ਸ਼ਾਦੀ ਦੀ ਉਮਰੋਂ ਖੁੰਝੇ ਹਜ਼ਾਰਾਂ ਨੌਜੁਆਨ
ਬਠਿੰਡਾ, ਅਸ਼ੋਕ ਵਰਮਾ
ਖੇਤੀ ਤੇ ਆਏ ਸੰਕਟ ਅਤੇ ਧਰਤੀ ਹੇਠਲੇ ਮਾੜੇ ਪਾਣੀਆਂ ਕਾਰਨ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੇ ਪਸਾਰੇ ਤੋਂ ਬਾਅਦ ਹੁਣ ਮਾਲਵਾ ਪੱਟੀ ਦੇ ਨੌਜੁਆਨਾਂ ਨੂੰ ਵਿਆਹ ਸੰਕਟ 'ਚ ਫਸਾ ਦਿੱਤਾ ਹੈ। ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਕੀਤੇ ਵੇਰਵਿਆਂ ਦੀ ਮੰਨੀਏ ਤਾਂ ਇਕੱਲੀ ਕਪਾਹ ਪੱਟੀ 'ਚ 25 ਹਜ਼ਾਰ ਤੋਂ ਵੀ ਵੱਧ ਮੁੰਡੇ ਵਿਆਹ ਦੀ ਉਮਰ ਲੰਘਾ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਇਸ ਖੇਤਰ ਦੇ ਹਰੇਕ ਪਿੰਡ ਵਿੱਚ 15 ਤੋਂ 20 ਤੱਕ ਲੜਕੇ ਅਜਿਹੇ ਹਨ ਜਿੰਨਾਂ ਦੀ ਸ਼ਾਦੀ ਦੀ ਔਸਤ ਉਮਰ ਲੰਘ ਚੁੱਕੀ ਹੈ। ਜ਼ਿਲ•ਾ ਬਠਿੰਡਾ 'ਚ ਇਹ ਗਿਣਤੀ ਲਗਭਗ 4 ਹਜ਼ਾਰ ਦੱਸੀ ਜਾ ਰਹੀ ਹੈ। ਪੰਜਾਬ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਮੈਰਿਜ ਬਿਊਰੋ ਸੱਭਿਆਚਾਰ ਇਸੇ ਸੰਕਟ ਦੀ ਉਪਜ ਹੈ। ਦਿਆਲਪੁਰਾ ਮਿਰਜਾ ਦੇ ਕਿਸਾਨ ਅਤੇ ਸਹਿਕਾਰੀ ਸਭਾ ਦੇ ਸਕੱਤਰ ਅਵਤਾਰ ਸਿੰਘ ਲਾਲੀ ਦਾ ਕਹਿਣਾ ਸੀ ਕਿ ਪੰਜਾਬ 'ਚ ਪ੍ਰਮੁੱਖ ਤੌਰ ਤੇ ਖੇਤੀ ਧੰਦੇ ਨਾਲ ਜੁੜੇ ਜੱਟ ਭਾਈਚਾਰੇ ਦੀ ਜਮੀਨ ਸੁੰਗੜ ਗਈ ਹੈ ਤੇ ਨਵੇਂ ਪੋਸ਼ ਨੂੰ ਨਸ਼ਿਆਂ ਨੇ ਵੱਸ 'ਚ ਕਰ ਲਿਆ ਹੈ ਜਿਸ ਕਰਕੇ ਛੋਟੀ ਕਿਸਾਨੀ ਦੇ ਮੁੰਡਿਆਂ ਦੇ ਵਿਆਹ ਹੋਣੇ ਮੁਸ਼ਕਿਲ ਹੋ ਗਏ ਹਨ। ਜ਼ਿਲ•ੇ ਦੇ ਵੱਡੇ ਪਿੰਡ ਮਹਿਰਾਜ 'ਚ ਅੱਧੀ ਦਰਜ਼ਨ ਨੌਜਵਾਨਾਂ ਦੀ ਉਮਰ 35 ਤੋਂ 37 ਸਾਲ ਹੈ ਪਰ ਵੰਡ ਹੋਣ ਤੋਂ ਬਾਅਦ ਘੱਟ ਹੋਈ ਜਮੀਨ ਦੇ ਸਿੱਟੇ ਵਜੋਂ ਸ਼ਾਦੀ ਸਮੱਸਿਆ ਬਣੀ ਹੋਈ ਹੈ। ਬਠਿੰਡਾ ਪੱਟੀ 'ਚ ਵੱਡੀ ਗਿਣਤੀ ਮੁੰਡੇ ਅਜਿਹੇ ਹਨ ਜਿੰਨਾ ਨੇ ਵਿਆਹ ਦੀ ਉਮਰ ਲੰਘਣ ਤੋਂ ਮਗਰੋਂ ਪ੍ਰਵਾਸੀ ਔਰਤਾਂ ਨਾਲ ਵਿਆਹ ਕਰਵਾਉਣ ਤੇ ਟੇਕ ਰੱਖ ਲਈ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਜੱਦੀ ਜ਼ਿਲ•ੇ ਸ੍ਰੀ ਮੁਕਤਸਰ ਸਾਹਿਬ 'ਚ ਵੀ ਕਈ ਨੌਜੁਆਨਾਂ ਵੱਲੋਂ ਸਮਾਜਿਕ ਮਾਪਦੰਡਾਂ ਦੇ ਉਲਟ ਵਿਆਹ ਕਰਵਾਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਆਹਾਂ ਤੇ ਆਏ ਸੰਕਟ ਦਾ ਨਤੀਜਾ ਹੈ ਕਿ ਮੈਰਿਜ ਬਿਊਰੋਆਂ ਦਾ ਕਾਰੋਬਾਰ ਪ੍ਰਫੁੱਲਿਤ ਹੋਇਆ ਪਿਆ ਹੈ ਤੇ ਲੋਕ ਰਵਾਇਤੀ ਵਿਚੋਲਿਆਂ ਦੀ ਥਾਂ ਹੁਣ ਇਹਨਾਂ ਤੇ ਭਰੋਸਾ ਕਰਨ ਲੱਗੇ ਹਨ। ਬਠਿੰਡਾ 'ਚ ਇੱਕ ਅਜਿਹਾ ਮੈਰਿਜ ਬਿਊਰੋ ਜੋ ਕਿ ਅਗਰਵਾਲ ਬਰਾਦਰੀ ਦੇ ਰਿਸ਼ਤੇ ਕਰਵਾਉਂਦਾ ਹੈ ਜਦੋਂ ਕਿ ਇੱਕ ਹੋਰ ਨੇ ਕੇਵਲ ਸਵਰਨਕਾਰ ਭਾਈਚਾਰੇ ਦੀਆਂ ਸ਼ਾਦੀਆਂ ਦਾ ਜਿੰਮਾ ਸੰਭਾਲਿਆ ਹੋਇਆ ਹੈ। ਸਰਪੰਚ ਮੈਰਿਜ ਬਿਊਰੋ ਦੇ ਮਾਲਕ ਅਤੇ ਮੈਰਿਜ ਬਿਊਰੋ ਯੂਨੀਅਨ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਮੰਨਿਆ ਕਿ ਦਿਨੋਂ-ਦਿਨ ਇਹ ਸਮੱਸਿਆ ਵਧਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਿੰਡਾਂ 'ਚ ਕੁੜੀਆਂ ਜਿਆਦਾ ਪੜ ਗਈਆਂ ਹਨ ਜਿਸ ਕਰਕੇ ਉਸ ਪੱਧਰ ਦੇ ਰਿਸ਼ਤੇ ਨਹੀਂ ਮਿਲ ਰਹੇ। ਉਹਨਾਂ ਦੱਸਿਆ ਕਿ ਸਾਡੇ ਕੋਲ ਮਾਨਸਾ, ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲਿ•ਆਂ ਦੇ ਕਈ ਅਜਿਹੇ ਮੁੰਡਿਆਂ ਨੇ ਨਾਂ ਦਰਜ ਕਰਵਾਇਆ ਹੈ ਜੋ ਕਿ ਵਿਆਹ ਦੀ ਉਮਰ ਟਪਾ ਚੁੱਕੇ ਹਨ। ਜ਼ਿਲ•ਾ ਬਠਿੰਡਾ ਦੇ ਵੱਡੇ ਪਿੰਡ ਭਾਈ ਰੂਪਾ ਦੇ ਦੋ ਭਰਾਵਾਂ ਦੀ ਉਮਰ ਲੰਘ ਚੁੱਕੀ ਹੈ ਹੁਣ ਇਹਨਾਂ ਦੀ ਕੋਈ ਮੰਗ ਨਹੀਂ ਰਹੀ ਤੇ ਉਹ ਹਰ ਸ਼ਰਤ ਤੇ ਵਿਆਹ ਕਰਵਾਉਣ ਲਈ ਤਿਆਰ ਹਨ। ਸਿੱਧੂ ਮੈਰਿਜ ਬਿਊਰੋ ਦੇ ਮਾਲਕ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਪੁਰਾਤਨ ਕਿਸਮ ਦੇ ਰਵਾਇਤੀ ਵਿਚੋਲਿਆਂ ਨੇ ਕਈ ਤਰ•ਾਂ ਦੀਆਂ ਦਿੱਕਤਾਂ ਨੂੰ ਦੇਖਦਿਆਂ ਹੱਥ ਖੜੇ ਕਰ ਦਿੱਤੇ ਹਨ ਜਿਸ ਕਰਕੇ ਹੁਣ ਮੈਰਿਜ ਬਿਊਰੋ ਵਾਲਿਆਂ ਨੇ ਆਧੁਨਿਕ ਵਿਚੋਲੇ ਦਾ ਕੰਮ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਮੈਰਿਜ ਬਿਊਰੋ ਦੇ ਮਾਲਕਾਂ ਦੀ ਯੂਨੀਅਨ ਦੇ ਦੋ ਦਰਜ਼ਨ ਮੈਂਬਰ ਹਨ ਜਦੋਂ ਕਿ ਕਈ ਹੋਰ ਆਪਣੇ ਤੌਰ ਤੇ ਵੱਖ-ਵੱਖ ਪ੍ਰਕਾਰ ਦੇ ਰਿਸ਼ਤਿਆਂ ਲਈ ਸਰਗਰਮ ਹਨ। ਵਕਤ ਦੀ ਨਬਜ ਨੂੰ ਪਛਾਣਦਿਆਂ ਬਠਿੰਡਾ 'ਚ ਇੱਕ ਅਜਿਹਾ ਸੈਂਟਰ ਵੀ ਖੁੱਲ ਗਿਆ ਹੈ ਜੋ ਕਿ ਰਿਸ਼ਤੇ ਤੋਂ ਲੈ ਕੇ ਵਿਆਹ ਕਰਵਾਉਣ ਤੱਕ ਹਰੇਕ ਤਰ•ਾਂ ਦਾ ਪ੍ਰਬੰਧ ਕਰਦਾ ਹੈ ਜਿਸ ਲਈ ਉਹਨਾਂ ਨੇ ਫੀਸ ਨਿਸ਼ਚਿਤ ਕੀਤੀ ਹੋਈ ਹੈ। ਸੰਗਮ ਵੈਡਿੰਗ ਪਲਾਨਰਜ ਦੇ ਇਸ ਸੈਂਟਰ ਦੇ ਸੰਚਾਲਕ ਰਜਿੰਦਰ ਕੁਮਾਰ ਗਰਗ ਅਤੇ ਸ੍ਰੀਮਤੀ ਸੁਲੇਖਾ ਗਰਗ ਨੇ ਮੰਨਿਆ ਕਿ ਇਕੱਲੇ ਪੇਂਡੂ ਖੇਤਰ 'ਚ ਹੀ ਨਹੀਂ ਇਸ ਅਲਾਮਤ ਨੇ ਤਾਂ ਹੁਣ ਸ਼ਹਿਰਾਂ ਨੂੰ ਵੀ ਆਪਣੇ ਕਲਾਵੇ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਆਹ ਕਰਵਾਉਣ ਵਾਲੀਆਂ ਪ੍ਰਮੁੱਖ ਵੈਬਸਾਈਟਾਂ ਮੈਟਰਨੀਮੋਨੀਅਲ ਡਾਟ ਕਾਮ ਅਤੇ ਸ਼ਾਦੀ ਡਾਟ ਕਾਮ ਦੇ ਫਰੋਲੇ ਵਹੀ ਖਾਤਿਆਂ ਤੋਂ ਇਲਾਵਾ ਵੱਖ-ਵੱਖ ਅਖਬਾਰਾਂ 'ਚ ਵਿਆਹ ਸਬੰਧੀ ਇਸ਼ਤਿਹਾਰਾਂ ਤੋਂ ਇਹ ਨਤੀਜਾ ਕੱਢਿਆ ਹੈ ਕਿ ਮਾਲਵਾ ਪੱਟੀ 'ਚ ਵਿਆਹ ਵਰਗੀ ਪਵਿੱਤਰ ਰਸਮ ਸੰਕਟ ਹੇਠ ਹੈ। ਬਠਿੰਡਾ ਅਤੇ ਕੋਟਕਪੂਰਾ ਦੇ ਦੋ ਮੈਰਿਜ ਬਿਊਰੋ ਵਾਲਿਆਂ ਨੇ ਦੱਸਿਆ ਕਿ ਉਨ•ਾਂ ਕੋਲ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਪਹੁੰਚ ਕਰਨ ਲੱਗੇ ਹਨ। ਉਹਨਾਂ ਆਖਿਆ ਕਿ ਰੋਜ਼ਾਨਾ ਆਉਣ ਵਾਲੇ ਫੋਨਾਂ 'ਚ ਹੁਣ ਜਿਆਦਾਤਰ ਮੁੰਡੇ ਵਾਲਿਆਂ ਦੇ ਹੁੰਦੇ ਹਨ। ਗੌਰਤਲਬ ਹੈ ਕਿ ਹਰ ਮੈਰਿਜ ਬਿਊਰੋ ਨੇ ਰਿਸ਼ਤੇ ਦੀ ਵੰਨਗੀ ਮੁਤਾਬਿਕ 800 ਤੋਂ 2000 ਰੁਪਏ ਤੱਕ ਦੀ ਰਜਿਸ਼ਟਰੇਸ਼ਨ ਰੱਖੀ ਹੋਈ ਹੈ ਜਦੋਂ ਕਿ ਬਾਕੀ ਫੀਸ ਵਿਆਹ ਸਮੇਂ ਵਸੂਲ ਕੀਤੀ ਜਾਂਦੀ ਹੈ। ਇੱਥੇ ਇਹ ਵੀ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਕਪਾਹ ਪੱਟੀ 'ਚ ਸ਼ਾਦੀਆਂ ਦੇ ਇਸ ਨਿਵੇਕਲੇ ਵਪਾਰ ਨੂੰ ਦੇਖਦਿਆਂ ਕਈ ਕੰਪਨੀਆਂ ਨੇ ਵੀ ਮਾਲਵੇ 'ਚ ਆਪਣੇ ਦਫਤਰ ਖੋਲ ਦਿੱਤੇ ਹਨ।
ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਸਮਾਜ ਸ਼ਾਸ਼ਤਰ ਵਿਭਾਗ ਦੇ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਸੀ ਕਿ ਮਾਲਵੇ 'ਚ ਖੇਤੀ ਲਈ ਜੋਤਾਂ ਦੇ ਅਕਾਰ ਦਾ ਘਟਣਾ ਅਤੇ ਕਿਸਾਨੀ ਸਿਰ ਚੜੇ ਕਰਜੇ ਵਿਆਹ ਸੰਕਟ ਦਾ ਮੁੱਖ ਕਾਰਨ ਹਨ ਜਦੋਂ ਕਿ ਨਸ਼ਿਆਂ ਅਤੇ ਬਠਿੰਡਾ ਜ਼ਿਲ•ੇ ਦੇ ਕੁੱਝ ਪਿੰਡਾਂ 'ਚ ਕੈਂਸਰ ਕਾਰਨ ਵੀ ਇਹ ਸਮੱਸਿਆ ਪੈਦਾ ਹੋਈ ਹੈ। ਉਹਨਾਂ ਆਖਿਆ ਕਿ ਪਿੰਡਾਂ 'ਚ ਉੱਚ ਵਿੱਦਿਆ ਹਾਸਲ ਕਰ ਗਈਆਂ ਕੁੜੀਆਂ ਲਈ ਵੀ ਓਨੇਂ ਪੜੇ ਲਿਖੇ ਮੁੰਡੇ ਨਹੀਂ ਮਿਲ ਰਹੇ। ਉਹਨਾਂ ਆਖਿਆ ਕਿ ਨੌਜੁਆਨਾਂ ਦੇ ਵਿਆਹਾਂ ਦੀ ਉਮਰ ਦਾ ਲੰਘਣਾ ਇੱਕ ਵੱਡੀ ਸਮਾਜਿਕ ਤਰਾਸਦੀ ਦਾ ਸੂਚਕ ਹੈ ਜਿਸਦਾ ਫਿਲਹਾਲ ਕੋਈ ਹੱਲ ਦਿਖਾਈ ਨਹੀਂ ਦਿੰਦਾ।

No comments:
Post a Comment
Note: only a member of this blog may post a comment.