Thursday, 8 March 2012

ਟਾਪ 20 ਕਰੋੜਪਤੀਆਂ 'ਚੋਂ 11 ਹਾਰੇ

ਬਠਿੰਡਾ, ਅਸ਼ੋਕ ਵਰਮਾ
ਆਖਿਆ ਜਾਂਦਾ ਹੈ ਕਿ ਚੋਣਾਂ ਵਿੱਚ ਧਨ ਸ਼ਕਤੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਪਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਹ ਵੀ ਸਪੱਸ਼ਟ ਹੋਇਆ ਹੈ ਕਿ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ ਕਿਉਂਕਿ ਇਹ ਚੋਣਾਂ ਲੜੇ ਟਾਪ 20 ਕਰੋੜਪਤੀਆਂ 'ਚੋਂ 11 ਚੋਣ ਹਾਰ ਗਏ ਹਨ। ਉਂਜ ਸਭ ਤੋਂ ਵੱਧ ਧਨਾਢ 4 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਵਿਧਾਨ ਸਭਾ 'ਚ ਦਾਖਲਾ ਵੀ ਹਾਸਲ ਕਰ ਲਿਆ ਹੈ। ਹਾਰ ਦਾ ਮੂੰਹ ਦੇਖਣ ਵਾਲੇ ਅਮੀਰ ਉਮੀਦਵਾਰਾਂ 'ਚ ਪੰਜਵੇਂ ਸਥਾਨ ਵਾਲੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਸੁਖਪਾਲ ਸਿੰਘ ਨੰਨੂ ਵੀ ਸ਼ਾਮਲ ਹੈ ਜਿਸ ਕੋਲ 55 ਕਰੋੜ 72 ਲੱਖ 12 ਹਜ਼ਾਰ 212 ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਹੈ। ਇਹ ਉਹ ਵੇਰਵੇ ਹਨ ਜੋ ਉਮੀਦਵਾਰ ਆਪਣੀ ਨਾਮਜਦਗੀ ਦਾਖਲ ਕਰਨ ਸਮੇਂ ਰਿਟਰਨਿੰਗ ਅਫਸਰਾਂ ਅੱਗੇ ਹਲਫੀਆ ਬਿਆਨ ਅੱਗੇ ਪੇਸ਼ ਕਰਦੇ ਹਨ। ਉਂਜ 266 ਕਰੋੜਪਤੀਆਂ ਨੇ ਇਸ ਵਾਰ ਵਿਧਾਨ ਸਭਾ ਦੀ ਚੋਣ ਲੜੀ ਹੈ। ਹਲਕਾ ਭੁਲੱਥ ਤੋਂ 52 ਕਰੋੜੀ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਾਰ ਹੋਈ ਹੈ। ਸ੍ਰੀ ਖਹਿਰਾ ਇਸ ਤੋਂ ਪਹਿਲਾਂ ਵਿਧਾਇਕ ਸਨ। ਸੰਗਰੂਰ ਜ਼ਿਲ•ੇ ਦੇ ਹਲਕੇ ਸੁਨਾਮ ਤੋਂ ਸਾਬਕਾ ਮੰਤਰੀ ਭਗਵਾਨ ਦਾਸ ਅਰੋੜਾ ਦਾ ਸਪੁੱਤਰ ਅਮਨ ਅਰੋੜਾ ਇਸ ਵਾਰ ਵੀ ਹਾਰ ਗਿਆ ਹੈ। ਉਸ ਕੋਲ 47 ਕਰੋੜ 26 ਲੱਖ 54 ਹਜ਼ਾਰ ਰੁਪਏ ਦੀ ਜਾਇਦਾਦ ਹੈ। ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਦੋ ਕਰੋੜਪਤੀਆਂ ਦੀ ਟੱਕਰ 'ਚ 45 ਕਰੋੜੀ ਵਿਧਾਇਕ ਸਰਬਜੀਤ ਸਿੰਘ ਮੱਕੜ ਚੋਣ ਹਾਰ ਗਿਆ ਹੈ ਜਦੋਂ ਕਿ ਉਸ ਨੂੰ ਹਰਾਉਣ ਵਾਲੇ 68 ਕਰੋੜ 48 ਲੱਖ 36 ਹਜ਼ਾਰ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਰਾਣਾ ਗੁਰਮੀਤ ਸਿੰਘ ਚੋਟੀ ਦੇ 20 ਕਰੋੜਪਤੀਆਂ 'ਚੋਂ ਚੌਥਾ ਸਥਾਨ ਰੱਖਦੇ ਹਨ। ਦੱਸਣਯੋਗ ਹੈ ਕਿ ਇਹ ਉਹ ਸਰਬਜੀਤ ਸਿੰਘ ਮੱਕੜ ਹਨ ਜਿੰਨਾਂ ਦਾ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨਾਲ ਵਿਵਾਦ ਰਿਹਾ ਹੈ। ਹਾਰਨ ਵਾਲੇ ਧਨਾਢਾਂ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਅਤੇ ਸਮਾਣਾ ਤੋਂ ਉਮੀਦਵਾਰ ਯੁਵਰਾਜ ਰਣਇੰਦਰ ਸਿੰਘ ਦਾ ਨਾਂ ਵੀ ਬੋਲਦਾ ਹੈ। ਰਣਇੰਦਰ 34 ਕਰੋੜ 59 ਲੱਖ 77 ਹਜ਼ਾਰ 574 ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਹਲਕਾ ਦਾਖਾ ਤੋਂ ਚੋਣ ਲੜੇ 32 ਕਰੋੜ 47 ਲੱਖ 26 ਹਜ਼ਾਰ ਦੀ ਮਲਕੀਅਤ ਵਾਲੇ ਵਿਧਾਇਕ ਤੇ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਖੰਗੂੜਾ ਵੀ ਇਸ ਵਾਰ ਸਦਨ ਦਾ ਦਰਵਾਜਾ ਨਹੀਂ ਖੜਕਾ ਸਕੇ। ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਮਲਕੀਅਤ ਸਿੰਘ ਅਤੇ ਨਕੋਦਰ ਤੋਂ ਕਾਂਗਰਸ ਦੇ ਹੀ ਅਮਰਜੀਤ ਸਿੰਘ ਸਮਰਾ ਦੀ ਅਮੀਰੀ ਵੀ ਉਹਨਾਂ ਦੇ ਇਸ ਵਾਰ ਕੰਮ ਨਹੀਂ ਆਈ। ਇਹ ਦੋਵੇਂ ਆਗੂ ਕ੍ਰਮਵਾਰ 31 ਕਰੋੜ 60 ਲੱਖ 80 ਹਜ਼ਾਰ 27 ਰੁਪਏ ਅਤੇ 29 ਕਰੋੜ 1 ਲੱਖ 54 ਹਜ਼ਾਰ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। 
ਇਕੱਲੇ ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਦੇ ਹੀ ਨਹੀਂ ਪੀਪਲਜ ਪਾਰਟੀ ਦੇ ਅਮੀਰਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸਾਬਕਾ ਵਿੱਤ ਮੰਤਰੀ, ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਪੀਪਲਜ ਪਾਰਟੀ ਦੇ ਪ੍ਰਧਾਨ ਅਤੇ 28 ਕਰੋੜੀ ਮਨਪ੍ਰੀਤ ਬਾਦਲ ਨੇ ਦੋ ਹਲਕਿਆਂ ਗਿੱਦੜਬਾਹਾ ਅਤੇ ਮੌੜ ਤੋਂ ਕਿਸਮਤ ਅਜਮਾਈ ਪਰ ਹਾਰ ਗਏ। ਇਸੇ ਹੀ ਪਾਰਟੀ ਦੇ ਰੂਪਨਗਰ ਤੋਂ ਅਮਨਦੀਪ ਸਿੰਘ ਬਰਾੜ ਤੇ 25 ਕਰੋੜ 76 ਲੱਖ 78 ਹਜ਼ਾਰ 500 ਦੀ ਜਾਇਦਾਦ ਦੇ ਮਾਲਕ ਵੀ ਚੋਣ ਹਾਰੇ ਹਨ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਹਾਰਨ ਵਾਲੇ ਇਹਨਾਂ ਧਨੀ ਵਿਅਕਤੀਆਂ 'ਚ ਕਾਂਗਰਸ ਦੇ ਸਭ ਤੋਂ ਵੱਧ 5, ਭਾਜਪਾ ਤੇ ਅਕਾਲੀ ਦਲ ਦਾ 1-1 ਅਤੇ ਪੀਪਲਜ ਪਾਰਟੀ ਦੇ 3 (ਵਿਅਕਤੀ 2 ਸੀਟਾਂ 3) ਉਮੀਦਵਾਰ ਸ਼ਾਮਲ ਹਨ। ਜਿੱਤਣ ਵਾਲੇ ਕਰੋੜਪਤੀਆਂ 'ਚ ਸਭ ਤੋਂ ਵੱਧ ਅਮੀਰ ਅਤੇ 1 ਅਰਬ, 28 ਕਰੋੜ, 43 ਲੱਖ 78 ਹਜ਼ਾਰ 782 ਰੁਪਏ ਦੀ  ਚਲ ਅਤੇ ਅਚੱਲ ਜਾਇਦਾਦ ਦੀ ਮਾਲਕ ਮਰਹੂਮ ਵਿਧਾਇਕ ਸੰਨੀ ਬਰਾੜ ਦੀ ਧਰਮਪਤਨੀ ਕਰਮ ਕੌਰ ਬਰਾੜ ਵੀ ਸ਼ਾਮਲ ਹੈ ਜਦੋਂ ਕਿ ਦੂਸਰੇ ਨੰਬਰ ਤੇ 90 ਕਰੋੜ 86 ਲੱਖ 1 ਹਜ਼ਾਰ 691 ਰੁਪਏ ਦੇ ਮਾਲਕ ਸੁਖਬੀਰ ਬਾਦਲ, ਤੀਸਰੇ ਸਥਾਨ ਵਾਲੇ ਵਿਧਾਇਕ ਤੇ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ (78 ਕਰੋੜ 51 ਲੱਖ 58 ਹਜ਼ਾਰ 28 ਰੁਪਏ) ਵੀ ਚੋਣ ਜਿੱਤੇ ਹਨ। ਅਕਾਲੀ ਸਰਕਾਰ 'ਚ ਮੰਤਰੀ ਤੇ ਮੁੱਖ ਮੰਤਰੀ ਦੇ ਜੁਆਈ 51 ਕਰੋੜੀ ਆਦੇਸ਼ ਪ੍ਰਤਾਪ ਸਿੰਘ ਕੈਰੋ, 45 ਕਰੋੜੀ ਮਹਾਰਾਜ ਕੈਪਟਨ ਅਮਰਿੰਦਰ ਸਿੰਘ, 22 ਕਰੋੜੀ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਅਤੇ 21 ਕਰੋੜੀ ਕਾਂਗਰਸੀ ਸੁੰਦਰ ਸਿਆਮ ਅਰੋੜਾ ਸ਼ਾਮਲ ਹਨ।

No comments:

Post a Comment

Note: only a member of this blog may post a comment.