
ਬਠਿੰਡਾ, ਅਸ਼ੋਕ ਵਰਮਾ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗੁਲਚਨ ਸਿੰਘ ਚੜਕ ਦੇ ਬਠਿੰਡਾ ਸਮੇਤ ਬਾਕੀ ਜਿਲਿ•ਆਂ ਦੇ ਦੌਰੇ ਰੱਦ ਕਰ ਦਿੱਤੇ ਗਏ ਹਨ। ਇਸ ਦੀ ਪੁਸ਼ਟੀ ਜਿਲ੍ਹਾ ਪ੍ਰਧਾਨ (ਦਿਹਾਤੀ) ਨਰਿੰਦਰ ਸਿੰਘ ਭਲੇਰੀਆ ਨੇ ਕੀਤੀ ਹੈ। ਭਾਵੇਂ ਇਹਨਾਂ ਪ੍ਰੋਗਰਾਮਾਂ ਦੇ ਰੱਦ ਹੋਣ ਪਿੱਛੇ ਆਗੂ ਕੋਈ ਸਪੱਸ਼ਟ ਕਾਰਨ ਤਾਂ ਨਹੀਂ ਦੱਸ ਸਕੇ ਪਰ ਪਰਦੇ ਪਿੱਛੋਂ ਬਾਹਰ ਆ ਰਹੀਆਂ ਰਿਪੋਰਟਾਂ ਮੁਤਾਬਿਕ ਇਸ ਨੂੰ ਕਾਗਰਸ ਦੀ ਅੰਦਰੂਨੀ ਫੁੱਟ ਦੱਸਿਆ ਜਾ ਰਿਹਾ ਹੈ। ਇਸ ਦਾ ਵਿਖਾਵਾ ਕਾਂਗਰਸੀ ਆਗੂ ਚੜਕ ਦੀ ਹਾਜਰੀ 'ਚ ਗੁਰਦਾਸਪੁਰ ਅਤੇ ਜਲੰਧਰ 'ਚ ''ਜੂਤ ਪਤਾਣ'' ਕਰਕੇ ਕਰ ਚੁੱਕੇ ਹਨ। ਅਜੇ ਇਹਨਾਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਬਠਿੰਡਾ ਜਿਲ੍ਹੇ ਦੇ ਘੱਟੋ-ਘੱਟ ਤਿੰਨ ਵਿਧਾਨ ਸਭਾ ਹਲਕਿਆਂ 'ਚੋਂ ਉੱਠੀਆਂ ਬਾਗੀ ਸੁਰਾਂ ਸੁਣਾਈ ਦੇਣ ਸਾਰ ਹੀ ਸ੍ਰੀ ਚੜਕ ਨੇ ਇਸ ਪਾਸਿਓਂ ਕਿਨਾਰਾ ਕਰਨਾ ਹੀ ਬਿਹਤਰ ਸਮਝਿਆ ਕਿਉਂਕਿ ਪਾਰਟੀ ਹੋਰ ਵਧੇਰੇ ਬਦਨਾਮੀ ਕਰਵਾਉਣ ਦੇ ਹੱਕ 'ਚ ਨਹੀਂ ਸੀ। ਜਿਲ੍ਹੇ ਭਰ ਦੀ ਰਿਪੋਰਟ ਮੁਤਾਬਿਕ ਜਿਲ੍ਹੇ ਦੇ ਦੋ ਵਿਧਾਨ ਸਭਾ ਹਲਕੇ ਬਠਿੰਡਾ (ਦਿਹਾਤੀ) ਤੇ ਨਥਾਣਾ (ਹੁਣ ਭੁੱਚੋ ਮੰਡੀ) ਇਸ ਅਮਲ ਤੋਂ ਬੁਰੀ ਤਰਾਂ ਪ੍ਰਭਾਵਿਤ ਦੱਸੇ ਜਾ ਰਹੇ ਹਨ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਅਸੰਤੋਸ਼ ਦੀ ਚਿੰਗਾੜੀ ਭੜਕੀ ਹੋਈ ਹੈ ਪਰ ਇਹਨਾਂ ਦੇ ਮੁਕਾਬਲੇ ਘੱਟ ਹੈ। ਜਦੋਂ ਕਿ ਬਠਿੰਡਾ (ਸ਼ਹਿਰੀ) , ਰਾਮਪੁਰਾ ਫੂਲ ਅਤੇ ਮੌੜ ਮੰਡੀ (ਪਹਿਲਾਂ ਜੋਗਾ) ਅਜੇ ਤੱਕ ਖਾਨਾਜੰਗੀ ਤੋਂ ਪੂਰੀ ਤਰ•ਾਂ ਸੁਰੱਖਿਅਤ ਹਨ। ਦੱਸਣਯੋਗ ਇਹ ਵੀ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ (ਸਰਸਾ) ਦੀ ਸਾਧ-ਸੰਗਤ ਵੱਲੋਂ ਬਣਾਏ ਸਿਆਸੀ ਵਿੰਗ ਦੇ ਸੱਦੇ ਤੇ ਕੇਵਲ ਜੋਗਾ ਨੂੰ ਛੱਡਕੇ ਜਿਲ੍ਹੇ ਨਾਲ ਸਬੰਧਿਤ ਬਾਕੀ ਸੀਟਾਂ ਤੇ ਹਾਕਮ ਅਕਾਲੀ ਦਲ ਦਾ ਸਫ਼ਾਇਆ ਹੋ ਗਿਆ ਸੀ ਸੂਤਰਾਂ ਮੁਤਾਬਿਕ ਤਾਜਾ ਸਥਿਤੀ ਇਹ ਹੈ ਕਿ ਸੱਤਾ ਪੱਖ ਵਿਰੁੱਧ ਜਨਤਕ ਰੋਸ ਦੇ ਬਾਵਜੂਦ ਸ਼ੁਰੂ 'ਚ ਦਰਸਾਏ ਤਿੰਨ ਹਲਕਿਆਂ 'ਚ ਵਿਧਾਇਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਦਿਖਾਈ ਦੇ ਰਹੀ ਹੈ। ਇਹਨਾਂ ਵਿਧਾਇਕਾਂ ਲਈ ਚੰਗਾ ਪੱਖ ਇਹੋ ਹੈ ਕਿ ਅਜੇ ਚੋਣਾਂ 'ਚ ਸਮਾਂ ਬਾਕੀ ਹੈ। ਇਹਨਾਂ ਸਵ ਵਿਰੋਧੀ ਹਾਲਾਤਾਂ 'ਚ ਕਾਫੀ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਨੌਜੁਆਨਾਂ ਤੇ ਟਕਸਾਲੀ ਆਗੂਆਂ ਨੂੰ ਮਾਣ ਸਨਮਾਨ ਮਿਲਣ ਦੀ ਆਸ ਸੀ ਪ੍ਰੰਤੂ ਐਨ ਮੌਕੇ ਤੇ ਇਹਨਾਂ ਨੂੰ ਕਿਨਾਰੇ ਕਰ ਦਿੱਤਾ ਗਿਆ। ਕਾਂਗਰਸੀ ਸੂਤਰਾਂ ਅਨੁਸਾਰ ਇਹਨਾਂ ਵਰਕਰਾਂ ਦੀ ਮੁੱਖ ਤੌਰ 'ਤੇ ਨਰਾਜਗੀ ਹਲਕਾ ਵਿਧਾਇਕਾਂ ਨਾਲ ਹੈ। ਇੱਕ ਆਗੂ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਦੱਸਿਆ ਕਿ ਵਿਧਾਇਕ ਅਜੈਬ ਸਿੰਘ ਭੱਟੀ ਸਿਵਲ ਸੇਵਾ ਦੇ ਵਕਾਰੀ ਅਹੁਦਿਆਂ ਨੂੰ ਛੱਡ ਕੇ ਸਿਆਸਤ 'ਚ ਆਏ ਹਨ ਪਰ ਉਹਨਾਂ ਦਾ ਵਤੀਰਾ ਰਾਜਨੀਤੀਵਾਨਾਂ ਦੀ ਬਜਾਏ ਅਫਸਰਾਂ ਵਾਲਾ ਹੈ। ਇਸ ਆਗੂ ਨੇ ਮੰਨਿਆ ਕਿ ਜੇਕਰ ਪਾਰਟੀ ਸ੍ਰ. ਭੱਟੀ ਦੇ ਦੁਬਾਰਾ ਦਾਅ ਲਾਉਂਦੀ ਹੈ ਤਾਂ ਨਤੀਜੇ ਹੈਰਾਨੀਕੁੰਨ ਵੀ ਹੋ ਸਕਦੇ ਹਨ। ਹਾਲਾਂਕਿ ਪਿਛਲੇ ਦਿਨੀਂ ਜਿਲ੍ਹਾ ਸੂਚੀ ਰਿਲੀਜ਼ ਕਰਨ ਮੌਕੇ ਹਲਕਾ ਰਾਮਪੁਰਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਅਤੇ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਦੀ ਹਾਜ਼ਰੀ 'ਚ ਵਿਧਾਇਕ ਭੱਟੀ ਨੇ ਇਹ ਸਖਤੀ ਨਾਲ ਮਨਾਂ ਕਰ ਦਿੱਤਾ ਸੀ ਪਰ ਹਲਕਾ ਭੁੱਚੋ ਮੰਡੀ 'ਚ ਸ੍ਰ. ਭੱਟੀ ਦੇ ਬੇਟੇ ਅਤੇ ਧਰਮਪਤਨੀ ਵੱਲੋਂ ਚੋਣ ਲੜੇ ਜਾਣ ਦੇ ਚਰਚੇ ਆਮ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਦਾਲ 'ਚ ਕਿਧਰੇ ਕਾਲਾ ਜਰੂਰ ਹੈ। ਬਠਿੰਡਾ ਦਿਹਾਤੀ ਤੋਂ ਹਾਸਿਲ ਵੇਰਵਿਆਂ ਦੀ ਮੰਨੀਏ ਤਾਂ ਹਾਲਾਤ ਇੱਥੇ ਵੀ ਬਹੁਤੇ ਸਾਜਗਾਰ ਨਹੀਂ ਹਨ। ਅਜ਼ਾਦੀ ਦਿਵਸ ਮੌਕੇ ਖੂਨਦਾਨ ਕੈਂਪ ਲਾ ਕੇ ਵਿਧਾਇਕ ਮੱਖਣ ਸਿੰਘ ਨੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਾਰਟੀ ਵਿਚਲੇ ਨਿਰਪੱਖ ਹਲਕੇ ਇਸਦਾ ਸਿਹਰਾ ਜਿਲ੍ਹਾ ਪ੍ਰਧਾਨ ਨੂੰ ਦਿੰਦਿਆਂ ਦੱਸਦੇ ਹਨ ਕਿ ਅਸਲ ਮਕਸਦ ਵਿਧਾਇਕ ਦੀ ਖੁਸੀ ਜਮੀਨ ਵਾਪਿਸ ਲਿਆਉਣਾ ਸੀ ਜਦੋਂ ਕਿ ਖੂਨਦਾਨ ਤੇ ਕਿਧਰੇ ਵੀ ਕੀਤਾ ਜਾ ਸਕਦਾ ਹੈ। ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਵਿਧਾਇਕ ਮੱਖਣ ਸਿੰਘ ਨੇ ਕਮਿਊਨਿਸਟ ਪਾਰਟੀ ਦੇ ਆਗੂ ਹੁੰਦਿਆਂ ਅਕਾਲੀ ਦਲ ਦੇ ਸਰਵੇ ਸਰਵਾ ਬਾਦਲ ਪ੍ਰੀਵਾਰ ਅਤੇ ਕਾਂਗਰਸ ਤੇ ਜਬਰਦਸਤ ਹੱਲੇ ਬੋਲਦੇ ਰਹੇ ਸਨ। ਵਕਤ ਦੇ ਨਾਲ ਉਹਨਾਂ ਸ੍ਰ. ਬਾਦਲ ਦੇ ਨਾਲ ਹੱਥ ਮਿਲਾ ਕੇ ਜਿੱਤ ਹਾਸਿਲ ਕੀਤੀ ਪਰ ਅਗਲੀ ਵਾਰੀ ਟਿਕਟ ਦੀ ਝਾਕ ਮੁੱਕਣ ਤੇ ਕਾਂਗਰਸ ਦੇ ਸੋਹਲੇ ਗਾਉਣ ਲੱਗੇ। ਚਰਚਾ ਇਹ ਵੀ ਹੈ ਕਿ ਜੇਕਰ ਇਸ ਵਾਰ ਕਾਂਗਰਸ ਨਾਂਹ ਨੁੱਕਰ ਕਰਦੀ ਹੈ ਤਾਂ ਉਹ ਮੁੜ ਪਲਟੀ ਮਾਰ ਸਕਦੇ ਹਨ ਕਿਉਂਕਿ ਐਤਕੀ ਤਾਂ 'ਬਾਦਲ' ਵੀ ਇੱਕ ਦੀ ਬਜਾਏ ਦੋ-ਦੋ ਹੋ ਗਏ ਹਨ।
ਇਸ ਮਾਮਲੇ ਸਬੰਧੀ ਵਿਧਾਇਕ ਮੱਖਣ ਸਿੰਘ ਦਾ ਕਹਿਣਾ ਸੀ ਕਿ ਕਿਸੇ ਵੀ ਸੂਚੀ ਜਾਂ ਅਹੁਦੇ ਵੰਡਣ ਦਾ ਅਧਿਕਾਰ ਜਿਲ੍ਹਾ ਪ੍ਰਧਾਨ ਕੋਲ ਹੁੰਦਾ ਹੈ ਇਸ ਨਾਲ ਮੇਰਾ ਕੋਈ ਸਾਰੋਕਾਰ ਨਹੀਂ। ਉਹਨਾਂ ਦੱਸਿਆ ਕਿ ਆਗੂਆਂ ਨੂੰ ਅਹੁਦੇ ਦੀ ਝਾਕ ਤੇ ਇੱਛਾ ਹੁੰਦੀ ਹੈ ਫਿਰ ਵੀ ਹਰੇਕ ਨੂੰ ਮਿਲ ਨਹੀਂ ਸਕਦਾ ਪਰ ਲੋਕਤੰਤਰ 'ਚ ਹਰੇਕ ਨੂੰ ਮੰਗਣ ਦਾ ਹੱਕ ਹਾਸਲ ਹੈ। ਉੱਧਰ ਜਿਲ੍ਹਾ ਪ੍ਰਧਾਨ ਸ੍ਰੀ ਭਲੇਰੀਆ ਨੇ ਚੜਕ ਦੇ ਰੱਦ ਹੋਏ ਦੌਰੇ ਪਿੱਛੇ ਫੁੱਟ ਦੀਆਂ ਸੰਭਾਵਨਾਵਾਂ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਜਿਲ੍ਹੇ 'ਚ ਪਾਰਟੀ ਪੂਰੀ ਤਰਾਂ ਇੱਕਜੁੱਟ ਹੈ।
No comments:
Post a Comment
Note: only a member of this blog may post a comment.