
ਬਠਿੰਡਾ, ਅਸ਼ੋਕ ਵਰਮਾ
ਬਠਿੰਡਾ-ਮਾਨਸਾ ਸੜਕ ਤੇ ਜੱਸੀ ਚੌਂਕ 'ਚ ਧਨਾਢਾਂ ਦੀ ਬੈਂਕ ਦੀ ਇਮਾਰਤ ਤੇ ਮਿਹਰਬਾਨ ਹੈ ਜਦ ਕਿ 6 ਦਰਜ਼ਨ ਦੇ ਕਰੀਬ ਗਰੀਬ ਦੁਕਾਨਦਾਰ ਪਿਛਲੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਉਜਾੜੇ ਦੀ ਮਾਰ ਝੱਲ ਰਹੇ ਹਨ। ਨਗਰ ਨਿਗਮ ਅਧੀਨ ਆਉਣ ਤੋਂ ਬਾਅਦ ਪੁੱਡਾ ਦੇ ਸ਼ਡਿਊਲ ਰੋਡ ਐਕਟ ਤਹਿਤ ਇਮਾਰਤਾਂ ਨੂੰ ਅਣਅਧਿਕਾਰਤ ਦੱਸ ਕੇ ਇਹਨਾਂ ਤੇ ਬੁਲਡੋਜਰ ਚਲਾ ਦਿੱਤਾ ਗਿਆ ਜਦੋਂ ਕਿ ਬੈਂਕ ਦੀ ਇਮਾਰਤ ਨੂੰ ਹਾਲੇ ਤੱਕ ਵੀ ਛੇੜਿਆ ਨਹੀਂ ਗਿਆ। ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਨਿਗਮ ਕੋਲੋਂ ਮੰਗੀ ਗਈ ਸੂਚਨਾ 'ਚ ਖੁਲਾਸਾ ਹੋਇਆ ਹੈ ਕਿ ਨਿਗਮ ਵੱਲੋਂ 16 ਨਜਾਇਜ ਉਸਾਰੀਆਂ ਦੀ ਸ਼ਨਾਖਤ ਕੀਤੀ ਗਈ ਸੀ ਜਿੰਨਾਂ ਨੂੰ ਹਟਾ ਦਿੱਤਾ ਗਿਆ ਹੈ। ਨਿਗਮ ਵੱਲੋਂ ਦਿੱਤੀ ਸੂਚਨਾ 'ਚ ਉੱਥੇ ਚੱਲ ਰਹੇ ਬੈਂਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੌਕੇ ਤੇ ਜਾ ਕੇ ਦੇਖਿਆ ਕਿ ਦਸੰਬਰ 2009 'ਚ ਚੱਲੇ ਸਰਕਾਰੀ ਪੀਲੇ ਪੰਜੇ ਦਾ ਅੱਜ ਵੀ ਸਪੱਸ਼ਟ ਦਿਖਾਈ ਦੇ ਰਿਹਾ ਸੀ ਇਹਨਾਂ ਵਿੱਚੋਂ ਵੱਡੀ ਗਿਣਤੀ ਦੁਕਾਨਦਾਰ ਇਹੋ ਜਿਹੇ ਮਿਲੇ ਜਿਹੜੇ ਅਰਸ਼ ਤੋਂ ਫਰਸ਼ ਤੇ ਆ ਡਿੱਗੇ ਹਨ। ਜਸਪਾਲ ਸਵੀਟ ਹਾਊਸ ਦਾ ਮਾਲਕ ਕਰਨੈਲ ਸਿੰਘ ਕਦੇ ਘੁੱਗ ਵਸਦਾ ਦੁਕਾਨਦਾਰ ਸੀ ਪਰ ਅੱਜ ਸੜਕ ਦੇ ਕੰਢੇ ਰੋਟੀ ਪਕਾ ਕੇ ਗੁਜਾਰਾ ਚਲਾਉਂਦਾ ਹੈ। ਕਰਨੈਲ ਸਿੰਘ ਇਕੱਲਾ ਉੱਜੜਿਆ ਹੀ ਨਹੀਂ ਬਲਕਿ ਇਸ ਗਮ 'ਚ ਜਹਾਨੋਂ ਤੁਰ ਗਏ ਆਪਣੇ ਛੋਟੇ ਭਰਾ ਬਲਬੀਰ ਸਿੰਘ ਦੀ ਅਰਥੀ ਵੀ ਮੋਢੇ ਤੇ ਚੁੱਕੀ ਹੈ। ਅੱਖਾਂ ਭਰ ਆਏ ਇਸ ਵਿਅਕਤੀ ਨੇ ਦੱਸਿਆ ਕਿ ਦੁਕਾਨ ਦੇ ਉਜਾੜੇ ਨੇ ਤਾਂ ਚਾਂਈ-ਚਾਂਈ ਕੀਤਾ ਪੁੱਤ ਦਾ ਰਿਸ਼ਤਾ ਵੀ ਤੋੜ ਦਿੱਤਾ। ਹੌਕਾ ਲੈਂਦਿਆਂ ਉਸ ਨੇ ਆਖਿਆ ਕਿ ਚਲੋ ਪੁੱਤ ਤਾਂ ਫੇਰ ਵੀ ਵਿਆਹਿਆ ਜਾਏਗਾ ਪਰ ਮਾਂ ਜਾਇਆ ਭਰਾ ਉਸ ਨੂੰ ਕਦੇ ਵੀ ਨਹੀਂ ਮਿਲੇਗਾ। ਇਸੇ ਤਰ੍ਹਾਂ ਰਾਜਿੰਦਰ ਸਿੰਘ ਬਰਬਾਦ ਹੋਈ ਦੁਕਾਨ ਖੋਲ ਕੇ ਬੈਠਾ ਗੋਲੀਆਂ ਟੌਫੀਆਂ ਵੇਚ ਰਿਹਾ ਹੈ ਉਸਦੀ ਵਧੀਆ ਚਲਦੀ ਦੁਕਾਨ ਸਰਕਾਰੀ ਨੀਤੀਆਂ ਦੀ ਭੇਂਟ ਚੜ੍ਹ ਗਈ। ਅਵਤਾਰ ਸਿੰਘ ਨੂੰ ਤਾਂ ਆਪਣੀ ਦੁਕਾਨ ਸੰਭਾਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ 15 ਮਿੰਟ ਦੇ ਨੋਟਿਸ ਤੇ ਕੀਤੀ ਕਾਰਵਾਈ ਕਾਰਨ ਉਸ ਦੇ ਪੀ. ਸੀ. ਓ. ਦਾ ਕੈਬਿਨ ਅਤੇ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਉਹ ਅੰਦਾਜਨ 1 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਦਾ ਹੈ। ਢਾਹ-ਢੁਹਾਈ ਵਾਲੇ ਦਿਨ 50 ਹਜ਼ਾਰ ਦਾ ਕਰਿਆਨਾ ਗੁਆਉਣ ਵਾਲੇ ਮਨੋਜ ਕੁਮਾਰ ਦੀ ਜਿੰਦਗੀ ਦਾ ਉਹ ਸਭ ਤੋਂ ਭਿਆਨਕ ਦਿਨ ਸੀ ਜਿਸ ਦਿਨ ਉਸਦੀ ਦੁਕਾਨ ਢਾਹ ਦਿੱਤੀ ਗਈ। ਮਨੋਜ ਆਖਦਾ ਹੈ ਕਿ ਪਹਿਲਾਂ ਕਾਰੋਬਾਰ ਕਾਫੀ ਸੀ ਜੋ ਹੁਣ ਪੂਰੀ ਤਰ੍ਹਾਂ ਖੂੰਜੇ ਲੱਗ ਗਿਆ ਹੈ। ਬਿਜਲੀ ਉਪਕਰਨਾਂ ਦੀ ਮੁਰੰਮਤ ਕਰਨ ਵਾਲੇ ਜੋਗਿੰਦਰ ਸਿੰਘ ਨਾਲ ਵੀ ਜੱਗੋਂ ਤੇਰਵੀਂ ਹੋਈ ਹੈ। ਚੰਗਾ ਗੁਜਾਰਾ ਕਰਨ ਵਾਲੇ ਜੋਗਿੰਦਰ ਦਾ ਕਹਿਣਾ ਸੀ ਕਿ ਹੁਣ ਤਾਂ ਗੱਲ ਤੋਰੀ ਫੁਲਕੇ ਤੇ ਹੀ ਆ ਖੜੀ ਹੈ। ਇਸ ਖੇਤਰ ਦੇ ਲੋਕਾਂ ਨੂੰ ਦੁੱਖ ਹੈ ਕਿ ਨਿਗਮ ਅਧਿਕਾਰੀਆਂ ਨ ੇ ਉਹਨਾਂ ਦੇ ਆਸ਼ੀਆਨੇ ਤਾਂ ਤਬਾਹ ਕਰ ਦਿੱਤੇ ਪਰ ਬੈਂਕ ਤੋਂ ਇਲਾਵਾ ਇੰਡੀਅਨ ਆਇਲ ਦੀਆਂ ਕੰਧਾਂ ਤੇ ਗੇਟਾਂ ਨੂੰ ਹੱਥ ਤੱਕ ਨਹੀਂ ਲਾਇਆ। ਲੋਕਾਂ 'ਚ ਇਹ ਵੀ ਚਰਚਾ ਹੈ ਕਿ ਆਮ ਲੋਕਾਂ ਲਈ ਪ੍ਰਸ਼ਾਸ਼ਨ ਵੱਲੋਂ ਬੁਲਡੋਜਰ ਤਿਆਰ ਕਰ ਦਿੱਤਾ ਜਾਂਦਾ ਹੈ ਪਰ ਵੱਡੇ ਲੋਕਾਂ ਲਈ ਸਭ ਮੁਆਫ ਹੈ ਪੀੜਤਾਂ ਨੇ ਇਹ ਵੀ ਆਖਿਆ ਕਿ ਧਾੜਵੀਆਂ ਦੀ ਤਰ੍ਹਾਂ ਆਏ ਨਿਗਮ ਅਧਿਕਾਰੀਆਂ ਨੇ ਇੱਕ ਨਹੀਂ ਸੁਣੀ ਤੇ ਮਿੰਟਾਂ 'ਚ ਸਭ ਤਬਾਹ ਕਰਕੇ ਚਲੇ ਗਏ। ਉਹਨਾਂ ਸਵਾਲ ਕੀਤੇ ਕਿ ਵਿਕਾਸ ਦੇ ਨਾਂ ਕੀਤੀ ਇਸ ਕਾਰਵਾਈ ਤੋਂ ਬਾਅਦ ਇੱਥੇ ਬਨਣਾ ਤਾਂ ਕੀ ਸੀ ਬਲਕਿ ਸਭ ਕੁੱਝ ਬਰਬਾਦ ਹੋ ਗਿਆ ਤੇ ਖੰਡਰ ਬਣੀਆਂ ਇਮਾਰਤਾਂ ਸਰਕਾਰੀ ਦਾਅਵਿਆਂ ਦਾ ਮੂੰਹ ਚਿੜਾ ਰਹੀਆਂ ਹਨ। ਇਹਨਾਂ ਲੋਕਾਂ ਨੇ ਹਾਕਮਾਂ ਤੋਂ ਮੁੜ ਵਸੇਬੇ ਦੀ ਮੰਗ ਕੀਤੀ ਹੈ।
ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਲਾਲ ਬਾਂਸਲ ਝੰਡੂਕੇ ਵਾਲਿਆਂ ਦਾ ਕਹਿਣਾ ਸੀ ਕਿ ਸਰਕਾਰੀ ਨੀਤੀਆਂ ਲੋਕਾਂ ਦੀ ਭਲਾਈ ਲਈ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਲੋਕਾਂ ਦੇ ਉਜਾੜੇ ਲਈ। ਉਹਨਾਂ ਆਖਿਆ ਕਿ ਸਰਕਾਰ ਨੂੰ ਪੀੜਤ ਪ੍ਰੀਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ।

No comments:
Post a Comment
Note: only a member of this blog may post a comment.