Saturday, 6 August 2011

ਸਿਹਤ ਲਈ ਵਰਦਾਨ ਅਖਵਾਉਂਦੇ ਤਾਂਬੇ ਤੇ ਪਿਤਲ ਦੇ ਭਾਂਡੇ ਰਸੋਈ ਘਰਾਂ 'ਚੋਂ ਗਾਇਬ

ਬਠਿੰਡਾ,ਅਸ਼ੋਕ ਵਰਮਾ


ਪੁਰਾਤਨ ਸਮੇਂ ਤੋਂ ਮਨੁੱਖੀ ਸਿਹਤ ਲਈ ਵਰਦਾਨ ਮੰਨੇ ਜਾਂਦੇ ਤਾਂਬੇ, ਪਿੱਤਲ ਅਤੇ ਕਾਂਸੀ ਦੇ ਭਾਂਡੇ ਹੁਣ ਪੰਜਾਬ ਦੇ ਰਸੋਈ ਘਰਾਂ 'ਚੋਂ ਗਾਇਬ ਹੋ ਗਏ ਹਨ। ਇਹਨਾਂ ਦੀ ਥਾਂ ਹਾਨੀਕਾਰਕ ਪਲਾਸਟਿਕ ਅਤੇ ਸਟੀਲ ਦੇ ਲਿਫਾਫਿਆਂ ਆਦਿ ਤੋਂ ਬਣੀਆਂ ਵਸਤਾਂ ਨੇ ਲੈ ਲਈ ਹੈ। ਜਿਸ ਦੇ ਸਿੱਟੇ ਵਜੋਂ ਇਹਨਾਂ ਧਾਤਾਂ ਤੋਂ ਤਿਆਰ ਹੁੰਦੇ ਭਾਂਡਿਆਂ ਦੇ ਕਾਰੋਬਾਰ ਦਾ ਯੁੱਗ ਲਗਭਗ ਖਤਮ ਹੋ ਕੇ ਰਹਿ ਗਿਆ ਹੈ। ਇੱਕ ਪੜਤਾਲ ਮੁਤਾਬਿਕ ਆਧੁਨਿਕਤਾ ਦੀ ਚਕਾਚੌਧ ਵਿੱਚ ਲੋਕਾਂ ਨੇ ਆਪਣੀ ਅਮੀਰ ਵਿਰਾਸਤ ਨਾਲ ਸਬੰਧਿਤ ਪਿੱਤਲ ਦੀਆਂ ਪ੍ਰਾਂਤਾ, ਗਾਗਰਾਂ, ਦੋਹਾਣੇ, ਡੋਹਰੇ, ਬਾਲਟੀਆਂ, ਕੜੇ ਵਾਲੇ ਗਿਲਾਸ, ਸੁਰਾਹੀਦਾਰ ਜੱਗ, ਕਾਸੀ ਤੋਂ ਬਣੀਆਂ ਵੱਟਦਾਰ ਕੌਲੀਆਂ, ਤਾਬੇ ਤੇ ਕਾਂਸੀ ਦੇ ਛੰਨਿਆ ਤੇ ਗੜਵੀਆਂ ਦੀ ਥਾਂ ਬੌਨ ਚਾਈਨਾ ਆਦਿ ਨੂੰ ਮੋਹਰੀ ਬਰਤਨਾਂ ਵਜੋਂ ਅਪਣਾ ਲਿਆ ਹੈ। ਉੱਪਰ ਦਰਸਾਈਆਂ ਵਸਤਾਂ ਜਾਂ ਤਾਂ ਹੁਣ ਅਜੈਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ ਜਾਂ ਫਿਰ ਲੋਕ ਗਾਇਕ ਇਹਨਾਂ ਦਾ ਜਿਕਰ ਆਪਣੇ ਗੀਤਾਂ 'ਚ ਕਰਦੇ ਹਨ ਕਿਸੇ ਜਮਾਨੇ 'ਚ ਇਹਨਾਂ ਧਾਤਾਂ ਦੇ ਭਾਂਡਿਆਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਤੇ ਇਹਨਾਂ ਚੀਜਾਂ ਦੇ ਢੇਰ ਦਿਖਾਈ ਦਿੰਦੇ ਸਨ ਜਿੱਥੇ ਅਕਸਰ ਖ੍ਰੀਦਦਾਰਾਂ ਦੀਆਂ ਲਾਈਨਾਂ ਲੱਗਦੀਆਂ ਸਨ ਪ੍ਰੰਤੂ ਹੁਣ ਇੱਥੇ ਇਹੋ ਜਿਹਾ ਸਾਮਾਨ ਵਿਕਦਾ ਹੈ ਜਿਸ ਦੇ ਟੁੱਟਣ ਉਪਰੰਤ ਕੋਈ ਕਾਣੀ ਕੌਡੀ ਨਹੀਂ ਦਿੰਦਾ। ਇਸ ਵਰਤਾਰੇ ਦਾ ਇੱਕ ਮੰਦਭਾਗਾ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ 'ਚ ' ਭੂਆ ' ਵੱਲੋਂ ਆਪਣੀ ਭਤੀਜੀ ਨੂੰ ' ਸਰਵਣਮੱਟ ' ਦੇ ਰੂਪ 'ਚ ਦਿੱਤੀ ਜਾਣ ਵਾਲੀ ਪਿੱਤਲ ਦੀ ਬਾਲਟੀ ਨੂੰ ਵੀ ' ਸਟੀਲ ' ਨਾਂ ਦੇ ਦੈਂਤ ਨੇ  ਖਾ ਲਿਆ ਹੈ। ਹਾਲਾਂਕਿ ਉਸ ਵੇਲੇ ਇਹ ਬੜੇ ਚਾਅ ਵਾਲੀ ਰਸਮ ਮੰਨੀ ਜਾਂਦੀ ਸੀ ਪਰ ਬਹੁਤੇ ਲੋਕਾਂ ਨੂੰ ਤਾਂ ਹੁਣ ' ਸਰਵਣਮੱਟ ' ਚਿੱਤ ਚੇਤੇ ਵੀ ਨਹੀਂ ਹੈ। ਪਿੱਤਲ ਦੇ ਬਰਤਨਾਂ ਦੀ ਵਰਤੋਂ ਘਟਣ ਕਰਕੇ ਇਸ ਨਾਲ ਜੁੜੇ ' ਭਾਂਡੇ ਕਲੀ ਕਰਨ ' ਵਾਲੇ ਸਹਾਇਕ ਧੰਦੇ ਨੂੰ ਵੱਡੀ ਮਾਰ ਪਈ ਹੈ। ਦਿਲਚਸਪ ਇਹ ਵੀ ਹੈ ਕਿ ਹੁਣ ਪਿੰਡਾਂ-ਸ਼ਹਿਰਾਂ 'ਚ ਭਾਂਡੇ ਕਲੀ ਕਰਾ ਲਓ ਦੀਆਂ ਅਵਾਜਾਂ ਬੀਤੇ ਦਿਨਾਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ। ਇੱਕ ਜਾਣਕਾਰੀ ਅਨੁਸਾਰ ਮਹਾਂਨਗਰ ਬਠਿੰਡਾ ਸਮੇਤ ਸਮੁੱਚੇ ਜ਼ਿਲ੍ਹੇ 'ਚ ਦੋ ਦਰਜ਼ਨ ਦੇ ਕਰੀਬ ਮਸ਼ਹੂਰ ਕਲੀ ਕਰਨ ਵਾਲੇ ਸਨ ਜੋ ਕਿ ਵਕਤ ਦੀ ਗਰਦਿਸ਼ 'ਚ ਗੁੰਮ ਹੋ ਕੇ ਰਹਿ ਗਏ ਹਨ। ਇਹਨਾਂ 'ਚੋਂ ਕਈ ਤਾਂ ਇਸ ਜਹਾਨ ਨੂੰ ਅਲਵਿਦਾ ਆਖ ਗਏ ਜਿੰਨਾਂ ਦੀ ਔਲਾਦ ਨੇ ਪਿਤਾ ਪੁਰਖੀ ਕਿੱਤੇ ਨੂੰ ਅਪਣਾਇਆ ਨਹੀਂ ਤੇ ਕਈਆਂ ਨੇ ਰੋਟੀ ਦਾ ਜੁਗਾੜ ਨਾ ਹੁੰਦਾ ਵੇਖ ਇਹ ਧੰਦਾ ਹੀ ਤਿਆਗ ਦਿੱਤਾ ਹੈ। ਸਿਹਤ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਧਾਤਾਂ ਕੁਦਰਤੀ ਤੱਤਾਂ ਨਾਲ ਭਰਪੂਰ ਮੰਨਗੀਆਂ ਹਨ ਕਿਉਂਕਿ ਇਹਨਾਂ ਤੋਂ ਬਣੇ ਬਰਤਨਾਂ 'ਚ ਤਿਆਰ ਕੀਤੀਆਂ ਦੇਸੀ ਦਵਾਈਆਂ ਅਤੇ ਆਯੁਰਵੈਦ ਦੇ ਮਾਹਿਰਾਂ ਵੱਲੋਂ ਰਾਤ ਦਾ ਰੱਖਿਆ ਪਾਣੀ ਸਵੇਰ ਸਮੇਂ ਪੀਣ ਨੂੰ ਗੁਣਕਾਰੀ ਮੰਨਦੇ ਹਨ। ਇਹ ਮਿਹਦੇ ਵਿੱਚ ਪੈਦਾ ਹੋਏ ਤੇਜਾਬੀ ਮਾਦੇ ਨੂੰ ਖਤਮ ਕਰਦਾ ਹੈ ਤੇ ਖੂਨ ਦਾ ਸ਼ੁੱਧੀਕਰਨ ਕਰਕੇ ਮਨੁੱਖ ਨੂੰ ਨਿਰੋਗ ਬਣਾਉਂਦਾ ਹੈ। ਜਦੋਂ ਕਿ ਅਜੋਕੇ ਯੁੱਗ 'ਚ ਲੋਕਾਂ ਨੇ ਪਲਾਸਟਿਕ ਦੀ ਅੰਨੇਵਾਹ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਹੇੜ ਲਈਆਂ ਹਨ। ਕਾਪਰ ਪਰਮੋਸ਼ਨ ਕੌਂਸਲ ਦੇ ਖੇਤਰੀ ਨਿਰਦੇਸ਼ਕ ਅਜੀਤ ਅਡਵਾਨੀ ਦਾ ਕਹਿਣਾ ਸੀ ਕਿ ਜਿੱਥੇ ਤਾਂਬੇ ਦੇ ਉਪਕਰਨ, ਮਸ਼ੀਨਰੀ ਤੇ ਹੋਰ ਸਾਜੋ ਸਮਾਨ ਬਿਜਲੀ ਤੇ ਊਰਜਾ ਦੀ ਖਪਤ ਘਟਾਉਣ 'ਚ ਸਹਾਈ ਹੁੰਦੇ ਹਨ ਉੱਥੇ ਇਸ ਦੀ ਵਰਤੋਂ ਨਾਲ ਬੰਦੇ ਦੇ ਜੀਵਨ ਨੂੰ ਵੀ ਰੋਗ ਮੁਕਤ ਬਣਾਇਆ ਜਾ ਸਕਦਾ ਹੈ। ਤਾਂਬਾ ਸਾਡੇ ਭੋਜਨ ਪਦਾਰਥਾਂ ਵਿੱਚ ਅਨਿੱਖੜਵਾਂ ਅੰਗ ਹੋਣ ਦੇ ਨਾਲ-ਨਾਲ ਸਾਡੇ ਜੀਵਨ ਨੂੰ ਆਨੰਦਮਈ ਹੋਣ 'ਚ ਸਹਾਈ ਹੋ ਸਕਦੇ ਹਨ। ਸ੍ਰੀ ਅਡਵਾਨੀ ਮੁਤਾਬਿਕ ਵਿਦੇਸ਼ਾਂ 'ਚ ਤਾਂ ਅੱਜ ਤਾਂਬੇ ਦੇ ਔਜਾਰ, ਬਰਤਨ ਤੇ ਫਰਨੀਚਰ ਵਾਲੇ ਹਸਪਤਾਲ ਵੀ ਬਣ ਰਹੇ ਹਨ ਜੋ ਕਿ ਰੋਗਾਣੂ ਰੋਧਕ ਵੀ ਹੁੰਦੇ ਹਨ ਤੇ ਲਾਗ ਦੇ ਰੋਗਾਂ ਦਾ ਵੀ ਬਚਾਓ ਕਰਦੇ ਹਨ।

No comments:

Post a Comment

Note: only a member of this blog may post a comment.