Saturday, 30 July 2011

ਪੰਜਾਬ ਦੀ ਹਕੂਮਤ ਤੇ ਪਿਤਾ ਪੁਰਖੀ ਰਾਜ ਲਾਗੂ ਕਰਨ ਵਰਗਾ ਮਾਹੌਲ

ਸੂਬੇ ਦੀ ਸਿਆਸਤ ਤੋਂ ਪ੍ਰੀਵਾਰਵਾਦ ਹੋਇਆ ਭਾਰੂ

ਬਠਿੰਡਾ, ਅਸ਼ੋਕ ਵਰਮਾ
ਪੰਜਾਬੀ ਕਹਾਵਤ ' ਅੰਨਾ ਵੰਡੇ ਸ਼ੀਰਨੀ ਮੁੜ-ਮੁੜ ਘਰਦਿਆਂ ਨੂੰ ਦੇ' ਪੰਜਾਬ ਦੇ ਸਿਆਸਤਦਾਨਾਂ ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਕਿਉਂਕਿ ਬੀਤੇ ਕਈ ਵਰ੍ਹਿਆਂ ਤੋਂ ਸੂਬੇ ਦੀ ਹਕੂਮਤ ਤੇ ਕਬਜਾ ਕਰਨ ਖਾਤਰ ਕੁੱਝ ਪ੍ਰਮੁੱਖ ਸਿਆਸੀ ਪ੍ਰੀਵਾਰਾਂ ਨੇ ਆਪਣੇ ਪ੍ਰੀਵਾਰਕ ਮੈਂਬਰਾਂ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਨੂੰ ਚੋਟੀ ਦੇ ਅਹੁਦੇ ਬਖਸ਼ਣੇ ਸ਼ੁਰੂ ਕਰ ਦਿੱਤੇ ਹਨ ਇਸ ਦਾ ਇਹ ਵੀ ਮਤਲਬ ਨਹੀਂ ਕਿ ਪੰਜਾਬ 'ਚੋਂ ਸੂਝਵਾਨ ਰਾਜਨੇਤਾ ਖਤਮ ਹੋ ਗਏ ਹਨ ਪਰ ਤਾਜਾ ਹਾਲਾਤ ਇਹ ਹਨ ਕਿ ਨੇਤਾਵਾਂ ਦੀ ਸੋਚ ਲੋਕਾਂ ਦੀ ਬਜਾਏ ਪਿਤਾ ਪੁਰਖੀ ਗਲਬੇ ਤੇ ਅਟਕ ਗਈ ਹੈ ਇੱਥੋਂ ਦੇ ਸਿਆਸੀ ਹਾਲਾਤਾਂ ਤੇ ਸਰਸਰੀ ਨਜ਼ਰ ਮਾਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ 'ਚ ਬਾਕੀ ਸਿਆਸਤਦਾਨਾਂ ਨਾਲੋਂ ਅੱਗੇ ਨਿੱਕਲ ਗਏ ਹਨ ਆਪਣੇ ਤੋਂ ਪਹਿਲੇ ਆਗੂਆਂ ਤੋਂ ਮਿਲੀ ਸਿਆਸੀ ਵਿਰਾਸਤ ਉਹਨਾਂ ਦੀ ਨਿੱਜੀ ਜਾਗੀਰ ਬਣ ਗਈ ਹੈ ਜਿਸ ਦਾ ਵਿਖਾਵਾ ਉਹ ਆਪਣੇ ਪੁੱਤ ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ, ਅਕਾਲੀ ਦਲ ਦਾ ਪ੍ਰਧਾਨ ਅਤੇ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਕਰ ਚੁੱਕੇ ਹਨ ਤੇ ਹੁਣ ਇੱਕ ਕਦਮ ਹੋਰ ਵੀ ਅੱਗੇ ਜਾਂਦਿਆਂ ਸੁਖਬੀਰ ਦੇ ਸਾਲੇ ਤੇ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਨੂੰ ਨੌਜੁਆਨ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਹੈ ਬਾਦਲ ਪ੍ਰੀਵਾਰ ਦੀਆਂ ਹੋਰ ਸਾਕ ਸਕੀਰੀਆਂ ਨੂੰ ਇੱਕ ਪਾਸੇ ਕਰ ਦੇਈਏ ਤਾਂ ਪਿੱਛੇ ਜਿਕਰ ਆਏ ਆਪਣੇ ਪ੍ਰੀਵਾਰਕ ਮੈਂਬਰਾਂ ਤੋਂ ਇਲਾਵਾ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਸਿਆਸਤ 'ਚ ਸਰਗਰਮ ਤੇ ਇਸ ਵੇਲੇ ਕੈਬਨਿਟ ਮੰਤਰੀ ਹੈ ਰਸਤੇ ਭਾਵੇਂ ਵੱਖ ਹੋ ਗਏ ਹਨ ਪਰ ਮੁੱਖ ਮੰਤਰੀ ਦੇ ਭਰਾ ਗੁਰਦਾਸ ਸਿੰਘ ਬਾਦਲ ਵੱਲੋਂ ਰਾਜਨੀਤੀ 'ਚ ਭਾਗ ਲੈਣ ਦਾ ਸਿਲਸਿਲਾ ਜਾਰੀ ਹੈ ਇਹੋ ਹੀ ਨਹੀਂ ਗੁਰਦਾਸ ਬਾਦਲ ਦਾ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਪੀਪਲਜ ਪਾਰਟੀ ਦਾ ਪ੍ਰਧਾਨ ਹੈ ਤੇ ਲੋਕਾਂ ਦੀ ਗੱਲ ਕਰਨ ਦੇ ਦਾਅਵਿਆਂ ਤੇ ਵਾਅਦਿਆਂ ਵਿਚਕਾਰ ਮਨਪ੍ਰੀਤ ਦਾ ਪੁੱਤਰ ਵੀ ਸਿਆਸਤ 'ਚ ਪੈਰ ਰੱਖਣ ਦੀ ਤਿਆਰੀ 'ਚ ਹੈ ਦੂਜੇ ਅਕਾਲੀ ਆਗੂਆਂ ਦੀ ਗੱਲ ਕਰੀਏ ਤਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ ਦਾ ਪੁੱਤਰ ਦਿਲਰਾਜ ਸਿੰਘ ਭੂੰਦੜ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਤੇ ਨੂੰਹ ਜਸਪਾਲ ਕੌਰ ਸੂਚਨਾ ਕਮਿਸ਼ਨਰ ਹੈ ਸੁਖਦੇਵ ਸਿੰਘ ਢੀਡਸਾ ਦਾ ਪੁੱਤਰ ਪ੍ਰਮਿੰਦਰ ਸਿੰਘ ਢੀਡਸਾ, ਸਾਬਕਾ ਮੰਤਰੀ ਤੋਤਾ ਸਿੰਘ ਦਾ ਪੁੱਤਰ ਮੱਖਣ ਸਿੰਘ ਤੋਂ ਇਲਾਵਾ ਕਈ ਅਕਾਲੀ ਆਗੂ ਹਨ ਜਿੰਨਾਂ ਨੇ ਆਪਣਿਆਂ ਨੂੰ ਸਿਆਸੀ ਵਾਰਿਸ ਬਣਾਇਆ ਹੋਇਆ ਹੈ ਗੱਲ ਕਾਂਗਰਸ ਦੀ ਕਰੀਏ ਤਾਂ ' ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ ' ਅਨੁਸਾਰ ਆਪਣੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਨਕਸ਼ੇ ਕਦਮ ਤੇ ਚਲਦਿਆਂ ਕੁਨਬਾ ਪ੍ਰਸਤੀ ਦੀ ਸਿਆਸਤ ਦੇ ਪ੍ਰਛਾਵੇਂ ਤੋਂ ਇਹ ਪਾਰਟੀ ਵੀ ਨਹੀਂ ਬਚ ਸਕੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਪਾਰਟੀ 'ਚ ਅਹੁਦੇਦਾਰ ਹੈ ਤੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜ ਚੁੱਕਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਪ੍ਰਨੀਤ ਕੌਰ ਕੇਂਦਰ 'ਚ ਵਿਦੇਸ਼ ਰਾਜ ਮੰਤਰੀ ਹੈ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪ੍ਰੀਵਾਰ ਦੇ ਮੈਂਬਰ ਵੀ ਰਾਜਸੀ ਅਖਾੜੇ 'ਚ ਸਰਗਰਮ ਹਨ ਬੇਅੰਤ ਸਿੰਘ ਦਾ ਸਪੁੱਤਰ ਤੇਜ ਪ੍ਰਕਾਸ਼ ਸਿੰਘ, ਪੁੱਤਰੀ ਗੁਰਕੇਵਲ ਕੌਰ, ਪੋਤਰੇ ਗੁਰਕੀਰਤ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੇ ਰਾਜਨੀਤੀ ਦੇ ਮੈਦਾਨ 'ਚ ਮੋਰਚਾ ਸੰਭਾਲਿਆ ਹੋਇਆ ਹੈ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵੀ ਇਸ ਦੌੜ 'ਚ ਕਿਸੇ ਤੋਂ ਪਿੱਛੇ ਨਹੀਂ ਹੈ ਬੀਬੀ ਦਾ ਭਰਾ ਕੁਲਦੀਪ ਸਿੰਘ ਭੱਠਲ ਸਿਆਸਤ 'ਚ ਭਾਗ ਲੈ ਰਿਹਾ ਹੈ ਭਤੀਜੀ ਰੋਜੀ ਭੱਠਲ ਨੂੰ ਭਾਵੇਂ ਹਾਲੇ ਤੱਕ ਵੱਡੀ ਸਫਲਤਾ ਹਾਸਿਲ ਨਹੀਂ ਹੋਈ ਪਰ ਰਾਜਸੀ ਨਕਸ਼ੇ ਤੇ ਉੱਭਰਨ ਲਈ ਲੰਬੇ ਸਮੇਂ ਤੋਂ ਯਤਨ ਕਰਦੀ ਆ ਰਹੀ ਹੈ ਬੀਬੀ ਵੱਲੋਂ ਆਪਣੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੂੰ ਆਪਣਾ ਸਿਆਸੀ ਵਾਰਿਸ ਬਣਾਉਣ ਦੀ ਤਮੰਨਾ ਕਿਸੇ ਤੋਂ ਛੁਪੀ ਨਹੀਂ ਉਹਨਾਂ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਰਾਹੁਲ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦਿਵਾਉਣ ਲਈ ਵੀ ਮੋਰਚਾ ਲਾਇਾਅ ਸੀ ਪਰ ਸਫਲ ਨਹੀਂ ਹੋ ਸਕੀ ਸੂਤਰ ਦੱਸਦੇ ਹਨ ਕਿ ਬੀਬੀ ਭੱਠਲ ਦਾ ਇੱਕ ਭਤੀਜਾ ਸਤਮਕੀ ਵੀ ਇਸ ਖੇਤਰ 'ਚ ਦਾਖਲ ਹੋਣ ਦਾ ਚਾਹਵਾਨ ਹੈ ਜਦੋਂ ਕਿ ਦੂਜੇ ਭਤੀਜੇ ਗੁਰਬੀਰ ਸਿੰਘ ਗੁਰੀ ਨੇ ਪਿਛਲੀ ਵਾਰ ਯੂਥ ਕਾਂਗਰਸ ਦੀ ਚੋਣ ਲੜੀ ਸੀ ਇਹੋ ਹੀ ਨਹੀਂ ਬਠਿੰਡਾ ਪੱਟੀ 'ਚ ਪੈਂਦੇ ਵਿਧਾਨ ਸਭਾ ਹਲਕਾ ਮਾਨਸਾ ਦੇ ਕਾਂਗਰਸੀ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੇ ਆਪਣੇ ਪੁੱਤਰ ਜਗਸੀਰ ਗਾਗੋਵਾਲ ਨੂੰ ਜ਼ਿਲ੍ਹਾ ਪ੍ਰਧਾਨ ਬਣਵਾ ਲਿਆ ਹੈ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਪੁੱਤਰ ਬਿਕਰਮ ਮੋਫਰ ਯੂਥ ਕਾਂਗਰਸ ਦੀ ਚੋਣ ਲੜਨ ਲਈ ਪੱਬਾਂ ਭਾਰ ਹੈ ਸੀਨੀਅਰ ਕਾਂਗਰਸੀ ਆਗੂ ਜਗਮੀਤ ਬਰਾੜ ਦਾ ਭਰਾ ਰਿਪਜੀਤ ਵਿਧਾਇਕ ਹੈ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਧਰਮਪਤਨੀ ਸੁਰਜੀਤ ਕੌਰ ਅਤੇ ਪੁੱਤਰ ਗਗਨਜੀਤ ਸਿੰਘ ਬਰਨਾਲਾ, ਮਰਹੂਮ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬੰਨੀ ਅਤੇ ਬਲਰਾਮ ਜਾਖੜ ਦੇ ਪੁੱਤਰ ਸੁਨੀਲ ਰਾਜਨੀਤੀ 'ਚ ਸਰਗਰਮ ਹਨ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਪੰਜਾਬ ਦੀ
ਮਾਝਾ ਅਤੇ ਦੋਆਬਾ ਪੱਟੀ 'ਚ ਅਨੇਕਾਂ ਉਦਾਹਰਨਾਂ ਹਨ ਜਿੱਥੇ ਸਿਆਸਤਦਾਨਾਂ ਦੇ ਧੀਆਂ ਪੁੱਤਰਾਂ ਨੇ ਰਾਜਨੀਤੀ ਦੇ ਮੋਰਚੇ ਮੱਲੇ ਹੋਏ ਹਨ ਜਿਸ ਦੇ ਚਲਦਿਆਂ ਆਮ ਵਰਕਰ ਦੀ ਪੁੱਛ ਪ੍ਰਤੀਤ ਖਤਮ ਹੋਈ ਪਈ ਹੈ ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਲਾਲ ਬਾਂਸਲ ਦਾ ਕਹਿਣਾ ਸੀ ਕਿ ਰਾਜਨੀਤੀ ਨੂੰ ਸੇਵਾ ਸਮਝਣ ਵਾਲਾ ਯੁੱਗ ਖਤਮ ਹੋ ਗਿਆ ਹੈ ਨੈਤਿਕ ਕਦਰਾਂ ਕੀਮਤਾਂ ਬੀਤੇ ਦੀ ਗੱਲ ਬਣਕੇ ਰਹਿ ਗਈਆਂ ਹਨ ਅਤੇ ਹਰੇਕ ਆਗੂ ਹਰ ਤਰ੍ਹਾਂ ਦੇ ਅਹੁਦੇ ਆਪਣੇ ਟੱਬਰਾਂ ਤੱਕ ਸੀਮਤ ਕਰਨ 'ਚ ਲੱਗਾ ਹੋਇਆ ਹੈ ਜਿਸ ਦੇ ਸਿੱਟੇ ਵਜੋਂ ਸਿਆਸ 'ਚ ਨਿਘਾਰ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਹਨ

No comments:

Post a Comment

Note: only a member of this blog may post a comment.