Monday, 1 August 2011

ਮਾਸੂਮਾਂ ਦੇ ਦੁਪਹਿਰ ਦੇ ਖਾਣੇ ਦੇ ਲੱਖਾਂ ਰੁਪਏ ਦੱਬੀ ਬੈਠੀ ਹੈ ਪੰਜਾਬ ਸਰਕਾਰ

ਅਧਿਆਪਕ ਤੇ ਸੈਲਫ ਹੈਲਪ ਗਰੁੱਪਾਂ ਦੀ ਲੱਖਾਂ ਰੁਪਏ ਦੀ ਰਾਸ਼ੀ ਬਕਾਇਆ
ਬਠਿੰਡਾ,ਅਸ਼ੋਕ ਵਰਮਾ 

ਮਿੱਡ-ਡੇ-ਮੀਲ ਲਈ ਲੋੜੀਂਦੀ ਰਾਸ਼ੀ ਜਾਰੀ ਨਾ ਹੋਣ ਕਰਕੇ ਜ਼ਿਲ੍ਹਾ ਬਠਿੰਡਾ ਦੇ ਸੈਂਕੜੇ ਸਰਕਾਰੀ ਸਕੂਲਾਂ 'ਚ ਪੱਲਿਓ ਖਰਚ ਕਰਕੇ ਚੁੱਲਾ ਤਪਾ ਰਹੇ ਅਧਿਆਪਕਾਂ ਵੱਲੋਂ ਇਸ ਸਕੀਮ ਨੂੰ ਚਲਾਉਣ ਤੋਂ ਹੱਥ ਖੜ੍ਹੇ ਕਰਨ ਨਾਲ ਸਕੂਲਾਂ 'ਚ ਖਾਲੀ ਭਾਂਡੇ ਖੜਕਣ ਦੇ ਆਸਾਰ ਬਣ ਗਏ ਹਨ। ਹਾਲਾਂਕਿ ਇਹ ਅਧਿਆਪਕ ਅਧਿਕਾਰੀਆਂ ਨੂੰ ਵਾਰ–ਵਾਰ ਕਹਿ ਰਹੇ ਸਨ ਪਰ ਫਿਰ ਵੀ ਫੰਡਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸੇ ਦੌਰਾਨ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜਲਦੀ ਗ੍ਰਾਂਟ ਜਾਰੀ ਨਾ ਕੀਤੀ ਤਾਂ ਮਜਬੂਰੀ ਵੱਸ ਅਗਲੀ ਰਣਨੀਤੀ ਘੜਨਗ।ੇ ਯੂਨੀਅਨ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਸੈਲਫ ਹੈਲਪ ਗਰੁੱਪ ਅਤੇ ਅਧਿਆਪਕ ਆਪਣੇ ਪੱਲਿਓਂ ਹਜ਼ਾਰਾਂ ਰੁਪਏ ਖਰਚ ਕਰ ਚੁੱਕੇ ਹਨ ਪਰ ਜਦੋਂ ਮਹਿਕਮੇ ਨੇ ਗ੍ਰਾਂਟ ਦੇਣ ਤੋਂ ਮੂੰਹ ਮੋੜ ਲਿਆ ਤਾਂ ਨਿਰਾਸ਼ ਹੋਏ ਅਧਿਆਪਕਾਂ ਨੇ ਰੋਸ ਵਜੋਂ ਅੱਗੇ ਤੋਂ ਖਾਣਾ ਬਣਾਉਣ ਤੋਂ ਮਜਬੂਰੀ ਜਾਹਿਰ ਕੀਤੀ ਹੈ। ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਗੁਰਮਖ ਸਿੰਘ ਨੇ ਆਖਿਆ ਕਿ ਸਰਕਾਰ ਬੱਚਿਆਂ ਪ੍ਰਤੀ ਗੰਭੀਰ ਨਹੀਂ ਹੈ ਇਸ ਆਗੂ ਅਨੁਸਾਰ ਲਹਿਰਾ ਮੁਹੱਬਤ ਦੀ ਲਾਲ ਸਿੰਘ ਬਸਤੀ 'ਚ ਕੰਮ ਕਰਦੇ ਸੈਲਫ ਹੈਲਪ ਗਰੁੱਪ ਤੇ ਕੁੱਕਾਂ ਨੇ ਪਹਿਲੀ ਅਗਸਤ ਤੋਂ ਖਾਣਾ ਬਣਾਉਣ ਤੋਂ ਅਸਮਰੱਥਾ ਜਾਹਿਰ ਕੀਤੀ ਹੈ। ਨਥਾਣਾ ਬਲਾਕ ਦੇ ਜੰਡਾਵਾਲਾ ਸਕੂਲ 'ਚ ਕੰਮ ਕਰਦੇ ਕੁੱਕਾਂ ਦੇ ਜਨਵਰੀ ਤੋਂ ਬਾਅਦ ਪੈਸੇ ਨਹੀਂ ਦਿੱਤੇ ਗÂ।ੇ ਇਹੋ ਹਾਲ ਕਮਾਲੂ ਸਵਚ  ਦੇ ਸਕੂਲ ਦਾ ਹੈ ਜਿੱਥੇ ਕੁੱਕਾਂ ਦੀ ਜਨਵਰੀ ਤੋਂ ਬਾਅਦ ਦੀ ਤਨਖਾਹ ਅਤੇ ਖਾਣੇ ਦਾ 3 ਮਹੀਨੇ ਦਾ ਬਕਾਇਆ ਖੜਾ ਹੈ। ਸਭ ਤੋਂ ਮਾੜੀ ਸਥਿਤੀ ਰਾਮਗੜ੍ਹ ਭੂੰਦੜ ਦੀ ਹੈ ਜਿੱਥੇ ਕੁੱਕਾਂ ਦੇ ਸਤੰਬਰ 2010 ਤੋਂ ਬਾਅਦ ਪੈਸੇ ਹੀ ਨਹੀਂ ਮਿਲੇ ਇਹ ਰਾਸ਼ੀ ਅਧਿਆਪਕ ਆਪਣੀ ਜੇਬ 'ਚੋਂ ਦੇਈ ਬੈਠੇ ਹਨ। ਪੂਹਲਾ, ਕੋਟਲੀ ਸਾਬੋ, ਡੂਮਵਾਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਰਖਿਆਂ ਪਿੰਡ ਘੁੱਦਾ 'ਚ ਦਸੰਬਰ ਤੋਂ ਪਿੱਛੋਂ ਕੁੱਕਾਂ ਦਾ ਬਕਾਇਆ ਅਦਾ ਨਹੀਂ ਹੋਇਆ ਜਦੋਂ ਕਿ ਮਿੱਡ-ਡੇ-ਮੀਲ ਦੀ ਮਾਰਚ ਤੋਂ ਬਾਅਦ ਦੀ ਰਾਸ਼ੀ ਖੜੀ ਹੈ। ਜਰਨਲ ਸਕੱਤਰ ਦੇ ਆਪਣੇ ਸਕੂਲ ਬੁਰਜ ਡੱਲਾ ਦਾ ਹਾਲ ਮਾੜਾ ਹੈ। ਬੰਘੇਰ ਚੜ੍ਹਤ ਸਿੰਘ 'ਚ ਫਰਵਰੀ ਤੋਂ ਅਤੇ ਬੁਰਜ ਸੇਮਾ, ਨਥਾਣਾ ਬ੍ਰਾਂਚ ਮਾੜੀ, ਕਲਿਆਣ ਸੁੱਖਾ ਅਤੇ ਬਾਠ, ਪੂਹਲਾ 'ਚ ਮਾਰਚ ਤੋਂ ਬਾਅਦ ਨਹੀਂ ਮਿਲੇ ਇਹਨਾਂ ਤੋਂ ਬਿਨਾਂ ਹੋਰ ਸਕੂਲਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ ਆਦਮਪੁਰਾ ਸਕੂਲ 'ਚ ਕੁੱਕਾਂ ਸਮੇਤ 30 ਹਜ਼ਾਰ, ਮਲੂਕਾ 'ਚ 37 ਹਜ਼ਾਰ, ਰਾਮੂਵਾਲਾ ਨਵਾਂ 'ਚ 23 ਹਜ਼ਾਰ, ਆਲੀਕੇ 'ਚ 20 ਹਜ਼ਾਰ ਅਤੇ ਸਲਾਬਤਪੁਰਾ ਦਾ 28 ਹਜ਼ਾਰ ਰੁਪਏ ਬਾਕੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਸੀਂਗੋ ਦੀ ਕੁੱਕਾ ਦੀ ਤਨਖਾਹ ਸਮੇਤ ਲਗਭਗ 50 ਹਜ਼ਾਰ ਰੁਪਏ ਦੀ ਰਾਸ਼ੀ ਬਕਾਇਆ ਖੜੀ ਹੈ ਜਦੋਂ ਕਿ ਨੰਗਲਾ ਦੇ 40 ਹਜ਼ਾਰ ਰੁਪਏ, ਬੰਗੀ ਰਘੂ ਦੇ ਕਰੀਬ 38 ਹਜ਼ਾਰ ਰੁਪਏ, ਬੁਗਰਾਂ ਦੇ 45 ਹਜ਼ਾਰ ਰੁਪਏ, ਜੰਗੀਰਾਣਾ ਦੇ 37 ਹਜ਼ਾਰ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤੁੰਗਵਾਲੀ ਦੀ ਇਕੱਲੀ ਮਿੱਡ-ਡੇ-ਮੀਲ ਦੀ ਰਾਸ਼ੀ 40 ਹਜ਼ਾਰ ਰੁਪਏ ਤੇ ਕੁੱਕਾਂ ਦਾ 9 ਹਜ਼ਾਰ ਦਾ ਪੁਰਾਣਾ ਤੇ ਇੰਨਾਂ ਹੀ ਬਕਾਇਆ ਬੀਤੇ ਤਿੰਨ ਮਹੀਨਿਆਂ ਦਾ ਖੜਾ ਹੈ। ਇਸੇ ਤਰ੍ਹਾਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਗਹਿਲੇਵਾਲਾ 'ਚ ਰਾਸ਼ਨ ਤੇ ਕੁੱਕਾਂ ਸਮੇਤ ਕਰੀਬ 24 ਹਜ਼ਾਰ ਰੁਪਏ, ਰਾਮਸਰਾਂ ਦੇ 78 ਹਜ਼ਾਰ ਰੁਪਏ, ਨਹਿਰੀ ਕੋਠੀ ਰਾਏ ਕੇ ਕਲਾਂ ਦੇ 10 ਹਜ਼ਾਰ ਰੁਪਏ, ਭਾਈ ਬਖਤੌਰ ਦੇ 45 ਹਜ਼ਾਰ ਰੁਪਏ ਅਤੇ ਜਗ੍ਹਾ ਰਾਮ ਤੀਰਥ ਦੇ ਸਕੂਲ ਦੇ 51 ਹਜ਼ਾਰ ਰੁਪਏ ਦੀ ਰਾਸ਼ੀ ਬਾਕੀ ਹੈ। ਬਠਿੰਡਾ ਦੇ ਪਰਸਰਾਮ ਨਗਰ 'ਚ ਸੈਲਫ ਹੈਲਪ ਗਰੁੱਪ ਚਲਾ ਰਹੀ ਸੁਨੀਤਾ ਰਾਣੀ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕੁੱਕਾਂ ਦੀ ਤਨਖਾਹ ਦੇ 12 ਹਜ਼ਾਰ ਰੁਪਏ ਅਤੇ ਰਾਸ਼ਨ ਦੇ 29 ਹਜ਼ਾਰ ਰੁਪਏ ਬਾਕੀ ਖੜੇ ਹਨ ਇਸੇ ਤਰ੍ਹਾਂ ਚੰਦਸਰ ਬਸਤੀ ਬਠਿੰਡਾ ਦੇ ਸਕੂਲ 'ਚ ਚੱਲ ਰਹੇ ਸਲਫ ਹੈਲਪ ਗਰੁੱਪ ਦੇ ਰਾਸ਼ਨ ਦੇ 33 