ਬਠਿੰਡਾ, ਅਸ਼ੋਕ ਵਰਮਾ
ਭਾਰਤ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰਤਾ ਦਿਵਾਉਣ ਅਤੇ ਖੇਤੀ ਪੈਦਾਵਾਰਾਂ ਨੂੰ ਬੁਲੰਦੀਆਂ ਤੇ ਲਿਜਾਣ ਲਈ ਛਿੜਕੇ ਕੀਟਨਾਸ਼ਕਾਂ ਸਦਕਾ ਮਨੁੱਖੀ ਸਰੀਰ ਦੇ ਬੁਨਿਆਦੀ ਢਾਂਚੇ ਡੀ. ਐਨ. ਏ. 'ਚ ਆ ਰਹੇ ਵਿਗਾੜ ਦੇ ਸੰਕੇਤਾਂ ਨੇ ਸਿਹਤ ਸਬੰਧੀ ਮਾਹਿਰਾਂ ਲਈ ਇੱਕ ਨਵੀਂ ਚਿੰਤਾ ਖੜ੍ਹੀ ਕਰ ਦਿੱਤੀ ਹੈ। ਇੱਕ ਅਧਿਐਨ ਉਪਰੰਤ ਇਹ ਚਿੰਤਾਜਨਕ ਖੁਲਾਸਾ ਹੋਇਆ ਹੈ ਕਿ ਜ਼ਹਿਰਾਂ ਦੀ ਬਦੌਲਤ ਡੀ. ਐਨ. ਏ. ਤੋਂ ਇਲਾਵਾ ਜੀਨਸ ਵਿੱਚ ਬਦਲਾਅ ਵਰਗੀਆਂ ਸਮੱਸਿਆਵਾਂ ਵੀ ਖੜ੍ਹੀਆਂ ਹੋਣ ਲੱਗੀਆਂ ਹਨ। ਇਸ ਸਬੰਧੀ ਸਨਸਨੀਖੇਜ਼ ਤੱਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿਊਮਨ ਬਾਇਓਲੋਜੀ ਵਿਭਾਗ ਦੀ ਰਿਸਰਚ ਸਕਾਲਰ ਰਮਿੰਦਰਜੀਤ ਕੌਰ ਅਤੇ ਰਿਸਰਚ ਸੁਪਰਵਾਈਜਰ ਸਤਬੀਰ ਕੌਰ ਵੱਲੋਂ ਕੀਤੀ ਖੋਜ਼ ਉਪਰੰਤ ਸਾਹਮਣੇ ਆਏ ਹਨ ਕਿ ਅੰਨ੍ਹੇਵਾਹ ਛਿੜਕੇ ਜਾ ਰਹੇ ਇਹਨਾਂ ਰਸਾਇਣਾਂ ਕਰਕੇ ਪੰਜਾਬ ਦੇ ਕਿਸਾਨਾਂ ਦਾ ਡੀ. ਐਨ. ਏ. ਵਿਗੜਨ ਲੱਗਾ ਹੈ। ਇਸ ਮਾਮਲੇ ਦਾ ਇੱਕ ਖੌਫਨਾਕ ਪਹਿਲੂ ਇਹ ਵੀ ਹੈ ਕਿ ਇਹਨਾਂ ਖੋਜਕਰਤਾਵਾਂ ਨੇ ਇਹ ਵੀ ਸਿੱਟਾ ਕੱਢਿਆ ਹੈ ਕਿ ਡੀ. ਐਨ. ਏ. 'ਚ ਆਈਆਂ ਤਬਦੀਲੀਆਂ ਨਾਲ ਆਉਣ ਵਾਲੇ ਸਮੇਂ 'ਚ ਮਨੁੱਖੀਂ ਜੀਨਾਂ ਵਿੱਚ ਬਦਲਾਅ ਤੋਂ ਇਲਾਵਾ ਨਿਪੁੰਸਕਤਾ ਵੀ ਭਾਰੂ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੋਜ ਕਰਨ ਵਾਲੀ ਟੀਮ ਨੇ ਬਠਿੰਡਾ, ਸੰਗਰੂਰ, ਮਲੇਰਕੋਟਲਾ, ਪਟਿਆਲਾ, ਰੋਪੜ, ਫਿਰੋਜਪੁਰ, ਗੁਰਦਾਸਪੁਰ, ਮੁਕਤਸਰ ਅਤੇ ਅਬੋਹਰ ਇਲਾਕੇ ਦੇ 17 ਤੋਂ 55 ਸਾਲ ਦੇ 210 ਅਜਿਹੇ ਕਿਸਾਨਾਂ ਦੀ ਚੋਣ ਕੀਤੀ ਸੀ ਜਿਹੜੇ ਕਪਾਹ, ਸਬਜੀਆਂ ਤੇ ਫਲਾਂ ਸਮੇਤ ਕਈ ਤਰ੍ਹਾਂ ਦੀਆਂ ਫ਼ਸਲਾਂ ਤੋਂ ਪੈਦਾਵਾਰ ਹਾਸਲ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੇ ਰੂਪ ਵਿੱਚ ਜ਼ਹਿਰਾਂ ਦਾ ਛਿੜਕਾਅ ਕਰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪਹਿਲੇ ਪੜਾਅ ਵਿੱਚ ਇਹਨਾਂ ਸਾਰੇ ਵਿਅਕਤੀਆਂ ਦੇ ਲਏ ਖੂਨ ਦੇ ਨਮੂਨਿਆਂ ਦੀ ਕਰੜੀ ਜਾਂਚ ਤੋਂ ਬਾਅਦ 75 ਕਿਸਾਨਾਂ ਦਾ ਡੀ. ਐਨ. ਏ. ਨੁਕਸਾਨੇ ਜਾਣ ਦਾ ਖੁਲਾਸਾ ਹੋਇਆ ਇਹਨਾਂ ਵਿੱਚੋਂ 60 ਦੀ ਦੁਬਾਰਾ ਪੜਤਾਲ ਕੀਤੀ ਗਈ ਤਾਂ 25 ਫੀਸਦੀ ਦਾ ਡੀ. ਐਨ. ਏ. ਡੇਢ ਸਾਲ ਤੱਕ ਵੀ ਸਹੀ ਨਹੀਂ ਹੋ ਸਕਿਆ ਸੀ । ਜਿਸ ਨੂੰ ਸਿਹਤ ਮਾਹਿਰਾਂ ਨੇ ਖਤਰਨਾਕ ਰੁਝਾਨ ਦੱਸਿਆ ਹੈ ਖੋਜ਼ ਸੁਪਰਵਾਈਜਰ ਸਤਬੀਰ ਕੌਰ ਨੇ ਕਿਹਾ ਕਿ ਇਸ ਤੋਂ ਜਾਹਿਰ ਹੈ ਕਿ ਇਹਨਾਂ ਜਹਿਰਾਂ ਦੀ ਬੇਲੋੜੀ ਵਰਤੋਂ ਕਰਨ ਨਾਲ ਹੀ ਮੰਦਭਾਗਾ ਵਰਤਾਰਾ ਵਰਤਿਆ ਹੈ। ਉਧਰ ਸਿਹਤ ਅਤੇ ਵਾਤਾਵਰਨ ਬਚਾਉਣ ਦੇ ਖੇਤਰ 'ਚ ਸਰਗਰਮ ਸੰਸਥਾ ਪੀਪਲਜ਼ ਫੋਰਮ ਬਰਗਾੜੀ ਵੱਲੋਂ ਕੀਤੇ ਇੱਕ ਸਰਵੇਖਣ ਵਿੱਚ ਵੀ ਇਹ ਪੁਸ਼ਟੀ ਹੋਈ ਹੈ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਸਿਹਤ ਮਾਹਿਰਾਂ ਵੱਲੋਂ ਦਿੱਤੇ ਜਾ ਰਹੇ ਜਾਗਰੂਕਤਾ ਹੋਕਿਆਂ ਦੇ ਬਾਵਜੂਦ ਵਧੇਰੇ ਮੁਨਾਫਾ ਹਾਸਿਲ ਕਰਨ ਦੇ ਮੰਤਵ ਨਾਲ ਕਿਸਾਨ ਸਿਰਫ ਅਨਾਜ਼ ਵਾਲੀਆਂ ਫਸਲਾਂ ਤੇ ਹੀ ਨਹੀਂ ਹਰੀਆਂ ਸਬਜੀਆਂ ਤੇ ਵੀ ਹੱਦੋਂ ਵੱਧ ਜ਼ਹਿਰਾਂ ਛਿੜਕ ਰਹੇ ਹਨ। ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਸਨਸਨੀਖੇਜ ਤੱਥ ਇਹ ਵੀ ਹੈ ਕਿ ਕਿਸਾਨ ਅਕਸਰ ਇੰਡੋਸਲਫਾਨ, ਹੈਪਟਾਕਲੋਰ ਤੇ ਐਲਡਰਾਨ ਵਰਗੇ ਰਸਾਇਣ 2-3 ਦਿਨ ਦੇ ਵਕਫੇ ਬਾਅਦ ਹੀ ਸਪਰੇਅ ਕਰ ਦਿੰਦੇ ਹਨ ਜਦਕਿ ਵਿਗਿਆਨੀ ਦੱਸਦੇ ਹਨ ਕਿ ਇਹਨਾਂ ਦਾ ਅਸਰ 10 ਤੋਂ 15 ਦਿਨ ਤੱਕ ਰਹਿੰਦਾ ਹੈ। ਇੱਕ ਵੱਖਰੀ ਜਾਣਕਾਰੀ ਅਨੁਸਾਰ ਮਨੁੱਖਾਂ ਦੇ ਮਨਭਾਉਂਦੇ ਫਲ ਕੇਲੇ ਨੂੰ ਛੇਤੀ ਪਕਾਉਣ ਲਈ ਪਾਬੰਦੀ ਸ਼ੁਦਾ ਰਸਾਇਣ ਕੈਲਸ਼ੀਅਮ ਕਾਰਬਾਈਡ ਅਤੇ ਏਥਰੈਲ ਵਰਤੀ ਜਾ ਰਹੀ ਹੈ। ਗੋਭੀ ਦੇ ਫੁੱਲਾਂ ਨੂੰ ਸਫੈਦ ਬਣਾਉਣ ਲਈ ਮਰਕਿਊਰਿਕ ਕਲੋਰਾਈਡ ਦੇ ਘੋਲ 'ਚ ਡਬਣ ਦੇ ਨਾਲ-ਨਾਲ ਬੈਂਗਣਾਂ ਨੂੰ ਮੋਟੇ ਤਾਜ਼ੇ ਕਰਨ ਲਈ ਫਿਊਰਾਡਾਨ ਛਿੜਕੀ ਜਾ ਰਹੀ ਹੈ। ਸੂਤਰਾਂ ਦਾ ਤਾਂ ਇੱਥੋਂ ਤੱਕ ਦੱਸਣਾ ਹੈ ਕਿ ਪੰਜਾਬ ਵਿੱਚ ਇਥਾਈਲ ਮਰਕਿਊਰਿਕ ਕਲੋਰਾਈਡ, ਏਥਰੈਲ, ਕੈਲਸ਼ੀਅਮ ਕਾਰਬਾਈਡ ਜਿਹੇ ਹਾਨੀਕਾਰਕ ਰਸਾਇਣ ਛਿੜਕੇ ਜਾ ਰਹੇ ਹਨ, ਜਿੰਨ੍ਹਾਂ ਬਾਰੇ ਮਾਹਿਰ ਹਰ ਤਰ੍ਹਾਂ ਦੀ ਮਨਾਹੀ ਕਰਦੇ ਹਨ। ਸਿਹਤ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਜ਼ਹਿਰਾਂ ਦੇ ਪ੍ਰਭਾਵ ਹੇਠ ਤਿਆਰ ਕੀਤੇ ਖਾਦ ਪਦਾਰਥਾਂ ਨੂੰ ਖਾਣ ਨਾਲ ਹਰ ਰੋਜ਼ ਅੱਧਾ ਮਿਲੀਗ੍ਰਾਮ ਜ਼ਹਿਰ ਮਨੁੱਖੀ ਸਰੀਰ 'ਚ ਸਿੱਧੇ ਤੌਰ ਤੇ ਪ੍ਰਵੇਸ਼ ਕਰ ਜਾਂਦੀ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਦੇਖਣ ਨੂੰ ਇਹ ਘੱਟ ਲੱਗਦੀ ਹੋਵੇ ਪਰ ਵਿਸ਼ਵ ਦੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਇਹ 40 ਗੁਣਾ ਜਿਆਦਾ ਹੈ। ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਵਿਭਾਗ ਅਨੁਸਾਰ ਪੰਜਾਬ ਵਿੱਚ ਵਾਪਰੇ ਅਤੇ ਵਾਪਰ ਰਹੇ ਇਸ ਅਮਲ ਨਾਲ ਆਉਣ ਵਾਲੀਆ ਨਸਲਾਂ ਦਾ ਭਵਿੱਖ ਦਾਅ ਤੇ ਲੱਗ ਗਿਆ ਹੈ ਕਿਉਂਕਿ ਮਨੁੱਖੀ ਸਰੀਰ ਦੇ ਹਰੇਕ ਸੈÎÎÎÎੱਲ ਦਾ ਇੱਕ ਕੇਂਦਰ ਬਿੰਦੂ ਹੁੰਦਾ ਹੈ ਜਿੱਥੇ ਖੂਨ ਦੇ ਸਫੈਦ ਕਣਾਂ ਵਿੱਚ ਡੀ. ਐਨ. ਏ. ਹੁੰਦਾ ਹੈ ਅਤੇ ਇਹਨਾਂ ਕਣਾਂ ਵਿੱਚ ਜ਼ਹਿਰ ਸਾਹ ਰਾਹੀਂ ਜਾ ਕੇ ਹਾਨੀ ਪਹੁੰਚਾਉਂਦੇ ਹਨ। ਉਹਨਾਂ ਦੱਸਿਆ ਕਿ ਡੀ. ਐਨ. ਏ. 'ਚ ਖਰਾਬੀ ਆਉਣ ਨਾਲ ਜੀਨ ਬਦਲ ਸਕਦੇ ਹਨ ਜਿਸਦੇ ਸਿੱਟੇ ਵਜੋਂ ਭਵਿੱਖ ਦੇ ਬੱਚੇ ਸਰੀਰਕ ਕਮਜ਼ੋਰੀ, ਨਿਪੁੰਸਕਤਾ, ਹਰਮਾਪ੍ਰੋਡਾਈਟ ਵਰਗੇ ਗੰਭੀਰ ਖਤਰੇ ਦਾ ਸ਼ਿਕਾਰ ਹੋ ਜਾਣਗੇ। ਉਹਨਾਂ ਖਾਸ ਤੌਰ ਤੇ ਦੱਸਿਆ ਕਿ ਇਸ ਬਦਲਾਅ ਕਾਰਨ ਕ੍ਰੋਮੋਸੋਮ ਅਤੇ ਆਟੋਸੋਮ ਪ੍ਰਭਾਵਿਤ ਹੋਣਗੇ ਜਿਸਦੇ ਸਿੱਟੇ ਵਜੋਂ ਨਵਜਨਮੇ ਬਾਲਾਂ ਨੂੰ ਗੰਭੀਰ ਬਿਮਾਰੀ ਅਤੇ ਲਿੰਗ ਸਮੱਸਿਆ ਜਿਵੇਂ ਕਿ ਪੁਰਸ਼ਾਂ 'ਚ ਔਰਤਾਂ ਵਾਲੇ ਅਤੇ ਔਰਤਾਂ 'ਚ ਮਰਦਾਂ ਵਾਲੇ ਗੁਣਾਂ 'ਚ ਵਾਧਾ ਹੋ ਸਕਦਾ ਹੈ

No comments:
Post a Comment
Note: only a member of this blog may post a comment.