ਬਠਿੰਡਾ, ਅਸ਼ੋਕ ਵਰਮਾ ਪੰਜਾਬ ਦੀ ਸੱਤਾਧਾਰੀ ਧਿਰ ਅਕਾਲੀ-ਭਾਜਪਾ ਗਠਜੋੜ ਸਰਕਾਰ ਭਾਵੇਂ ਟੈਕਸ ਸੁਧਾਰਾਂ ਰਾਹੀਂ ਮਾਲੀਏ 'ਚ ਵਸੂਲੀ ਦੇ ਜਿੰਨੇ ਮਰਜੀ ਦਾਅਵੇ ਕਰੀ ਜਾਵੇ ਪਰ ਇੱਕ ਤਲਖ ਹਕੀਕਤ ਇਹ ਵੀ ਸਾਹਮਣੇ ਆਈ ਹੈ ਕਿ ਸ਼ਾਪਿੰਗ ਮਾਲਾਂ ਸਮੇਤ ਕਾਰਪੋਰੇਟ ਸੈਕਟਰ ਅਤੇ ਬੇਲਗਾਮ ਹੋਈ ਮਹਿੰਗਾਈ ਦੇ ਸਿੱਟੇ ਵਜੋਂ ਇਕੱਤਰ ਹੋਏ ਵਧੇਰੇ ਮਾਲੀਆਂ ਕਾਰਨ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੀ ਸਰਕਾਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਕਰ ਅਤੇ ਆਬਕਾਰੀ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਮਹਿੰਗੀਆਂ ਹੋਈਆਂ ਵਸਤਾਂ ਨੇ ਜਿੱਥੇ ਆਮ ਆਦਮੀ ਦੀ ਥਾਲੀ ਤੇ ਕੈਂਚੀ ਚਲਾਈ ਹੈ ਪਰ ਸਰਕਾਰ ਦੀਆਂ ਪੌ ਬਾਰਾਂ ਹੋ ਰਹੀਆਂ ਹਨ। ਕਰ ਪ੍ਰਬੰਧਾਂ ਨਾਲ ਜੁੜੇ ਮਾਹਿਰਾਂ ਦਾ ਦੱਸਣਾ ਹੈ ਕਿ 100 ਰੁਪਏ ਦੀ ਕੀਮਤ ਦੀ ਵਸਤੂ ਤੇ ਸਰਕਾਰ ਨੂੰ ਜਿੰਨਾਂ ਵੈਟ ਹਾਸਿਲ ਹੁੰਦਾ ਸੀ ਉਸਦੀਆਂ ਕੀਮਤਾਂ ਦੇ ਵਧਣ ਨਾਲ ਵੈਟ 'ਚ ਵੀ ਉਸੇ ਦਰ ਨਾਲ ਵਾਧਾ ਹੋਇਆ ਹੈ। ਮਿਸਾਲ ਦੇ ਤੌਰ 'ਤੇ 2005-06 'ਚ ਪੈਟਰੋਲ ਦੀ ਕੀਮਤ 35-40 ਰੁਪਏ ਪ੍ਰਤੀ ਲੀਟਰ ਸੀ ਤਾਂਇੀ ਵਧਦੀ-ਵਧਦੀ 70 ਰੁਪਏ ਤੋਂ ਉੱਪਰ ਜਾ ਚੁੱਕੀ ਹੈ ਇਹੋ ਕਾਰਨ ਹੈ ਕਿ ਹਰੇਕ ਮਹਿੰਗੀ ਹੋਈ ਵਸਤੂ ਕਰਕੇ ਸਰਕਾਰੀ ਖਜਾਨੇ 'ਚ ਕਰਾਂ ਦੀ ਬਰਸਾਤ ਵੀ ਵਧੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 6 ਕੁ ਸਾਲਾਂ ਦੌਰਾਨ ਮਹਿੰਗਾਈ ਅਤੇ ਕਾਰਪੋਰੇਟ ਸੈਕਟਰ ਨੇ ਸਰਕਾਰ ਦੀ ਆਮਦਨ 6.5 ਗੁਣਾਂ ਤੋਂ ਵੀ ਜਿਆਦਾ ਵਾਧਾ ਕਰ ਦਿੱਤਾ ਹੈ ਜਦੋਂ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਹ ਆਮਦਨੀ ਦੁੱਗਣੀ ਹੋ ਗਈ ਹੈ। ਆਬਕਾਰੀ ਤੇ ਕਰ ਵਿਭਾਗ ਵਿਚਲੇ ਉੱਚ ਤਾਕਤੀ ਸੂਤਰਾਂ ਅਨੁਸਾਰ ਪੈਟਰੋਲੀਅਮ ਪਦਾਰਥਾਂ ਤੇ ਲੱਗੇ ਟੈਕਸਾਂ ਤੋਂ ਆਉਂਦਾ ਪੈਸਾ ਰਾਜ ਸਰਕਾਰ ਦੀ ਗਰੀਬੀ ਦੂਰ ਕਰਨ ਦਾ ਵੱਡਾ ਮਾਲੀ ਸਰੋਤ ਹੈ ਜਦੋਂ ਕਿ ਆਮਦਨੀ ਦਾ ਦੂਸਰਾ ਵੱਡਾ ਸਾਧਨ ਖੇਤੀ ਜਿਣਸਾਂ ਅਤੇ ਕਾਰਾਂ ਆਦਿ ਦੀ ਵਿਕਰੀ ਉਪਰੰਤ ਹਾਸਲ ਹੁੰਦਾ ਮਾਲੀਆ ਹੈ। ਇਕਲੇ ਬਠਿੰਡਾ ਜ਼ਿਲ੍ਹੇ ਦਾ ਲੇਖਾ-ਜੋਖਾ ਕਰੀਏ ਤਾਂ ਵਿੱਤੀ ਵਰ੍ਹੇ 2005-06 ਦੌਰਾਨ ਇੱਥੇ ਵੈਟ ਤੋਂ 89.68 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਸੀ ਜਦੋਂ ਕਿ 0.94 ਕਰੋੜ ਰੁਪਏ ਬੈਰੀਅਰਾਂ ਦੇ ਰੂਪ 'ਚ ਸਥਾਪਿਤ ਕੀਤੇ ਟੈਕਸ ਵਸੂਲਣ ਵਾਲੇ ਕੇਂਦਰਾਂ ਤੋਂ ਦਾਖਲਾ ਟੈਕਸ ਦੇ ਰੂਪ 'ਚ ਆਏ ਸਨ। ਅਗਲੇ ਮਾਲੀ ਸਾਲ ਦੌਰਾਨ 2006-07 ਦੌਰਾਨ ਵੈਟ 144 ਰੁਪਏ ਅਤੇ ਐਂਟਰੀ ਟੈਕਸ ਦੇ ਰੂਪ 'ਚ 1.32 ਕਰੋੜ ਰੁਪਏ ਦੀ ਵਸੂਲੀ ਹੋਈ 2007-08 ਦੌਰਾਨ ਵੈਟ ਦੀ ਵਸੂਲੀ 144 ਕਰੋੜ ਅਤੇ ਦਾਖਲਾ ਐਕਸ ਰਾਹੀਂ 22 ਕਰੋੜ ਇਕੱਤਰ ਹੋਏ ਮਾਲੀ ਵਰੇ 2008-09 ਦੌਰਾਨ ਵੈਟ ਤੋਂ 306.38 ਕਰੋੜ ਰੁਪਏ, ਦਾਖਲਾ ਐਕਸ ਤੋਂ 62.87 ਕਰੋੜ ਰੁਪਏ, ਆਟੋ ਮੋਬਾਇਲ ਖੇਤਰ ਤੋਂ 8.20 ਕਰੋੜ ਰੁਪਏ, ਤੰਬਾਕੂ ਪਦਾਰਥਾਂ ਤੋਂ 0.47 ਕਰੋੜ ਰੁਪਏ ਅਤੇ ਸ਼ਰਾਬ ਤੋਂ 0.05 ਕਰੋੜ ਰੁਪਏ ਦੀ ਮਾਲੀਆ ਵਸੂਲੀ ਹੋਈ ਜਦੋਂ ਕਿ ਜ਼ਿਲ੍ਹਾ ਬਠਿੰਡਾ ਵਿੱਚ ਇਸ ਅਰਸੇ ਦੌਰਾਨ ਖੇਤੀ ਖੇਤਰ 'ਚੋਂ 104. 47 ਕਰੋੜ ਰੁਪਏ ਦੀ ਆਮਦਨ ਹੋਈ ਮਾਲੀ ਵਰ੍ਹੇ 2009-10 ਦੌਰਾਨ ਸਰਕਾਰ ਨੂੰ ਵੈਟ ਤੋਂ 409.65 ਕਰੋੜ ਰੁਪਏ, ਦਾਖਲਾ ਟੈਕਸ ਤੋਂ 105.76 ਕਰੋੜ, ਆਟੋ ਮੋਬਾਇਲ ਤੋਂ 18.41 ਕਰੋੜ, ਤੰਬਾਕੂ ਵਸਤਾਂ ਤੋਂ 1.53 ਕਰੋੜ ਅਤੇ ਸ਼ਰਾਬ ਤੋਂ 0.12 ਲੱਖ ਦੀ ਆਮਦਨ ਹੋਈ ਇਸ ਸਾਲ 'ਚ ਖੇਤੀ ਖੇਤਰ ਤੋਂ ਵਸੂਲ ਹੋਏ ਕਰ ਘਟ ਕੇ 69.85 ਕਰੋੜ ਰਹਿ ਗਏ ਫਿਰ ਵੀ 2008-09 ਦੇ ਮੁਕਾਬਲੇ ਵਾਧਾ 30 ਫੀਸਦੀ ਤੋਂ ਵਧੇਰੇ ਰਿਹਾ ਇਸੇ ਤਰ੍ਹਾਂ 2010-11 ਦੇ ਚੱਲ ਰਹੇ ਮਾਲੀ ਦੌਰਾਨ 31 ਜਨਵਰੀ 2011 ਤੱਕ ਦੇ 10 ਮਹੀਨਿਆਂ 'ਚ ਜ਼ਿਲ੍ਹੇ 'ਚ 595.92 ਕਰੋੜ ਰੁਪਏ ਦੀ ਆਮਦਨੀ ਵੈਟ ਦੇ ਰੂਪ 'ਚ ਅਤੇ 133. 46 ਕਰੋੜ ਰੁਪਏ ਦਾ ਮਾਲੀਆ ਦਾਖਲਾ ਟੈਕਸ ਦੇ ਰੂਪ 'ਚ ਇਕੱਤਰ ਹੋ ਚੁੱਕਾ ਹੈ ਜਦੋਂ ਕਿ ਪਿਛਲੇ ਵਰ੍ਹੇ ਇਸੇ ਅਰਸੇ ਦੌਰਾਨ ਇਹ ਕ੍ਰਵਾਰ 310.49 ਕਰੋੜ ਅਤੇ 60.23 ਕਰੋੜ ਸੀ ਤੇ ਇਹ ਵਾਧਾ ਲਗਭਗ 92 ਫੀਸਦੀ ਬਣਦਾ ਹੈ ਸੂਤਰਾਂ ਦਾ ਦੱਸਣਾ ਹੈ ਕਿ ਇਹ ਰਾਮ ਕਹਾਣੀ ਇਕੱਲੇ 1 ਜ਼ਿਲ੍ਹੇ ਦੀ ਨਹੀਂ ਪੂਰੇ ਪੰਜਾਬ 'ਚ ਮਹਿੰਗਾਈ ਤੇ ਸੰਗਠਿਤ ਖੇਤਰ ਨੇ ਸਰਕਾਰ ਦੇ ਵਾਰੇ ਨਿਆਰੇ ਕਰ ਦਿੱਤੇ ਹਨ ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਨੂੰ ਚਾਲੂ ਮਾਲੀ ਸਾਲ ਦੌਰਾਨ ਇਹਨਾਂ ਖੇਤਰਾਂ ਤੋਂ 10 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ ਜਦੋਂ ਕਿ 2006-07 ਦੌਰਾਨ ਇਹ ਇਸ ਤੋਂ ਅੱਧੀ ਸੀ ਆਬਕਾਰੀ ਤੇ ਕਰ ਵਿਭਾਗ ਵਿਚਲੇ ਸੂਤਰਾਂ ਦਾ ਤਾਂ ਇਹ ਵੀ ਦੱਸਣਾ ਹੈ ਕਿ ਗੁਆਂਢੀ ਰਾਜਾਂ ਵਿੱਚ ਪੈਟਰੋਲ ਸਸਤਾ ਹੋਣ ਦੇ ਬਾਵਜੂਦ ਪੰਜਾਬ ਵਿੱਚ ਹਰ ਸਾਲ ਪੈਟਰੋਲ ਤੇ ਡੀਜ਼ਲ ਦੀ ਖਪਤ 3 ਫੀਸਦੀ ਵਧ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਲੋਕਾਂ 'ਚ ਵਧ ਰਹੇ ਲਗਜਰੀ ਗੱਡੀਆਂ ਖ੍ਰੀਦਣ ਦੇ ਰੁਝਾਨ ਕਾਰਨ ਵੀ ਆਬਕਾਰੀ ਵਿਭਾਗ ਵੱਡੀ ਆਮਦਨ ਹੋਣ ਦੀ ਆਸ ਲਾਈ ਬੈਠਾ ਹੈ ਤੇ ਕਿਸੇ ਹੱਦ ਤੱਕ ਇਸ ਅਮਲ ਦਾ ਸਰਕਾਰ ਨੂੰ ਲਾਭ ਵੀ ਮਿਲ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ ਖੁੱਲੇ ਦਿਓ ਕੱਦ ਸ਼ਾਪਿੰਗ ਮਾਲ, ਬਹੁਕੌਮੀ ਕੰਪਨੀਆਂ ਦੇ ਵੱਖ-ਵੱਖ ਤਰ੍ਹਾਂ ਦੇ ਵੱਡੇ-ਵੱਡੇ ਸ਼ੋਅ ਰੂਮ ਅਤੇ ਟੈਕਸ ਸਮੇਤ ਵਿਕਰੀ ਕਰਨ ਵਾਲੀਆਂ ਖਾਧ ਪਦਾਰਥਾਂ ਦੇ ਨਿਰਮਾਤਾ ਵੀ ਪੰਜਾਬ ਸਰਕਾਰ ਲਈ ਚੰਗੇ ਕਰ ਦਾਤਾ ਸਿੱਧ ਹੋ ਰਹੇ ਹਨ ਪੰਜਾਬ ਦੇ ਟੈਕਸ ਢਾਂਚੇ ਨਾਲ ਜੁੜੇ ਮਾਹਿਰਾਂ ਦਾ ਵੀ ਮੰਨਣਾ ਵੀ ਹੈ ਕਿ ਮਹਿੰਗਾਈ ਨੇ ਬੇਸ਼ੱਕ ਲੋਕਾਂ ਦੇ ਚੁੱਲੇ ਠੰਢੇ ਕਰ ਦਿੱਤੇ ਹਨ ਪਰ ਸਰਕਾਰੀ ਖਜ਼ਾਨੇ 'ਚ ਭਾਰੀ ਗਰਮੀ ਦਰਜ਼ ਕੀਤੀ ਗਈ ਹੈ।

No comments:
Post a Comment
Note: only a member of this blog may post a comment.