟਲਾ ਦੇ ਪ੍ਰਿੰਸੀਪਲ ਯਾਸੀਨ ਮਲਿਕ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਇਹ ਹੈ ਕਿ ਉਰਦੂ ਭਾਸ਼ਾ ਨੂੰ ਕੇਵਲ ਇੱਕ ਭਾਈਚਾਰੇ ਤੱਕ ਸੀਮਤ ਕਰਕੇ ਰੱਖ ਦਿੱਤਾ ਗਿਆ ਹੈ ਜਦੋਂ ਕਿ ਜੁਬਾਨਾਂ ਦੀ ਕੋਈ ਹੱਦ ਨਹੀਂ ਹੁੰਦੀ। ਉਹਨਾਂ ਆਖਿਆ ਕਿ ਸਰਕਾਰਾਂ ਵੀ ਉਰਦੂ ਨੂੰ ਪ੍ਰਫੁੱਲਤ ਕਰਨ ਪ੍ਰਤੀ ਸ਼ੁਹਿਰਦ ਨਹੀਂ ਹਨ ਬਲਕਿ ਸਮਾਜ ਸੇਵੀ ਸੰਸਥਾਵਾਂ ਹੀ ਯਤਨ ਕਰ ਰਹੀਆਂ ਹਨ। ਉਹਨਾਂ ਆਖਿਆ ਕਿ ਪੰਜਾਬ ਮਾਲ ਵਿਭਾਗ ਦਾ ਦਰਦ ਵੀ ਸਹੀ ਹੈ ਕਿ ਜੇਕਰ ਉਰਦੂ ਦੇ ਇਹ ਜਾਣਕਾਰ ਨਾ ਰਹੇ ਤਾਂ ਕੀ ਬਣੇਗਾ।

Thursday, 1 September 2011

ਪੰਜਾਬ ਸਰਕਾਰ ਵੱਲੋਂ ਬਠਿੰਡਾ ਦਾ 'ਬੁੱਢਾ ਥਰਮਲ' ਬੰਦ ਕਰਨ ਦੀ ਉਲਟੀ ਗਿਣਤੀ ਸ਼ੁਰੂ

ਬਠਿੰਡਾ ਦੇ ਥਰਮਲ ਪਲਾਂਟ ਦਾ ਦ੍ਰਿਸ਼ ਜਿਸਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ
ਬਠਿੰਡਾ, ਅਸ਼ੋਕ ਵਰਮਾ
ਭਾਰਤ ਦੀ ਸਵ. ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਸੁਪਨਮਈ ਪ੍ਰਾਜੈਕਟ ਬਠਿੰਡਾ ਥਰਮਲ ਪਲਾਂਟ ਤੋਂ ਹੋਣ ਵਾਲੇ ਆਰਥਿਕ ਤੇ ਪ੍ਰਦੂਸ਼ਣ ਸਬੰਧੀ ਨੁਕਸਾਨ ਦੇ ਮੱਦੇਨਜ਼ਰ ਇਸ ਨੂੰ ਬੰਦ ਕਰਨ ਦੀ ਉਲਟੀ ਗਿਣਤੀ ਸ਼ੁਰੂ ਹੋਣ ਦੇ ਸੰਕੇਤ ਹਾਸਲ ਹੋਏ ਹਨ। ਹਾਕਮ ਧਿਰ ਦੇ ਸਥਾਨਕ ਆਗੂਆਂ ਨੇ ਵੀ ਇਸ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ ਜਦਕਿ ਪੰਜਾਬ ਦੇ ਉÎÎÎÎੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਜਿਹੀ ਕਿਸੇ ਯੋਜਨਾਂ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਜਦੋਂ ਪੰਜਾਬ ਵਿਚਲੇ ਸਮੁੱਚੇ ਥਰਮਲ ਪਲਾਂਟ ਉਤਪਾਦਨ ਸ਼ੁਰੂ ਕਰ ਦੇਣਗੇ ਤਾਂ ਉਸ ਵੇਲੇ ਬਠਿੰਡਾ ਵਾਸੀਆਂ ਦੀ ਸਿਹਤ ਸਬੰਧੀ ਹਿੱਤਾਂ ਖਾਤਰ ਇਸਨੂੰ ਬੰਦ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਬਠਿੰਡਾ ਵਾਸੀਆਂ ਨਾਲ ਸ਼ਹਿਰ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦਾ ਜੋ ਵਾਅਦਾ ਕੀਤਾ ਸੀ ਇਹ ਉਸੇ ਤਹਿਤ ਕੀਤਾ ਜਾ ਰਿਹਾ ਹੈ। ਉਂਜ ਵੀ ਹੁਣ ਜਦੋਂ ਬਠਿੰਡਾ ਦੇ ਆਲੇ-ਦੁਆਲੇ ਥਰਮਲਾਂ ਦੀ ਝੜੀ ਲਗਾਈ ਜਾ ਰਹੀ ਹੈ ਤਾਂ ਸਰਕਾਰ ਮਹਿਸੂਸ ਕਰਦੀ ਹੈ ਕਿ ਜੇਕਰ ਬੁੱਢਾ ਥਰਮਲ ਬੰਦ ਵੀ ਕਰ ਦਿੱਤਾ ਜਾਵੇ ਤਾਂ ਕੋਈ ਬਹੁਤਾ ਫਰਕ ਵੀ ਨਹੀਂ ਪਵੇਗਾ। ਸਰਕਾਰੀ ਸੂਤਰਾਂ ਅਨੁਸਾਰ ਪੰਜਾਬ ਰਾਜ ਬਿਜਲੀ ਬੋਰਡ ਤੇ ਮੌਜੂਦਾ ਪਾਵਰ ਕਾਰਪੋਰੇਸ਼ਨ ਨੇ ਮੁਰੰਮਤਾਂ ਦੇ ਰਸਤੇ ਪੈ ਕੇ ਦੇਖ ਲਿਆ ਹੈ ਫਿਰ ਵੀ ਮਹਾਂਨਗਰ ਦੇ ਲੋਕਾਂ ਦੇ ਸਿਰਾਂ 'ਚ ਸੁਆਹ ਪੈਣੋਂ ਨਹੀਂ ਹਟੀ। ਸੂਤਰ ਆਖਦੇ ਹਨ ਕਿ ਬਠਿੰਡਾ ਥਰਮਲ ਬੰਦ ਕਰਨਾ ਸਰਕਾਰ ਤੇ ਪਾਵਰਕਾਮ ਲਈ ਲਾਹੇਵੰਦ ਹੀ ਹੋਵੇਗਾ ਕਿਉਂਕਿ ਜਿੰਨਾਂ ਬੋਝ ਇਹ ਮਾਲੀਏ ਤੇ ਪਾ ਰਿਹਾ ਹੈ ਉਹ ਵੀ ਬਚੇਗਾ ਬਲਕਿ 'ਪ੍ਰਾਈਮ ਲੋਕੇਸ਼ਨ' ਵਾਲੀ ਇਸ ਦੀ ਜਮੀਨ ਵੀ ਸਰਕਾਰ ਲਈ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸਿੱਧ ਹੋਵੇਗੀ। ਇਸ ਦੇ ਨਾਲ ਹੀ ਇਸ ਦੀ ਮਸ਼ੀਨਰੀ ਤੇ ਹੋਰ ਸਮਾਨ ਨੂੰ ਜੇਕਰ ਕਬਾੜ 'ਚ ਵੀ ਵੇਚਿਆ ਜਾਵੇ ਤਾਂ ਕਰੋੜਾਂ ਹਾਸਲ ਹੋਣਗੇ। ਪਾਵਰਕਾਮ ਵਿਚਲੇ ਸੂਤਰ ਤਾਂ ਇੱਥੋਂ ਤੱਕ ਦੱਸਦੇ ਹਨ ਕਿ ਇਹ ਥਰਮਲ ਊਰਜਾ ਨਿਗਮ ਲਈ ਖਰਚੇ ਦਾ ਘਰ ਬਣ ਗਿਆ ਹੈ ਤੇ ਇਸ ਦੀ ਹਾਲਤ ਧੱਕਾ ਸਟਾਰਟ ਵਰਗੀ ਬਣ ਗਈ ਹੈ। ਮਾਹਿਰ ਦਾ ਦੱਸਣਾ ਹੈ ਕਿ ਪਾਵਰਕਾਮ ਅਧਿਕਾਰੀ ਇਸ ਦੇ ਝਟਕਿਆਂ ਤੋਂ ਪ੍ਰੇਸ਼ਾਨ ਹਨ ਕਿਉਂਕਿ ਯੂਨਿਟਾਂ ਦੇ ਵਾਰੀ ਵਾਰੀ ਬੰਦ ਹੋਣ, ਉਹਨਾਂ ਨੂੰ ਮੁੜ ਚਲਾਉਣ ਵੇਲੇ ਤੇਲ ਦੀ ਖਪਤ ਕਾਫੀ ਵਧ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਥਰਮਲ ਪਲਾਂਟ ਨੂੰ ਟਰਿੱਪ ਕਰਨ ਤੋਂ ਬਾਅਦ ਚਲਾਉਣ ਵਾਸਤੇ ਵਰਤੇ ਜਾਂਦੇ ਲਾਈਟ ਡੀਜਲ ਆਇਲ ਦੀ ਕੀਮਤ 43146 ਰੁਪਏ ਪ੍ਰਤੀ ਕਿਲੋਲੀਟਰ ਅਤੇ ਫਰਨਿਸ਼ ਆਇਲ 29018 ਰੁਪਏ ਪ੍ਰਤੀ ਕਿਲੋਲੀਟਰ ਹੁੰਦੀ ਹੈ। ਥਰਮਲ ਮਾਹਿਰਾਂ ਅਨੁਸਾਰ ਇੱਕ ਵਾਰ ਟਰਿੱਪ ਹੋਏ ਯੂਨਿਟ ਨੂੰ ਮੁੜ ਲੀਹ ਤੇ ਲਿਆਉਣ ਵਾਸਤੇ 5 ਤੋਂ 12 ਲੱਖ ਦਾ ਤੇਲ ਖਰਚ ਹੋ ਜਾਂਦਾ ਹੈ ਜੋ ਕਿ ਪਾਵਰਕਾਮ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਜਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦਾ ਪਹਿਲਾ ਯੂਨਿਟ ਸਿਤੰਬਰ 1974, ਦੂਜਾ ਮਈ 1975, ਤੀਜਾ ਮਈ 1978 ਅਤੇ ਚੌਥਾ 1979 'ਚ ਚਾਲੂ ਹੋਇਆ ਸੀ ਇਹਨਾਂ ਵਿੱਚੋਂ ਹਰੇਕ ਦੀ ਸਮਰੱਥਾ 110 ਮੈਗਾਵਾਟ ਹੈ। ਊਰਜਾ ਨਿਗਮ ਵਾਰ-ਵਾਰ ਹੁੰਦੀ ਟਰਿਪਿੰਗ ਤੋਂ ਔਖਾ ਹੈ ਜਦੋਂ ਕਿ ਬਠਿੰਡਾ ਦੇ ਲੋਕ ਇਸ ਥਰਮਲ ਤੋਂ ਡਿੱਗਦੀ ਸੁਆਹ ਤੋਂ ਔਖੇ ਹਨ। ਸ਼ਹਿਰ ਦੇ ਵਿਵੇਕਸ਼ੀਲ ਹਲਕਿਆਂ 'ਚ ਇਹ ਵੀ ਵੱਡੀ ਚਰਚਾ ਹੈ ਕਿ ਇੱਕ ਪਾਸੇ ਸਰਕਾਰ ਮੁਰੰਮਤ ਕਰਕੇ ਉਮਰਾਂ ਵਧਾਉਣ ਦੀਆਂ ਗੱਲਾਂ ਕਰਦੀ ਹੈ ਤੇ ਦੂਜੇ ਬੰਨੇ ਬੰਦੀਆਂ ਵਾਲਾ ਰਸਤਾ ਅਖਤਿਆਰ ਕੀਤਾ ਜਾ ਰਿਹਾ ਹੈ। ਜਿਕਰੇਖਾਸ ਇਹ ਵੀ ਹੈ ਕਿ ਇਸ ਥਰਮਲ ਵੱਲੋਂ ਸੁਆਹ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਮਾਮਲਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪੁੱਜ ਚੁੱਕਾ ਹੈ। ਇਹੋ ਜਿਹੇ ਹਾਲਾਤਾਂ ਦਰਮਿਆਨ ਜਦੋਂ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਤਾਂ ਸਰਕਾਰ ਪ੍ਰਦੂਸ਼ਣ ਨੂੰ ਚੋਣ ਮੁੱਦਾ ਬਨਣ ਤੋਂ ਰੋਕਣ ਦੇ ਯਤਨਾਂ ਵਜੋਂ 'ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬੰਸਰੀ' ਦੀ ਤਰਜ਼ ਤੇ ਥਰਮਲ ਨੂੰ ਸਮੇਟਣ ਦੀ ਯੋਜਨਾ ਤੇ ਅਮਲ ਕਰਨ ਲੱਗੀ ਹੈ।

ਥਰਮਲ ਬੰਦ ਕਰਨਾ ਮਾੜੀ ਗੱਲ ਨਹੀਂ-ਸਿੰਗਲਾ

ਅਕਾਲੀ ਦਲ ਦੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹਨਾਂ ਦੀ ਜਾਣਕਾਰੀ ਮੁਤਾਬਿਕ ਸਰਕਾਰ ਤਜਵੀਜ ਤਿਆਰ ਕਰ ਰਹੀ ਹੈ ਜਿਸ ਤੋਂ ਬਾਅਦ ਪ੍ਰੋਜੈਕਟ ਰਿਪੋਰਟ 'ਚ ਥਰਮਲ ਬੰਦ ਕਰਨ ਨਾਲ ਲਾਭ ਹਾਨੀ ਸਮੇਤ ਸਾਰੇ ਮੁੱਦੇ ਵਿਚਾਰੇ ਜਾਣਗੇ। ਉਹਨਾਂ ਆਖਿਆ ਕਿ ਖੇਤਰ ਵਿੱਚ ਲੱਗ ਰਹੇ ਨਵੇਂ ਥਰਮਲ ਅਤਿਆਧੁਨਿਕ ਤਕਨੀਕ ਵਾਲੇ ਹਨ ਜੋ ਕਿ ਬਿਜਲੀ ਦੀ ਘਾਟ ਪੂਰਾ ਕਰਨ ਦੇ ਸਮਰੱਥ ਹੋਣਗੇ। ਉਹਨਾਂ ਆਖਿਆ ਕਿ ਵਕਤ ਨਾਲ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ ਤੇ ਜੇਕਰ ਲੋਕਾਂ ਦੀ ਸਿਹਤ ਤੇ ਆਰਥਿਕਤਾ ਦੇ ਅਧਾਰ ਤੇ ਥਰਮਲ ਬੰਦ ਕਰਨਾ ਮਾੜੀ ਗੱਲ ਨਹੀਂ।

ਮਾਮਲਾ ਕੀਮਤੀ ਭੂਮੀ ਦਾ ਹੈ-ਸਰਾਂ

ਉੱਧਰ ਪਾਵਰਕਾਮ ਇੰਜੀਨਅਰਜ ਐਸੋਸੀਏਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਇੰਜ. ਬਲਦੇਵ ਸਿੰਘ ਸਰਾਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਆਖਿਆ ਕਿ 2 ਯੂਨਿਟਾਂ ਦਾ ਨਵੀਨੀਕਰਨ ਕਰਕੇ ਪ੍ਰਦੂਸ਼ਣ ਘੱਟ ਕਰ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਬਜਾਰ 'ਚ ਹੋਰ ਵੀ ਬੜੀਆਂ ਤਕਨੀਕਾਂ ਉਪਲਬਧ ਹਨ ਜਿੰਨਾਂ ਨਾਲ ਪ੍ਰਦੂਸ਼ਣ ਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਇਸ ਨੂੰ ਸੁੱਟਣਾ ਸਿਆਣਪ ਨਹੀਂ ਹੈ ਕਿਉਂਕਿ ਹੁਣ ਜੇਕਰ ਅਜਿਹਾ ਪਲਾਟ ਲਾਉਣਾ ਪਵੇ ਤਾਂ 3 ਹਜ਼ਾਰ ਕਰੋੜ ਰੁਪਏ ਖਰਚ ਆਉਣਗੇ। ਉਹਨਾਂ ਇਸ਼ਾਰਾ ਕੀਤਾ ਕਿ ਮਾਮਲਾ ਕੀਮਤੀ ਭੂਮੀ ਦਾ ਹੈ ਤੇ ਅਜਿਹਾ ਕਰਨਾ ਲੋਕ ਹਿੱਤ 'ਚ ਨਹੀਂ ਹੈ।

ਲਿਖਤੀ ਸੂਚਨਾ ਨਹੀਂ ਮਿਲੀ-ਚੌਧਰੀ

ਉੱਧਰ ਪਾਵਰਕਾਮ ਦੇ ਚੇਅਰਮੈਨ ਕੇ. ਡੀ. ਚੌਧਰੀ ਨੇ ਅਜਿਹੀ ਕਿਸੇ ਵੀ ਤਜਵੀਜ ਦੇ ਹਾਸਲ ਹੋਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਬਾਰੇ ਸਰਕਾਰ ਕੋਲੋਂ ਕੋਈ ਲਿਖਤੀ ਸੂਚਨਾ ਆਉਣ ਤੇ ਹੀ ਟਿੱਪਣੀ ਕੀਤੀ ਜਾ ਸਕਦੀ ਹੈ।