Friday, 5 August 2011

ਦਲਿਤਾਂ ਲਈ ਮੁਫਤ ਬਿਜਲੀ ਦਾ ਦਾਅਵਾ ਸਰਕਾਰ ਲਈ ਗਲੇ ਦੀ ਹੱਡੀ ਬਣਿਆ

ਬਠਿੰਡਾ, ਅਸ਼ੋਕ ਵਰਮਾ 

ਪੰਜਾਬ ਵਿੱਚ ਦਲਿਤਾਂ ਨੂੰ 400 ਯੂਨਿਟ ਪ੍ਰਤੀ ਬਿੱਲ ਮੁਫਤ ਅਤੇ ਹਰੇਕ ਬੇਘਰੇ ਦਲਿਤ ਪ੍ਰੀਵਾਰ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਤੋਂ ਇਲਾਵਾ ਬਾਕੀਆਂ ਨੂੰ ਘਰ ਬਣਾਉਣ ਵਾਸਤੇ ਖੁੱਲੀਆ ਗ੍ਰਾਟਾਂ ਦੇਣ ਦੇ ਮਾਮਲੇ ਤੇ ਅਕਾਲੀ ਭਾਜਪਾ ਸਰਕਾਰ ਦੀ ਸਥਿਤੀ ਪੰਜਾਬੀ ਕਹਾਵਤ ' ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ' ਵਾਲੀ ਬਣ ਗਈ ਹੈ। ਸ੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਹਰੇਕ ਦਲਿਤ ਪ੍ਰੀਵਾਰ ਨੂੰ ਬਿਨਾਂ ਸ਼ਰਤ ਬਿਜਲੀ ਰਿਆਇਤ ਦੇਣ ਦਾ ਕੀਤਾ ਵਾਅਦਾ ਸਵਾ 4 ਸਾਲ ਬਾਅਦ ਵੀ ਪੂਰਾ ਨਾ ਕਰ ਸਕਣਾ ਬਾਦਲ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਹੋ ਹੀ ਨਹੀਂ ਗਰੀਬ ਪ੍ਰੀਵਾਰਾਂ ਨੂੰ ਪਿਛਲੀ ਅਮਰਿੰਦਰ ਸਿੰਘ ਸਰਕਾਰ ਵੱਲੋਂ ਦਿੱਤੇ ਗਏ ਮੁਫਤ ਬਿਜਲੀ ਦੇ 200 ਯੂਨਿਟਾਂ ਨੂੰ ਵਧਾਕੇ 400 ਤਾਂ ਕੀ ਕਰਨਾ ਸੀ ਸੁਖਬੀਰ-ਕਾਲੀਆ ਕਮੇਟੀ ਨੂੰ ਅਧਾਰ ਬਣਾ ਕੇ 100 ਯੂਨਿਟਾਂ ਕੀਤੇ ਜਾਣ ਦੇ ਵਿਰੋਧ 'ਚ ਕਿਸਾਨ ਅਤੇ ਮਜ਼ਦੂਰ ਧਿਰਾਂ ਜਬਰਦਸਤ ਲੜਾਈ ਛੇੜੀਆਂ ਬੈਠੀਆਂ ਹਨ ਜਿਸ ਨੂੰ ਸਿਆਸੀ ਪੰਡਿਤਾਂ ਵੱਲੋਂ ਸਰਕਾਰ ਲਈ ਸ਼ੁੱਭ ਸੰਕੇਤ ਨਹੀਂ ਮੰਨਿਆ ਜਾ ਰਿਹਾ। ਜਿਕਰਯੋਗ ਹੈ ਕਿ ਸਾਲ 2007 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਆਪਣੇ ਚੋਣ ਮੈਨੀਫੈਸਟੋ 'ਚ ਸ੍ਰੋਮਣੀ ਅਕਾਲੀ ਦਲ ਨੇ ਪੰਨਾ ਨੰ: 9 ਤੇ ਹਰ ਦਲਿਤ (ਅਨੁਸੂਚਿਤ ਜਾਤਾਂ ਤੇ ਪਛੜੀਆਂ ਸ੍ਰੇਣੀਆਂ) ਪ੍ਰੀਵਾਰ ਨੂੰ ਬਗੈਰ ਕਿਸੇ ਸ਼ਰਤ ਦੇ 400 ਯੂਨਿਟ ਮੁਆਫ ਕਰਨ ਦਾ ਐਲਾਨ ਕੀਤਾ ਸੀ ਪਰ ਸਥਿਤੀ ਇਹ ਹੈ ਕਿ ਵਿੱਤੀ ਸੰਕਟਾਂ ਨਾਲ ਦੋ-ਚਾਰ ਹੋ ਰਹੀ ਇਹ ਸਰਕਾਰ ਏਨਾਂ ਸਮਾਂ ਲੰਘਣ ਦੇ ਬਾਵਜੂਦ ਵੀ ਕੁੱਝ ਨਹੀਂ ਕਰ ਸਕੀ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦਿਹਾਤੀ ਮਜ਼ਦੂਰ ਸਭਾ ਦੇ ਕਾ. ਮਾਹੀਪਾਲ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਦਲਿਤ ਪ੍ਰੀਵਾਰਾਂ ਨੇ ਗਠਜੋੜ ਵੱਲੋਂ ਕੀਤੇ ਵਾਅਦਿਆਂ ਤੇ ਯਕੀਨ ਕਰਕੇ ਵੋਟਾਂ ਪਾਈਆਂ ਸਨ ਪਰ ਸੱਤਾ ਦੇ ਨਸ਼ੇ ਵਿੱਚ ਸਰਕਾਰ ਆਪਣਾ ਵਾਅਦਾ ਭੁੱਲ ਚੁੱਕੀ ਹੈ ਆਗੂਆਂ ਨੇ ਦੋਸ਼ ਲਾਏ ਕਿ ਇਹ ਬਿਜਲੀ ਦਾ ਹੀ ਮੁੱਦਾ ਸੀ ਜਿਸ ਨੂੰ ਲੈ ਕੇ ਜ਼ਿਲ•ੇ ਦੇ ਪਿੰਡ ਨਿਓਰ ਵਿੱਚ ਦਲਿਤਾਂ ਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਤੇ ਇੱਥੋਂ ਤੱਕ ਕਿ ਮਹਿਲਾਵਾਂ ਸਮੇਤ ਵੱਡੀ ਗਿਣਤੀ ਪੁਰਸ਼ਾਂ ਤੇ ਇਰਾਦਾ ਕਤਲ ਵਰਗੀਆਂ ਸੰਗੀਨ ਜੁਰਮਾਂ ਵਾਲੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਜ਼ੇਲ•ੀ ਡੱਕਿਆ ਗਿਆ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਕਈ ਖੇਤਰਾਂ 'ਚ ਬਿਜਲੀ ਦੇ ਕੁਨੈਕਸ਼ਨ ਕੱਟਣ ਆਏ ਬਿਜਲੀ ਅਧਿਕਾਰੀਆਂ ਦੀ ਮੁਖਾਲਫਤ ਕਰਨ ਵਾਲੇ ਕਈ ਦਲਿਤ ਪ੍ਰੀਵਾਰਾਂ ਨੂੰ ਵੀ ਪੁਲਿਸ ਕੇਸਾਂ 'ਚ ਲਪੇਟਿਆ ਗਿਆ ਸੀ ਜਿਸ ਤੋਂ ਜਾਹਿਰ ਹੈ ਕਿ ਸਰਕਾਰ ਗਰੀਬਾਂ ਦੀ ਭਲਾਈ ਲਈ ਸੰਜੀਦਾ ਨਹੀਂ ਹੈ। ਮਜ਼ਦੂਰ ਆਗੂਆਂ ਦਾ ਕਹਿਣਾ ਸੀ ਕਿ ਕਿਰਸਾਨੀ ਅਤੇ ਮਜ਼ਦੂਰਾਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਬਰਦਸਤ ਲਾਮਬੰਦੀਆਂ ਰਾਹੀਂ ਆਰੰਭੇ ਇਸ ਘੋਲ ਦੇ  ਸਰਕਾਰ ਨੂੰ ਸਾਰਥਿਕ ਨਤੀਜੇ ਹਰ ਹੀਲੇ ਕੱਢਣੇ ਪੈਣਗੇ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਇਹਨਾਂ ਵਰਗਾਂ ਨਾਲ ਆਪਣੇ ਵਾਅਦੇ ਪੂਰੇ ਨਹੀਂ ਕਰੇਗੀ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਇਹਨਾਂ ਹਾਕਮ ਧਿਰਾਂ ਨੂੰ ਇਸ ਬੇਵਫਾਈ ਦਾ ਵੱਡਾ ਸਿਆਸੀ ਮੁੱਲ ਤਾਰਨਾ ਪਵੇਗਾ। ਉੱਧਰ 1 ਦਰਜ਼ਨ ਦੇ ਕਰੀਬ ਮਜ਼ਦੂਰਾਂ ਨੇ ਦੱਸਿਆ ਕਿ ਬੀਤੀਆਂ ਲੋਕ ਸਭਾ ਚੋਣਾਂ ਵੇਲੇ ਹਾਕਮ ਧਿਰ ਦੇ ਆਗੂਆਂ ਵੱਲੋਂ ਵਿਸ਼ਵਾਸ਼ ਦਿਵਾਏ ਜਾਣ ਦੇ ਬਾਵਜੂਦ ਉਹਨਾਂ ਨੂੰ ਬਿੱਲ ਭੇਜੇ ਜਾ ਰਹੇ ਹਨ ਤੇ ਬਿੱਲ ਨਾ ਭਰਨ ਵਾਲੇ ਮਜ਼ਦੂਰਾਂ ਦੇ ਘਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਜਿਸ ਦੇ ਚਲਦਿਆਂ ਵੱਡੀ ਗਿਣਤੀ ਪ੍ਰੀਵਾਰ ਹਨੇਰੇ 'ਚ ਰਹਿਣ ਲਈ ਮਜਬੂਰ ਹਨ। ਪਿੰਡ ਚਨਾਰਥਲ ਦੇ ਤਿੰਨ ਸਕੇ ਭਰਾਵਾਂ ਮਜ਼ਦੂਰ ਹੰਸਾ ਸਿੰਘ ਨੂੰ 50 ਹਜ਼ਾਰ ਰੁਪਏ, ਜਰਨੈਲ ਸਿੰਘ ਅਤੇ ਲੀਲਾ ਸਿੰਘ ਨੂੰ 45-45 ਹਜ਼ਾਰ ਰੁਪਏ ਦਾ ਬਿੱਲ ਆਇਆ ਹੈ। ਇਸੇ ਹੀ ਪਿੰਡ ਦੇ ਨਛੱਤਰ ਸਿੰਘ ਦਾ ਬਿੱਲ 35 ਹਜ਼ਾਰ ਰੁਪਏ ਹੈ। ਇੱਥੇ ਹੀ ਬੱਸ ਨਹੀਂ ਖੇਮੂਆਣਾ ਦੇ ਖੇਤ ਮਜ਼ਦੂਰ ਰਾਮਜੀ ਸਿੰਘ ਨੂੰ 34 ਹਜ਼ਾਰ ਰੁਪਏ ਦਾ ਬਿੱਲ ਬਕਾਇਆ ਖੜ•ਾ ਹੈ। ਇਸ ਪ੍ਰੀਵਾਰ ਦਾ ਇਕਲੌਤਾ ਪੁੱਤਰ ਪੱਪੂ ਸਿੰਘ ਕੈਂਸਰ ਤੋਂ ਪੀੜਤ ਹੈ ਡਾਕਟਰ ਨੇ ਅਰਾਮ ਦੀ ਸਲਾਹ ਦਿੱਤੀ ਹੈ ਘਰ ਬਿਜਲੀ ਨਹੀਂ ਹੈ। ਪਿੰਡ ਦੀ ਵਿਧਵਾ ਗੁਰਦੇਵ ਕੌਰ ਵੱਲ 14 ਹਜ਼ਾਰ ਦੀ ਰਾਸ਼ੀ ਬਕਾਇਆ ਦੱਸੀ ਗਈ ਹੈ। ਕੋਟੜਾ ਕੌੜਾ ਦੇ ਜਸਬੀਰ ਸਿੰਘ ਪੁੱਤਰ ਸਾਧਾ ਸਿੰਘ ਦਾ 21 ਹਜ਼ਾਰ ਦਾ ਬਿੱਲ ਬਣਿਆ ਹੈ ਜਦੋਂ ਕਿ ਸੀਰਾ ਸਿੰਘ ਦੇ 18 ਹਜ਼ਾਰ ਰੁਪਏ ਹਨ ਕੋਟੜਾ ਕੌੜਾ ਦੇ 30 ਘਰਾਂ ਦਾ ਬਿੱਲ 9 ਲੱਖ ਰੁਪਏ ਦਾ ਹੈ ਜਿੰਨਾਂ 'ਚੋਂ 10 ਹਜ਼ਾਰ ਤੋਂ ਕੋਈ ਵੀ ਘੱਟ ਨਹੀਂ ਹੈ। ਜੋਧਪੁਰ ਪਾਖਰ ਦੀ ਬਲਜੀਤ ਕੌਰ ਦਾ ਪੁੱਤ ਕਰਜੇ ਕਾਰਨ ਖੁਦਕਸ਼ੀ ਕਰ ਗਿਆ ਘਰ ਰੋਟੀ ਦੇ ਲਾਲੇ ਪਏ ਹੋਏ ਹਨ। ਬਿੱਲ ਨਾ ਭਰੇ ਜਾਣ ਕਰਕੇ ਮਹਿਕਮਾ ਮੀਟਰ ਪੱਟ ਕੇ ਲੈ ਗਿਆ। ਸੁਖਵਿੰਦਰ ਕੌਰ ਨਾਂਅ ਦੀ ਮਜ਼ਦੂਰ ਮਹਿਲਾ ਦਾ ਬਿੱਲ 18 ਹਜ਼ਾਰ ਰੁਪਏ ਹੈ। ਬਾਜਕ ਪਿੰਡ ਦਾ ਦਰਸ਼ਨ ਸਿੰਘ 24 ਹਜ਼ਾਰ ਦੇ ਬਿੱਲ ਦਾ ਰੋਣਾ ਰੋ ਰਿਹਾ ਸੀ। ਘੁੱਦਾ ਪਿੰਡ ਦੀ ਵਿਧਵਾ ਰਾਜਮਹਿੰਦਰ ਕੌਰ ਦਾ 10 ਹਜ਼ਾਰ ਰੁਪਏ ਦੇ ਬਿੱਲ ਕਾਰਨ ਮੀਟਰ ਪੱਟ ਕੇ ਲੈ ਗਏ ਜਿਸ ਨੂੰ ਜਥੇਬੰਦੀ ਦੀ ਦਖਲਅੰਦਾਜੀ ਨਾਲ ਦੁਬਾਰਾ ਲਾਇਆ ਗਿਆ। ਜਗਦੇਵ ਸਿੰਘ ਨਾਂ ਦੇ ਖੇਤ ਮਜ਼ਦੂਰ ਦਾ ਮੀਟਰ ਪੱਟ ਲਿਆ ਗਿਆ। ਫੁੱਲੋ ਮਿੱਠੀ ਪਿੰਡ ਦੇ ਵੀ ਅੱਧੀ ਦਰਜ਼ਨ ਮੀਟਰ ਪੱਟ ਲਏ ਗਏ ਹਨ।

ਗਰੀਬਾਂ ਦੀ ਬਾਂਹ ਫੜੇ ਸਰਕਾਰ-ਨਸਰਾਲੀ

ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਆਖਿਆ ਕਿ ਪੰਜਾਬ ਭਰ 'ਚ ਅਜਿਹੇ ਹਜ਼ਾਰਾਂ ਪ੍ਰੀਵਾਰ ਹਨ ਜੋ ਕਿ ਸੱਤਾਧਾਰੀਆਂ ਦੇ ਲਾਰਿਆਂ ਦੇ ਸ਼ਿਕਾਰ ਹੋਏ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਆਪਣੇ ਵਾਅਦੇ ਮੁਤਾਬਿਕ ਗਰੀਬਾਂ ਦੀ ਬਾਂਹ ਫੜੇ ਜਦੋਂ ਕਿ ਮੌਜੂਦਾ ਹਕੂਮਤ ਆਪਣੇ ਕਹੇ ਤੋਂ ਪਾਸਾ ਵੱਟ ਰਹੀ ਹੈ।

No comments:

Post a Comment

Note: only a member of this blog may post a comment.