ਹਜ਼ਾਰ ਰੁਪਏ ਅਤੇ ਕੁੱਕਾਂ ਦੇ 12 ਹਜ਼ਾਰ ਬਾਕੀ ਹਨ। ਸੁਨੀਤਾ ਰਾਣੀ ਨੇ ਦੱਸਿਆ ਕਿ ਜਿੱਥੇ ਮਿੱਡ-ਡੇ-ਮੀਲ ਵਰਕਰਾਂ ਨੂੰ ਤਨਖਾਹ ਨਾ ਮਿਲਣ ਕਾਰਨ ਉਹਨਾਂ ਦੇ ਪ੍ਰੀਵਾਰ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ ਉੱਥੇ ਸਰਕਾਰ ਵੱਲੋਂ ਗ੍ਰਾਂਟਾ ਨਾ ਦੇਣ ਕਾਰਨ ਦੁਕਾਨਦਾਰਾਂ ਨੇ ਵੀ ਉਧਾਰ ਰਾਸ਼ਨ ਦੇਣ ਤੋਂ ਹੱਥ ਖਿੱਚਣਾ ਆਰੰਭ ਦਿੱਤਾ ਹੈ।
ਉੱਧਰ ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਨਿੱਤ ਦਿਨ ਅਧਿਆਪਕਾਂ ਦੀ ਥੋੜ੍ਹੀ ਜਿਹੀ ਕੋਤਾਹੀ ਵਿਰੁੱਧ ਐਕਸ਼ਨ ਲੈਣ ਦੀਆਂ ਘੁਰਕੀਆਂ ਮਿਲਦੀਆਂ ਹਨ ਪਰ ਹੁਣ ਅਧਿਕਾਰੀਆਂ ਕਾਰਨ ਜ਼ਿਲ੍ਹੇ ਦੇ ਲੱਖਾਂ ਬੱਚੇ ਭੋਜਨ ਤੋਂ ਵਾਂਝੇ ਹੋਣ ਦੇ ਕਗਾਰ ਤੇ ਖੜੇ ਹਨ ਤਾਂ ਕੁੱਝ ਨਹੀਂ ਹੋ ਰਿਹਾ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਭਗਤਾ ਨੇ ਆਖਿਆ ਕਿ ਉਹਨਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੁੱਲੇਵਾਲਾ 'ਚ ਵੀ ਮਿੱਡ-ਡੇ-ਮੀਲ ਦੀ ਰਾਸ਼ੀ ਦਾ ਸੰਕਟ ਬਣਿਆ ਹੋਇਆ ਹੈ ਜਿਸ ਕਾਰਨ ਅਧਿਆਪਕ 30 ਹਜ਼ਾਰ ਰੁਪਏ ਪੱਲਿਓਂ ਖਰਚ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਜਦੋਂ ਸਕੂਲਾਂ 'ਚ ਮਿੱਡ-ਡੇ-ਮੀਲ ਦੇ ਪੈਸੇ ਨਹੀਂ ਆਉਂਦੇ ਤਾਂ ਦੁਕਾਨਦਾਰ ਵੀ ਹੱਥ ਖੜ੍ਹੇ ਕਰ ਦਿੰਦੇ ਹਨ ਜਿਸ ਕਾਰਨ ਵੀ ਅਧਿਆਪਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਸਕੂਲਾਂ ਦੇ ਮੁਖੀਆਂ ਦਾ ਕਹਿਣਾ ਸੀ ਕਿ ਖਾਣਾ ਬਣਾਉਣ ਵਾਲੇ ਕਾਮਿਆਂ ਦੀ ਤਨਖਾਹ ਦਾ ਪੈਸਾ ਮਹਿਕਮੇ ਨੇ ਨਹੀਂ ਭੇਜਿਆ ਤੇ ਅਧਿਆਪਕ ਚੁੱਲਾ ਤਪਦਾ ਰੱਖਣ ਲਈ ਹਜ਼ਾਰਾਂ ਰੁਪਏ ਖਰਚ ਚੁੱਕੇ ਹਨ ਪਰ ਹੁਣ ਵਿੱਤੀ ਬੋਝ ਜਿਆਦਾ ਵਧ ਗਿਆ ਹੈ ਤਾਂ ਉਹ ਹੋਰ ਭਾਰ ਸਹਿਣ ਤੋਂ ਬੇਵੱਸ ਹੋ ਗਏ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਚੰਦ ਮਿਸਾਲਾਂ ਹਨ ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਚਲਦੇ ਸਮੂਹ ਪ੍ਰਾਇਮਰੀ ਸਕੂਲਾਂ ਦਾ ਬੁਰਾ ਹਾਲ ਹੈ। ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਇਹਨਾਂ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਗ੍ਰਾਂਟ ਨਾ ਦਿੱਤੀ ਗਈ ਤਾਂ ਉਹ ਰਸੋਈਆਂ ਬੰਦ ਕਰਨਗੇ। 

ਪੈਸੇ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ - ਜੋਸ਼ੀ 
ਉੱਧਰ ਮਿੱਡ-ਡੇ-ਮੀਲ ਯੋਜਨਾ ਦੇ ਜ਼ਿਲ੍ਹਾ ਮੈਨੇਜਰ ਦਲਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ ਸਕੂਲਾਂ 'ਚ ਆ ਰਹੀ ਸਮੱਸਿਆ ਉਹਨਾਂ ਦੇ ਧਿਆਨ 'ਚ ਹੈ ਉਹਨਾਂ ਦੱਸਿਆ ਕਿ ਸਰਕਾਰ ਤੋਂ ਪ੍ਰਵਾਨਗੀ ਹਾਸਲ ਹੋ ਗਈ ਹੈ ਤੇ 50 ਲੱਖ ਰੁਪਏ ਐਲੀਮੈਂਟਰੀ ਸਕੂਲ, 40 ਲੱਖ ਰੁਪਏ ਸੈਕੰਡਰੀ ਸਕੂਲਾਂ ਅਤੇ 16 ਲੱਖ ਰੁਪਏ ਕੁੱਕਾਂ ਦੀ ਤਨਖਾਹ ਦੇ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜੇਕਰ ਫਿਰ ਵੀ ਕੋਈ ਰਾਸ਼ੀ ਮਹਿਕਮੇ ਵੱਲ ਬਚੇਗੀ ਉਸ ਸਬੰਧੀ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਜਾਏਗਾ ਤਾਂ ਜੋ ਅਦਾਇਗੀ ਜਲਦੀ ਹੋ ਸਕੇ।

No comments:

Post a Comment

Note: only a member of this blog may post a comment.