Monday, 15 August 2011

ਸਿਆਸੀ ਆਗੂਆਂ ਦੇ ਦਾਅਵਿਆਂ ਤੇ ਵਾਅਦਿਆਂ 'ਚ ਸਿਮਟਿਆ ਅਜਾਦੀ ਦਿਹਾੜਾ

ਬਠਿੰਡਾ, ਅਸ਼ੋਕ ਵਰਮਾ
ਪੰਜਾਬ ਵਿੱਚ ਹਾਕਮਾਂ ਦੀ ਕਹਿਣੀ ਤੇ ਕਰਨੀ 'ਚ ਅੰਤਰ ਵਧਣ ਦੇ ਸਿੱਟੇ ਵਜੋਂ ਅਜ਼ਾਦੀ ਦਿਵਸ ਦੀ ਮਹੱਤਤਾ ਦਾਅਵਿਆਂ ਤੇ ਵਾਅਦਿਆਂ 'ਚ ਸਿਮਟ ਕੇ ਰਹਿ ਗਈ ਹੈ। ਅਜ਼ਾਦੀ ਦੇ 64 ਵਰ•ੇ ਬਾਅਦ ਵੀ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਕਰਵਾਈਆਂ ਜਾ ਸਕਣੀਆਂ ਰਾਜ ਦੀ ਖੁਸ਼ਹਾਲਤਾ ਤੇ ਪ੍ਰਸ਼ਨ ਚਿੰਨ ਤਾਂ ਲਾਉਂਦਾ ਹੀ ਹੈ ਬਲਕਿ ਇਹਨਾਂ ਦੀ ਮੰਗ ਕਰਨ ਵਾਲਿਆਂ ਤੇ ਨਿੱਤ ਰੋਜ ਵਰਦੀਆਂ ਪੁਲਿਸ ਦੀਆਂ ਡਾਂਗਾ ਵੀ ਇਹੋ ਸਿੱਧ ਕਰਦੀਆਂ ਹਨ ਕਿ ਸਿਆਸਤਦਾਨਾਂ ਦਾ ਨਿਸ਼ਾਨਾ ਸੱਤਾ ਤੇ ਕਾਬਜ ਹੋਣਾ ਹੀ ਰਹਿ ਗਿਆ ਹੈ। ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਲੋਕ ਮਸਲਿਆਂ ਨੂੰ ਲੈ ਕੇ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਕਾਰ ਸਹਿਮਤੀ ਬਣੇ ਜਾਂ ਨਾ ਬਣੇ ਪਰ ਨਿੱਜੀ ਹਿੱਤਾਂ ਦੇ ਮਾਮਲੇ 'ਚ ਦੋਵੇਂ ਧਿਰਾਂ ਅਕਸਰ ਹੀ ਘਿਓ ਖਿਚੜੀ ਹੁੰਦੀਆਂ ਹਨ। ਅਜ਼ਾਦੀ ਦਿਵਸ ਮੌਕੇ ਕੀਤੇ ਜਾਣ ਵਾਲੇ ਸਮਾਰੋਹਾਂ ਦੌਰਾਨ ਪੁਲਿਸ ਦੇ ਜਵਾਨਾਂ ਵੱਲੋਂ ਸਲਾਮੀ ਲੈਣ ਵੇਲੇ ਜਦੋਂ ਮੰਤਰੀ ਝੰਡਾ ਲਹਿਰਾ ਰਹੇ ਹੁੰਦੇ ਹਨ ਤਾਂ ਦਰਸ਼ਕਾਂ 'ਚ ਕਈ ਚਿਹਰੇ ਅਜਿਹੇ ਵੀ ਹੁੰਦੇ ਹਨ ਜਿੰਨਾਂ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ਵੱਢ-ਵੱਢ ਖਾ ਰਿਹਾ ਹੁੰਦਾ ਹੈ। ਮੰਤਰੀ ਸਟੇਜਾਂ ਤੋਂ ਗਰੀਬੀ ਦੂਰ ਕਰਨ ਦੇ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਉਹਨਾਂ ਨੂੰ ਇਹ ਯਾਦ ਨਹੀਂ ਆਉਂਦਾ ਕਿ ਗਰੀਬ ਆਟਾ-ਦਾਲ ਨਹੀਂ ਉਹ ਮਾਹੌਲ ਮੰਗਦਾ ਹੈ ਤਾਂ ਜੋ ਕਿਸੇ ਵੱਲ ਹੱਥ ਅੱਡਣਾ ਨਾ ਪਵੇ, ਕਿਸਾਨ ਬਿਜਲੀ ਮੰਗਦੇ ਹਨ ਮੁਫਤਖੋਰੀ ਨਹੀਂ ਬਸ਼ਰਤੇ ਉਹਨਾਂ ਨੂੰ ਲਾਹੇਵੰਦ ਭਾਅ ਦਿੱਤੇ ਜਾਣ, ਰੈੱਡ ਕਰਾਸ ਅਧਿਕਾਰੀਆਂ ਵੱਲੋਂ ਨੱਕ ਰਗੜਾ ਕੇ ਅਜ਼ਾਦੀ ਦਿਵਸ 'ਤੇ ਬੁਲਾਏ 'ਅੰਗਹੀਣ' ਰਾਹ ਮੰਗਦੇ ਹਨ ਟਰਾਈਸਾਈਕਲ ਨਹੀਂ ਪਰ ਰਾਜੇਨਤਾ ਹਨ ਕਿ ਭਰੋਸਿਆਂ ਸਹਾਰੇ ਹੀ ਗੱਡੀ ਰੇੜੀ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਪਿਛਲੇ 4 ਕੁ ਸਾਲਾਂ 'ਚ ਪੰਜਾਬ ਨੇ ਬੜੀ ਤਰੱਕੀ ਕੀਤੀ ਹੈ ਪਰ ਲੇਬਰ ਚੌਂਕਾਂ 'ਚ ਮਜ਼ਦੂਰਾਂ ਦੀ ਗਿਣਤੀ ਕਿਉਂ ਨਹੀਂ ਘਟੀ  ਇਸ ਦਾ ਹੁਕਮਰਾਨਾਂ ਕੋਲ ਕੋਈ ਜਵਾਬ ਨਹੀਂ ਬਲਕਿ ਹੁਣ ਤਾਂ ਕਰਜਿਆਂ ਦੀ ਭਾਰੀ ਹੋਈ ਪੰਡ ਦਾ ਬੋਝ ਸਿਰ ਤੋਂ ਲਾਹੁੰਦਿਆਂ ਬੇਜ਼ਮੀਨੇ ਹੋਏ ਜੱਟਾਂ ਦੇ ਪੁੱਤ ਵੀ ਮਜ਼ਦੂਰਾਂ ਦੀ ਲਾਈਨ 'ਚ ਖੜਨ ਲੱਗੇ ਹਨ। ਜਿੰਨਾਂ ਅਜ਼ਾਦ ਫਿਜ਼ਾ ਦੇ ਨਕਸ਼ ਤਰਾਸੇ ਹੋਣਗੇ ਉਹਨਾਂ ਕਦੇ ਇਹ ਸੋਚਿਆ ਨਹੀਂ ਹੋਣਾ ਕਿ ਅੰਨਦਾਤਾ ਅਖਵਾਉਣ ਵਾਲੇ ਕਿਸਾਨਾਂ ਦੀ ਕਹਾਣੀ ਰੇਲ ਦੀ ਪਟੜੀ, ਫਾਹਾ ਲੈਣ ਜਾਂ ਫਿਰ ਜ਼ਹਿਰੀਲੇ ਸਪਰੇਅ ਪੀਣ ਤੇ ਆ ਕੇ ਮੁੱਕਣ ਲੱਗੇਗੀ, ਜੋ ਚਲ ਵਸੇ ਉਹ ਦੇਖਦੇ ਤਾਂ ਏਦਾ ਦੀ ਅਜ਼ਾਦੀ ਤੇ ਅਫਸੋਸ ਹੋਣਾ ਸੀ। ਤਾੜੀਆਂ ਦੀ ਗੂੰਜ ਆਪਣੇ ਆਪ ਨੂੰ ਮਸੀਹਾ ਅਖਵਾਉਂਦੇ ਨੇਤਾ ਵੱਲੋਂ ਵੋਟਾਂ ਪੱਕੀਆਂ ਕਰਨ ਦੇ ਮਕਸਦ ਨਾਲ ਕਰਜੇ ਮੁਆਫ ਕਰਨ ਦੀ ਗੱਲ ਸੁਨਣ ਸਾਰ ਕਿਸਾਨਾਂ ਦੇ ਚਿਹਰੇ ਤੇ ਪਰਤੀ ਖੁਸ਼ੀ ਝੱਟ ਹੀ ਅਲੋਪ ਹੋ ਜਾਂਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਇੱਥੇ 'ਪਸੀਨੇ' ਦਾ ਨਹੀਂ ਵੋਟ ਦਾ ਮੁੱਲ ਪੈਂਦਾ ਹੈ ਜੋ ਕਿ ਧਨਾਢਾਂ ਦੇ ਵੱਸ ਦਾ ਰੋਗ ਬਣ ਗਿਆ ਹੈ। ਸਰਕਾਰੀ ਅਦਾਰਿਆਂ ਵੱਲੋਂ ਹਰ ਵਰ•ੇ ਕਾਰਖਾਨੇਦਾਰਾਂ ਦੇ ਮੁਆਫ ਕੀਤੇ ਜਾਂਦੇ ਕਰੋੜਾਂ ਰੁਪਿਆਂ ਦੀ ਭਾਫ ਨਹੀਂ ਕੱਢੀ ਜਾਂਦੀ ਜਦੋਂ ਕਿ ਦੇਸ਼ ਦਾ ਢਿੱਡ ਭਰਨ ਵਾਲੇ ਨੂੰ ਹਾੜੀ ਸਾਉਣੀ ਦਬਕੇ ਮਾਰੇ ਜਾਂਦੇ ਹਨ। ਕਦੇ ਨਹੀਂ ਸੁਣਿਆ ਕਿ ਕੋਈ ਵਪਾਰੀ ਜਾਂ ਸਨਅਤਕਾਰ ਕਰਜੇ ਦੀ ਖਾਤਰ ਜੇਲ ਗਿਆ ਹੋਵੇ ਪਰ ਕਰਜਈ ਕਿਸਾਨਾਂ ਨੂੰ ਲਾਈਆਂ ਜਾਂਦੀਆਂ ਹਥਕੜੀਆਂ ਦੀਆਂ ਫੋਟੋਆਂ ਹਰ ਛਿਮਾਹੀ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਹਨ। ਪਿੰਡਾਂ ਦੀਆਂ ਸੱਥਾਂ 'ਚ ਬੈਠੇ ਲੋਕ ਗੱਲਾਂ ਕਰਦੇ ਹਨ ਕਿ ਇਸ ਨਵੀਂ ਵਗੀ ਵਾਅ ਸਦਕਾ ਉਹਨਾਂ ਦੀ ਜ਼ਮੀਨ ਮਹਿੰਗੀ ਹੋ ਗਈ ਹੈ ਪਰ ਪਿੰਡਾਂ 'ਚ ਉੱਘ ਰਹੇ ਨਿਵੇਕਲੀ ਕਿਸਮ ਦੇ ਪੱਥਰ ਦੇ ਜੰਗਲ 'ਚੋਂ ਜ਼ਮੀਨਾਂ ਵੇਚ ਕੇ ਤੁਰ ਗਿਆ ਸਰੀਕਾ ਹਮੇਸ਼ਾ ਲਈ ਗੁਆਚ ਗਿਆ ਹੈ। ਮਾਨਸਾ ਜ਼ਿਲ•ੇ 'ਚ ਗੋਬਿੰਦਪੁਰਾ ਦੇ ਲੋਕਾਂ ਨੇ ਆਪਣੀ ਜ਼ਮੀਨ ਬਚਾਉਣ ਲਈ ਹੰਭਲਾ ਮਾਰਿਆ ਤਾਂ ਉਹ ਜ਼ੇਲ•ੀ ਡੱਕ ਦਿੱਤੇ ਪਰ ਸਿਆਸੀ ਪਾਰਟੀਆਂ ਦੇ ਦਫਤਰ ਮੁਫਤ 'ਚ ਦਿੱਤੀ ਜ਼ਮੀਨ 'ਚ ਬਣ ਰਹੇ ਹਨ। ਹੱਡ ਚੀਰਵੀਂ ਠੰਢ ਨਾਲ ਠਰਦੇ ਬੱਚਿਆਂ ਦੇ ਸਕੂਲਾਂ ਲਈ ਖਿੜਕੀਆਂ ਦਰਵਾਜੇ ਨਹੀਂ ਪਰ ਸ਼ਹਿਰ 'ਚ ਬਣ ਰਹੇ ਦਿਓ ਕੱਦ ਸ਼ਾਪਿੰਗ ਮਾਲਾਂ ਨੂੰ ਤਰੱਕੀ ਦੱਸਿਆ ਜਾ ਰਿਹਾ ਹੈ। ਹਾਂ ਇਹ ਅਲਿਹਦਾ ਗੱਲ ਹੈ ਕਿ ਮੁੱਖ ਮੰਤਰੀ ਦੇ ਜੱਦੀ ਪਿੰਡ ਨੂੰ ਦੇਖੀਏ ਤਾਂ ਵਾਕਿਆ ਹੀ ਭੁਲੇਖਾ ਪਵੇਗਾ ਕਿ ਪੰਜਾਬ ਦੇ ਪਿੰਡਾਂ ਨੇ ਐਨੀਂ ਤਰੱਕੀ ਕਰ ਲਈ ਹੈ। ਹਾਕਮ ਧਿਰਾਂ ਕੋਲ ਇਹ ਦੱਸਣ ਦੀ ਵਿਹਲ ਨਹੀਂ ਕਿ 'ਬਾਦਲ' 'ਚ ਘੋੜਿਆਂ ਦਾ ਸਰਕਾਰੀ ਹਸਪਤਾਲ ਬਣਨ ਨਾਲ ਬੀਕਾਨੇਰ ਕੈਂਸਰ ਦੇ ਇਲਾਜ ਲਈ ਜਾਣ ਵਾਲੇ ਮਰੀਜਾਂ ਦੇ ਦੁੱਖ ਕਿਵੇਂ ਕੱਟੇ ਜਾਣਗੇ? ਧਰਤੀ ਹੇਠਲੇ ਜ਼ਹਿਰੀਲੇ ਪਾਣੀ ਨੂੰ ਪੀਣ ਨਾਲ ਮਨੁੱਖੀ ਸ਼ਰੀਰਾਂ 'ਚ ਜਹਿਰ ਫੈਲ ਗਿਆ ਹੈ। ਮਾਲਵੇ ਦੀ ਤ੍ਰਾਸਦੀ ਵੇਖੋ ਕਿ ਇੱਥੇ ਤਾਂ ਹੁਣ ਬਹੁਤੇ ਜੁਆਕਾਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਦਾ। ਬਚਪਨ ਤੋਂ ਪਹਿਲਾਂ ਕੈਂਸਰ ਪੁੱਜ ਜਾਂਦਾ ਹੈ। ਆਖਦੇ ਹਨ ਕਿ ਬਠਿੰਡੇ ਵੱਡਾ ਹਸਪਤਾਲ ਬਣ ਰਿਹਾ ਹੈ ਪਰ ਇਹ ਨਹੀਂ ਦੱਸਿਆ ਕਿ ਗਰੀਬ ਦੇ ਅੰਦਰ ਲੰਘਣ ਲਈ ਕਿਹੜੀ ਦੇਹਲੀ ਬਣ ਰਹੀ ਹੈ। ਸਰਕਾਰੀ ਹਸਪਤਾਲਾਂ 'ਚ ਨਿੱਕੀਆਂ ਮੋਟੀਆਂ ਬਿਮਾਰੀਆਂ ਦੀ ਕਤਾਰ ਲੰਬੀ ਹੋਣ ਲੱਗੀ ਹੈ। ਰੈੱਡ ਕਰਾਸ ਦੀ ਦਵਾਈਆਂ ਦੀ ਦੁਕਾਨ ਦੇ ਭਾਅ ਪ੍ਰਾਈਵੇਟ ਨਾਲੋਂ ਵਧ ਗਏ ਹਨ। ਸਰਕਾਰੀ ਦਫਤਰਾਂ 'ਚ ਭਰਤੀ ਨਾ ਹੋਣ ਕਰਕੇ ਬਾਬੂ ਮਾਨਸਿਕ ਤਣਾਅ ਹੇਠ ਹੈ। ਇੱਕ ਬੰਦੇ ਨੂੰ 4-4 ਸੀਟਾਂ 'ਤੇ ਕੰਮ ਕਰਨਾ ਪੈ ਰਿਹਾ ਹੈ। ਸਿਆਸੀ ਧਿਰ ਕੋਈ ਵੀ ਹੋਵੇ ਉਸਦੀ ਇਹੋ ਨੀਅਤ ਰਹੀ ਹੈ ਕਿ ਨੌਜੁਆਨਾਂ ਨੂੰ ਕਿਵੇਂ ਠੰਢਾ ਰੱਖਿਆ ਜਾਵੇ। ਸਰਕਾਰ ਕਦੇ ਠੇਕੇ ਤੇ, ਕਦੇ ਰਮਸਾ ਤੇ ਕਦੇ ਆਦਰਸ਼ ਸਕੂਲਾਂ ਦਾ ਪੱਤਾ ਚਲਦੀ ਹੈ। ਜਿੰਨੇ ਕੋਰਸ ਵਧੇ ਓਨੀਂ ਜਿਆਦਾ ਡਾਂਗ ਬੇਰੁਜ਼ਗਾਰਾਂ ਤੇ ਫਿਰੀ ਹੈ। ਪਹਿਲਾਂ 5 ਵਰ•ੇ ਕਾਂਗਰਸ ਸਰਕਾਰ ਆਪਣਾ ਹੱਥ ਦਿਖਾਉਂਦੀ ਰਹੀ ਹੁਣ ਵਾਲੀ ਸਰਕਾਰ ਵੀ ਇਸੇ ਰਾਹ ਤੁਰੀ ਹੋਈ ਹੈ। ਪੁਲਿਸ ਹੈ ਕਿ ਓਨਾਂ ਹੱਥ ਚੋਰ ਉਚੱਕਿਆ ਤੇ ਨਹੀਂ ਅਜ਼ਮਾਉਂਦੀ ਜਿੰਨਾਂ ਰੁਜ਼ਗਾਰ ਮੰਗਣ ਵਾਲਿਆਂ ਨੂੰ ਦੇਖਕੇ ਮਲਣ ਲੱਗਦੀ ਹੈ। ਪੰਜਾਬ ਦੇ ਡੀ. ਜੀ. ਪੀ. ਨੇ ਲੰਬੀ 'ਚ ਬੇਰੁਜ਼ਗਾਰਾਂ ਦੇ ਸੁਆਗਤ ਲਈ ਖਾਸ ਪ੍ਰਬੰਧ ਕੀਤੇ ਹਨ ਜਿੱਥੇ 'ਅਦਲੀ ਰਾਜੇ' ਦਾ ਪਿੰਡ ਬਹੁਤ ਦੂਰ ਨਹੀਂ ਹੈ। ਕੋਈ ਟੈਂਕੀ ਤੇ ਚੜਿ•ਆ ਹੈ, ਕੋਈ ਮਰਨ ਵਰਤ ਤੇ ਬੈਠਾ ਹੈ, ਕਈ ਬਾਦਲ ਦੇ ਹਲਕੇ 'ਚ ਤੇ ਕਈ ਸਿੱਖਿਆ ਮੰਤਰੀ ਦੇ ਹਲਕੇ 'ਚ ਗੱਜ ਰਹੇ ਹਨ। ਸਰਕਾਰ ਕੋਈ ਵੀ ਹੋਵੇ ਅਜਾਦੀ ਦਿਹਾੜਾ ਮਨਾਉਣਾ ਨਹੀਂ ਭੁੱਲਦੀ ਪਰ ਕੋਈ ਦਿਹਾੜਾ ਵੀ ਦੁੱਖਾਂ ਦੀ ਦਾਰੂ ਨਹੀਂ ਬਣਦਾ ਕਿਉਂਕਿ ਆਮ ਆਦਮੀ ਤੇ ਨੇਤਾ 'ਚ ਅੰਤਰ ਬਣਾਈ ਰੱਖਣ ਲਈ ਕੀਤੇ ਸੁਰੱਖਿਆ ਦੇ ਭਾਰੀ ਬੰਦੋਬਸਤਾਂ ਕਰਕੇ ਇਹ ਫਰਕ ਵਧਦਾ ਹੀ ਜਾ ਰਿਹਾ ਹੈ।

No comments:

Post a Comment

Note: only a member of this blog may post a comment.